06 January 2012

ਮਹੇਸ਼ਇੰਦਰ ਬਾਦਲ ਵੱਲੋਂ ਲੰਬੀ ਹਲਕੇ ਤੋਂ ਚੋਣ ਪ੍ਰਚਾਰ ਦਾ ਆਗਾਜ਼

                                         ਐਤਕੀਂ ਲੰਬੀ 'ਚ ਭਿੜਨਗੇ ਤਿੰਨ ਬਾਦਲ
                                                                 ਇਕਬਾਲ ਸਿੰਘ ਸ਼ਾਂਤ
ਲੰਬੀ-ਦੁਨੀਆਂ ਭਰ ਦੇ ਪੰਜਾਬੀਆਂ ਦੀ ਦਿਲਚਸਪੀ ਦਾ ਕੇਂਦਰ ਬਣੇ ਲੰਬੀ ਵਿਧਾਨਸਭਾ ਹਲਕੇ ਵਿਚ ਅੱਜ ਅੱਜ ਤਿੰਨ ਬਾਦਲਾਂ ਵਿਚਾਲੇ ਤਿਕੋਣੀ ਸਿਆਸੀ ਜੰਗ ਦਾ ਬਿਗੁਜ ਵੱਜ ਗਿਆ। ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਹਰੀ ਝੰਡੀ ਮਿਲਣ ਉਪਰੰਤ ਪਾਰਟੀ ਦੇ ਉਮੀਦਵਾਰ ਵਜੋਂ ਸ੍ਰ: ਮਹੇਸਇੰਦਰ ਸਿੰਘ ਬਾਦਲ ਨੇ ਅੱਜ ਆਪਣੇ ਜੱਦੀ ਪਿੰਡ ਬਾਦਲ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ।

          ਸ੍ਰੀ ਮਹੇਸ਼ਇੰਦਰ ਸਿੰੰਘ ਬਾਦਲ ਨੇ ਸਵੇਰੇ ਪਿੰਡ ਬਾਦਲ ਦੇ ਗੁਰਦੁਆਰਾ ਵਿਖੇ ਅਰਦਾਸ ਕਰਨ ਉਪਰੰਤ ਮੰਦਰ, ਪ੍ਰਾਚੀਨ ਸਮਾਧ ਅਤੇ ਮਸੀਤ 'ਤੇ ਨਤਮਸਤਕ ਹੋਣ ਤੋਂ ਉਪਰੰਤ ਬਕਾਇਦਾ ਪਿੰਡ ਦੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਅਤੇ ਪਿੰਡ  ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ।
    
         ਚੋਣ ਮੁਹਿੰਮ ਦੇ ਆਗਾਜ਼ ਬਾਰੇ ਸੂਚਨਾ ਮਿਲਦੇ ਹੀ ਹਲਕੇ ਦੇ ਪਿੰਡਾਂ ਸੈਂਕੜੇ ਲੋਕ ਆਪ ਮੁਹਾਰੇ ਬਾਦਲ ਪੁੱਜ ਗਏ। ਜਿਨ੍ਹਾਂ ਨੇ ਤਿੰਨ ਵੱਖ-ਵੱਖ ਕਾਫ਼ਲਿਆਂ ਦੇ ਰੂਪ ਵਿੱਚ ਘਰ ਘਰ ਜਾ ਕੇ ਵੋਟਾਂ ਮੰਗੀਆਂ। ਇਸ ਮੌਕੇ ਸ੍ਰ: ਮਹੇਸ਼ਇੰਦਰ ਬਾਦਲ  ਇਲਾਵਾ ਕਾਫ਼ਲਿਆਂ ਦੀ ਅਗਵਾਈ ਸਾਬਕਾ ਟਰਾਂਸਪੋਰਟ ਮੰਤਰੀ ਸ੍ਰ: ਹਰਦੀਪਇੰਦਰ ਸਿੰਘ ਬਾਦਲ, ਪੰਜਾਬ ਕਾਂਗਰਸ ਦੇ ਸੀਨੀਅਰ  ਗੁਰਮੀਤ ਸਿੰਘ ਖੁੱਡੀਆਂ, ਰਣਧੀਰ ਸਿੰਘ ਧੀਰਾ ਅਤੇ ਬਾਦਲ ਪਿੰਡ ਦੇ ਸਾਬਕਾ ਸਰਪੰਚ ਸੰਜਮ ਸਿੰਘ ਢਿੱਲੋ, ਸਰਬਜੀਤ ਸਿੰਘ ਬਾਦਲ ਕਰ ਰਹੇ ਸਨ। ਚੋਣ ਮੁਹਿੰਮ ਦੇ ਆਗਾਜ਼ ਮੌਕੇ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ, ਆਗੂ ਅਤੇ ਪਾਰਟੀ ਵਰਕਰਾਂ ਸਮੇਤ ਹਲਕੇ ਦੇ ਸਮੂਹ ਪਿੰਡਾਂ ਦੇ ਸਾਬਕਾ ਕਾਂਗਰਸੀ ਪੰਚ-ਸਰਪੰਚ ਪਹੁੰਚੇ ਹੋਏ ਸਨ।
     
    ਸਾਲ 2007 ਦੀਆਂ ਵਿਧਾਨਸਭਾ ਚੋਣਾਂ ਵਿਚ ਆਪਣੇ ਚਚੇਰੇ ਭਰਾ ਅਕਾਲੀ ਉਮੀਦਵਾਰ ਵਜੋਂ ਸ੍ਰ: ਪ੍ਰਕਾਸ ਸਿੰਘ ਬਾਦਲ ਨਾਲ ਸਖ਼ਤ ਮੁਕਾਬਲੇ ਵਿਚ ਉਨ੍ਹਾਂ ਦੇ ਜਿੱਤ ਦੇ ਫ਼ਰਕ ਨੂੰ ਮਹਿਜ਼ 9200 ਵੋਟਾਂ 'ਤੇ ਲਿਆ ਸਮੇਟਿਆ ਸੀ, ਪਰ ਐਤਕੀਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 65 ਸਿਆਸੀ ਜੀਵਨ ਦੌਰਾਨ ਉਨ੍ਹਾਂ ਦੇ ਚੋਣ ਪ੍ਰਚਾਰ ਦੀ ਕਮਾਂਡ ਨੂੰ ਚਾਣਕਿਆ ਵਜੋਂ ਸੰਭਾਲਣ ਵਾਲੇ ਉਨ੍ਹਾਂ ਦੇ ਛੋਟੇ ਭਰਾ ਦਾਸ ਖੁਦ ਵੀ ਵਿਰੋਧੀ ਉਮੀਦਵਾਰ ਵਜੋਂ ਮੁੱਖ ਮੰਤਰੀ ਦੇ ਸਾਹਮਣੇ ਲੰਬੀ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਵਜੋਂ ਚੋਣ ਪਿੜ ਵਿਚ ਡਟੇ ਹੋਏ ਹਨ। ਸਿਆਸੀ ਮਾਹਰ ਗੁਰਦਾਸ ਸਿੰਘ ਬਾਦਲ ਦੇ ਲੰਬੀ ਹਲਕੇ ਤੋਂ ਚੋਣ ਮੈਦਾਨ ਵਿੱਚ ਆਉਣ ਨੂੰ ਬਹੁਤ ਜਿਆਦਾ ਅਹਿਮੀਅਤ ਦੇ ਰਹੇ ਹਨ, ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਵੋਟਰਾਂ ਨਾਲ ਨਾ ਸਿਰਫ ਉਨ੍ਹਾਂ ਨਾਲ ਸਿੱਧਾ ਵਾਹ ਵਾਸਤਾ ਹੈ, ਬਲਕਿ ਉਹ ਆਪਣੇ ਵੱਡੇ ਭਰਾ ਵਾਂਗ ਚੋਣ ਸਿਆਸਤ ਦੀਆਂ ਬਰੀਕੀਆਂ ਦੇ ਮਾਹਰ ਹਨ। ਅਜਿਹੇ ਵਿਚ ਮਹੇਸ਼ਇੰਦਰ ਸਿੰਘ ਦੇ ਚੋਣ ਪਿੜ ਵਿਚ ਆਉਣ ਨਾਲ ਬਦਲੇ ਸਿਆਸੀ ਸਮੀਕਰਨਾਂ ਵਿਚ ਅਕਾਲੀ ਦਲ ਲਈ ਰਾਹ ਪਹਿਲਾਂ ਨਾਲੋਂ ਕਾਫ਼ੀ ਔਖੀ ਬਣ ਗਈ ਹੈ।
    
          ਪਿੰਡ ਬਾਦਲ ਵਿਚ ਚੋਣ ਪ੍ਰਚਾਰ ਦੌਰਾਨ ਸ੍ਰ: ਮਹੇਸਇੰਦਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਅੰਨ੍ਹੇਵਾਰ ਜ਼ਬਰ-ਜੁਲਮ ਕਰਕੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਕਿਸੇ ਵਰਕਰ ਦਾ ਟੁੱਟਣਾ ਤਾਂ ਦੂਰ ਉਲਟਾ ਅਕਾਲੀ ਦਲ ਨਾਲ ਜੁੜੇ ਉਹ ਵਰਕਰ ਵੀ ਉਨ੍ਹਾਂ ਨਾਲ ਆ ਮਿਲੇ ਹਨ, ਜੋ ਸੱਭਿਅਕ ਸਿਆਸਤ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਤਿੰਨੇ ਭਰਾਵਾਂ ਵਿਚਕਾਰ ਤਿਕੋਣੇ ਮੁਕਾਬਲੇ ਦੇ ਮੱਦੇਨਜ਼ਰ ਸਾਂਝੇ ਮੋਰਚੇ ਦੇ ਉਮੀਦਵਾਰ ਸ. ਗੁਰਦਾਸ ਸਿੰੰਘ ਬਾਦਲ ਜਿੰਨੀਆਂ ਵੀ ਵੋਟਾਂ ਹਾਸਲ ਕਰਨਗੇ, ਉਸਦਾ ਵੱਡਾ ਹਿੱਸਾ ਅਕਾਲੀ ਦਲ ਦੇ ਵੋਟ ਬੈਂਕ ਨੂੰ ਖੋਰਾ ਲਾਵੇਗਾ। ਨਿਸ਼ਚੈ ਹੀ ਜਿਸਦਾ ਫਾਇਦਾ ਉਨ੍ਹਾਂ (ਮਹੇਸ਼ਇੰਦਰ ਸਿੰਘ) ਨੂੰ ਹੋਵੇਗਾ।
      
          ਸ੍ਰੀ ਮਹੇਸ਼ਇੰਦਰ ਸਿੰਘ ਬਾਦਲ ਨੇ ਕਾਂਗਰਸ ਦੀ ਲਿਸਟ ਜਾਰੀ ਹੋਣ ਤੋਂ ਪਹਿਲਾਂ ਹੀ ਚੋਣ ਮੁਹਿੰਮ ਸ਼ੁਰੂ ਕਰਨ ਬਾਰੇ ਇੱਕ ਸੁਆਲ ਦੇ ਜਵਾਬ ਵਿਚ ਕਿਹਾ ਕਿ ਉਂਝ ਤਾਂ ਉਨ੍ਹਾਂ ਦੀ ਮੁਹਿੰਮ ਪਿਛਲੇ ਦਸ ਸਾਲਾਂ ਤੋਂ ਹੀ ਚੱਲ ਰਹੀ ਹੈ, ਪਰ ਕਾਂਗਸ ਹਾਈਕਮਾਂਡ ਤੋਂ ਹਰੀ ਝੰਡੀ ਮਿਲਣ ਉਪਰੰਤ ਹੀ ਉਹ ਵੋਟਰਾਂ ਨਾਲ ਸੰਪਰਕ ਸਥਾਪਤ ਕਰ ਰਹੇ ਹਨ।ਬੀਤੇ ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਵਾਂਗ ਇਨ੍ਹਾਂ ਚੋਣਾਂ ਦੌਰਾਨ ਸੱਤਾ ਪੱਖ ਵੱਲੋਂ ਲੰਬੀ ਹਲਕੇ ਵਿਚ ਹੋਣ ਵਾਲੀ ਸੰਭਾਵਿਤ ਗੁੰਡਾਗਰਦੀ ਬਾਰੇ ਪੁੱਛਣ 'ਤੇ ਸ੍ਰੀ ਬਾਦਲ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਮੁਸਤੈਦੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀ ਸਖ਼ਤੀ ਸਦਕਾ ਅਜਿਹਾ ਹੋਣਾ ਤਾਂ ਨਹੀਂ ਚਾਹੀਦਾ, ਜੇਕਰ ਹਾਲਾਤਾਂ ਨੇ ਮੰਗ ਕੀਤੀ ਤਾਂ ਉਨ੍ਹਾਂ ਦੇ ਵਰਕਰ ਪੂਰੀ ਤਰ੍ਹਾਂ ਤਿਆਰ ਹਨ।
        
        ਅਕਾਲੀ ਦਲ ਦੇ ਉਮੀਦਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਨਸ਼ਰ ਰਿਪੋਰਟਾਂ ਬਾਰੇ ਪੁੱਛੇ ਸੁਆਲ 'ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ 'ਤੇ  ਚੋਣ ਕਮਿਸ਼ਨ ਨੂੰ ਤੁਰੰਤ ਸ਼ਿਕਾਇਤ ਕੀਤੀ ਜਾਵੇਗੀ।

           ਇਸੇ ਦੌਰਾਨ ਪਿੰਡ ਬਾਦਲ ਵਿਖੇ ਸ: ਦੀਪਇੰਦਰ ਸਿੰਘ ਬਾਦਲ ਦੇ ਗ੍ਰਹਿ ਵਿਖੇ ਵਰਕਰਾਂ ਦੇ ਠਾਠਾਂ ਮਾਰਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮਹੇਸ਼ਇੰਦਰ ਸਿੰਘ ਬਾਦਲ ਨੇ ਵਰਕਰਾਂ ਨੂੰ ਲੰਬੀ ਹਲਕੇ ਵਿਚ ਚੋਣ ਪ੍ਰਚਾਰ ਤਨਦੇਹੀ ਨਾਲ ਚੋਣ ਪ੍ਰਚਾਰ ਵਿਚ ਜੁਟ ਜਾਣ ਦਾ ਸੱਦਾ ਦਿੱਤਾ। ਇਸ ਮੌਕੇ ਪਿੰਡ ਖੁੱਡੀਆਂ ਮਹਾਂ ਸਿੰਘ ਦੇ ਇੱਕ ਮੈਂਬਰ ਪੰਚਾਇਤ ਸਮੇਤ ਪੰਜ ਅਕਾਲੀ ਵਰਕਰਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।



                                           ''ਹਾਜਰੀ ਪ੍ਰਵਾਨ ਕਰਿਆ ਜੇ''
                                                           ਇਕਬਾਲ ਸਿੰਘ ਸ਼ਾਂਤ
 ਲੰਬੀ-ਆਪਣੇ ਸਾਊ ਸੁਭਾਅ ਕਰਕੇ ਲੋਕਾਂ ਵਿਚ ਵਿਸ਼ੇਸ਼ ਰੁਤਾ ਰੱਖਦੇ ਸ: ਮਹੇਸਇੰਦਰ ਸਿੰਘ ਬਾਦਲ ਆਪਣੇ ਪਿੰਡ ਬਾਦਲ ਵਿਖੇ ਹਰ ਘਰ ਵਿੱਚ ਅੰਦਰ ਜਾ ਕੇ ''ਹਾਜਰੀ ਪ੍ਰਵਾਨ ਕਰਿਆ ਜੇ'' ਕਹਿ ਕੇ ਵੋਟਾਂ ਮੰਗ ਰਹੇ ਸਨ। ਮੁੱਖ ਮੰਤਰੀ ਸ੍ਰ: ਬਾਦਲ ਦੀ ਰਿਹਾਇਸ਼ ਅੱਗੇ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਡਿਉਟੀ 'ਤੇ ਖੜ੍ਹੇ ਕਰਮਚਾਰੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ''ਠੰਢੀ ਨਜ਼ਰ ਰੱਖਿਓ ਭਾਈ।''
ਇਸਤੋਂ ਉਪਰੰਤ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਅਕਾਲੀ ਆਗੂ ਸ੍ਰੀ ਪਰਮਜੀਤ ਸਿੰਘ 'ਲਾਲੀ ਬਾਦਲ' ਦੇ ਘਰ ਵੋਟ ਮੰਗਣ ਸਮੇਂ ਪੁੱਛਣ 'ਤੇ ਜਦ ਨੌਕਰ ਨੇ ਉਨ੍ਹਾਂ ਦੇ ਘਰ ਨਾ ਹੋਣ ਬਾਰੇ ਦੱਸਿਆ ਤਾਂ ਉਸਨੂੰ ਸੰਬੋਧਨ ਹੁੰਦਿਆਂ ਸ੍ਰ: ਮਹੇਸ਼ਇੰਦਰ ਬਾਦਲ ਨੇ ਕਿਹਾ ''ਪਰਿਵਾਰ ਸਮੇਤ ਤੁਸੀਂ ਮੈਨੂੰ ਵੋਟਾਂ ਪਾਇਓ ਤੇ ਸਰਦਾਰਾਂ ਕੋਲ ਵੀ ਭਾਈ ਮੇਰੀ ਹਾਜਰੀ ਲਵਾ ਦੇਣੀ''।
 
            ਪਿੰਡ ਵਿਚ ਅਧਖੜ ਉਮਰ ਦੇ ਇੱਕ ਵਿਅਕਤੀ ਨੂੰ ਬਾਦਲ ਪਿੰਡ ਦੇ ਤਿੰਨ ਭਰਾਵਾਂ ਵਿਚਕਾਰ ਚੋਣ ਦੰਗਲ ਬਾਰੇ ਪੁੱਛਿਆ ਗਿਆ ਤਾਂ ਉਸਦਾ ਜਵਾਬ ਕੁਝ ਇਸ ਤਰ੍ਹਾਂ ਸੀ ''ਤਿੰਨ ਭਰਾਵਾਂ ਦੀ ਟੱਕਰ ਵਿੱਚ ਅਸੀਂ ਬੁਰੀ ਤਰ੍ਹਾਂ ਫਸ ਗਏ ਹਾਂ ਮਹੇਸ਼ਇੰਦਰ ਹੱਦ ਦਰਜੇ ਦਾ ਸਾਊ ਤੇ ਗਰੀਬਾਂ ਦਾ ਹਮਦਰਦ ਹੈ, ਕੰਮ ਅਸੀਂ ਦਾਸ ਜੀ ਤੋਂ ਲੈਂਦੇ ਰਹੇ ਹਾਂ, ਜੋ ਬਾਦਲ ਸਾਹਿਬ ਦੇ ਮੁੱਖ ਮੰਤਰੀ ਹੋਣ ਦੀ ਵਜ੍ਹਾ ਕਾਰਨ ਹੁੰਦੇ ਸਨ।'' ਨਤੀਜਾ ਭਾਵੇਂ ਕੁਝ ਵੀ ਨਿਕਲੇ ਇਹ ਸਪੱਸ਼ਟ ਹੈ ਲੰਬੀ ਦਾ ਚੋਣ ਦੰਗਲ ਜਿੱਥੇ ਤਿੰਨ ਭਰਾਵਾਂ ਦਰਮਿਆਨ ਹੋ ਕੇ ਰਹਿ ਗਿਐ।

No comments:

Post a Comment