19 July 2022

ਮੁੱਢਲੇ ਦਸਤਾਵੇਜ਼ੀ ਅੰਦਾਜ਼ੇ: ਲੰਬੀ ਹਲਕੇ 'ਚ ਮੀਂਹ ਨੇ 41 ਹਜ਼ਾਰ ਏਕੜ ਫ਼ਸਲਾਂ ਦੀ ਪੋਚੀ ਫੱਟੀ

ਵੇਰਵਿਆਂ ਮੁਤਾਬਕ ਸਰਾਵਾਂ ਜੈਲ 'ਚ ਕਰੀਬ 34 ਹਜ਼ਾਰ ਏਕੜ ਰਕਬੇ ਦੀ ਫ਼ਸਲ ਪਾਣੀਆਂ ਦੇ ਹੇਠਾਂ ਲੁਕੀ

- ਪੰਨੀ ਫੱਤਾ ਤੇ ਮਿੱਡਾ ਦਾ ਸੌ ਫ਼ੀਸਦੀ ਖੇਤੀ ਰਕਬਾ ਖਰਾਬੇ ਦੀ ਮਾਰ ਹੇਠਾਂ

- ਡੀ.ਸੀ. ਮੁਕਤਸਰ ਵੱਲੋਂ ਮੀਂਹ ਪ੍ਰਭਾਵਿਤ ਕਈ ਪਿੰਡਾਂ ਦਾ ਦੌਰਾ



ਇਕਬਾਲ ਸਿੰਘ ਸ਼ਾਂਤ

ਲੰਬੀ: ਵਰ੍ਹਿਆਂ ਤੋਂ ਸੇਮ ਦੇ ਝੰਬੇ ਹੋਏ ਲੰਬੀ ਹਲਕੇ ਦੀ ਕਿਰਸਾਨੀ ਦੀ ਮੌਨਸੂਨ ਦੀ ਪਹਿਲੀ ਬਰਸਾਤ ਨੇ ਤ੍ਰਾਹ ਕੱਢ ਦਿੱਤੇ ਹਨ। ਮੀਂਹ ਕਾਰਨ ਪ੍ਰਸ਼ਾਸਨ ਦੇ ਫੋਕੇ ਉਪਰਾਲਿਆਂ ਵਿਚਕਾਰ ਦਰਜਨਾਂ ਪਿੰਡ ਹੜ੍ਹਾਂ ਦੀ ਸਥਿਤੀ 'ਚ ਘਿਰੇ ਹੋਏ ਹਨ। ਹਲਕੇ 'ਚ ਮੀਂਹ ਨਾਲ ਘਿਰੀਆਂ ਜ਼ਮੀਨੀ ਬਾਰੇ ਮੁੱਢਲੇ ਮਾਲ ਅਤੇ ਖੇਤੀ ਸੂਤਰਾਂ ਦੇ ਅੰਕੜਿਆਂ ਮੁਤਾਬਕ ਹਲਕੇ ਦਾ ਕਰੀਬ 41 ਹਜ਼ਾਰ ਏਕੜ ਰਕਬੇ 'ਚ ਖੜ੍ਹੀ ਮੀਂਹਾਂ ਦੇ ਪਾਣੀ ਹੇਠਾਂ ਲੁਕੀ ਹੋਈ ਹੈ।

ਲੋਟ ਮਾਲ ਖੇਤਰ ਅਧੀਨ 145851 ਰਕਬੇ 'ਚੋਂ ਮੁੱਢਲੇ ਸਰਕਾਰੀ ਸਰਵੇ ਮੁਤਾਬਕ 66070 ਏਕੜ ਰਕਬਾ ਖ਼ਰਾਬੇ ਦੇ ਅਧੀਨ ਹੈ। ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਲਕੇ ਦੀ ਸਰਾਵਾਂ ਜੈਲ ਦੇ ਪਿੰਡਾਂ ਵਿੱਚ ਕਰੀਬ 34 ਹਜ਼ਾਰ ਏਕੜ ਰਕਬਾ 80 ਤੋਂ 100 ਫ਼ੀਸਦੀ ਨੁਕਸਾਨ ਵਿੱਚ ਹੈ। ਖੇਤੀਬਾੜੀ ਸੂਤਰਾਂ ਮੁਤਾਬਕ ਲੰਬੀ ਬਲਾਕ ਦੀ ਖੇਤੀ ਬੈਲਟ 'ਚ ਤੱਪਾਖੇੜਾ, ਆਧਨੀਆਂ, ਦਿਉਣਖੇੜਾ, ਫਤਿਹਪੁਰ ਮਨੀਆਂਵਾਲਾ, ਥਰਾਜਵਾਲਾ ਆਦਿ ਦਾ ਸੱਤ ਹਜ਼ਾਰ ਏਕੜ ਰਕਬਾ ਮੀਂਹਾਂ ਨੇ ਲਗਪਗ ਬਰਬਾਦ ਕਰ ਦਿੱਤਾ ਹੈ। ਜਿਸਦੇ ਟਾਂਵੇਂ-ਟਾਂਵੇਂ ਬਚਣ ਦੇ ਆਸਾਰ ਆਗਾਮੀ ਮੌਸਮ 'ਤੇ ਨਿਰਭਰ ਹਨ।

ਮਾਲ ਵਿਭਾਗ ਲੰਬੀ ਵੱਲੋਂ ਸਰਕਾਰ ਨੂੰ ਭੇਰੇ ਨੁਕਸਾਨ ਦੇ ਮੁੱਢਲੇ ਅੰਦਾਜ਼ਿਆਂ ਮੁਤਾਬਕ ਬਲਾਕ ਦੇ ਸਿਰਫ਼ ਦੋ ਪਿੰਡ ਤੱਪਾਖੇੜਾ 'ਚ 1880 ਏਕੜ ਤੇ ਦਿਉਣਖੇੜਾ 'ਚ 1240 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ।

ਸ਼ੁਰੂਆਤੀ ਤੌਰ 'ਤੇ ਪ੍ਰਭਾਵਤ ਮਕਾਨਾਂ ਦੀ ਗਿਣਤੀ 335 ਹੈ। ਹਲਕੇ ਵਿੱਚ ਸੇਮ ਨਾਲਿਆਂ ਦੀ ਗਲਤ ਬਣਤਰ ਨੇ ਸਰਾਵਾਂ ਜੈਲ ਦੀ ਕਿਰਸਾਨੀ ਨੂੰ ਡੁਬੋ ਕੇ ਰੱਖਿਆ ਹੋਇਆ ਹੈ।


ਪਿੰਡ ਪੰਨੀਵਾਲਾ ਫੱਤਾ ਦਾ ਸੌ ਫ਼ੀਸਦੀ ਰਕਬਾ 22 ਸੌ ਏਕੜ ਅਤੇ 3250 ਏਕੜ ਰਕਬੇ ਵਾਲੇ ਪਿੰਡ ਮਿੱਡਾ ਦਾ ਸੌ ਫ਼ੀਸਦੀ ਰਕਬਾ ਖਰਾਬੇ ਦੀ ਮਾਰ ਹੇਠ ਹੈ। ਪਿੰਡ ਮੋਹਲਾਂ,ਰਾਣੀਵਾਲਾ ਅਤੇ ਰੱਤਾਟਿੱਬਾ ਦੇ ਕੁੱਲ ਰਕਬੇ ਵਿੱਚ ਕਰੀਬ 80 ਤੋਂ 90 ਫ਼ੀਸਦੀ ਰਕਬੇ 'ਚ ਕਈ-ਕਈ ਫੁੱਟ ਪਾਣੀ ਖੜ੍ਹਾ ਹੈ।

ਪਿੰਡ ਆਲਮ ਵਾਲਾ 'ਚ 1700 ਏਕੜ, ਰੱਤਾਖੇੜਾ 'ਚ 12 ਸੌ ਏਕੜ, ਬੋਦੀਵਾਲਾ ਖੜਕ ਸਿੰਘ 'ਚ 17 ਸੌ, ਅਸਪਾਲ ਅਤੇ ਸਰਾਵਾਂ ਬੋਦਲਾ 15-15 ਸੌ ਏਕੜ, ਮਿੱਡਾ 'ਚ 3250 ਏਕੜ, ਪੱਕੀ ਟਿੱਬੀ 'ਚ 13 ਸੌ, ਮੋਹਲਾਂ 'ਚ 27 ਸੌ ਏਕੜ, ਰੱਤਾ ਟਿੱਬਾ 'ਚ 2180, ਰਾਣੀਵਾਲਾ 'ਚ 2873 ਏਕੜ, ਕਰਮ ਪੱਟੀ 'ਚ 14 ਸੌ ਏਕੜ, ਕੋਲਿਆਂਵਾਲੀ 'ਚ ਇੱਕ ਹਜ਼ਾਰ ਏਕੜ, ਛਾਪਿਆਂਵਾਲੀ 'ਚ ਪੰਜ ਸੋ ਏਕੜ, ਬੁਰਜ ਸਿੰਧਵਾਂ' ਚ 25 ਸੌ ਏਕੜ, ਡੱਬਵਾਲੀ ਢਾਬ 'ਚ ਇੱਕ ਹਜ਼ਾਰ ਅਤੇ ਸ਼ਾਮਖੇੜਾ 'ਚ 15 ਸੌ ਏਕੜ ਅਤੇ ਮਾਹਣੀਖੇੜਾ 'ਚ ਅੱਠ ਸੌ ਏਕੜ 'ਚ ਫ਼ਸਲ ਖ਼ਰਾਬ ਹੋ ਚੁੱਕੀ ਹੈ।

ਪੱਕੀ ਟਿੱਬੀ 'ਚ ਸੇਮਨਾਲੇ ਦੀ ਪਟੜੀ ਤੋਂ ਖੁਰਚੀ ਹੋਈ ਮਿੱਟੀ ਕਰਕੇ ਕਮਜ਼ੋਰ ਸਥਿਤੀ ਵਿਗੜੀ ਹੋਈ ਹੈ ਅਤੇ ਆਗਾਮੀ ਮੀਂਹਾਂ 'ਚ ਹੋਰ ਖ਼ਤਰਾ ਵਧਣ ਦੇ ਆਸਾਰ ਹਨ। ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਤੱਪਾਖੇੜਾ ਸਮੇਤ ਹਲਕੇ ਦੇ ਕਈ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।

ਤੱਪਾਖੇੜਾ ਦੇ ਨੀਟੂ ਨੇ ਦੋਸ਼ ਲਗਾਇਆ ਕਿ ਸੁੱਚਜੀ ਨਿਕਾਸੀ ਨਾ ਹੋਣ ਕਰਕੇ ਪਿੰਡ 'ਚ ਬਾਹਰੀ ਪਾਣੀ ਦਾ ਦਬਾਅ ਵਧ ਰਿਹਾ ਹੈ। ਪ੍ਰਸ਼ਾਸਨੀ ਅਮਲਾ ਸਿਰਫ਼ ਛੱਪੜ 'ਤੇ ਗੇੜਾ ਮਾਰ ਕੇ ਚਲਾ ਗਿਆ। ਜਦਕਿ ਮਾਹੂਆਣਾ ਵਾਲੇ ਪਾਸਿਓਂ ਆਉਂਦੇ ਪਾਣੀਆਂ ਕਾਰਨ ਸਭ ਤੋਂ ਖ਼ਤਰੇ ਨਾਲ ਜੂਝ ਰਹੇ ਬਾਹਰੀ ਮਕਾਨਾਂ ਦੀ ਸਾਰ ਲੈਣ ਕੋਈ ਨਹੀਂ ਪੁੱਜਿਆ।

ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦਾ ਪੱਖ ਲੈਣ ਖਾਤਰ ਕੋਈ ਫੋਨ ਕੀਤੇ ਗਏ ਪਰ ਉਨ੍ਹਾਂ ਕਾਲ ਰਸੀਵ ਨਹੀਂ ਕੀਤੀ। ਲੰਬੀ ਦੇ ਨਾਇਬ ਤਹਿਸੀਲਦਾਰ ਭੋਲਾ ਰਾਮ ਨੇ ਕਿਹਾ ਕਿ ਤੱਪਾਖੇੜਾ 'ਚ ਰਾਹਤ ਕਾਰਜ ਜਾਰੀ ਹਨ। -93178-26100

No comments:

Post a Comment