21 July 2022

ਸਿਹਤ ਸੰਭਾਲੀ ਮਗਰੋਂ ਵੱਡੇ ਬਾਦਲ ਮੁੜ ਜਨਤਕ ਹੋਏ, ਪੇਂਡੂ ਜਰਨੈਲਾਂ ਲਈ 'ਤੰਗ' ਹੋਏ 'ਵੱਡੇ' ਘਰ ਦੇ ਬੂਹੇ


ਲੰਬੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਹਤ ਸੰਭਾਲੀ ਦੇ ਬਾਅਦ ਅੱਜ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਏ। ਸ੍ਰੀ ਬਾਦਲ ਬੁੱਧਵਾਰ ਨੂੰ ਪਿੰਡ ਮਾਨਾ 'ਚ ਉਨ੍ਹਾਂ ਦੇ ਬਾਗਾਂ ਦੇ ਮੁਨੀਮ ਕ੍ਰਿਸ਼ਨ ਸ਼ਰਮਾ ਦੇ ਦਿਹਾਂਤ 'ਤੇ ਦੁੱਖ ਸਾਂਝਾ ਕਰਨ ਲਈ ਪਿੰਡ ਮਾਨ ਪੁੱਜੇ। 

ਜਾਣਕਾਰੀ ਮੁਤਾਬਕ ਪਰਸੋਂ 60 ਸਾਲਾ ਕ੍ਰਿਸ਼ਨ ਸ਼ਰਮਾ ਨੂੰ ਬਾਦਲ ਪਰਿਵਾਰ ਦੇ ਬਾਗ 'ਚ ਡਿਊਟੀ ਦੌਰਾਨ ਦਿਲ ਦਾ ਦੌਰਾ ਪਿਆ ਸੀ। ਬਠਿੰਡਾ ਦੇ ਨਿੱਜੀ ਹਸਪਤਾਲ 'ਚ ਦੋ ਸਟੰਟ ਪਾਉਣ ਦੇ ਬਾਵਜੂਦ ਉਹ ਬਚ ਨਹੀਂ ਸਕਿਆ। ਸ੍ਰੀ ਬਾਦਲ ਨੇ ਮ੍ਰਿਤਕ ਦੇ ਲੜਕੇ ਚਰਨਜੀਤ ਸ਼ਰਮਾ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਮਾ ਨੂੰ ਵਫ਼ਾਦਾਰ ਸਾਥੀ ਦੱਸਿਆ।

ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਸਿਹਤ ਨਾਸਾਜ਼ ਹੋਣ ਕਾਰਨ ਵੱਡੇ ਬਾਦਲ ਚੰਡੀਗੜ੍ਹ 'ਚ ਜ਼ੇਰੇ ਇਲਾਜ ਰਹੇ ਸਨ। ਉਸਦੇ ਬਾਅਦ ਡਾਕਟਰਾਂ ਦੀ ਹਦਾਇਤਾਂ ਮੁਤਾਬਤ ਚੰਡੀਗੜ੍ਹ ਰਿਹਾਇਸ਼ 'ਤੇ ਸਮਾਂ ਲੰਘਾਉਣ ਉਪਰੰਤ ਬੀਤੀ 11 ਜੁਲਾਈ ਨੂੰ ਪਿੰਡ ਬਾਦਲ ਪਰਤੇ ਸਨ। ਉਸਦੇ ਬਾਅਦ ਉਹ ਪਹਿਲੀ ਵਾਰ ਜਨਤਕ ਹੋਏ। ਜਦਕਿ ਚੰਡੀਗੜ੍ਹੋਂ ਵਾਪਸੀ ਉਪਰੰਤ ਸਾਬਕਾ ਮੁੱਖ ਮੰਤਰੀ ਨੇ ਇੱਕ ਫੇਰੀ ਲਗਾ ਕੇ ਆਪਣੇ ਖੇਤਾਂ ਦੀ ਰੌਣਕ ਪਰਖੀ ਸੀ। 

ਜਾਣਕਾਰੀ ਮੁਤਾਬਕ ਸ੍ਰੀ ਬਾਦਲ ਜਨਤਕ ਮੁਲਾਕਾਤਾਂ ਤੋਂ ਗੁਰੇਜ਼ ਕਰ ਰਹੇ ਹਨ। ਸੂਤਰਾਂ ਮੁਤਾਬਕ ਵਿਧਾਨਸਭਾ ਚੋਣਾਂ 'ਚ ਕਰਾਰੀ ਹਾਰ ਉਪਰੰਤ ਅਕਾਲੀ ਦਲ ਦੇ ਸਥਾਨਕ ਪੇਂਡੂ ਜਰਨੈਲਾਂ ਲਈ ਵੱਡੇ ਘਰ ਦੇ ਬੂਹੇ ਤੰਗ ਹੋਏ ਹਨ। ਜਨਤਕ ਸਫ਼ਾਂ 94 ਸਾਲ ਦੀ ਉਮਰ 'ਚ ਮਿਲੀ ਸ਼ਿਕਸਤ ਨੂੰ ਹਾਈਕਮਾਂਡ ਨੂੰ ਘੇਰਾਬੰਦੀ 'ਚ ਰੱਖਣ ਵਾਲੇ ਹਲਕੇ ਭਰ ਦੇ ਆਗੂਆਂ ਨੂੰ ਜੁੰਮੇਵਾਰ ਮੰਨ ਰਹੀਆਂ ਹਨ। 

ਬੀਤੇ ਦਿਨ੍ਹੀਂ ਹਰਸਿਮਰਤ ਕੌਰ ਬਾਦਲ ਵੀ ਹਲਕੇ 'ਚ ਕਈ ਪਰਿਵਾਰਾਂ 'ਚ ਮੌਤਾਂ 'ਤੇ ਦੁੱਖ ਸਾਂਝਾਂ ਕਰਨ ਪੁੱਜੇ ਸਨ। ਦੱਸਿਆ ਜਾ ਰਿਹਾ ਹੈ ਕਿ ਕਰਾਰੀ ਹਾਰ ਉਪਰੰਤ ਨਿਰਵਿਵਾਦ ਅਤੇ ਲੋਕ ਜੁੜਾਅ ਵਾਲੇ ਨਵੇਂ ਹਾਲਾਤਾਂ ਨੂੰ ਜ਼ਮੀਨ ' ਸੁਰਜੀਤ ਕਰਨ ਲਈ ਨਜ਼ਰਸ਼ਾਨੀ ਕਰ ਰਿਹਾ ਹੈ। ਜਿਸਦੇ ਨਤੀਜ਼ੇ ਅਗਾਮੀ ਨੇੜਲੇ ਸਮੇਂ ਕਈ ਬਦਲਵੇਂ ਚਿਹਰਿਆਂ ਰਾਹੀਂ ਸਾਹਮਣੇ ਆ ਸਕਦੇ ਹਨ ।

No comments:

Post a Comment