05 March 2011

ਜਦੋਂ 'ਖਾਕੀ ਵਾਲਿਆਂ' ਨੇ 'ਖਾਕੀ ਵਾਲਿਆਂ' ਨੂੰ ਵੇਚੀਆਂ 'ਰੋਟੀਆਂ'

                                         -ਮਹਿਮਾਨ ਨਵਾਜੀ-             
  ਕਿਸੇ ਨੇ ਸੱਚ ਹੀ ਕਿਹਾ ਹੈ ਕਿ 'ਖਾਕੀ ਵਾਲੇ' ਕਿਸੇ ਦੇ ਮਿੱਤ ਨਹੀਂ ਹੁੰਦੇ। ਕੁਝ ਅਜਿਹਾ ਹੀ ਵਤੀਰਾ ਅੱਜ ਮੁੱਖ ਮੰਤਰੀ ਦੇ ਪਿੰਡ ਬਾਦਲ ਵਿਚ ਵੇਖਣ ਨੂੰ ਮਿਲਿਆ ਜਦੋਂ 3 ਮਾਰਚ 2011 ਦਿਨ ਐਤਵਾਰ ਨੂੰ 17 ਜਥੇਬੰਦੀਆਂ ਦੇ ਧਰਨੇ ਦੇ ਮੱਦੇਨਜ਼ਰ ਵੱਖ-ਵੱਖ ਜ਼ਿਲ੍ਹਿਆਂ ਦੇ ਤਾਇਨਾਤ ਕੀਤੇ ਪੁਲਿਸ ਕਰਮਚਾਰੀਆਂ ਨੂੰ ਇੱਕ ਵਹੀਕਲ 'ਤੇ 'ਖਾਕੀ' ਵਰਦੀਧਾਰੀ ਕਰਮਚਾਰੀ 15-15 ਰੁਪਏ ਵਿਚ ਰੋਟੀ ਦੇ ਪੈਕਟ ਵੇਚਦੇ ਨਜ਼ਰ ਆਏ। ਜਿਨ੍ਹਾਂ ਵਿਚ ਮੂੰਗੀ ਦੀ ਦਾਲ ਅਤੇ ਰੋਟੀਆਂ ਸਨ।
              ਬਾਦਲ ਪਿੰਡ ਦੇ ਇੱਕ ਚੌਰਾਹੇ 'ਤੇ ਤਾਇਨਾਤ ਇੱਕ ਗੁਆਂਢੀ ਜ਼ਿਲ੍ਹੇ ਦੇ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਪਹਿਲਾਂ ਤਾਂ ਸਾਨੂੰ ਖੁਸ਼ੀ ਹੋਈ 'ਲੰਬੀ ਥਾਣੇ' ਵਾਲਿਆਂ ਨੇ ਮੇਜ਼ਬਾਨੀ ਕਰਦਿਆਂ ਸਾਡੇ ਲਈ 'ਰੋਟੀ' ਭੇਜੀ ਹੈ ਪਰ ਮੁਹਰੋਂ ਰੋਟੀ ਦੇ ਬਦਲੇ ਕੀਮਤ ਮੰਗੇ ਜਾਣ 'ਤੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਇਹ ਮੁੱਖ ਮੰਤਰੀ ਦੇ ਪਿੰਡ ਵਿਚ ਡਿਊਟੀ 'ਤੇ ਤਾਇਨਾਤ ਨਾਲ ਕਰਮਚਾਰੀਆਂ ਨਾਲ ਕਿਹੋ ਜਿਹਾ ਕੋਝਾ ਮਜ਼ਾਕ ਹੈ। ਇੱਕ ਕਰਮਚਾਰੀ ਨੇ ਕਿਹਾ ਕਿ 18 ਸਾਲਾਂ ਦੀ ਨੌਕਰੀ 'ਚ ਉਸਨੂੰ ਬਹੁਤ ਵਾਰ ਦੂਜੇ ਜ਼ਿਲ੍ਹਿਆਂ ਵਿਚ ਡਿਊਟੀ ਲੱਗੀ ਹੈ ਪਰ ਰੋਟੀਆਂ ਦੇ ਪੈਸੇ ਕਿਸੇ ਨੇ ਨਹੀਂ ਮੰਗੇ। ਜੇਕਰ ਕਿਸੇ ਨੇ ਰੋਟੀ ਖੁਆਈ ਵੀ ਤਾਂ ਬਿਲਕੁੱਲ ਮੁਫ਼ਤ। ਗੱਗੜ ਰੋਡ 'ਤੇ ਸੂਏ ਕੋਲ ਤਾਇਨਾਤ ਕਰਮਚਾਰੀਆਂ ਨੇ ਕਿਹਾ ਕਿ ਸਾਡੇ ਕੋਲ ਵੀ ਖਾਕੀ ਵਰਦੀ ਵਿਚ ਕੁਝ ਜਣੇ ਰੋਟੀ ਵੇਚਣ ਲਈ ਆਏ ਸਨ ਪਰ ਅਸੀਂ 30-30 ਰੁਪਏ ਵਿਚ ਇੱਕ ਢਾਬੇ ਤੋਂ ਮੰਗਵਾ ਕੇ ਵਧੀਆ ਰੋਟੀ ਖਾਦੀ।
              ਇਸ 'ਵੀ. ਆਈ.ਪੀ.' ਹਲਕੇ ਵਿਚ ਪੁਲਿਸ ਵੱਲੋਂ ਪੁਲਿਸ ਤੋਂ ਰੋਟੀ ਦੇ ਪੈਸੇ ਮੰਗੇ ਜਾਣ 'ਤੋਂ ਖਫ਼ਾ ਹੋਏ ਬੈਠੇ ਇੱਕ ਥਾਣੇਦਾਰ ਨੇ ਕਿਹਾ ਜੇਕਰ ਗੁਰਦੁਆਰਿਆਂ ਵਿਚੋਂ 'ਹੋਰਾਂ' ਲਈ ਰੋਟੀਆਂ ਆ ਸਕਦੀਆਂ ਹਨ ਤਾਂ ਫਿਰ ਸਾਡੇ ਲਈ ਕਿਉਂ ਨਹੀਂ। ਇਸੇ ਦੌਰਾਨ ਪਾ ਲੱਗਿਆ ਹੈ ਕਿ ਪਿੰਡ ਖਿਉਵਾਲੀ ਦੇ ਲੋਕਾਂ ਨੇ ਵਾਟਰ ਵਰਕਸ ਕੋਲ ਤਾਇਨਾਤ ਬਠਿੰਡਾ ਜ਼ਿਲ੍ਹੇ ਦੇ ਪੁਲਿਸ ਕਰਮਚਾਰੀਆਂ ਨੂੰ 'ਮੁਫ਼ਤ' ਰੋਟੀਆਂ ਖੁਆ ਕੇ ਇੱਕ ਚੰਗੇ ਮੇਜ਼ਬਾਨ ਦਾ ਸਬੂਤ ਦਿੱਤਾ।
              ਇਸ ਸਬੰਧ ਵਿਚ ਸੰਪਰਕ ਕਰਨ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁਖੀ ਸ੍ਰੀ ਇੰਦਰਮੋਹਣ ਸਿੰਘ ਨੇ ਕਿਹਾ ਕਿ ਥਾਣਿਆਂ ਅਤੇ ਧਰਨੇ ਵਗੈਰਾ ਲਈ ਦੂਜੇ ਜ਼ਿਲ੍ਹਿਆਂ ਤੋਂ ਆਏ ਪੁਲਿਸ ਕਰਮਚਾਰੀਆਂ ਨੂੰ ਰੋਟੀ ਵਗੈਰਾ ਦੇਣ ਲਈ ਸਰਕਾਰੀ ਤੌਰ 'ਤੇ ਕੋਈ ਫੰਡ ਨਹੀਂ ਹੁੰਦਾ ਤੇ ਨਿੱਤ ਦੇ ਧਰਨਿਆਂ 'ਚ ਸੈਂਕੜਿਆਂ ਵਿਅਕਤੀਆਂ ਦਾ ਇੰਤਜਾਮ ਕੋਈ ਆਸਾਨ ਕੰਮ ਨਹੀਂ। ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਦੇ ਯੁੱਗ ਵਿਚ ਡਿਊਟੀ 'ਤੇ ਖੜ੍ਹੇ ਕਰਮਚਾਰੀਆਂ ਨੂੰ ਸਿਰਫ਼ 15 ਰੁਪਏ ਵਿਚ ਖਾਣ ਨੂੰ 'ਰੋਟੀ' ਮਿਲ ਜਾਵੇ ਤਾਂ ਇਸਤੋਂ ਚੰਗੀ ਗੱਲ ਕੀ ਹੋ ਸਕਦੀ ਹੈ।




No comments:

Post a Comment