19 October 2011

ਲੰਬੀ ਤੇ ਗਿੱਦੜਬਾਹਾ ਤੋਂ ਦੋਹਰਾ 'ਮਹਾਭਾਰਤ' ਲੜਣਗੇ ਐਤਕੀਂ ਵੱਡੇ ਬਾਦਲ !

                 -ਲੰਬੀ ਅਤੇ ਗਿੱਦੜਬਾਹਾ 'ਚ ਸੰਗਤ ਦਰਸ਼ਨਾਂ ਦੀ ਝੜੀ-
 
                                                               ਇਕਬਾਲ ਸਿੰਘ ਸ਼ਾਂਤ
           ਪੰਜਾਬ ਵਿਧਾਨਸਭਾ ਚੋਣਾਂ ਲਈ ਚੋਣ ਜ਼ਾਬਤੇ ਦੇ ਦਿਨ ਨੇੜੇ ਆਉਂਦੇ ਵੇਖ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਅਤੇ ਗਿੱਦੜਬਾਹਾ ਹਲਕਿਆਂ ਵਿਚ ਗੇੜੇ 'ਤੇ ਗੇੜਾ ਬੰਨ ਰੱਖਿਆ ਹੈ। ਅਜੇ ਕੱਲ੍ਹ 17 ਅਕਤੂਬਰ ਨੂੰ ਮੁੱਖ ਮੰਤਰੀ ਗਿੱਦੜਬਾਹਾ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਕਰਕੇ ਗਏ ਸਨ ਅਤੇ ਹੁਣ ਉਹ ਮੁੜ ਤੋਂ 19 ਅਤੇ 20 ਅਕਤੂਬਰ ਨੂੰ ਲੰਬੀ ਹਲਕੇ ਦੇ ਦੋ ਦਿਨਾਂ ਦੌਰੇ 'ਤੇ ਹਨ। ਲੰਬੀ ਅਤੇ ਗਿੱਦੜਬਾਹਾ ਹਲਕਿਆਂ ਵਿਚ ਬਰਾਬਰੀ ਵਾਲੇ ਰੁਝੇਵੇਂ ਵੱਡੇ ਬਾਦਲ ਦੀ ਅਗਾਮੀ ਸਿਆਸੀ ਰਣਨੀਤੀ ਦੀ ਅਗਾਊਂ ਹਿੱਸਾ ਜਾਪਦੇ ਹਨ।
             ਭਾਵੇਂ ਸਿਆਸੀ ਮਾਹਰਾਂ ਅਨੁਸਾਰ ਮੁੱਖ ਮੰਤਰੀ ਸ: ਬਾਦਲ ਦਾ ਐਤਕੀਂ ਲੰਬੀ ਦੀ ਸਿਆਸੀ ਰਣਭੂਮਿ 'ਤੇ ਕਾਂਗਰਸ ਪਾਰਟੀ ਦੇ ਥੰਮ ਆਗੂ ਸ: ਮਹਸ਼ੇਇੰਦਰ ਸਿੰਘ ਬਾਦਲ ਤੋਂ ਇਲਾਵਾ ਛੋਟੇ ਸਕੇ ਭਰਾ ਸ: ਗੁਰਦਾਸ ਸਿੰਘ ਬਾਦਲ ਵੱਲੋਂ ਪੀ.ਪੀ.ਪੀ. ਵੱਲੋਂ ਉਮੀਦਵਾਰ ਥਾਪੇ ਜਾਣ ਉਪਰੰਤ ਸਰੀਕਾਂ 'ਚ ਤਿਹਰੀ ਸਿਆਸੀ ਮਹਾਂਭਾਰਤ ਹੋਣ ਦੇ ਮੱਦੇਨਜ਼ਰ ਦੋ ਵਿਧਾਨਸਭਾ ਹਲਕਿਆਂ ਤੋਂ ਚੋਣ ਲੜਣਾ ਯਕੀਨੀ ਹੈ। ਕਿਉਂਕਿ ਪਿਛਲੇ ਵਿਧਾਨਸਭਾ ਚੋਣਾਂ ਵਿਚ ਲੰਬੀ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਚਚੇਰੇ ਭਰਾ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਤੋਂ ਇੰਨੀ ਸਖ਼ਤ ਟੱਕਰ ਮਿਲੀ ਸੀ ਕਿ ਜਿੱਤ ਹਾਰ ਦਾ ਫ਼ਰਕ ਸਿਰਫ਼ 9 ਹਜ਼ਾਰ ਦੇ ਕਰੀਬ ਤੱਕ ਸਿਮਟ ਗਿਆ ਸੀ। ਅਜਿਹੇ ਵਿਚ ਸਾਰੀ ਉਮਰ ਮੋਢੇ ਨਾਲ ਮੋਢਾ ਲਾ ਚੋਣ ਪਿੜਾਂ ਵਿਚ ਸਾਰਥੀ ਬਣ ਕੇ ਵਿਚਰਦੇ ਰਹੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਵੱਲੋਂ ਇਹ ਵਾਰ ਵਿਰੋਧੀ ਵਜੋਂ ਸਾਹਮਣੇ ਮੈਦਾਨ 'ਚ ਆ ਡਟਣ ਨਾਲ ਸਿਆਸੀ ਸਮੀਕਰਨ ਹੋਰ ਵੀ ਗੁੰਝਲਦਾਰ ਬਣ ਗਏ ਹਨ। ਜਿਸ ਕਰਕੇ ਅਜੋਕੇ ਹਾਲਾਤਾਂ ਵਿਚ ਲੰਬੀ ਤੋਂ ਵੱਡੇ ਬਾਦਲ ਦੀ ਜਿੱਤ ਬਾਰੇ ਸਿਆਸੀ ਸਫ਼ਾਂ 'ਚ ਕੋਈ ਹਾਂ-ਪੱਖੀ ਹੁੰਗਾਰਾ ਸੁਣਨ ਨਹੀਂ ਮਿਲ ਰਿਹਾ ਹੈ ਪਰ ਫਿਰ ਵੀ ਲੰਬੀ ਦੇ ਚੋਣ ਦੰਗਲ ਵਿਚ ਨਿੱਤਰਨਾ ਅਕਾਲੀ ਦਲ ਦੀ ਇਖਲਾਕੀ ਮਜ਼ਬੂਰੀ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਬਾਦਲ ਵੱਲੋਂ ਲੰਬੀ ਹਲਕੇ ਨੂੰ ਛੱਡ ਕੇ ਕਿਸੇ ਹੋਰ ਹਲਕੇ ਤੋਂ ਲੜਣ ਨੂੰ ਅਕਾਲੀ ਦਲ (ਬ) ਦੀ ਕਮਜ਼ੋਰੀ ਵੀ ਮੰਨਿਆ ਜਾ ਸਕਦਾ ਹੈ।
                ਇਨ੍ਹਾਂ ਸਭ ਹਾਲਾਤਾਂ ਵਿਚ ਦੋ ਪਹਿਲੂਆਂ ਨੂੰ ਮੁੱਖ ਰੱਖ ਕੇ ਦੇਸ਼ ਦੀ ਗੈਰ ਕਾਂਗਰਸੀ ਸਿਆਸਤ ਵਿਚ ਬਾਬਾ ਬੋਹੜ ਦਾ ਰੁਤਬਾ ਰੱਖਦੇ ਪ੍ਰਕਾਸ਼ ਸਿੰਘ ਬਾਦਲ ਇੱਕ ਪੂਰੀ ਤਰ੍ਹਾਂ ਵਿਉਂਤਬੰਦ ਰਣਨੀਤੀ ਦੇ ਤਹਿਤ ਲੰਬੀ ਤੋਂ ਤਾਂ ਵਿਧਾਨਸਭਾ ਚੋਣ ਲੜਣਗੇ ਤੇ ਨਾਲ ਹੀ ਗਿੱਦੜਬਾਹਾ ਹਲਕੇ ਵਿਚ ਆਪਣੇ ਭਤੀਜੇ ਦੇ ਸਾਹਮਣੇ ਹਿੱਕ ਚੁਣੌਤੀ ਵਜੋਂ ਡਟਣਗੇ। ਜਿਸਦਾ ਇੱਕ ਪਹਿਲੂ ਇਹ ਹੈ ਕਿ ਇਹ ਦੋਵੇਂ ਹਲਕੇ ਆਪਸ ਵਿਚ ਜੁੜਦੇ ਹਨ ਤੇ ਦੋਵੇਂ ਹਲਕਿਆਂ ਦੀ ਸਿਆਸੀ ਗਲੀਆਂ ਦੇ ਚੱਪੇ-ਚੱਪੇ ਤੋਂ ਸ੍ਰੀ ਬਾਦਲ ਭਲੀ-ਭਾਂਤ ਜਾਣੂ ਹਨ ਦੇ ਦੂਸਰਾ ਇਸ ਮੁੱਖ ਮੰਤਰੀ ਦੇ ਇਨ੍ਹਾਂ ਹਲਕਿਆਂ ਤੋਂ ਖੜ੍ਹਣ ਦਾ ਅਸਰ ਮਨਪ੍ਰੀਤ ਸਿੰਘ ਬਾਦਲ ਅਤੇ ਉਸਦੇ ਸਮਰਥਕਾਂ ਵੱਲੋਂ ਮਾਲਵੇ ਵਿਚ ਲਾਏ ਜਾਣ ਵਾਲੇ ਖੋਰੇ ਨੂੰ ਵੀ ਮੱਠਾ ਪਾਵੇਗਾ। ਇਸਦੇ ਇਲਾਵਾ ਇਨ੍ਹਾਂ ਦੋਵੇਂ ਹਲਕਿਆਂ ਵਿਚ ਸ੍ਰੀ ਵੱਡੇ ਬਾਦਲ ਦੇ ਖੁਦ ਖੜੇ ਅਤੇ ਵੋਟਰਾਂ ਤੱਕ ਨਿੱਜੀ ਤੌਰ ਪਹੁੰਚਣ ਨਾਲ 50 ਸਾਲ ਪੁਰਾਣੇ ਸਬੰਧਾਂ ਦੀ ਸ਼ਰਮ ਨਾਲ ਵੀ ਵੋਟ ਪੈਣ ਦਾ ਇੱਕ ਚੰਗਾ ਫੈਕਟਰ ਮੰਨਿਆ ਜਾ ਰਿਹਾ ਹੈ।
                 ਮੁੱਖ ਮੰਤਰੀ ਬਾਦਅ ਵੱਲੋਂ ਕਿਸੇ ਸਮੇਂ ਆਪਣੇ ਹੱਥੀਂ ਗਿੱਦੜਬਾਹਾ 'ਚ ਲਾਏ ਬੂਟੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਦੇ ਡੇਢ ਦਹਾਕੇ ਪੁਰਾਣੇ ਕਿਲ੍ਹੇ ਨੂੰ ਮੌਜੂਦਾ ਸਹਿਜੇ ਲਹਿਜੇ ਅਨੁਸਾਰ ਨੇਸਤਾਬੂਤ ਕਰਨਾ ਪਹਿਲ ਬਣੀ ਹੋਈ ਹੈ। ਉਥੇ ਜੱਦੀ ਹਲਕੇ ਲੰਬੀ ਵਿਚ ਦੋ-ਦੋ ਸਰੀਕ ਭਰਾਵਾਂ ਨਾਲ ਹੋਣ ਵਾਲੀ ਚੋਣ ਜੰਗ ਵਿਚ ਗਿੱਦੜਬਾਹੇ ਤੋਂ ਚੋਣ ਲੜਣ ਦਾ ਹਮਲਾਵਰ ਸਿਆਸਤ ਦਾ ਦੋਹਰਾ ਪੈਂਤੜਾ ਖੇਡ ਕੇ ਸੂਬੇ ਦੇ ਵੋਟਰਾਂ ਦੇ ਸਾਹਮਣੇ ਸੱਤਾ ਵਾਪਸੀ ਲਈ ਇੱਕ ਮਜ਼ਬੂਤ ਮਾਹੌਲ ਦੀ ਰਣਨੀਤੀ ਹਿੱਸਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਕਾਲੀ ਦਲ (ਬ) ਵੱਲੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਲੰਬੀ ਤੋਂ ਚੋਣ ਲੜਣ ਦੀ ਕਣਸੋਆਂ ਹਨ ਪਰ ਅਜੇ ਤੱਕ ਉਨ੍ਹਾਂ ਦੇ ਜਲਾਲਾਬਾਦ ਜਾਂ ਕਿਸੇ ਹੋਰ ਹਲਕੇ ਤੋਂ ਚੋਣ ਲੜਣ ਦੀ ਸੰਭਾਵਨਾਵਾਂ ਜ਼ਿਆਦਾ ਜਾਪਦੀਆਂ ਹਨ।
                 ਇਸੇ ਮਨਸ਼ਾ ਦੇ ਤਹਿਤ ਮੁੱਖ ਮੰਤਰੀ ਦੇ ਦੌਰਿਆਂ ਵਿਚ ਪ੍ਰਮੁੱਖਤਾ ਨਾਲ ਸ਼ਰੀਕ ਹੁੰਦੀ ਲੰਬੀ ਤੋਂ ਇਲਾਵਾ ਹੁਣ ਗਿੱਦੜਬਾਹਾ ਵੀ 'ਹਾਈ ਪਾਵਰ ਜ਼ੋਨ' ਬਣਿਆ ਹੋਇਆ ਹੈ। ਤਦੇ ਲੜੀਵਾਰ ਸੰਗਤ ਦਰਸ਼ਨ ਸਮਾਗਮਾਂ ਰਾਹੀਂ ਗਿੱਦੜਬਾਹਾ ਅਤੇ ਲੰਬੀ ਦੇ ਪਿੰਡਾਂ ਗਰਾਂਟਾਂ ਦਾ ਮੀਂਹ ਵਰ੍ਹਾ ਕੇ ਚੋਣ ਪਿੜ ਨੂੰ ਆਪਣੇ ਹੱਕ ਕਰਨ ਦਾ ਹਰਵਾ ਕੀਤਾ ਜਾ ਰਿਹਾ ਹੈ।

No comments:

Post a Comment