28 July 2022

ਭਗਵੰਤ ਮਾਨ ਬਰਸਾਤੀ ਖਰਾਬੇ ਦਾ ਜਾਇਜ਼ਾ ਲੈਣ ਅੱਜ ਲੰਬੀ ਹਲਕੇ 'ਚ ਪੁੱਜਣਗੇ, ਕਿਸਾਨਾਂ ਨੂੰ ਗਲਤ ਬਣਤਰ ਵਾਲੇ ਸੇਮ ਨਾਲਿਆਂ ਦੇ ਹੱਲ ਬਾਰੇ ਵੱਡੀਆਂ ਉਮੀਦਾਂ


- ਮਹਿਰਾਜਵਾਲਾ ਡਰੇਨ ਦੇ ਮੁੜ ਸਰਵੇ ਦੀ ਮੰਗ ਉੱਠੀ

- ਖੇਤਾਂ 'ਚ ਪਾਣੀ ਨਿਕਾਸੀ ਲਈ ਸਰਕਾਰੀ ਮੱਦਦ ਸ਼ੁਰੂ ਨਾ ਹੋਣ ਦੇ ਦੋਸ਼


ਇਕਬਾਲ ਸਿੰਘ ਸ਼ਾਂਤ

ਲੰਬੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ 28 ਜੁਲਾਈ ਨੂੰ ਹਲਕਾ ਲੰਬੀ ਦੇ ਸਰਾਵਾਂ ਜੈਲ 'ਚ ਮੀਂਹ ਦੇ ਪਾਣੀਆਂ 'ਚ ਡੁੱਬੇ ਹਜ਼ਾਰਾਂ ਏਕੜ ਫ਼ਸਲੀ ਰਕਬੇ ਦਾ ਦੁਖਾਂਤ ਅੱਖੀਂ ਵਾਚਣ ਲਈ ਪੁੱਜਣਗੇ। ਮੁੱਖ ਮੰਤਰੀ ਮੀਂਹ ਦੇ ਪਾਣੀ ਦੀ ਸੁਚੱਜੀ ਨਿਕਾਸੀ ਨਾ ਹੋਣ ਕਾਰਨ ਸਭ ਤੋਂ ਵੱਧ ਨੁਕਸਾਨੇ ਗਏ ਪਿੰਡ ਪੰਨੀਵਾਲਾ ਅਤੇ ਮਿੱਡਾ ਦਾ ਬਾਅਦ ਦੁਪਿਹਰ 2:30 ਵਜੇ ਦੌਰਾ ਕਰਨਗੇ। ਇਸਦੇ ਉਪਰੰਤ ਮੁੱਖ ਮੰਤਰੀ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਮੂਲਿਆਂਵਾਲੀ ਵੀ ਖਰਾਬੇ ਦਾ ਜਾਇਜ਼ਾ ਲੈਣ ਜਾਣਗੇ। 

ਮੁੱਖ ਮੰਤਰੀ ਬਣਨ ਮਗਰੋਂ ਭਗਵੰਤ ਮਾਨ ਦੀ ਬਾਦਲਾਂ ਦੇ ਗੜ੍ਹ ਰਹੇ ਹਲਕੇ ਲੰਬੀ 'ਚ ਪਹਿਲੀ ਫੇਰੀ ਤੋਂ ਇਲਾਕੇ ਦੇ ਹਜ਼ਾਰਾਂ ਕਿਸਾਨਾਂ ਨੂੰ ਵੱਡੀਆਂ ਉਮੀਦਾਂ ਹਨ। ਇਸ ਖੇਤਰ ਵਿੱਚ ਸੇਮ ਨਾਲਿਆਂ ਦੀ ਗਲਤ ਬਣਤਰ ਕਾਰਨ ਵੱਡੀ ਗਿਣਤੀ ਪਿੰਡਾਂ 'ਚ ਲਗਪਗ ਭਰਵੀਂ ਬਰਸਾਤ ਮੌਕੇ ਹੜ੍ਹਾਂ ਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ। ਜਿਸਦੇ ਮੂਹਰੇ ਪ੍ਰਸ਼ਾਸਨ ਦੇ ਕਾਗਜ਼ੀ ਉਪਰਾਲੇ ਵੀ ਨਾਕਾਫ਼ੀ ਸਾਬਤ ਹੁੰਦੇ ਹਨ। ਇਸ ਵਾਰ ਵੀ ਮੌਨਸੂਨ ਦੀ ਪਹਿਲੀ ਬਰਸਾਤ ਨੇ ਸਮੁੱਚਾ ਇਲਾਕਾ ਜਲਥਲ ਕਰ ਦਿੱਤਾ। ਮਿੱਡਾ ਦਾ ਰਕਬਾ ਨਿਵਾਣ 'ਚ ਇੱਥੋਂ ਦਾ ਸੌ ਫ਼ੀਸਦੀ ਰਕਬਾ ਪਾਣੀ 'ਚ ਡੁੱਬ ਗਿਆ। 

ਖੇਤਰ ਵਾਸੀਆਂ ਮੁਤਾਬਕ ਤਾਜ਼ਾ ਮੀਂਹਾਂ ਉਪਰੰਤ ਪ੍ਰਸ਼ਾਸਨੀ ਉਪਰਾਲੇ ਯਤਨਾਂ ਦੇ ਮੁਤਾਬਕ ਕਾਰਗਰ ਸਾਬਤ ਨਹੀਂ ਹੋਏ। ਬੀਤੇ ਦਿਨ੍ਹੀਂ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿੰਡ ਦੀ ਮਾੜੀ ਸਥਿਤੀ ਕਾਰਨ ਦੌਰਾ ਕੀਤਾ ਸੀ। ਉਨ੍ਹਾਂ ਦੀ ਕਾਰਕੁੱਨ ਟੀਮ ਲਗਾਤਾਰ ਰਾਹਤ ਕਾਰਜਾਂ 'ਤੇ ਜੁਟੀ ਹੋਈ ਹੈ।

ਮਹਿਰਾਜਵਾਲਾ ਡਰੇਨ (ਸੇਮ ਨਾਲਾ) ਦੇ ਗਲਤ ਡੀਜਾਇਨ ਕਾਰਨ ਪਿੰਡ ਮਿੱਡਾ ਨਾਲ ਸਾਲ-ਦੋ ਸਾਲ ਮਗਰੋਂ ਜੱਗੋਂ ਤੇਰਵੀਂ ਹੋ ਜਾਂਦੀ ਹੈ। ਪਿੰਡ ਮਿੱਡਾ ਦੇ ਕਿਸਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ 1997 ਵਿੱਚ ਅਕਾਲੀ-ਭਾਜਪਾ ਸਰਕਾਰ ਸਮੇਂ ਸਿਆਸੀ ਦਬਾਅ ਕਾਰਨ ਤਰਖਾਣਵਾਲਾ ਤੋਂ ਉੜਾਂਗ ਨੂੰ ਬਣਨ ਵਾਲੀ ਡਰੇਨ ਨੂੰ ਵਾਇਆ ਮਿੱਡਾ ਕਰ ਦਿੱਤਾ। ਗਿਆ। ਜੇਕਰ ਸਹੀ ਸਰਵੇ ਕਰਵਾ ਡਰੇਨ ਅਰਨੀਵਾਲਾ ਡਰੇਨ 'ਚ ਪਾਈ ਜਾਣੀ ਸੀ। ਜਿਸ ਨਾਲ ਮੀਂਹਾਂ ਸਮੇਂ ਇਹ ਖੇਤਰ ਬਰਸਾਤੀ ਖ਼ਰਾਬਿਆਂ ਤੋਂ ਬਚ ਜਾਣਾ ਸੀ। ਉਨ੍ਹਾਂ ਕਿਹਾ ਕਿ ਸੇਮ ਨਾਲਿਆਂ ਦਾ ਮੁੜ ਸਰਵੇ ਕਰਵਾ ਮੁੜ ਤੋਂ ਸਹੀ ਲੇਬਲ ਨਾਲ ਬਣਾਉਣ ਮੰਗ ਕੀਤੀ। 

ਬਲਾਕ ਸੰਮਤੀ ਮੈਂਬਰ ਭਗਵੰਤ ਸਿੰਘ ਮਿੱਡਾ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ 'ਚ ਹੁਣ ਇੰਨੇ ਦਿਨਾਂ ਮਗਰੋਂ ਸੇਮ ਨਾਲੇ 'ਚ ਇੱਕ ਫੁੱਟ ਪਾਣੀ ਘਟਿਆ ਹੈ। ਜਦਕਿ ਖੇਤਾਂ 'ਚ ਸਥਿਤੀ ਪਹਿਲਾਂ ਵਾਂਗ ਹੀ ਹੈ। ਖੇਤਾਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਮੱਦਦ ਸ਼ੁਰੂ ਨਹੀਂ ਹੋ ਸਕੀ। ਕਿਸਾਨ ਆਪਣੇ ਪੱਧਰ 'ਤੇ ਮੋਟਰ ਵਗੈਰਾ ਲਗਾ ਕੇ ਪਾਣੀ ਨਿਕਾਸੀ ਕਰ ਰਹੇ ਹਨ। ਮੀਂਹਾਂ ਦੇ ਮਾਰੂ ਹਾਲਾਤਾਂ 'ਚ ਜਵਾਬਦੇਹੀ ਵਾਲੀ ਸਥਿਤੀ ਕਾਰਨ ਮੁੱਖ ਮੰਤਰੀ ਦੀ ਫੇਰੀ ਪ੍ਰਬੰਧਾਂ ਨੂੰ ਪੁਖਤਾ ਬਣਾਉਣ 'ਚ ਪ੍ਰਸ਼ਾਸਨ ਹੱਦੋਂ ਵੱਧ ਚੌਕਸੀ ਵਿਖਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਮੀਂਹਾਂ ਦੌਰਾਨ ਪ੍ਰਭਾਵਿਤ ਪਿੰਡਾਂ 'ਚ ਰਾਹਤ ਕਾਰਜਾਂ ਸਿਆਸੀ ਦਖ਼ਲਅੰਦਾਜ਼ੀ ਖਿਲਾਫ਼ ਪੀੜਤ ਲੋਕਾਂ ਨੂੰ ਬਚਾਅ ਖਾਤਰ ਸੜਕਾਂ 'ਤੇ ਉੱਤਰ ਕੇ ਰੋਹ ਜਤਾਉਣਾ ਪਿਆ। ਸੂਤਰਾਂ ਮੁਤਾਬਰਕ ਉਹ ਸਮੁੱਚੀਆਂ ਰਿਪੋਰਟਾਂ ਮੁੱਖ ਮੰਤਰੀ ਦਫ਼ਤਰ ਤੱਕ ਪੁੱਜਦੀਆਂ ਰਹੀਆਂ ਹਨ। 

No comments:

Post a Comment