![]() |
ਬੀ. ਐਸ. ਭੁੱਲਰ |

28 ਫਰਵਰੀ ਤੋਂ 6 ਮਾਰਚ ਤੱਕ ਰਾਜ ਦੇ ਵੱਖ ਵੱਖ ਸ਼ਹਿਰਾਂ ਵਿੱਚ ਪੰਜਾਬ ਸਰਕਾਰ ਦੀ ਸ੍ਰਪਰਸਤੀ ਹੇਠ ਖੇਡ ਟੂਰਨਾਮੈਂਟ ਆਯੋਜਿਤ ਕਰਵਾਏ ਜਾ ਰਹੇ ਹਨ, ਜਿਹਨਾਂ ਸਬੰਧੀ ਕਿਸੇ ਨੂੰ ਵੀ ਕਿਸੇ ਕਿਸਮ ਦਾ ਕਿੰਤੂ ਪਰੰਤੂ ਨਾ ਹੈ ਅਤੇ ਨਾ ਹੋਣਾ ਚਾਹੀਦਾ ਹੈ। ਪਰੰਤੂ ਇਹ ਵੀ ਇੱਕ ਦਿਲਚਸਪ ਪਹਿਲੂ ਹੈ ਕਿ ਟੀ ਵੀ ਚੈਨਲਾਂ ਅਤੇ ਵੱਖ ਵੱਖ ਅਖ਼ਬਾਰਾਂ ਵਿੱਚ ਜੋ ਇਸਤਿਹਾਰ ਪ੍ਰਕਾਸਿਤ ਕਰਵਾਏ ਜਾ ਰਹੇ ਹਨ, ਉਹਨਾਂ ਰਾਹੀਂ ਸਹੀਦ ਏ ਆਜ਼ਮ ਜਿਹਨਾਂ ਨੂੰ ਇਹ ਟੂਰਨਾਮੈਂਟ ਸਮਰਪਿਤ ਕੀਤੇ ਗਏ ਹਨ, ਨੂੰ ਬਿਲਕੁਲ ਹੀ ਸਫੈਦ ਲਿਬਾਸ ਵਿੱਚ ਦਿਖਾਇਆ ਜਾ ਰਿਹਾ ਹੈ। ਇਹ ਵੀ ਇੱਕ ਸੱਚਾਈ ਹੈ ਕਿ ਬਸੰਤੀ ਰੰਗ ਨਾਲ ਸਹੀਦ ਏ ਆਜ਼ਮ ਦਾ ਭਾਵੇਂ ਕੋਈ ਵਾਹ ਵਾਸਤਾ ਨਹੀਂ, ਫਿਰ ਵੀ ਇਹ ਉਹਨਾਂ ਦੇ ਨਾਂ ਨਾਲ ਜੁੜ ਚੁੱਕਾ ਹੈ।
ਸਹੀਦ ਏ ਆਜ਼ਮ ਦੇ 100ਵੇਂ ਜਨਮ ਦਿਨ ਨੂੰ ਇਨਕਲਾਬੀ ਧਿਰਾਂ ਨੇ ਇਸ ਜਜ਼ਬੇ ਤੇ ਉਤਸਾਹ ਨਾਲ ਮਨਾਇਆ ਸੀ, ਕਿ ਸਮੁੱਚਾ ਰਾਜ ਵਿੱਚ ਉਹਨਾਂ ਦੀ ਵਿਚਾਰਧਾਰਾ ਦੇ ਗੀਤ ਗੂੰਜਣ ਲੱਗ ਪਏ ਸਨ, ਉਦੋਂ ਪੰਜਾਬ ਸਰਕਾਰ ਨੂੰ ਵੀ ਇਹ ਜਨਮ ਦਿਨ ਮਨਾਉਣ ਲਈ ਮਜਬੂਰ ਹੋਣਾ ਪਿਆ ਸੀ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਦੇ ਉਲਟ ਸਰਕਾਰੀ ਖਜ਼ਾਨੇ ਚੋਂ ਕਢਵਾਈ ਰਾਸ਼ੀ ਦਾ ਵੱਡਾ ਹਿੱਸਾ ਫਜੂਲ ਖਰਚਿਆਂ ਵਿੱਚ ਹੀ ਵਹਾ ਦਿੱਤਾ ਸੀ। ਪਰ ਇਹ ਵੀ ਇੱਕ ਹਕੀਕਤ ਹੈ ਕਿ ਹਾਕਮ ਧਿਰ ਤੇ ਰਾਜ ਸਰਕਾਰ ਦੀ ਉਦੋਂ ਬਸੰਤੀ ਰੰਗ ਦੀ ਐਨੀ ਦੀਵਾਨੀ ਹੋ ਗਈ ਸੀ, ਕਿ ਸਰਕਾਰੀ ਕਰਮਚਾਰੀਆਂ ਤੋਂ ਲੈ ਕੇ ਜਥੇਦਾਰਾਂ ਦੇ ਸਿਰਾਂ ਉਪਰ ਵੀ ਬਸੰਤੀ ਦਸਤਾਰਾਂ ਸਜਾਉਣ ਦਾ ਹੁਕਮ ਜਾਰੀ ਕਰ ਦਿੱਤਾ।
ਸਹੀਦ ਏ ਆਜ਼ਮ ਦੇ 100ਵੇਂ ਜਨਮ ਦਿਨ ਨੂੰ ਗੁਜਰਿਆਂ ਅਜੇ ਬਹੁਤਾ ਵਕਤ ਨਹੀਂ ਬੀਤਿਆ, ਕਿ ਉਸੇ ਰਾਜ ਸਰਕਾਰ ਨੂੰ ਬਸੰਤੀ ਦੀ ਬਜਾਏ ਹੁਣ ਇਹ ਫੁਰਨਾ ਫੁਰ ਗਿਆ, ਕਿ ਬਸੰਤੀ ਦੇ ਬਜਾਏ ਸਹੀਦ ਏ ਆਜ਼ਮ ਨੂੰ ਚਿੱਟੇ ਲਿਬਾਸ ਵਿੱਚ ਦਿਖਾਉਣਾ ਜਿਆਦਾ ਲਾਹੇਵੰਦ ਰਹੇਗਾ। ਕਾਰਨ ਸਪਸ਼ਟ ਹੈ ਕਿ ਹੁਣ ਕਿਉਂਕਿ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਦੇ ਜਾਤੀ ਤੇ ਸਿਆਸੀ ਸਰੀਕ ਸ੍ਰ: ਮਨਪ੍ਰੀਤ ਬਾਦਲ ਨੇ ਬਸੰਤੀ ਰੰਗ ਅਪਨਾ ਲਿਆ ਹੈ ਇਸ ਲਈ ਨੌਜਵਾਨ ਪੀੜੀ ਨੂੰ ਉਸਤੋਂ ਲਾਂਭੇ
ਕਰਨ ਲਈ ਇਹ ਪੈਂਤੜਾ ਕਿਸੇ ਹੱਦ ਤੱਕ ਸਹਾਈ ਹੋ ਸਕਦਾ ਹੈ।
ਕੁਲ ਮਿਲਾ ਕੇ ਕਿੱਸਾ ਕੁੱਤਾ ਇਹ ਕਿ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਨਾ ਤਾਂ ਦੂਰ ਦਾ ਸਬੰਧ ਮਨਪ੍ਰੀਤ ਬਾਦਲ ਦਾ ਹੈ ਅਤੇ ਨਾ ਹੀ ਸੁਖਬੀਰ ਦਾ। ਯਤਨ ਦੋਵਾਂ ਸਰੀਕਾਂ ਦਾ ਇਹੋ ਹੀ ਹੈ ਕਿ ਆਪਣੇ ਸਿਆਸੀ ਹਿਤ ਸਾਧਣ ਵਾਸਤੇ ਲੋਕਾਂ ਨੂੰ ਭਰਮਾਉਣ ਲਈ ਸਹੀਦ ਏ ਆਜ਼ਮ ਨੂੰ ਵੀ ਵੋਟ ਰਾਜਨੀਤੀ ਲਈ ਇਸਤੇਮਾਲ ਕੀਤਾ ਜਾ ਸਕੇ।
-ਬੀ.ਐਸ. ਭੁੱਲਰ
ਕੁਲ ਮਿਲਾ ਕੇ ਕਿੱਸਾ ਕੁੱਤਾ ਇਹ ਕਿ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਨਾ ਤਾਂ ਦੂਰ ਦਾ ਸਬੰਧ ਮਨਪ੍ਰੀਤ ਬਾਦਲ ਦਾ ਹੈ ਅਤੇ ਨਾ ਹੀ ਸੁਖਬੀਰ ਦਾ। ਯਤਨ ਦੋਵਾਂ ਸਰੀਕਾਂ ਦਾ ਇਹੋ ਹੀ ਹੈ ਕਿ ਆਪਣੇ ਸਿਆਸੀ ਹਿਤ ਸਾਧਣ ਵਾਸਤੇ ਲੋਕਾਂ ਨੂੰ ਭਰਮਾਉਣ ਲਈ ਸਹੀਦ ਏ ਆਜ਼ਮ ਨੂੰ ਵੀ ਵੋਟ ਰਾਜਨੀਤੀ ਲਈ ਇਸਤੇਮਾਲ ਕੀਤਾ ਜਾ ਸਕੇ।
-ਬੀ.ਐਸ. ਭੁੱਲਰ
ਲੇਖਕ ਉਘੇ ਪੱਤਰਕਾਰ ਹਨ।
No comments:
Post a Comment