31 March 2011

ਬਾਦਲ ਦੇ ਸਾਥੀਆਂ ਨੇ ਹੀ ਉਲਝਾਈ ਤਾਣੀ

-ਬੀ ਐਸ ਭੁੱਲਰ-
ਅੱਧੀ ਸਦੀ ਤੋਂ ਚੱਲੇ ਆ ਰਹੇ ਸਿਆਸਤ ਦੇ ਘੋੜੇ ਦੇ ਸਾਹਸਵਾਰ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਕਦੇ ਇਹ ਚਿਤਵਿਆ ਵੀ ਨਹੀਂ ਹੋਵੇਗਾ, ਕਿ ਜੀਵਨ ਦੇ ਅੰਤਿਮ ਪੜਾਅ ਵਿੱਚ ਉਹਨਾਂ ਦੀ ਲੀਡਰਸਿਪ ਨੂੰ ਚਣੌਤੀ ਦੇਣ ਵਾਲੇ ਸਕੇ ਭਤੀਜੇ ਦਾ ਰਾਹ ਵਿਰੋਧੀ ਹੀ ਨਹੀਂ ਬਲਕਿ ਸੀਨੀਅਰ ਬਾਦਲ ਦੇ ਨਜਦੀਕੀ ਸਾਥੀ ਹੀ ਜਾਣੇ ਜਾਂ ਅਣਜਾਣੇ ਪੱਧਰਾ ਕਰਨ ਵਿੱਚ ਯੋਗਦਾਨ ਪਾਉਣਗੇ। ਜੇਕਰ ਰਾਜ ਦੇ ਮੌਜੂਦਾ ਮੁੱਖ ਮੰਤਰੀ ਸ੍ਰ: ਬਾਦਲ ਦੇ ਰਾਜਨੀਤਕ ਜੀਵਨ ਤੇ ਸਰਸਰੀ ਜਿਹੀ ਝਾਤ ਮਾਰੀ ਜਾਵੇ ਤਾਂ ਮੌਕੇ ਬੇਮੌਕੇ ਆਏ ਹਰ ਇਮਤਿਹਾਨ ਚੋਂ ਉਹ ਸਫ਼ਲ ਹੋ ਕੇ ਹੀ ਨਹੀਂ ਨਿਕਲੇ, ਬਲਕਿ ਪਾਰਟੀ ਵਿਚਲੇ ਆਪਣੇ ਹਰ ਵਿਰੋਧੀ ਨੂੰ ਚਾਰੋਂ ਖਾਨੇ ਚਿੱਤ ਕਰਨ ਵਿੱਚ ਵੀ ਕਾਮਯਾਬ ਹੋਏ ਹਨ। ਉਹ ਭਾਵੇਂ ਸਵਰਗੀ ਗੁਰਮੀਤ ਸਿੰਘ ਬਰਾੜ ਹੋਵੇ, ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ, ਜ: ਗੁਰਚਰਨ ਸਿੰਘ ਟੌਹੜਾ ਜਾਂ ਅਕਾਲੀ ਦਲ ਦੇ ਲੋਹ ਪੁਰਸ਼ ਜਾਣੇ ਜਾਂਦੇ ਪ੍ਰਧਾਨ ਜ: ਜਗਦੇਵ ਸਿੰਘ ਤਲਵੰੰਡੀ ਹੋਣ। ਉਹ ਆਪਣੀ ਸਿਆਸੀ ਕਾਬਲੀਅਤ ਦਾ ਲੋਹਾ ਪੰਜਾਬ ਵਿੱਚ ਮਨਵਾਉਣ ਲਈ ਹੀ ਸਫ਼ਲ ਨਹੀਂ ਹੋਏ, ਸਗੋਂ ਦੇਸ਼ ਦੀ ਕੌਮੀ ਲੀਡਰਸਿਪ ਦਰਮਿਆਨ ਵੀ ਉਹਨਾਂ ਦੀ ਹਮੇਸ਼ਾਂ ਹੀ ਸੋਹਣੀ ਪੁੱਛ ਗਿੱਛ ਰਹੀ ਹੈ। ਸਿਆਸੀ ਖੇਤਰ ਵਿੱਚ ਸ੍ਰ: ਬਾਦਲ ਨੂੰ ਠਿੱਬੀ ਲਾਉਣ ਲਈ ਭਾਵੇਂ ਉਹਨਾਂ ਦੇ ਵਿਰੋਧੀਆਂ ਨੇ ਅਤੀਤ ਵਿੱਚ ਅਨੇਕਾਂ ਯਤਨ ਕੀਤੇ, ਬਾਵਜੂਦ ਇਸਦੇ ਉਹ ਹਰ ਸੰਕਟ ਸਮੇਂ ਹੋਰ ਮਜਬੂਤ ਹੋ ਕੇ ਨਿਕਲੇ। ਮਰਹੂਮ ਜੋਤੀ ਬਾਸੂ ਤੋਂ ਬਾਅਦ ਉਹ ਹੀ ਇੱਕੋ ਇੱਕ ਅਜਿਹੇ ਆਗੂ ਵਜੋਂ ਸਥਾਪਤ ਹੋਏ, ਜੋ ਪੰਜਾਬ ਵਰਗੇ ਨਾਜੁਕ ਤੇ ਸਰਹੱਦੀ ਰਾਜ ਦੇ ਚੌਥੀ ਵਾਰ ਮੁੱਖ ਮੰੰਤਰੀ ਬਣੇ। ਅੱਤਵਾਦ ਦੇ ਯੁੱਗ ਵਿੱਚ ਬੇਸੱਕ ਉਹ ਇੱਕ ਵਾਰ ਹਾਸੀਏ ਤੇ ਚਲੇ ਗਏ ਸਨ, ਲੇਕਿਨ 1995 ਦੀ ਗਿੱਦੜਬਾਹਾ ਦੀ ਜਿਮਨੀ ਚੋਣ ਵੇਲੇ ਵਲੈਤ ਪੜ੍ਹੇ ਆਪਣੇ ਭਤੀਜੇ ਮਨਪ੍ਰੀਤ ਬਾਦਲ ਨੂੰ ਵਿਧਾਨ ਸਭਾ ਦਾ ਮੈਂਬਰ ਬਣਵਾ ਕੇ ਉਹਨਾਂ ਆਪਣੇ ਪਰਿਵਾਰ ਲਈ ਖੁੱਸੀ ਹੋਈ ਜਮੀਨ ਮੁੜ ਹਾਸਲ ਕਰ ਲਈ। ਪੰਜਾਬ ਸਿਰ ਚੜ੍ਹੇ ਕੇਂਦਰ ਦੇ ਭਾਰੀ ਭਰਕਮ ਕਰਜ਼ੇ ਨੂੰ ਮੁਆਫ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਉਹਨਾਂ ਦੇ ਸਕੇ ਭਤੀਜੇ ਤੇ ਰਾਜ ਦੇ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਵੱਲੋਂ ਇੱਕ ਅੰਗਰੇਜੀ ਅਖਬਾਰ ਨੂੰ ਦਿੱਤੀ ਇੰਟਰਵਿਊ ਤੋਂ ਅਜਿਹਾ ਵਾਵਰੋਲਾ ਉੱਠਿਆ ਕਿ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਆਪਣੇ ਜਾਤੀ ਤੇ ਸਿਆਸੀ ਸਰੀਕ ਨਾਲ ਦੋ ਦੋ ਹੱਥ ਕਰਨ ਲਈ ਕਮਰਕਸਾ ਕਰ ਉੱਠੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਭਾਵੇਂ ਸੀਨੀਅਰ ਬਾਦਲ ਨੇ ਮੀਡੀਆ ਦੇ ਨਾਂ ਇੱਕ ਬਿਆਨ ਜਾਰੀ ਕਰਕੇ ਵਿੱਚ ਬਚਾਅ ਦਾ ਯਤਨ ਕੀਤਾ, ਲੇਕਿਨ ਪੁੱਤਰ ਮੋਹ ਦੇ ਚਲਦਿਆਂ ਉਹ ਬਹੁਤਾ ਕਾਰਗਾਰ ਸਾਬਤ ਨਾ ਹੋਇਆ। ਸਿੱਟੇ ਵਜੋਂ ਇਸ ਮਾਮਲੇ ਨੂੰ ਨਿਪਟਾਉਣ ਲਈ ਪਹਿਲੀ ਲਾਈਨ ਦੇ ਅਕਾਲੀ ਆਗੂਆਂ ਤੇ ਅਧਾਰਤ ਇੱਕ ਕਮੇਟੀ ਦਾ ਗਠਨ ਕਰ ਦਿੱਤਾ, ਜਿਸਤੋਂ ਸਿਆਸੀ ਵਿਸਲੇਸ਼ਕਾਂ ਨੂੰ ਇਹ ਉਮੀਦ ਬੱਝੀ ਕਿ ਉਹ ਕੋਈ ਅਜਿਹਾ ਸਰਵ ਪ੍ਰਵਾਨਿਤ ਹੱਲ ਕੱਢ ਲੈਣਗੇ, ਜਿਸ ਨਾਲ ਮਰ ਸੱਪ ਵੀ ਜਾਵੇ ਤੇ ਸੋਟਾ ਵੀ ਨਾ ਟੁੱਟੇ। ਸਿਆਸੀ ਪੰਡਤਾਂ ਨੂੰ ਇਹ ਆਸ ਸੀ ਕਿ ਘੱਟੋ ਘੱਟ ਸਰਵ ਸ੍ਰੀ ਸੁਖਦੇਵ ਸਿੰਘ ਢੀਡਸਾ, ਗੁਰਦੇਵ ਸਿੰਘ ਬਾਦਲ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਆਗੂ ਸਾਕਾਰਾਤਮਕ ਭੂਮਿਕਾ ਨਿਭਾਉਣਗੇ, ਪਰੰਤੂ ਉਕਤ ਕਮੇਟੀ ਨੇ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਵਿੱਚੋਂ ਪੱਕੇ ਤੌਰ ਤੇ ਕੱਢਣ ਦੀ ਕਾਰਵਾਈ ਤੇ ਮੋਹਰ ਲਾ ਦਿੱਤੀ। ਅਜਿਹਾ ਕਰਦਿਆਂ ਉਹਨਾਂ ਸਾਬਕਾ ਵਿੱਤ ਮੰਤਰੀ ਦੀ ਬੌਧਿਕ ਅਤੇ ਜਥੇਬੰਦਕ ਯੋਗਤਾ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਸੀ। ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਲਾਹਕਾਰਾਂ ਨੇ ਸ਼ਾਇਦ ਉਦੋਂ ਇਹ ਸੋਚਿਆ ਹੋਵੇਗਾ ਕਿ ਇਸ ਕਾਰਵਾਈ ਨਾਲ ਸਾਬਕਾ ਵਿੱਤ ਮੰਤਰੀ ਇਤਿਹਾਸ ਦਾ ਇੱਕ ਅਸਫਲ ਪਾਤਰ ਬਣ ਕੇ ਰਹਿ ਜਾਵੇਗਾ, ਲੇਕਿਨ ਉਦੋਂ ਤੋਂ ਲੈ ਕੇ 27 ਮਾਰਚ ਦੀ ਵਿਸ਼ਾਲ ਖਟਕੜ ਕਲਾਂ ਰੈਲੀ ਆਯੋਜਿਤ ਕਰਨ ਤੱਕ ਮਨਪ੍ਰੀਤ ਬਾਦਲ ਨੇ ਚੈਨ ਨਾਲ ਸੌਣਾ ਵੀ ਮੁਨਾਸਿਬ ਨਾ ਸਮਝਿਆ ਤੇ ਉਸਦਾ ਤਿੱਖਾ ਪ੍ਰਤੀਕਰਮ ਪੀਪਲਜ ਪਾਰਟੀ ਆਫ ਪੰਜਾਬ ਦੇ ਰੂਪ ਵਿੱਚ ਸਾਹਮਣੇ ਆਇਆ। ਹਾਲਾਂਕਿ ਸਹੀਦ ਏ ਆਜਮ ਸ੍ਰ: ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਪ੍ਰਤੀ ਮਨਪ੍ਰੀਤ ਬਾਦਲ ਦੀ ਪ੍ਰਤੀਬੱਧਤਾ ਅਜੇ ਤੱਕ ਅਸਪਸਟ ਹੀ ਹੈ, ਲੇਕਿਨ ਜਿਸ ਤਰੀਕੇ ਨਾਲ ਉਸਨੇ ਉਸਦਾ ਨਾਂ ਇਸਤੇਮਾਲ ਕਰਦਿਆਂ ਪੰਜਾਬੀਆਂ ਦੀ ਮਾਨਸਿਕਤਾ ਤੇ ਜਜਬਾਤ ਨੂੰ ਟੁੰਬਿਆ ਹੈ, ਉਸਦਾ ਨਤੀਜਾ ਇਹ ਹੈ ਕਿ ਅੱਜ ਰਾਜ ਦੀ ਹਰ ਹੱਟੀ ਭੱਠੀ ਗਲੀ ਮੁਹੱਲੇ ਤੇ ਕੂਚੇ ਵਿੱਚ ਮਨਪ੍ਰੀਤ ਦੀ ਚਰਚਾ ਇਸ ਕਦਰ ਹੋ ਰਹੀ ਹੈ, ਕਿ ਉਹ ਇੱਕ ਤਕੜੀ ਸਿਆਸੀ ਧਿਰ ਵਜੋਂ ਉਭਰ ਚੁੱਕਾ ਹੈ। ਜਿੱਥੋਂ ਤੱਕ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਸੁਆਲ ਹੈ, ਇਸਦਾ ਜੁਆਬ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ, ਲੇਕਿਨ ਇਹ ਪੂਰੀ ਤਰ੍ਹਾਂ ਸਪਸਟ ਹੋ ਚੁੱਕਾ ਹੈ, ਕਿ ਬਾਦਲ ਪਰਿਵਾਰ ਦਾ ਗੜ੍ਹ ਸਮਝੇ ਜਾਂਦੇ ਮਾਲਵਾ ਖਿੱਤੇ ਵਿੱਚ ਉਹ ਅਕਾਲੀ ਦਲ ਦੇ ਜੱਟ ਸਿੱਖ ਵੋਟ ਬੈਂਕ ਨੂੰ ਵੱਡਾ ਖੋਰਾ ਲਾ ਰਿਹਾ ਹੈ, ਕਿਉਕਿ ਕਾਂਗਰਸ ਦੇ ਰਿਵਾਇਤੀ ਗੜ੍ਹ ਦੁਆਬੇ ਤੋਂ ਬਿਨ੍ਹਾਂ ਸਮੁੱਚੇ ਰਾਜ ਵਿਚਲੇ ਉਸਦੇ ਦਲਿਤ ਅਤੇ ਹਿੰਦੂ ਭਾਈਚਾਰੇ ਦੇ ਵੋਟ ਬੈਂਕ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰਦਾ। ਬੇਸੱਕ ਹੈ ਤਾਂ ਇਹ ਵਕਤ ਤੋਂ ਪਹਿਲਾਂ ਦੀ ਗੱਲ ਲੇਕਿਨ ਜਾਪਦਾ ਇਉਂ ਹੈ ਕਿ ਮਨਪ੍ਰੀਤ ਆਪਣੇ ਤਾਏ ਦੀ ਸ੍ਰਪਰਸਤੀ ਵਾਲੇ ਅਕਾਲੀ ਦਲ ਲਈ ਜ: ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਾਲੇ ਉਸ ਸਰਬ ਹਿੰਦ ਅਕਾਲੀ ਦਲ ਨਾਲੋਂ ਕਿਤੇ ਵੱਧ ਘਾਤਕ ਸਾਬਤ ਹੋਵੇਗਾ, ਜਿਸਦੀ ਮੌਜੂਦਗੀ ਦੀ ਬਦੌਲਤ 2002 ਦੀਆਂ ਚੋਣਾਂ ਦੌਰਾਨ ਅਕਾਲੀ ਭਾਜਪਾ ਗੱਠਜੋੜ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਕੋਈ ਹੋਰ ਆਗੂ ਸਮਝੇ ਜਾਂ ਨਾ ਸਮਝੇ ਲੇਕਿਨ ਸੀਨੀਅਰ ਬਾਦਲ ਮਨਪ੍ਰੀਤ ਵੱਲੋਂ ਲਾਈ ਜਾਣ ਵਾਲੀ ਕਾਟ ਤੋਂ ਭਲੀਭਾਂਤ ਜਾਣੂ ਹਨ, ਇਹੀ ਕਾਰਨ ਹੈ ਕਿ ਪੀ ਪੀ ਪੀ ਬਣਨ ਤੋਂ ਅਗਲੇ ਦਿਨ ਬਾਅਦ ਹੀ ਉਹਨਾਂ ਦੁਆਬੇ ਵੱਲ ਆਪਣੇ ਘੋੜੇ ਦਾ ਰੁਖ਼ ਮੋੜ ਲਿਆ। ਅਜਿਹੇ ਦੋਰਾਹੇ ਤੇ ਖੜੇ ਸ੍ਰ: ਬਾਦਲ ਇਹ ਚਿੰਤਨ ਵੀ ਜਰੂਰ ਕਰਦੇ ਹੋਣਗੇ, ਕਿ ਮਨਪ੍ਰੀਤ ਮਾਮਲੇ ਨੂੰ ਸੁਲਝਾਉਣ ਲਈ ਉਹਨਾਂ ਆਪਣੇ ਜਿਹਨਾਂ ਸੀਨੀਅਰ ਸਾਥੀਆਂ ਨੂੰ ਜੁਮੇਵਾਰੀ ਸੌਂਪੀ ਸੀ, ਉਹਨਾਂ ਉਸਨੂੰ ਨਿਭਾਉਣ ਦੀ ਬਜਾਏ ਜਾਣੇ ਜਾਂ ਅਣਜਾਣੇ ਤੰਦ ਹੀ ਨਹੀਂ ਸਮੁੱਚੀ ਤਾਣੀ ਹੀ ਉਲਝਾ ਕੇ ਰੱਖ ਦਿੱਤੀ ਹੈ, ਜਿੰਦਗੀ ਦੇ ਅੰਤਿਮ ਪੜਾਅ ਵਿੱਚ ਜਿਸਨੇ ਬਾਦਲ ਪਰਿਵਾਰ ਨੂੰ ਹੀ ਲੀਰੋ ਲੀਰ ਨਹੀਂ ਕੀਤਾ, ਬਲਕਿ ਵਿਹੜੇ ਵਿੱਚ ਸੇਹ ਦਾ ਅਜਿਹਾ ਤੱਕਲਾ ਗੱਡ ਦਿੱਤਾ ਹੈ, ਜਿਸਦਾ ਸੰਤਾਪ ਸਾਲਾਂ ਨਹੀਂ ਅਗਲੀਆਂ ਪੀੜ੍ਹੀਆਂ ਦਹਾਕਿਆਂ ਤੱਕ ਹੰਢਾਉਣਾ ਪੈ ਸਕਦਾ ਹੈ।

No comments:

Post a Comment