01 July 2011

ਮਲਕਾ ਰਾਣੀ ਦੀ ਖੁਦਕਸੀ ਦਾ ਮਾਮਲਾ-ਪੀ ਐਸ ਯੂ ਵੱਲੋਂ ਜਾਂਚ ਰਿਪੋਰਟ ਜਾਰੀ

ਮਾਮਲੇ ਦੀ ਮੈਜਿਸਟਰੇਟੀ ਜਾਂਚ, ਦਸ ਲੱਖ ਮੁਆਵਜਾ ਤੇ ਇੱਕ ਜੀਅ ਨੂੰ ਨੌਕਰੀ ਦੀ ਮੰਗ

                                                      -ਬੀ ਐਸ ਭੁੱਲਰ-
ਬਠਿੰਡਾ :  ਨਰਸਿੰਗ ਦੀ ਵਿਦਿਆਰਥਣ ਮਲਕਾ ਰਾਣੀ ਵੱਲੋਂ 4 ਜੂਨ ਨੂੰ ਕੀਤੀ ਆਤਮ ਹੱਤਿਆ ਲਈ ਸੱਕ ਦੀ ਉਂਗਲੀ ਕਾਰਜਕਾਰੀ ਪ੍ਰਿਸੀਪਲ ਕਮਲ ਕੌਰ ਵੱਲ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਸ ਗੰਭੀਰ ਮਾਮਲੇ ਦੀ ਮੈਜਿਸਟਰੇਟੀ ਪੜਤਾਲ ਕਰਾਉਣ ਦੀ ਮੰਗ ਕੀਤੀ ਹੈ।

       ਇੱਕ  ਪ੍ਰੈਸ ਕਾਨਫਰੰਸ ਦੌਰਾਨ ਪੀ ਐਸ ਯੂ ਦੀ ਜੋਨਲ ਕਮੇਟੀ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਜਾਰੀ ਕਰਦਿਆਂ ਜਨਰਲ ਸਕੱਤਰ ਰਜਿੰਦਰ ਸਿੰਘ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਸਰੀਂਹ ਵਾਲਾ ਨੇ ਦੱਸਿਆ ਕਿ ਮਲਕਾ ਰਾਣੀ ਵੱਲੋਂ ਕੀਤੀ ਆਤਮ ਹੱਤਿਆ ਤੋਂ ਫੌਰੀ ਬਾਅਦ ਜਮਹੂਰੀ ਅਧਿਕਾਰ ਸਭਾ ਦੀ ਬਠਿੰਡਾ ਇਕਾਈ ਵੱਲੋਂ ਕੀਤੀ ਪੜਤਾਲ ਅਤੇ ਕੁਝ ਜਨਤਕ ਜਥੇਬੰਦੀਆਂ ਵੱਲੋਂ ਇਸ ਕਾਂਡ ਸਬੰਧੀ ਭਾਰਤੀ ਦੰਡਾਵਲੀ ਦੀ ਧਾਰਾ 306 ਤਹਿਤ ਦਰਜ ਹੋਏ ਮੁਕੱਦਮੇ ਨੂੰ ਰੱਦ ਕਰਵਾਉਣ ਲਈ ਕੀਤੀ ਬੂਅ ਪਾਹਰਿਆ ਦੀਆਂ ਖ਼ਬਰਾਂ ਪ੍ਰਕਾਸਿਤ ਹੋਣ ਉਪਰੰਤ ਉਹਨਾਂ ਦੀ ਜਥੇਬੰਦੀ ਨੇ ਇਸ ਅਹਿਮ ਮਾਮਲੇ ਦੇ ਸਾਰੇ ਮੁੱਦਿਆਂ ਨੂੰ ਡੂੰਘਾਈ ਨਾਲ ਘੋਖਣ ਵਾਸਤੇ ਪਹਿਲ ਕਦਮੀ ਕੀਤੀ ਹੈ।

       ਖੱਬੀ ਸੋਚ ਵਾਲੇ ਵਿਦਿਆਰਥੀ ਆਗੂਆਂ ਅਨੁਸਾਰ ਬੇਸੱਕ ਉਹਨਾਂ ਮ੍ਰਿਤਕ ਮਲਕਾ ਰਾਣੀ ਦੀਆਂ ਅਧਿਆਪਕਾਵਾਂ, ਸਹਿਪਾਠਣ ਲੜਕੀਆਂ ਅਤੇ ਪੁਲਿਸ ਦਾ ਪੱਖ ਕਈ ਦਿਨ ਪਹਿਲਾਂ ਹੀ ਹਾਸਲ ਕਰ ਲਿਆ ਸੀ, ਲੇਕਿਨ ਰਿਪੋਰਟ ਜਾਰੀ ਕਰਨ ਵਿੱਚ ਦੇਰ ਇਸ ਲਈ ਹੋਈ ਹੈ, ਕਿਉਂਕਿ ਵਾਰ ਵਾਰ ਯਤਨ ਕਰਨ ਦੇ ਬਾਵਜੂਦ ਵੀ ਮੈਡਮ ਕਮਲ ਦੇ ਪਤੀ ਸ੍ਰੀ ਜਗਮੇਲ ਸਿੰਘ ਜੋ ਲੋਕ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਹਨ ਅਤੇ ਉਹਨਾਂ ਦੇ ਕੁਝ ਸਾਥੀਆਂ ਨੇ ਭਰੋਸਾ ਦਿਵਾਉਣ ਦੇ ਬਾਵਜੂਦ ਕਾਰਜਕਾਰੀ ਪ੍ਰਿਸੀਪਲ ਦਾ ਪੱਖ ਲੈਣ ਵਾਸਤੇ ਉਹਨਾਂ ਨਾਲ ਸੰਪਰਕ ਨਹੀਂ ਕਰਵਾਇਆ।

       ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਮੈਡਮ ਦੇ ਪਤੀ ਜਗਮੇਲ ਸਿੰਘ ਨਾਲ ਹੋਏ ਉਹਨਾਂ ਦੇ ਵਿਚਾਰ ਵਟਾਂਦਰੇ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ ਜਾਰੀ ਕੀਤੀ ਰਿਪੋਰਟ ਨੇ ਮਲਕਾ ਰਾਣੀ ਵੱਲੋਂ ਕੀਤੀ ਆਤਮ ਹੱਤਿਆ ਨੂੰ ਉਕਤ ਵਿਦਿਆਰਥਣ ਨੂੰ  ਨਕਲ ਕਰਨ ਦੀ ਆਦਤ ਉਸਦੀ ਮਾਨਸਿਕ ਤੇ ਘਰੇਲੂ ਹਾਲਤ ਦੀਆਂ ਸਮੱਸਿਆਵਾਂ ਦਰਸਾਇਆ ਹੈ। ਜਿੱਥੋਂ ਤੱਕ ਉਹਨਾਂ ਦੀ ਜਥੇਬੰਦੀ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦਾ ਸੁਆਲ ਹੈ, ਉਹਨਾਂ ਮੁਤਾਬਕ ਮਲਕਾ ਨੇ ਫਰੀਦਕੋਟ ਦੇ ਨਾਮਵਰ ਐਸ ਡੀ ਪਬਲਿਕ ਸਕੂਲ ਤੋਂ 12ਵੀਂ ਤੱਕ ਦੀ ਪੜ੍ਹਾਈ ਹਾਸਲ ਕੀਤੀ ਹੈ।

ਗਣਿਤ ਅੰਗਰੇਜੀ ਅਤੇ ਸਾਇੰਸ ਵਰਗੇ ਜਿਹਨਾਂ ਵਿਸ਼ਿਆਂ ਨੂੰ ਮੁਕਾਬਲਤਨ ਆਮ ਵਿਦਿਆਰਥੀ ਔਖੇ ਸਮਝਦੇ ਹਨ, ਦਸਵੀਂ ਦੇ ਇਮਤਿਹਾਨ ਰਾਹੀਂ ਮਲਕਾ ਨੇ ਕਰਮਵਾਰ ਉਹਨਾਂ ਚੋਂ 77, 76 ਅਤੇ 68 ਫੀਸਦੀ ਅੰਕ ਪ੍ਰਾਪਤ ਕੀਤੇ।

       ਮਲਕਾ ਦੀਆਂ ਅਧਿਆਪਕਾਵਾਂ ਨਾਲ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਇਹਨਾਂ ਆਗੂਆਂ ਨੇ ਦੱਸਿਆ ਕਿ ਉਹਨਾਂ ਨਾਲ ਸਬੰਧਤ ਵਿਸ਼ਿਆਂ ਦੇ ਟੈਸਟਾਂ ਲਈ ਉਸ ਵੱਲੋਂ ਨਕਲ ਕਰਨ ਦੀ ਕਦੇ ਵੀ ਸਿਕਾਇਤ ਪ੍ਰਾਪਤ ਨਹੀਂ ਸੀ ਹੋਈ। ਜੇ ਇਹ ਮੰਨ ਲਿਆ ਜਾਵੇ ਕਿ ਘਟਨਾ ਵਾਲੇ ਦਿਨ ਉਹ ਸੱਚਮੁੱਚ ਹੀ ਨਕਲ ਕਰ ਰਹੀ ਸੀ, ਤਾਂ ਮੈਡਮ ਕਮਲ ਨੂੰ ਇਹ ਅਧਿਕਾਰ ਉੱਕਾ ਹੀ ਪ੍ਰਾਪਤ ਨਹੀਂ ਕਿ ਉਹ ਉਸਦਾ ਪੇਪਰ ਖੋਹ ਕੇ ਕਲਾਸ ਰੂਮ ਚੋਂ ਬਾਹਰ ਕੱਢ ਦੇਵੇ। ਉਹਨਾਂ ਦੱਸਿਆ ਕਿ ਨਿਯਮਾਂ ਅਨੁਸਾਰ ਸਲਾਨਾ ਜਾਂ ਸਮੈਸਟਰ ਇਮਤਿਹਾਨਾਂ ਦੌਰਾਨ ਜੇਕਰ ਕਿਸੇ ਵਿਦਿਆਰਥੀ ਨੂੰ ਫਲਾਈਂਗ ਸੁਕਾਐਡ ਜਾਂ ਕੇਂਦਰ ਦਾ ਸੁਪਰਡੰਟ ਨਕਲ ਕਰਦਿਆਂ ਫੜ ਲਵੇ ਤਾਂ ਯੂ ਐਨ ਸੀ ਦਾ ਕੇਸ ਬਣਾਉਣ ਉਪਰੰਤ ਉਸਨੂੰ ਨਵੀਂ ਉੱਤਰ ਕਾਪੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਕਿ ਪਾਸ ਹੋਣ ਦੀ ਸੂਰਤ ਵਿੱਚ ਉਹ ਆਪਣਾ ਕੇਸ ਝਗੜ ਸਕੇ।

       ਨਾਨਕਿਆਂ ਤੇ ਦਾਦਕਿਆਂ ਨਾਲ ਸਬੰਧਤ 6 ਭਰਾਵਾਂ ਦੀ ਇਕਲੌਤੀ ਭੈਣ ਹੋਣ ਦੇ ਨਾਤੇ ਉਸਦੇ ਨਾਨਕਿਆਂ ਨੇ ਉਸਨੂੰ ਇਸ ਕਦਰ ਪਿਆਰ ਸਤਿਕਾਰ ਤੇ ਲਾਡ ਲਡਾਇਆ ਸੀ, ਕਿ ਘਰੇਲੂ ਪੱਖ ਤੋਂ ਉਹ ਹੋਰ ਕੁੜੀਆਂ ਨਾਲੋਂ ਇਸ ਕਦਰ ਵੱਧ ਸੰਤੁਸਟ ਸੀ, ਕਿ ਜਿੱਥੇ ਆਪਣੀ ਮਾਂ ਵੱਲੋਂ ਪਾਈਆਂ ਕਮੇਟੀਆਂ ਦਾ ਹਿਸਾਬ ਕਿਤਾਬ ਰਖਦੀ ਸੀ ਉੱਥੇ ਆਪਣੀ ਹੋਣ ਵਾਲੀ ਭਾਬੀ ਲਈ ਗਹਿਣਾ ਗੱਟਾ ਤੇ ਕੱਪੜਾ ਲੀਤਾ ਵੀ ਕੁਝ ਦਿਨ ਪਹਿਲਾਂ ਖੁਦ ਖਰੀਦਿਆ ਸੀ।

       ਜਿੱਥੋਂ ਤੱਕ ਮਲਕਾ ਨੂੰ ਕਮਲ ਦੇ ਪਤੀ, ਉਸਦੇ ਦੋਸਤਾਂ ਤੇ ਜਮਹੂਰੀ ਸਭਾ ਵੱਲੋਂ ਮਾਨਸਿਕ ਤੌਰ ਤੇ ਪਰੇਸਾਨ ਗਰਦਾਨਣ ਦਾ ਸੁਆਲ ਹੈ, ਇਹ ਦੋਸ ਵੀ ਪੂਰੀ ਤਰ੍ਹਾਂ ਅਧਾਰਹੀਣ ਹੈ, ਕਿਉਂਕਿ  ਨਿਯਮਾਂ ਅਨੁਸਾਰ ਨਰਸਿੰਗ ਦੀ ਹਰ ਵਿਦਿਆਰਥਣ ਦਾ ਹਰ ਮਹੀਨੇ ਮੈਡੀਕਲ ਚੈੱਕਅੱਪ ਕਰਵਾ ਕੇ ਪ੍ਰਾਪਤ ਨਤੀਜੇ ਨੂੰ ਇੱਕ ਰਜਿਸਟਰ ਵਿੱਚ ਰਿਕਾਰਡ ਕੀਤਾ ਜਾਂਦਾ ਹੈ, ਪੀ ਐਸ ਯੂ ਦੀ ਪੜਤਾਲ ਅਨੁਸਾਰ ਮਲਕਾ ਨੂੰ ਸਿਰਫ ਇੱਕ ਵਾਰ ਬੁਖਾਰ ਹੋਇਆ ਸੀ ਮਾਨਸਿਕ ਪਰੇਸਾਨੀ ਦੀ ਕੋਈ ਵੀ ਨਿਸਾਨੀ ਰਿਕਾਰਡ ਵਿੱਚ ਨਹੀਂ ਹੈ।

       ਸੁਆਲਾਂ ਦਾ ਜੁਆਬ ਦਿੰਦਿਆਂ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਉਹਨਾਂ ਵੱਲੋਂ ਕੀਤੀ ਪੜਤਾਲ ਤੇ ਪ੍ਰਸਥਿਤੀਆਂ ਦੇ ਵਿਸਲੇਸਣ ਤੋਂ ਉਹ ਇਸ ਨਤੀਜੇ ਤੇ ਪੁੱਜੇ ਹਨ, ਕਿ ਮਲਕਾ ਨੂੰ ਉਸਦੀਆਂ ਸਹਿਪਾਠਣਾਂ ਸਾਹਮਣੇ ਜਲੀਲ ਕਰਕੇ ਮੈਡਮ ਕਮਲ ਨੇ ਆਤਮ ਹੱਤਿਆ ਕਰਨ ਲਈ ਉਕਸਾਇਆ। ਪਰੰਤੂ ਉਸਦੇ ਪਤੀ ਜਗਮੇਲ ਸਿੰਘ ਨੇ ਇਸ ਦੋਸ ਨੂੰ ਰੱਦ ਕਰਦਿਆਂ ਪੜਤਾਲੀਆ ਟੀਮ ਨੂੰ ਦੱਸਿਆ ਕਿ ਇੱਕ ਪੁਲਿਸ ਅਧਿਕਾਰੀ ਵੱਲੋਂ ਮੁਕੱਦਮੇ ਤੋਂ ਬਚਣ ਲਈ ਦਿੱਤੇ ਇਸ ਸੁਝਾਅ ਨੂੰ ਮੈਡਮ ਕਮਲ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਕਿ ਨਕਲ ਕਰਨ ਬਦਲੇ ਕਲਾਸ ਚੋਂ ਕੱਢਣ ਦੀ ਬਜਾਏ ਉਹ ਇਹ ਸਟੈਂਡ ਲੈ ਲਵੇ ਕਿ  ਮਲਕਾ ਪਾਣੀ ਪੀਣ ਦੇ ਬਹਾਨੇ ਬਾਹਰ ਗਈ ਸੀ। ਇਸ ਲਈ ਇਹ ਮਾਮਲਾ ਹੋਰ ਵੀ ਗੰਭੀਰ ਬਣ ਜਾਂਦਾ ਹੈ।

       ਅਜਿਹੇ ਹਾਲਾਤਾਂ ਵਿੱਚ ਇਸ ਮਾਮਲੇ ਦੀ ਮੈਜਿਸਟਰੇਟੀ ਜਾਂਚ ਕਰਵਾਉਣ ਤੇ ਜੋਰ ਦਿੰਦਿਆਂ ਪੀ ਐਸ ਯੂ ਨੇ ਮਲਕਾ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਦਾ ਮੁਆਵਜਾ ਤੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਉਹਨਾਂ ਦੀ ਜਥੇਬੰਦੀ ਸੰਘਰਸ ਲਈ ਮਜਬੂਰ ਹੋਵੇਗੀ।

No comments:

Post a Comment