13 October 2011

ਦੁਨੀਆਂ ਭਰ 'ਚ ਏਡਜ ਨਾਲੋਂ ਵੀ ਚਾਰ ਗੁਣਾ ਵੱਧ ਫੈਲਿਆ ਕੈਂਸਰ

-ਤਾਜੇ ਅੰਕੜਿਆਂ ਅਨੁਸਾਰ ਦੁਨੀਆਂ ਭਰ 'ਚ ਕੈਂਸਰ ਦੀ ਬੀਮਾਰੀ 'ਚ 
20 ਫ਼ੀਸਦੀ ਦਾ ਔਸਤਨ ਵਾਧਾ-
                                          
                                                     ਇਕਬਾਲ ਸਿੰਘ ਸ਼ਾਂਤ
                  ਵਿਸ਼ਵ ਪੱਧਰੀ ਸਮਾਜ ਸੇਵੀ ਸੰਸਥਾ 'ਰੋਕੋ ਕੈਂਸਰ' ਦੇ ਗਲੋਬਲ ਰਾਜਦੂਤ ਸ੍ਰੀ ਕੁਲਵੰਤ ਧਾਲੀਵਾਲ ਨੇ ਕਿਹਾ ਕਿ ਅਜੋਕੇ ਤਣਾਅਪੂਰਨ ਮਾਹੌਲ ਨੇ ਮਨੁੱਖਤਾ ਨੂੰ ਸਾਦੇ ਜੀਵਨ ਤੋਂ ਕੋਹਾਂ ਦੂਰ ਲਿਜਾ ਕੇ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਦੇ ਚੰਗੁਲ ਵਿਚ ਅਜਿਹਾ ਉਲਝਾ ਦਿੱਤਾ ਹੈ ਕਿ ਕੈਂਸਰ ਦੁਨੀਆਂ 'ਚ ਸਭ ਤੋਂ ਭਿਆਨਕ ਤੇ ਨਾਮੁਰਾਦ ਬੀਮਾਰੀ ਮੰਨੇ ਜਾਂਦੀ ਏਡਜ਼ ਨਾਲੋਂ ਵੀ ਚਾਰ ਗੁਣਾ ਜ਼ਿਆਦਾ ਫੈਲ ਚੁੱਕਿਆ ਹੈ।
                ਉਨ੍ਹਾਂ ਅੱਜ ਇਸ ਪ੍ਰਤਿਨਿਧ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਆਖਿਆ ਕਿ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿਚ ਕੈਂਸਰ ਦੀ ਬੀਮਾਰੀ ਵਿਚ 20 ਫ਼ੀਸਦੀ ਦਾ ਔਸਤਨ ਵਾਧਾ ਹੋਇਆ ਹੈ, ਜੋ ਕਿ ਮਨੁੱਖਤਾ ਲਈ ਬੇਹੱਦ ਭਿਆਨਕ ਸੰਕੇਤ ਹੈ। ਇਸ ਖ਼ਤਰੇ ਦੀ ਘੰਟੀ ਨੂੰ ਮਹਿਸੂਸ ਕਰਦਿਆਂ ਯੂਰਪੀਅਨ ਮੁਲਕਾਂ ਦੀਆਂ ਸਰਕਾਰਾਂ ਬੇਹੱਦ ਗੰਭੀਰ ਹਨ। ਜਿਸਦੇ ਮੱਦੇਨਜ਼ਰ ਰੋਕੋ ਕੈਂਸਰ ਦੇ ਯਤਨਾਂ ਸਦਕਾ ਕੈਂਸਰ ਦੀ ਰੋਕਥਾਮ ਲਈ ਵਿਸ਼ਵ ਪੱਧਰ 'ਤੇ ਹੱਲ ਕੱਢਣ ਲਈ ਕੱਲ੍ਹ 12 ਅਕਤੂਬਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਵਿਖੇ 17 ਮੁਲਕਾਂ ਦੀ ਇੱਕ ਮੀਟਿੰਗ ਸੱਦੀ ਗਈ ਹੈ। ਜਿਸ ਵਿਚ 17 ਮੁਲਕਾਂ ਦੇ ਸੰਸਦ ਮੈਂਬਰ ਹਿੱਸਾ ਲੈਣਗੇ।
ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਮਾਜ ਦੇ ਬਹੁਪੱਖੀ ਵਿਕਾਸ ਦੇ ਨਾਲ-ਨਾਲ ਵਧ ਰਹੇ ਤਣਾਅ ਅਤੇ ਰਸਾਇਣਿਕ ਖਾਦਾਂ ਕਰਕੇ ਹੋਏ ਦੂਸ਼ਿਤ ਹੁੰਦੇ ਪਾਣੀਆਂ ਸਮੇਤ ਵੱਖ-ਵੱਖ ਵਿਸ਼ੇ-ਵਿਕਾਰਾਂ ਕਰਕੇ ਅਜੋਕੇ ਤਰੱਕੀ ਦੇ ਵਸੀਲੇ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਵੀ ਸਿੱਧ ਹੋ ਰਹੇ ਸਨ।
              ਸ੍ਰੀ ਧਾਲੀਵਾਲ ਨੇ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਅਸੀਂ ਤੜਕ-ਭੜਕ ਅਤੇ ਤਣਾਅ ਭਰੇ ਜੀਵਨ ਤੋਂ ਪਾਸਾ ਵੱਟ ਕੇ ਇਕਜੁਟਤਾ ਨਾਲ ਸਾਦੇ ਜੀਵਨ ਵੱਲ ਮੂੰਹ ਨਾ ਮੋੜਿਆ ਤਾਂ ਅਗਲੇ ਇੱਕ-ਡੇਢ ਦਹਾਕੇ ਵਿਚ ਦੁਨੀਆਂ ਦੇ ਤਕਰੀਬਨ ਹਰੇਕ ਦੂਸਰੇ ਪਰਿਵਾਰ ਨੂੰ ਕੈਂਸਰ ਦਾ ਮਾੜਾ ਪਰਛਾਵਾਂ ਭੋਗਣਾ ਪਵੇਗਾ।
                ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਦਾ ਮਾਲਵਾ ਖੇਤਰ ਕੈਂਸਰ ਨਾਲ ਜੂਝ ਰਿਹਾ ਹੈ, ਉਥੇ ਦੁਨੀਆਂ ਦੇ ਹੋਰਨਾਂ ਮੁਲਕ ਵੀ ਇਸਦੀ ਮਾਰ ਹੇਠ ਹਨ। ਉਨ੍ਹਾਂ ਕੈਂਸਰ ਦੀ ਬੀਮਾਰੀ ਖਿਲਾਫ਼ ਰੋਕੋ ਕੈਂਸਰ ਦੀਆਂ ਕਾਰਗੁਜਾਰੀਆਂ ਅਤੇ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਸਰਕਾਰ ਵੱਲੋਂ ਰੋਕੋ ਕੈਂਸਰ ਦੇ ਸਹਿਯੋਗ ਨਾਲ 28 ਅਕਤੂਬਰ ਤੋਂ ਸੂਬੇ ਵਿਚ ਕੈਂਸਰ ਨੂੰ ਮੁੱਢਲੇ ਪਛਾਣਨ ਦੇ ਉਦੇਸ਼ ਨਾਲ ਆਰੰਭੀ ਮੁਹਿੰਮ ਨੂੰ ਇੱਕ ਚੰਗੀ ਸ਼ੁਰੂਆਤ ਕਰਾਰ ਦਿੰਦਿਆਂ ਕਿਹਾ ਕਿ ਹੁਣ ਜੇਕਰ ਲੋਕ ਗੰਭੀਰਤਾ ਨਾਲ ਇਸ ਮੁਹਿੰਮ ਨੂੰ ਸਾਥ ਦੇਣ ਤਾਂ ਸੂਬੇ ਦੇ ਹਰ ਕੈਂਸਰ ਬਾਰੇ ਸ਼ੱਕੀ ਵਿਅਕਤੀ ਦਾ ਮੁੱਢਲੇ ਪੜਾਅ 'ਤੇ ਚੈਕਅੱਪ ਕਰਵਾ ਕੇ ਪੰਜਾਬ 'ਚ ਵੀ ਵਿਦੇਸ਼ਾਂ ਵਾਂਗ ਕੈਂਸਰ ਨਾਲ ਹੋਣ ਵਾਲੀਆਂ 'ਤੇ ਮੌਤਾਂ ਦੀ ਦਰਾਂ ਵਿਚ ਕਮੀ ਲਿਆਂਦੀ ਜਾ ਸਕਦੀ ਹੈ।
                   ਕੈਂਸਰ ਦੀ ਬੀਮਾਰੀ ਖਿਲਾਫ਼ ਆਪਣੇ ਜੀਵਨ ਸਮਰਪਿਤ ਕਰਨ ਵਾਲੇ ਸ੍ਰੀ ਧਾਲੀਵਾਲ ਨੇ ਦੱਸਿਆ ਕਿ ਰੋਕੋ ਕੈਂਸਰ ਵੱਲੋਂ ਪੰਜਾਬ ਵਿਚ ਕੈਂਸਰ ਚੈੱਕਅਪ ਲਈ ਪਹਿਲਾਂ 5 ਬੱਸਾਂ ਚੱਲ ਰਹੀਆਂ ਸਨ, ਪਰ ਹੁਣ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਇੱਕ ਨਵੀਂ ਬੱਸ ਰੋਕੋ ਕੈਂਸਰ ਦੇ ਭਾਰਤ ਵਿਚ ਨੁਮਾਇੰਦੇ ਸ: ਅਰਵਿੰਦਰ ਸਿੰਘ ਚਾਵਲਾ ਨੂੰ ਸੌਂਪੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ 24 ਅਕਤੂਬਰ ਨੂੰ ਪਿੰਗਲਵਾੜਾ (ਅੰਮ੍ਰਿਤਸਰ) ਵਿਖੇ ਇੱਕ ਕੈਂਸਰ ਚੈੱਕਅੱਪ ਕੈਂਪ ਲਾਇਆ ਜਾ ਰਿਹਾ ਹੈ।

No comments:

Post a Comment