02 October 2011

ਪਿੰਡ ਲੰਬੀ ਦਾ ਨੌਜਵਾਨ ਭਾਰਤੀ ਫੌਜ ਦੀ ਜੱਜ-ਐਡਵੋਕੇਟ ਜਨਰਲ ਬਰਾਂਚ 'ਚ ਲੈਫਟੀਨੈਂਟ ਚੁਣਿਆ ਗਿਆ

                                        ਇਕਬਾਲ ਸਿੰਘ ਸ਼ਾਂਤ
ਲੰਬੀ-ਬਾਬੂ ਰਜ਼ਬ ਅਲੀ ਦੀ ਸ਼ਾਇਰੀ ਵਿਚ ਸ਼ਿਕਾਇਤੀਆਂ ਦੇ ਪਿੰਡ ਲੂਲੂਵਜੋਂ ਜਾਣੀ ਜਾਂਦੀ 'ਲੰਬੀ' ਦਾ ਇੱਕ ਨੌਜਵਾਨ ਪਵਨਦੀਪ ਸਿੰਘ ਧਾਲੀਵਾਲ ਹੁਣ ਭਾਰਤੀ ਫੌਜ ਦੀ ਜੱਜ-ਐਡਵੋਕੇਟ ਜਰਨਲ ਬਰਾਂਚ (ਜੇ.ਏ.ਜੀ.) ਵਿਚ ਫੌਜੀਆਂ ਨਾਲ ਸਬੰਧਤ ਮਾਮਲਿਆਂ 'ਤੇ ਬਤੌਰ ਜੱਜ-ਐਡਵੋਕੇਟ ਸ਼ਿਕਾਇਤਾਂ ਸੁਣਦਾ ਅਤੇ ਪੈਰਵੀ ਕਰਦਾ ਨਜ਼ਰ ਆਵੇਗਾ। ਆਰਮੀ ਇੰਸਟੀਟਿਉਟ ਆਫ਼ ਲਾਅ ਤੋਂ ਗ੍ਰੇਜੂਏਟ ਪਵਨਦੀਪ ਸਿੰਘ ਭਾਰਤੀ ਫੌਜ ਦੇ ਟੈਸਟ ਵਿਚੋਂ ਜੱਜ-ਐਡਵੋਕੇਟ ਦੇ ਅਹੁਦੇ ਲਈ ਦੇਸ਼ ਭਰ ਵਿਚੋਂ ਪਹਿਲੇ ਸਥਾਨ 'ਤੇ ਰਿਹਾ।
            ਪਵਨਦੀਪ ਸਿੰਘ ਦੀ ਇਸ ਵਕਾਰੀ ਪ੍ਰਾਪਤੀ 'ਤੇ ਉਸਦੇ ਪਰਿਵਾਰ ਵਿਚ ਬਹੁਤ ਖੁਸ਼ੀ ਦਾ ਮਾਹੌਲ ਹੈ। ਪਿੰਡ ਲੰਬੀ ਦੇ ਸਧਾਰਨ ਕਿਸਾਨ ਪਰਿਵਾਰ ਬਹਾਲ ਸਿੰਘ ਦੇ ਹੋਣਹਾਰ ਪੋਤਰੇ ਪਵਨਦੀਪ ਸਿੰਘ ਦੇ ਸਿਰੋਂ ਬਚਪਨ 'ਚ ਆਪਣੇ ਪਿਤਾ ਛਿੰਦਰਪਾਲ ਪਾਲ ਸਿੰਘ ਦਾ ਸਾਇਆ ਸਿਰ ਤੋਂ ਉੱਠਣ ਦੇ ਬਾਵਜੂਦ ਉਸਦੇ ਦਾਦਾ ਬਹਾਲ ਸਿੰਘ, ਮਾਤਾ ਸੁਖਪ੍ਰੀਤ ਕੌਰ ਅਤੇ ਚਾਚਾ ਗੁਰਵਿੰਦਰ ਸਿੰਘ ਹੁਰਾਂ ਦੀ ਛਤਰਛਾਇਆ ਹੇਠ ਵਧ ਫੁੱਲ ਕੇ ਭਾਰਤੀ ਫੌਜ ਜਰੀਏ ਦੇਸ਼ ਸੇਵਾ ਲਈ ਜਜ਼ਬਾ ਪਰਵਾਨ ਚੜਿ•ਆ।
             ਪਵਨਦੀਪ ਸਿੰਘ ਨੇ ਦੱਸਿਆ ਕਿ 6 ਅਕਤੂਬਰ ਨੂੰ 11 ਮਹੀਨਿਆਂ ਦੀ ਟਰੇਨਿੰਗ ਲਈ ਚੇਨੰਈ ਵਿਖੇ ਆਫਿਸਰਜ਼ ਟਰੇਨਿੰਗ ਅਕੈਡਮੀ ਵਿਖੇ ਜਾ ਰਿਹਾ ਹੈ। ਪਵਨਦੀਪ ਨੇ ਦੱਸਿਆ ਕਿ ਭਾਰਤੀ ਫੌਜ ਦੇ ਨਿਯਮਾਂ ਅਨੁਸਾਰ ਟਰੇਨਿੰਗ ਉਪਰੰਤ ਉਸਦਾ ਸ਼ੁਰੂਆਤੀ ਰੈਂਕ ਲੈਫਟੀਨੈਂਟ ਹੋਵੇਗਾ, ਪਰ ਤਾਇਨਾਤੀ ਜੱਜ-ਐਡਵੋਕੇਟ ਜਰਨਲ ਬਰਾਂਚ ਵਿਚ ਜੱਜ-ਐਡਵੋਕੇਟ ਦੇ ਅਹੁਦੇ 'ਤੇ ਹੋਵੇਗੀ।
ਉਸਨੇ ਦੱਸਿਆ ਕਿ ਇੱਕ ਕਿਸਾਨ ਪਰਿਵਾਰ ਦਾ ਜੰਮਪਲ ਹੋਣ ਕਰਕੇ 'ਜੈ ਜਵਾਨ-ਜੈ ਕਿਸਾਨ' ਦੇ ਨਾਹਰੇ ਅਨੁਸਾਰ ਉਸਦੀ ਬਚਪਨ ਤੋਂ ਭਾਰਤੀ ਫੌਜ ਵਿਚ ਸੇਵਾ ਕਰਨ ਦੀ ਤਾਂਘ ਸੀ ਜਿਸਨੂੰ ਪਰਮਾਤਮਾ ਨੇ ਹੁਣ ਪੂਰਾ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਆਪਣੀ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਕੇ ਆਪਣੇ ਖਾਨਦਾਨ , ਪਿੰਡ ਲੰਬੀ ਅਤੇ ਪੰਜਾਬ ਦਾ ਸਿਰ ਫਖ਼ਰ ਨਾਲ ਉੱਚ ਕਰਨ ਲਈ ਹਮੇਸ਼ਾਂ ਤਤੱਪਰ ਰਹੇਗਾ।

No comments:

Post a Comment