06 July 2022

ਮੀਡੀਆ ਸਟਿੰਗ: ਮੁਕਤਸਰ ਪੁਲਿਸ ਲਾਈਨ 'ਚ ਸਿਖਲਾਈ ਸਰਟੀਫਿਕੇਟ ਲਈ ਬਿਨਾਂ ਰਸੀਦ ਵਸੂਲੇ ਜਾ ਰਹੇ ਹਜ਼ਾਰਾਂ ਰੁਪਏ



ਇਕਬਾਲ ਸਿੰਘ ਸ਼ਾਂਤ

 ਸ੍ਰੀ ਮੁਕਤਸਰ ਸਾਹਿਬ/ਲੰਬੀ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਲਾਈਨ 'ਚ ਸੂਬੇ ਵਿਚਲਾ ਅਸਲੀ 'ਬਦਲਾਅ' ਖੁੱਲ੍ਹੇਆਮ ਰੰਗ ਵਿਖਾ ਰਿਹਾ ਹੈ। ਪੁਲਿਸ ਲਾਈਨ 'ਚ ਅਸਲਾ ਨਵੀਨੀਕਰਨ (ਰਿਨਿਊਲ) ਲਈ ਰਾਈਫ਼ਲ ਵੈਲਫੇਅਰ ਟ੍ਰੇਨਿੰਗ ਸੈਂਟਰ ਦੇ ਸਰਟੀਫਿਕੇਟ ਲਈ ਹਜ਼ਾਰਾਂ ਰੁਪਏ ਵਸੂਲੇ ਜਾ ਰਹੇ ਹਨ। ਮਹਿੰਗੀ ਸਰਟੀਫਿਕੇਟ ਫੀਸ ਅਤੇ ਉੱਪਰੋਂ ਰਸੀਦ ਵੀ ਨਾ ਦੇਣ 'ਤੇ ਅਸਲਾ ਧਾਰਕਾਂ 'ਚ ਭਾਰੀ ਰੋਸ ਹੈ। ਇਸ ਨਾਲ ਜਨਤਾ 'ਚ ਭਗਵੰਤ ਮਾਨ ਸਰਕਾਰ ਦੀ ਬਦਲਾਅ ਨੀਤੀ ਦੇ ਉਲਟ 'ਸਾਖ਼' ਸਾਹਮਣੇ ਆ ਰਹੀ ਹੈ।

ਰਿਵਾਲਵਰ/ਪਿਸਟਲ ਲਾਇਸੰਸ ਦੇ ਨਵੀਨੀਕਰਨ ਲਈ ਦੋ ਹਜ਼ਾਰ ਰੁਪਏ ਤੇ ਬੰਦੂਕ ਲਈ ਅਸਲਾ ਧਾਰਕਾਂ ਤੋਂ ਇੱਕ ਹਜ਼ਾਰ ਲਏ ਜਾ ਰਹੇ ਹਨ। ਜਦਕਿ ਸਾਂਝ ਕੇਂਦਰਾਂ 'ਤੇ ਅਸਲਾ ਨਵੀਨੀਕਰਨ ਦੀ ਸਰਕਾਰੀ ਫੀਸ ਕਰੀਬ 4 ਹਜ਼ਾਰ ਰੁਪਏ ਇਸਤੋਂ ਵੱਖਰੀ ਹੈ। ਜ਼ਿਲ੍ਹੇ 'ਚ ਥਾਣਾ ਲੰਬੀ ਤਹਿਤ 'ਚ ਕਰੀਬ ਪੰਜ ਹਜ਼ਾਰ ਅਸਲਾ ਲਾਇਸੰਸ ਹਨ। ਖੇਤਰ ਵਿੱਚੋਂ ਬਿਨ੍ਹਾਂ ਰਸੀਦ ਰਕਮ ਵਸੂਲੀ ਬਾਰੇ ਜਨਤਕ ਸੂਚਨਾਵਾਂ 'ਤੇ ਇਸ ਪ੍ਰਤੀਨਿਧ ਨੇ ਪੁਲਿਸ ਲਾਈਨ ਪੁੱਜ ਕੇ ਬਿਨ੍ਹਾਂ ਰਸੀਦ ਤੋਂ ਹਜ਼ਾਰਾਂ ਰੁਪਏ ਦੀ ਵਸੂਲੀ ਨੂੰ ਅੱਖੀਂ ਵਾਚਿਆ ਅਤੇ ਮੌਕੇ ਦੇ ਵੀਡੀਓ ਤੱਥ ਜੁਟਾਏ। ਰੇਂਜ ਆਰਮੋਰ ਬਰਾਂਚ ਵਿਖੇ ਤਿੰਨ ਦਿਨਾਂ ਵਾਲੀ ਅਸਲਾ ਸਿਖਲਾਈ ਕਰੀਬ ਸਵਾ ਤਿੰਨ ਮਿੰਟਾਂ 'ਚ ਨਿਪਟਾਈ ਜਾ ਰਹੀ ਹੈ।

ਹਕੀਕਤ ਵਿੱਚ ਅਸਲਾ ਨਵੀਨੀਕਰਨ ਦੇ ਨਾਂਅ 'ਤੇ ਪੁਲਿਸ ਲਾਈਨ 'ਚ ਅਸਲੇ ਜਿਹੇ ਗੰਭੀਰ ਮਸਲੇ 'ਤੇ ਸਿਖਲਾਈ ਦੇ ਨਾਂਅ 'ਤੇ ਸਿੱਧਾ ਖਿਲਵਾੜ ਹੋ ਰਿਹਾ ਹੈ। ਅਸਲਾ ਨਵੀਨੀਕਰਨ 'ਚ ਬੇਹੱਦ ਮਹਿੰਗੀ ਅਤੇ 'ਫੋਕੀ' ਸਿਖਲਾਈ ਭਗਵੰਤ ਮਾਨ ਸਰਕਾਰ ਲਈ ਬਦਨਾਮੀ ਦਾ ਦਾਗ ਬਣ ਰਹੇ ਹਨ। ਸੰਗੀਨਾਂ ਦੇ ਸ਼ੌਕੀਨ ਅਸਲਾ ਧਾਰਕ ਕਿਸੇ ਨਵੇਂ ਪੰਗੇ 'ਚ ਪੈਣ ਦੀ ਜਗ੍ਹਾ ਦੁੱਖੀ ਮਨ ਨਾਲ ਹਜ਼ਾਰਾਂ ਰੁਪਏ ਦੀ ਕਥਿਤ ਚੱਟੀ ਭੁਗਤ ਰਹੇ ਹਨ। ਆਰਥਿਕਤਾ ਨਾਲ ਜੁੜਿਆ ਅਸਲਾ ਨਵੀਨੀਕਰਨ ਲਈ ਇਹ ਫੰਡਾ ਪਿੱਛੇ ਜਿਹੇ ਸ਼ੁਰੂ ਹੋਇਆ ਹੈ। ਸੂਤਰਾਂ ਮੁਤਾਬਕ ਹੁਣ ਪੁਲਿਸ ਲਾਈਨ ਤੋਂ ਨੇੜਲੀ ਨਵੀਨੀਕਰਨ ਤਰੀਕ ਵਾਲੇ ਅਸਲਾ ਧਾਰਕਾਂ ਨੂੰ ਸਿੱਧਾ ਸੱਦਿਆ ਜਾ ਰਿਹਾ ਹੈ, ਤਾਂ ਜੋ ਕਥਿਤ 'ਬਿਨ੍ਹਾਂ ਰਸੀਦ' ਵਾਲੇ ਸਰਟੀਫਿਕੇਟ ਵੱਧ ਤੋਂ ਵੱਧ ਜਾਰੀ ਹੋ ਸਕਣ।

ਲਾਇਸੰਸ ਨਵੀਨੀਕਰਨ ਲਈ ਸਿਖਲਾਈ ਸਰਟੀਫਿਕੇਟ ਲੈਣ ਪੁੱਜੇ ਕਿੱਲਿਆਂਵਾਲੀ ਵਾਸੀ ਲਖਵਿੰਦਰ ਸਿੰਘ ਨੇ ਕਿਹਾ ਕਿ ਉਸਤੋਂ ਪੁਲੀਸ ਲਾਈਨ 'ਚ ਰਾਇਫ਼ਲ ਤੇ ਰਿਵਾਲਵਰ ਲਾਇਸੰਸ ਖਾਤਰ ਸਿਖਲਾਈ ਸਰਟੀਫਿਕੇਟ ਲਈ ਮੌਜੂਦ ਅਮਲੇ ਨੇ ਤਿੰਨ ਹਜ਼ਾਰ ਰੁਪਏ ਲਏ, ਪਰ ਮੰਗਣ 'ਤੇ ਵੀ ਰਸੀਦ ਨਹੀਂ ਦਿੱਤੀ। ਉਸਨੂੰ ਕਿਹਾ ਕਿ ਰਸੀਦ ਤੁਹਾਡੇ ਥਾਣੇ ਪਹੁੰਚਾ ਦੇਵਾਂਗੇ।

ਨਛੱਤਰ ਸਿੰਘ ਹਾਲ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਵੀ ਸਿਖਲਾਈ ਸਰਟੀਫਿਕੇਟ ਲਈ ਬਿਨ੍ਹਾਂ ਰਸੀਦ ਦੋ ਹਜ਼ਾਰ ਤੇ ਗੁਰਮੀਤ ਸਿੰਘ ਵਾਸੀ ਔਲਖ ਨੇ ਦੋ ਅਸਲਿਆਂ ਲਈ ਬਿਨ੍ਹਾਂ ਰਸੀਦ ਦੇ 3 ਹਜ਼ਾਰ ਰੁਪਏ ਵਸੂਲੇ ਜਾਣ ਦੀ ਗੱਲ ਆਖੀ।

ਮੀਡੀਆ ਨੇ ਪੁਖਤਗੀ ਲਈ ਬਰਾਂਚ ਸੀਟ 'ਤੇ ਮੌਜੂਦ ਹੌਲਦਾਰ ਨੂੰ ਬਿਨ੍ਹਾਂ ਤਿੰਨ ਦਿਨਾਂ ਦੀ ਸਿਖਲਾਈ ਦੇ ਸਰਟੀਫਿਕੇਟ ਅਤੇ ਤਿੰਨ ਹਜ਼ਾਰ ਰੁਪਏ ਵਗੈਰ ਰਸੀਦ ਬਾਰੇ ਪੁੱਛਿਆ ਤਾਂ ਉਨ੍ਹਾਂ ਖਿਝ ਕੇ ਕਿਹਾ ਕਿ 'ਜਾਓ, ਫਿਰ ਉਥੇ ਜਾ ਕੇ ਅਮਰੀਕ ਸਿੰਘ ਤੋਂ ਤਿੰਨ ਦਿਨਾਂ ਦੀ ਸਿਖਲਾਈ ਲੈ ਲਵੋ। ਸਾਨੂੰ ਨਹੀਂ ਕੁੱਝ ਪਤਾ, ਅਫ਼ਸਰਾਂ ਨਾਲ ਗੱਲ ਕਰੋ।' ਕਿਹਾ ਜਾ ਰਿਹਾ ਕਿ ਨਵੀਨੀਕਰਨ ਸਮੇਂ ਵੀ ਅਸਲਾ ਧਾਰਕ ਨੂੰ ਤਿੰਨਾਂ ਦਿਨਾਂ ਦੀ ਸਿਖਲਾਈ ਦੇਣੀ ਹੁੰਦੀ ਹੈ।

ਪੁਲਿਸ ਦਾ ਪੱਖ ਲੈਣ ਸਮੇਂ ਅਫ਼ਸਰਸ਼ਾਹੀ ਦੀ ਗੱਲਬਾਤ ਵਿੱਚੋਂ ਭਗਵੰਤ ਮਾਨ ਦੀ ਨੀਤੀਆਂ ਵਾਲੀ ਸਪੱਸ਼ਟਤਾ/ਪਾਰਦਰਸ਼ਿਤਾ ਕਿਧਰੇ ਨਜ਼ਰ ਨਹੀਂ ਆਈ। ਪੁਲਿਸ ਲਾਈਨ 'ਚ ਸਿਖਲਾਈ ਦੇਣ ਵਾਲੀ ਰੇਂਜ ਆਰਮੋਰ ਬਰਾਂਚ ਦੇ ਮੁਖੀ ਏ.ਐਸ.ਆਈ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਕੀ ਕਰੀਏ ਲੋਕ ਕਾਹਲੀ ਕਰਦੇ ਹਨ। ਪੱਤਰ ਤਾਂ ਤਿੰਨਾਂ ਦਿਨਾਂ ਸਿਖਲਾਈ ਦਾ ਆਇਆ ਹੋਇਆ ਹੈ।

ਬਰਾਂਚ ਮੁਖੀ ਕਰਮਜੀਤ ਨੇ ਕਿਹਾ ਕਿ ਐਚ.ਡੀ.ਐਫ਼.ਸੀ ਬੈਂਕ 'ਚ ਖਾਤਾ ਖੁਲ੍ਹਵਾਇਆ ਹੈ ਤੇ ਰਸੀਦ ਵੀ ਦਿੰਦੇ ਹਾਂ। ਐਸ.ਪੀ (ਐਚ) ਜਗਦੀਸ਼ ਬਿਸ਼ਨੋਈ ਨੂੰ ਪੱਖ ਲਈ ਕਾਲ ਕੀਤੀ ਤਾਂ ਉਹ ਅੱਧਵਿਚਕਾਰ ਫੋਨ ਕਾਲ ਕੱਟ ਗਏ ਅਤੇ ਮੁੜ ਕਾਲ ਰਸੀਵ ਨਹੀਂ ਕੀਤੀ। ਪੁਲਿਸ ਸੀ.ਪੀ.ਆਰ.ਸੀ. ਬਰਾਂਚ ਦੇ ਮੁਖੀ ਇੰਸਪੈਕਟਰ ਦਿਨੇਸ਼ ਕੁਮਾਰ ਦਾ ਕਹਿਣਾ ਸੀ ਕਿ ਉਹ ਛੁੱਟੀ 'ਤੇ ਹਨ। ਉਨ੍ਹਾਂ ਇੱਕ ਹੋਰ ਮੁਲਾਜਮ ਅੰਮ੍ਰਿਤ ਨਾਲ ਰਾਬਤਾ ਕਰਨ ਨੂੰ ਆਖਿਆ। ਅੰਮ੍ਰਿਤ ਨੇ ਮੁੜ ਸਰਟੀਫਿਕੇਟ ਬਰਾਂਚ ਦਾ ਰਾਹ ਵਿਖਾ ਦਿੱਤਾ।

ਜ਼ਿਲ੍ਹਾ ਪੁਲਿਸ ਮੁਖੀ ਧਰੁਮਨ ਨਿੰਬਲੇ ਨੇ ਫੋਨ ਕਾਲ 'ਤੇ ਗੱਲ ਕਰਨ ਦੀ ਬਜਾਇ ਵੱਟਸਐਪ ਚੈਟ 'ਤੇ ਦਿੱਤੇ ਪੱਖ 'ਚ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਤੁਸੀਂ ਸਬੂਤ ਭੇਜ ਦਿਓ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੁਲੀਸ ਮੁਖੀ ਦਾ ਦਫ਼ਤਰ ਅਤੇ ਅਸਲਾ ਸਿਖਲਾਈ ਅਤੇ ਸਰਟੀਫਿਕੇਟ ਬਰਾਂਚ ਇਹ ਸਾਰੇ ਹੀ ਪੁਲਿਸ ਲਾਈਨ ਅੰਦਰ ਸਥਿਤ ਹਨ। 

 

No comments:

Post a Comment