27 October 2011

'ਮੋਇਆਂ' ਦੀ ਦੀਵਾਲੀ

                                                          -ਇਕਬਾਲ ਸਿੰਘ ਸ਼ਾਂਤ-
    ਕੀ ਇਹ ਉਹ ਦੀਵਾਲੀ ਹੈ ? ਸ਼ਾਇਦ ਨਹੀਂ! ਕਿਉਂਕਿ ਜਿਹੜੀ ਦੀਵਾਲੀ ਦੀ ਚਾਹਤ ਇੱਕ ਜਿਉਂਦੀ ਜਾਗਦੀ ਜਮੀਰ ਵਾਲਾ ਸਮਾਜ ਕਰ ਸਕਦਾ ਹੈ ਇਹ ਉਹ ਤਾਂ ਕਿਸੇ ਕੀਮਤ 'ਤੇ ਨਹੀਂ। ਕਿਉਂਕਿ ਕੰਧਾਂ, ਕਾਉਲਿਆਂ 'ਤੇ ਦੀਵੇ ਬਾਲ ਕੇ ਪਟਾਖੇ-ਆਤਿਸ਼ਬਾਜ਼ੀ ਕਰਕੇ ਪੁਰਾਣੇ ਰੀਤੀ-ਰਿਵਾਜ਼ਾਂ ਅਨੁਸਾਰ ਉੱਪਰੀ ਤੌਰ 'ਤੇ ਖੁਸ਼ੀਆਂ-ਖੇੜਿਆਂ ਤੇ ਰੋਸ਼ਨੀਆਂ ਦਾ ਤਿਉਹਾਰ ਤਾਂ ਮਨਾਇਆ ਜਾ ਸਕਦਾ ਹੈ ਪਰ ਇਖਲਾਕੀ ਤੌਰ 'ਤੇ ਸਾਡਾ ਅਜੋਕਾ ਭ੍ਰਿਸ਼ਟ, ਮਿਲਾਵਟਖੋਰ, ਕੁਨਬਾਪ੍ਰਸਤ ਤੇ ਗੈਰ ਜੁੰਮੇਵਾਰਾਨਾ ਸਮਾਜਕ ਵਰਤਾਰਾ ਦੀਵਾਲੀ ਤਾਂ ਕੀ ਇੱਕ ਦੀਵਾ ਬਾਲਣ ਦਾ ਹੱਕਦਾਰ ਵੀ ਨਹੀਂ। ਬੁਰਾ ਨਾ ਮੰਨਣਾ ਪਰ ਸਾਡੀ ਨਿਗਾਹ ਵਿਚ ਹਰ ਸਾਲ ਸੈਂਕੜੇ ਕਰੋੜ ਰੁਪਏ ਦੇ ਪਟਾਖੇ ਫੂਕ ਕੇ ਮਨਾਈ ਜਾਣ ਵਾਲੀ ਦੀਵਾਲੀ ਅਸਲ ਵਿਚ ਜ਼ਮੀਰ ਪੱਖੋਂ 'ਮੋਇਆਂ' ਦੀ ਦੀਵਾਲੀ ਹੈ ਜਿਨ੍ਹਾਂ ਨੂੰ ਦੇਸ਼ ਨਾਲੋਂ 'ਧਰਮ' ਅਤੇ 'ਕਰਮ' ਨਾਲੋਂ 'ਭਰਮ' ਜ਼ਿਆਦਾ ਪਿਆਰਾ ਹੈ। ਅੱਜ ਲੋਕਾਂ ਨੂੰ ਚਾਨਣ ਨਾਲ ਪਿਆਰ ਤਾਂ ਹੈ ਪਰ ਹਮੇਸ਼ਾਂ ਸੋਚ ਪੱਖੋਂ 'ਚਿੱਟੇ ਦਿਨ' ਵੀ ਹਨ੍ਹੇਰੇ ਵਿਚ ਰਹਿੰਦੇ ਹਨ। ਜਿਹੜੇ ਦੀਵਾਲੀ ਮੌਕੇ ਘਰ ਦੀਆਂ ਕੰਧਾਂ ਤਾਂ ਰੁਸ਼ਨਾ ਲੈਂਦੇ ਹਨ ਪਰ ਮਨ ਵਿਚ ਹੋਰ ਗੰਦਲਾਪਨ ਵਧਾ ਲੈਂਦੇ ਹਨ। ਜਿਨ੍ਹਾਂ ਨੂੰ ਪਿਆਰ ਹੈ ਅਮੀਰੀ ਨਾਲ ਪਰ ਜੂਏ ਵਿਚ ਹਾਰ ਕੇ ਗਰੀਬੀ ਨੂੰ ਪੱਲੇ ਪਾ ਬੈਠਦੇ ਹਨ।
ਫੋਕੇ ਚਾਨਣ ਵਾਲੀ ਦੀਵਾਲੀ ਮਨਾਉਣ ਵਾਲੇ ਇਹ 'ਮੋਏ' ਕਦੇ ਇਹ ਨਹੀਂ ਸੋਚਦੇ ਕਿ ਗੁੜ ਨਾ ਖਾਣ ਦੀ ਨਸੀਹਤ ਦੇਣ ਤੋਂ ਪਹਿਲਾਂ ਖੁਦ ਗੁੜ ਖਾਣਾ ਕਰਨਾ ਬੰਦ ਕਰਨਾ ਪੈਂਦਾ ਹੈ। ਸ਼ਾਇਦ ਇਸੇ ਕਰਕੇ ਬਹੁਤੇ ਮੌਕਾਪ੍ਰਸਤ ਲੋਕ ਮੋਮਬੱਤੀਆਂ ਤਾਂ ਅੰਨਾ ਹਜ਼ਾਰੇ ਦੇ ਨਾਂਅ 'ਤੇ ਬਾਲਦੇ ਰਹੇ, ਪਰ 'ਅਲਖ਼' ਭ੍ਰਿਸ਼ਟਾਚਾਰ ਦੀ ਜਗਾਉਂਦੇ ਹਨ।
               125 ਕਰੋੜ ਦੇ ਨੇੜੇ ਪੁੱਜੇ ਇਹ ਭਲੇ ਮਾਣਸ ਸ਼ਾਇਦ ਇਹ ਨਹੀਂ ਜਾਣਦੇ ਇਹ ਤੁਹਾਡੀ ਕਾਹਦੀ ਦੀਵਾਲੀ ਹੈ। ਕਿਉਂਕਿ ਤੁਹਾਡੀ ਦੀ ਸਿਫ਼ਤ ਹੈ ਕਿ ਬਹੁਤ ਸਾਰੇ ਆਪਣੀ ਇੱਕ ਦੀਵਾਲੀ ਨੂੰ ਮੁਫ਼ਤ 'ਚ ਮਨਾਉਣ ਖਾਤਰ ਆਪਣੀਆਂ ਹੱਕ-ਹਲਾਲ ਤੇ ਜਮੀਰ ਨਾਲ ਭਰਪੂਰ ਚਾਰ ਦੀਵਾਲੀਆਂ ਜਾਇਆ ਕਰ ਦਿੰਦੇ ਹਨ। ਭਾਵ ਵੋਟਾਂ ਸਮੇਂ ਇੱਕ-ਦੋ ਦਿਨ ਚੰਗੇ ਲੰਘਾਉਣ ਲਈ ਆਪਣੀ ਵੋਟ 1000-1100 ਸੌ ਰੁਪਏ 'ਚ ਵੇਚ ਕੇ ਅਗਲੇ ਚਾਰ ਵਰ੍ਹਿਆਂ ਦੇ 1824 ਦਿਨਾਂ ਨੂੰ ਬੇਗੈਰਤਪੁਣੇ ਦੀ ਭੇਟ ਚਾੜ੍ਹ ਜਾਂਦੇ ਹਨ। ਨਸ਼ਿਆਂ ਦਾ ਜਲੌਅ ਇਨ੍ਹਾਂ 'ਮੋਇਆਂ' ਦੀ ਦੀਵਾਲੀ 'ਤੇ ਐਨਾ ਕੁ ਭਾਰੂ ਹੈ ਕਿ ਨਿੱਤ ਇੱਕ-ਅੱਧਾ ਨੌਜਵਾਨ ਆਪਣਾ ਦੀਵਾ ਬੁਝਾ ਬੈਠਦਾ ਹੈ। ਬਾਕੀ ਦੇ ਵਿਚਾਰੇ ਸੜਕਾਂ 'ਤੇ ਰੁਜ਼ਗਾਰ ਲਈ ਸੰਘਰਸ਼ ਕਰਦੇ ਜਵਾਨੀ ਰੋਲ ਰਹੇ ਹਨ। ਰੁੱਖਾਂ ਅਤੇ ਕੁੱਖਾਂ ਦੀ ਰਾਖੀ ਦੀ ਹਮਾਇਤ ਹਰ ਕੋਈ ਕਰਦਾ ਹੈ ਪਰ ਇਸਨੂੰ ਦੂਸਰਿਆਂ 'ਤੇ ਲਾਗੂ ਕਰਨ ਦੀ ਚਾਹਤ ਰੱਖਦਾ ਹੈ।
             ਅਸਲ ਵਿਚ ਦੀਵਾਲੀ ਤਾਂ ਉਨ੍ਹਾਂ ਸਫੈਦਪੋਸ਼ਾਂ/ਰਿਸ਼ਵਤਖੋਰਾਂ ਦੀ ਹੈ ਜਿਹੜੇ 'ਕ੍ਰਿਮਨਲ' ਤੋਂ ਥੋੜ੍ਹੇ ਹੀ ਸਮੇਂ 'ਚ ਸਮਾਜ ਦੀ 'ਕ੍ਰੀਮ' ਬਣ ਜਾਂਦੇ ਹਨ ਜਾਂ ਫਿਰ ਉਨ੍ਹਾਂ ਦੀ, ਜਿਹੜੇ 6 ਤੋਂ 160 ਬੱਸਾਂ ਦੇ ਮਾਲਕ ਬਣ ਗਏ ਜਾਂ ਜਿਹੜੇ 2-ਜੀ ਸਪੈਕਟ੍ਰਮ ਘੁਟਾਲਿਆਂ ਰਾਹੀਂ ਦੇਸ਼ ਦੀ ਜਨਤਾ ਦੇ ਸੈਂਕੜੇ ਹਜ਼ਾਰ ਕਰੋੜ ਰੁਪਏ ਡਕਾਰ ਗਏ।
            ਇਹੋ ਜਿਉਂਦੇ-ਜਾਗਦੇ ਮੋਇਆ ਦੀ 'ਜਾਗਰੁਕਤਾ' ਦਾ ਨਤੀਜਾ ਹੈ ਕਿ ਪੰਜਾਬ ਦੀ ਜਨਤਾ ਨੂੰ ਸਿਆਸਤਦਾਨਾਂ ਵੱਲੋਂ ਲਗਾਤਾਰ  ਅਣਗੌਲਿਆ ਬਣਾਇਆ ਜਾ ਰਿਹਾ ਹੈ। ਧੀਆਂ ਨੂੰ ਸਾਇਕਲ ਦੇਣਾ ਤਾਂ ਚੰਗੀ ਗੱਲ ਹੈ ਪਰ ਇਹ ਸਭ ਵੋਟਾਂ ਦੇ ਨਾਂਅ 'ਤੇ ਚੇਤੇ ਆਉਂਦਾ ਹੈ। ਕਦੇ ਤਾਏ-ਭਤੀਜੇ ਦੇ ਕਲੇਸ਼ ਅਤੇ ਕਦੇ ਕੈਪਟਨ-ਕਾਕੇ ਦੀਆਂ ਝੱਫ਼ੀਆਂ ਨੇ ਲੋਕਾਂ ਦੇ 'ਦਿਮਾਗ ਚੱਕਰ' ਨੂੰ ਖ਼ਰਾਬ ਕਰ ਰੱਖਿਆ ਹੈ। ਹਾਲਾਤ ਇਹ ਹੈ ਕਿ ਹਰ ਪੰਜ ਸਾਲਾਂ ਬਾਅਦ 'ਰਾਵਣ' ਬਦਲ ਜਾਂਦਾ ਹੈ ਪਰ ਸੀਤਾ (ਜਨਤਾ) ਉਹੀ ਰਹਿੰਦੀ ਹੈ।
ਇਸ ਸਭ ਦੇ ਵਿਚਕਾਰ ਜਨਤਾ ਅੱਜ ਵੀ ਕੱਖੋਂ ਹੌਲੀ ਹੈ ਕਿਉਂਕਿ ਉਸੇ ਦੇ ਵੋਟ ਦੀ ਤਾਕਤ ਅਤੇ ਜਨਤਕ ਪੈਸੇ ਜਰੀਏ ਰੁਜ਼ਗਾਰ ਦੇਣ ਦੀ ਥਾਂ ਚੰਦ ਕੁ ਸਸਤੀਆਂ ਸਰਕਾਰੀ ਸਕੀਮਾਂ ਅਤੇ ਮੁਫ਼ਤ ਆਟਾ-ਦਾਲ ਜਿਹੇ ਸੁਆਦ ਪਾ ਕੇ ਖੁਦ ਪੂਰੇ ਪੰਜ ਸਾਲ ਆਪਣੇ ਟੱਬਰਾਂ ਨਾਲ ਹਵਾਈ ਜਹਾਜ਼ਾਂ ਦੇ ਝੂਟੇ ਲੈਂਦੇ ਹਨ ਜਾਂ ਫਿਰ ਅਸਲੀ ਦੀਵਾਲੀ ਹੁੰਦੀ ਹੈ ਉਨ੍ਹਾਂ ਪੰਚਾਂ-ਸਰਪੰਚਾਂ ਦੀ, ਜਿਨ੍ਹਾਂ ਨੂੰ ਸੰਗਤ ਦਰਸ਼ਨਾਂ ਵਿਚ ਲੱਖਾਂ-ਕਰੋੜਾਂ ਦੀਆਂ ਗਰਾਟਾਂ ਦੇ ਖੁੱਲ੍ਹੇ ਗੱਫੇ ਮਿਲ ਜਾਂਦੇ ਹਨ। ਕੇਂਦਰ ਵਾਲਿਆਂ ਦੇ ਨਾਕਸ ਰਵੱਈਏ ਕਰਕੇ ਮਹਿੰਗਾਈ ਦੇ ਮਹਿੰਗੇ ਗੇੜਿਆਂ ਦੀ ਮਾਰੀ ਜਨਤਾ ਦੀ ਹਾਲਤ ਦੀਵਾਲੀ ਦੇ ਪਟਾਖਿਆਂ ਦੀ ਉਸ ਰਾਖ ਵਾਂਗ ਹੈ, ਜਿਹੜੀ ਭਾਂੜੇ ਮਾਂਜਣ ਦੇ ਕੰਮ ਵੀ ਨਹੀਂ ਆਉਂਦੀ, ਕਿਉਂਕਿ ਮੁਫ਼ਤ ਦੇ ਆਟੇ-ਦਾਲ, ਪੈਨਸ਼ਨਾਂ ਅਤੇ ਹੋਰ ਲੋਕ ਲੁਭਾਊ ਫੋਕੀਆਂ ਸਕੀਮਾਂ ਨੇ ਅਜਿਹਾ ਕੋਹੜ-ਕੀੜਾ ਚਲਾਇਆ ਹੈ ਕਿ ਬੁਢਾਪਾ ਤਾਂ ਕੀ ਜਵਾਨੀ ਵੀ ਦਿਹਾੜੀ-ਮਜ਼ਦੂਰੀ ਕਰਨ ਦੀ ਥਾਂ ਰਾਸ਼ਨ ਦੇ ਡੀਪੂਆਂ ਦੀ ਮੁਥਾਜ ਹੋ ਕੇ ਰਹਿ ਗਈ ਹੈ। ਇਨ੍ਹਾਂ ਸਕੀਮਾਂ ਦੇ 'ਅਖੌਤੀ ਲੋਕਪੱਖੀ' ਪਰਛਾਵੇਂ ਕਰਕੇ ਸੂਬੇ ਦਾ ਨੌਜਵਾਨ ਰੁਜ਼ਗਾਰ ਪੱਖੋਂ ਹੌਲਾ ਨਹੀਂ, ਬਲਕਿ ਨੌਜਵਾਨਾਂ ਦੇ ਨਿਠੱਲੇ ਹੋਣ ਕਰਕੇ ਰੁਜ਼ਗਾਰ ਵੀ ਮਿਹਨਤੀ ਹੱਥਾਂ ਤੋਂ ਵਾਂਝਾ ਹੋ ਗਿਆ ਹੈ।
               ਅੱਜ ਸੂਬਾ ਸਰਮਾਏਦਾਰੀ ਦੀ ਸੋਚ ਹੇਠ ਵਧ ਫੁੱਲ ਰਿਹਾ ਹੈ। ਜਿਸਦੇ ਚੱਲਦੇ 99ਵਿਆਂ ਦੀ ਜ਼ੇਬ ਵਿਚ ਲੱਖ ਰੁਪਇਆਂ ਨਹੀਂ ਪਰ ਫਿਰ ਵੀ ਕਈ-ਕਈ ਕਰੋੜ ਦੀਆਂ ਸਕੀਮਾਂ ਘੜ੍ਹਦੇ ਹਨ। ਅੱਜ ਤਿਥ-ਤਿਉਹਾਰ ਤੋਂ ਲੈ ਕੇ ਸੁਮੱਚਾ ਮਾਹੌਲ ਜੁਗਾੜੂ ਸੋਚ 'ਤੇ ਟਿਕਿਆ ਹੋਇਆ ਹੈ। ਸਾਡੀ ਖੁਸ਼ੀ ਵੀ ਜੁਗਾੜੂ ਹੋ ਗਈ ਹੈ। ਅਸੀਂ ਉੱਪਰੀ, ਸਸਤੀ ਤੇ ਵਿਖਾਵੇ ਦੀ ਖੁਸ਼ੀ ਮਾਣ ਕੇ ਚੰਗਾ ਮਹਿਸੂਸ ਕਰਦੇ ਹਾਂ ਤਦੇ ਸ਼ਾਇਦ ਅੱਜ ਮਹਿੰਗਾਈ ਵਧਦੀ ਤੇ ਸਮਾਜ ਹਰ ਪਾਸਿਓਂ ਨਿਘਰਦਾ ਜਾ ਰਿਹਾ ਹੈ ਜਿਸਤੋਂ ਕਲਮ ਦੇ 'ਸਿਪਾਹੀ' ਵੀ ਵਾਂਝੇ ਨਹੀਂ ਰਹੇ ਅਤੇ ਕੁਝ ਮਾੜੇ 'ਸਿਓ' ਸਾਰੀ ਪੇਟੀ ਨੂੰ 'ਘੁਣ' ਲਾ ਰਹੇ ਹਨ। ਦੇਸ਼ 'ਚ ਕਿਤੇ ਘੱਟ ਗਿਣਤੀਆਂ ਨਾਲ ਵਿਤਕਰਾ ਅਤੇ ਕਿਧਰੇ ਬਹੁ ਗਿਣਤੀ ਦੀ ਦਬੰਗ ਸਿਆਸਤ। ਕੋਈ ਅਮੀਰ ਹੁੰਦਾ ਜਾ ਰਿਹਾ ਹੈ ਕਿ ਕਿਸੇ ਕੋਲ ਖਾਣ ਲਈ ਰੋਟੀ ਦੀ ਬੁਰਕੀ ਤੇ ਪੀਣ ਨੂੰ ਪਾਣੀ ਦੀ ਬੂੰਦ ਨਹੀਂ।
            ਮੰਨਦੇ ਹਾਂ ਖੁਸ਼ੀਆਂ ਇਨਸਾਨੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਤਰੱਕੀ ਵੱਲ ਲਿਜਾਣ ਵਿਚ ਸਹਾਈ ਹੁੰਦੀਆਂ ਹਨ ਪਰ ਅਜਿਹੀ ਫੋਕੀਆਂ ਖੁਸ਼ੀਆਂ ਤੋਂ ਗਮ ਦੇ ਸਾਗਰ ਸੌ ਗੁਣਾ ਚੰਗੇ ਹਨ ਜਿਨ੍ਹਾਂ ਦੇ ਮੰਥਨ ਵਿਚੋਂ ਦੇਸ਼, ਕੌਮ ਅਤੇ ਸਮਾਜ ਲਈ ਇੱਕ ਨਵੀਂ ਸਵੇਰ ਦਾ ਚਾਨਣ ਭਰਿਆ ਸਵੇਰਾ ਤਾਂ ਹੁੰਦਾ ਹੈ। ਜਿਉਂਦੇ ਜ਼ਮੀਰ ਨਾਲ ਜਗਾਇਆ ਦੀਵਾ 'ਮੋਇਆਂ ਦੀ ਸੌ ਦੀਵਾਲੀਆਂ' 'ਤੇ ਭਾਰੂ ਪੈਂਦਾ ਹੈ। ਕਿਉਂਕਿ ਉਸਦੀ ਲੋਅ ਵਿਚੋਂ ਦੇਸ਼, ਕੌਮ ਦੀ ਚੜ੍ਹਦੀ ਕਲਾ,  ਇਨਸਾਫ਼ ਪਸੰਦ ਤੇ ਬਰਾਬਰੀ ਦੇ ਸਮਾਜ ਦੀ ਚਮਕ ਦਿਸਦੀ ਹੈ। ਇਸ ਲਈ ਆਓ, ਭ੍ਰਿਸ਼ਟ ਅਤੇ ਤਾਨਾਸ਼ਾਹ ਹੁੰਦੇ ਢਾਂਚੇ ਖਿਲਾਫ਼ ਕਦਮ ਪੁੱਟ ਕੇ ਜਿਉਂਦੇ ਜੀਆਂ ਵਾਲੀ ਦੀਵਾਲੀ ਮਨਾਉਣ ਦੇ ਰਾਹ ਤੁਰੀਏ।
       ਅਜੋਕੇ ਮਾਹੌਲ ਵਿਚ ਸ਼ਾਇਦ 96 ਫ਼ੀਸਦੀ ਲੋਕਾਂ ਵੱਲੋਂ ਮੋਇਆਂ ਵਾਲੀ  ਦੀਵਾਲੀ ਮਨਾਉਣ ਦਾ ਰੁਝਾਨ ਹੈ। ਸਾਨੂੰ ਗਿਆਨ ਹੈ ਕਿ ਇਨ੍ਹਾਂ ਸਤਰਾਂ 'ਤੇ ਸ਼ਾਇਦ 96 ਫ਼ੀਸਦੀ ਲੋਕਾਂ ਨੂੰ ਇਤਰਾਜ਼ ਹੋਵੇ ਪਰ ਸਾਡੇ ਮਹਿਜ਼ 4 ਫ਼ੀਸਦੀ ਲੋਕਾਂ ਦੀ ਇਹ ਅਵਾਜ਼ ਜਮੀਰ ਤੇ ਇਖਲਾਕ ਦੇ ਹੱਕ 'ਚ 1857 ਦੀ ਪਹਿਲੀ ਕ੍ਰਾਂਤੀ ਵਾਂਗ ਜਨਤਾ ਇੱਕ 'ਵਿਚਾਰ' ਬਣਨ ਤੱਕ ਬੜੀ ਸ਼ਿੱਦਤ ਨਾਲ ਗੂੰਜਦੀ ਰਹੇਗੀ।   

1 comment:

  1. PUNJABI KAM PADHNI AATI H. SO OVERALL MUJHE LAGTA H KI BHARAT DESH MEIN LOG KHUD MURDE BANAE KO TYAR H. ESLIYE WO BANA RAHE H. HAM BHI GARIBO AUR JARURATMAND LOGO KE SATH RAFTA KAM HI RAKHTE H. M OVERALL BAAT KAH RHA HUN.
    GOOD PEN BY YOU
    ALL THE BEST

    ReplyDelete