28 May 2011

ਪੰਜਾਬ 'ਚ ਕੁੜੱਤਣ ਅਤੇ ਖਿੱਚੋਤਾਣ ਦੀ ਸਿਆਸਤ ਨੂੰ ਠੱਲ੍ਹ ਪੈਣ ਦੇ ਆਸਾਰ

                                                                   -ਇਕਬਾਲ ਸਿੰਘ ਸ਼ਾਂਤ-
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੱਲ੍ਹ ਪਿੰਡ ਬਾਦਲ ਦੀ ਫੇਰੀ ਨਾਲ ਸੂਬੇ ਵਿਚੋਂ ਕੁੜੱਤਣ ਅਤੇ ਆਪਸੀ ਖਿੱਚੋਤਾਣ ਦੀ ਸਿਆਸਤ ਨੂੰ ਕੁੱਝ ਠੱਲ੍ਹ ਪੈਣ ਦੇ ਆਸਾਰ ਬਣੇ ਹਨ।
               ਅਜਿਹਾ ਮਾਹੌਲ ਅੱਜ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਮੁੱਖ ਸਿਆਸੀ ਵਿਰੋਧੀ ਅਤੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ  ਦੀ ਪਤਨੀ ਸੁਰਿੰਦਰ ਕੌਰ ਬਾਦਲ ਦੇ ਸਵਰਗਵਾਸ 'ਤੇ ਦੁੱਖ ਦਾ ਇਜਹਾਰ ਕਰਨ ਲਈ ਆਪਣੀ ਪਤਨੀ ਪਰਨੀਤ ਕੌਰ ਅਤੇ ਹੋਰਨਾਂ ਕਾਂਗਰਸ ਆਗੂਆਂ ਨਾਲ ਪਿੰਡ ਬਾਦਲ ਵਿਖੇ ਪਹੁੰਚੇ। ਜਦੋਂਕਿ ਇਸਤੋਂ ਪਹਿਲਾਂ ਪਿਛਲੇ ਇੱਕ ਦਹਾਕੇ ਤੋਂ ਦੋਵੇਂ ਸਿਆਸੀ ਪਰਿਵਾਰਾਂ ਵਿਚ ਤਿੱਖੀ ਸਿਆਸੀ ਖਿੱਚੋਤਾਣ ਚੱਲੀ ਆ ਰਹੀ ਹੈ ਤੇ ਮਾਮਲਾ ਦੋਵੇਂ ਧਿਰਾਂ ਵਿਚਕਾਰ ਮਾਣਹਾਨੀ ਦੇ ਮੁਕੱਦਮਿਆ ਤੱਕ ਜਾ ਪੁੱਜਿਆ ਸੀ। ਇਸਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਜਿੱਥੇ ਬਾਦਲ ਪਰਿਵਾਰ 'ਤੇ ਭ੍ਰਿਸ਼ਟਾਚਾਰ ਦੇ ਕੇਸ ਦਰਜ ਹੋਏ ਸਨ, ਉਥੇ ਅਕਾਲੀ ਸਰਕਾਰ ਦੌਰਾਨ ਸਿਟੀ ਸੈਂਟਰ  ਘੁਟਾਲੇ ਦੇ ਮਾਮਲਾ  ਅਦਾਲਤ ਦੇ ਵਿਚਾਰਧੀਨ ਹੈ। ਅਜਿਹੇ ਵਿਚ ਜਿਥੇ ਦੋਹਾਂ ਪਰਿਵਾਰਾਂ ਵਿਚ ਸਿਆਸੀ ਸਟੇਜ਼ਾਂ ਤੋਂ ਇੱਕ ਦੂਸਰੇ ਨੂੰ ਲਾਹਣਤਾਂ ਅਤੇ ਤਿੱਖੀ ਦੂਸ਼ਣਬਾਜ਼ੀ ਦਾ ਸਿਲਸਿਲਾ ਲਗਾਤਾਰ ਚੱਲਿਆ ਆ ਰਿਹਾ ਹੈ ਅਤੇ ਦੋਵੇਂ ਧਿਰਾਂ ਇੱਕ ਦੂਸਰੇ ਨੂੰ ਸਿਆਸੀ ਤੌਰ 'ਤੇ ਉਲਝਾਉਣ ਵਿਚ ਕਸਰ ਬਾਕੀ ਨਹੀਂ ਛੱਡੀ ਜਾਂਦੀ।
             ਪੰਜਾਬ ਦੀ ਸਿਆਸੀ ਫਿਜ਼ਾ ਮੁੱਖ ਤੌਰ 'ਤੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਵਧੇਰੇ ਪ੍ਰਭਾਵਿਤ ਹੋਣ ਕਰਕੇ ਸੂਬੇ ਦੇ ਸਿਆਸੀ ਤਾਣੇ-ਬਾਣੇ 'ਤੇ ਵੀ ਕੁੜੱਤਣੀ ਰਵੱਈਆ ਭਾਰੂ ਹੋਇਆ। ਜਿਸ ਕਰਕੇ ਸੂਬੇ 'ਚੋਂ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਕਾਰ ਸਿਹਤਮੰਦ ਸਿਆਸਤੀ ਢਾਂਚਾ ਨੂੰ ਕਾਫ਼ੀ ਢਾਹ ਲੱਗੀ।
             ਮੰਨਿਆ ਜਾ ਰਿਹਾ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਵਿਖੇ ਸੋਗ ਪ੍ਰਗਟ ਕਰਨ ਜਾਣ ਦੀ ਪਹਿਲਕਦਮੀ ਨਾਲ ਹਜ਼ਾਰਾਂ ਕਰੋੜਾਂ ਰੁਪਏ ਦੇ ਕਰਜ਼ੇ ਦੀ ਮਾਰ ਹੇਠ ਸੂਬੇ ਵਿਚ ਜਿੱਥੇ ਇੱਕ ਸਿਹਤਮੰਦ ਸਿਆਸੀ ਢਾਂਚਾ ਮਜ਼ਬੂਤ ਹੋਵੇਗਾ, ਉਥੇ ਪੰਜਾਬ ਦੇ ਮਸਲਿਆਂ ਬਾਰੇ ਮਿਲ ਬੈਠ ਕੇ ਹੱਲ ਕੱਢਣ ਲਈ ਇੱਕ ਨਵਾਂ ਰਾਹ ਤਿਆਰ ਹੋਵੇਗਾ। ਇਸਦੇ ਇਲਾਵਾ ਆਪਸੀ ਦੂਸ਼ਣਬਾਜ਼ੀ ਅਤੇ ਖਿੱਚੋਤਾਣ ਦੇ ਵਰਤਾਰੇ ਨੂੰ ਠੱਲ੍ਹ ਪਵੇਗੀ।
           ਅੱਜ ਦੁੱਖ ਦੀ ਘੜੀ ਵਿਚ ਕੈਪਟਨ ਅਮਰਿੰਦਰ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਹੁਰਾਂ ਵਿਚਕਾਰ ਸਿਆਸੀ ਕੁੜੱਤਣ ਨੇ ਸਿਰਫ਼ ਬਦਲਵਾਂ ਰਾਹ ਅਖ਼ਤਿਆਰ ਨਹੀਂ ਕੀਤਾ ਬਲਕਿ ਫਰੀਦਕੋਟ ਲੋਕਸਭਾ ਹਲਕੇ ਤੋਂ ਮਰਹੂਮ ਸਾਂਸਦ ਜਥੇਦਾਰ ਜਗਦੇਵ ਸਿੰਘ ਖੁੱਡੀਆਂ, ਜਿਨ੍ਹਾਂ ਦੀ ਮੌਤ ਦੇ ਬਾਅਦ ਤੋਂ ਹੀ ਖੁੱਡੀਆਂ ਪਰਿਵਾਰ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਹੁਰਾਂ ਨਾਲ ਮੱਤਭੇਦ ਜੱਗਜਾਹਰ ਹਨ, ਦੇ ਵੱਡੇ ਸਪੁੱਤਰ ਅਤੇ ਸੀਨੀਅਰ ਕਾਂਗਰਸ ਆਗੂ ਸ. ਗੁਰਮੀਤ ਸਿੰਘ ਖੁੱਡੀਆਂ ਵੀ ਸਾਰੇ ਮੱਤਭੇਦ ਕੁਝ ਭੁਲਾ ਕੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨਾਲ ਬੀਬੀ ਸੁਰਿੰਦਰ ਕੌਰ ਬਾਦਲ ਦੀ ਮੌਤ ਦਾ ਦੁੱਖ ਸਾਂਝਾ ਕਰਨ ਲਈ ਉਚੇਚੇ ਤੌਰ 'ਤੇ ਪੁੱਜੇ। ਜਿਨ੍ਹਾਂ ਨੂੰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੋਢੇ 'ਤੇ ਹੱਥ ਰੱਖ ਕੇ ਦੋ ਵਾਰ ਇਹ ਸ਼ਬਦ ਦੁਹਰਾਏ ਕਿ ''ਕਾਕਾ ਤੂੰ ਬਹੁਤ ਚੰਗਾ ਕੀਤਾ ਜਿਹੜਾ ਅੱਜ ਤੂੰ ਆਇਆ।''
          ਕੱਲ੍ਹ ਤੱਕ ਇੱਕ ਦੂਸਰੇ ਤੋਂ ਅੱਖਾਂ ਪਾਸੇ ਕਰਕੇ ਲੰਘ ਜਾਣ ਵਾਲੇ ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਵੀ ਪਿੰਡ ਬਾਦਲ 'ਚ ਇੱਕ ਦੂਸਰੇ ਨੂੰ ਹੱਥ ਜੋੜ ਦੁਆ ਸਲਾਮ ਕਰਦੇ ਵੇਖੇ ਗਏ।
         ਇੱਥੇ ਇਹ ਗੱਲ ਵੀ ਕੁਥਾਂਹ ਨਹੀਂ ਹੋਵੇਗੀ ਕਿ ਇਸ ਦੁੱਖ ਦੀ ਘੜੀ ਤੋਂ ਬਾਅਦ ਭਾਵੇਂ ਅਗਾਮੀ ਦਿਨਾਂ ਵਿਚ ਸਿਆਸਤ ਮੁੜ ਤੋਂ ਭਾਰੂ ਹੋਵੇਗੀ ਪਰ ਉਦੋਂ ਅੱਖਾਂ ਵਿਚ ਪਹਿਲੀ ਤਲਖੀ ਨਹੀਂ ਹੋਵੇਗੀ।

No comments:

Post a Comment