24 March 2017

ਸਿਆਸੀ ਭਲਵਾਨਾਂ ਦੇ ਪਿੰਡ ਬਾਦਲ ’ਚ ਸੁਰਾਂ ਦੇ ਜਾਦੂਗਰਾਂ ਦਾ ਵਾਸਾ

* ਕਲੀਆਂ ਦੇ ਬਾਦਸ਼ਾਹ ਦੇ ਭਾਣਜੇ ਦਾ ਪੁੱਤ ‘ਖੁਦਾ ਬਖ਼ਸ਼’ ਇੰਡੀਅਨ ਆਈਡਲ ਸ਼ੋਅ ਦੇ ਫਾਈਨਲ ’ਚ
* ਖੁਦਾ ਬਖ਼ਸ਼ ਦੀ ਭੈਣ ਅਫਸਾਨਾ ਕਲਰਜ਼ ਟੀ.ਵੀ ਦੇ ਰਾਇਜਿੰਗ ਸਟਾਰ ਸ਼ੋਅ ’ਚ ਟੌਪ 14 ’ਚ
* ਸ਼ੋਅ ਦੀ ਸ਼ੂਟਿੰਗ ਲਈ ਪਿੰਡ ਬਾਦਲ ਪੁੱਜਣ ’ਤੇ ਲੋਕਾਂ ਨੇ ਮੋਢਿਆਂ ’ਤੇ ਚੁੱਕਿਆ


ਇਕਬਾਲ ਸਿੰਘ ਸ਼ਾਂਤ
         ਲੰਬੀ: ਸਿਆਸੀ ਭਲਵਾਨਾਂ ਦੀ ਜਰਖ਼ੇਜ਼ ਧਰਤੀ ਪਿੰਡ ਬਾਦਲ ’ਤੇ ਸੁਰਾਂ ਦੇ ਜਾਦੂਗਰਾਂ ਦਾ ਵੀ ਵਾਸਾ ਹੈ। ਇੱਥੋਂ ਦੇ ਗਰੀਬ ਪਰਿਵਾਰ ਦਾ ਨੌਜਵਾਨ ਖੁਦਾ ਬਖ਼ਸ਼ ਸੋਨੀ ਟੀ.ਵੀ ਦੇ ਗਾਇਕੀ ਮੁਕਾਬਲਿਆਂ ਦੇ ਇੰਡੀਅਨ ਆਈਡਲ ਸ਼ੋਅ ਦੇ ਫਾਈਨਲ ’ਚ ਪੁੱਜ
ਗਿਆ ਹੈ। ਉਸਦੀ ਭੈਣ ਅਫਸਾਨਾ ਕਲਰਜ਼ ਟੀ.ਵੀ ਦੇ ਰਾਇਜਿੰਗ ਸਟਾਰ ਸ਼ੋਅ ’ਚ ਟੌਪ 14 ’ਚ ਪੁੱਜ ਚੁੱਕੀ ਹੈ। ਟੀ.ਵੀ. ਸ਼ੋਅ ਨਾਲ ਕਰੋੜਾਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆਂ ਖੁਦਾ ਬਖ਼ਸ਼, ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਸਕੇ ਭਾਣਜੇ ਗਾਇਕ ਸੀਰਾ ਖ਼ਾਨ ਦਾ ਫਰਜੰਦ ਹੈ। ਸੀਰਾ ਖ਼ਾਨ ਦੀ ਮਾਂ ਰਸੀਦਾ ਬੇਗਮ ਕੁਲਦੀਪ ਮਾਣਕ ਦੀ ਸਕੀ ਭੈਣ ਹੈ। ਗਾਇਕੀ ਰਾਹੀਂ ਛੋਟੀ ਉਮਰੇ ਮਕਬੂਲੀਅਤ ਦੀ ਵੱਡੀ ਦਾਤ ਹਾਸਲ ਕਰਨ ਵਾਲਾ ਖੁਦਾ ਬਖ਼ਸ਼ ਖੇਤਰ ਦਾ ਪਹਿਲਾ ਗਾਇਕ ਹੈ।
           ਉਸਦੇ ਪਿਤਾ ਮਰਹੂਮ ਗਾਇਕ ਸੀਰਾ ਖ਼ਾਨ ਨੇ 2003 ਤੱਕ ਆਪਣੀ ਪਤਨੀ ਆਸ਼ਾ ਬੇਗਮ ਨਾਲ ਦੋਗਾਣਿਆਂ ’ਚ ਕਾਫ਼ੀ ਮਕਬੂਲੀਅਤ ਖੱਟੀ ਸੀ। ਇਸ ਦੋਗਾਣਾ ਜੋੜੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਜਲਸਿਆਂ ਵਿੱਚ ਖੂਬ ਗਾਇਆ। 21 ਸਾਲਾ ਖੁਦਾ ਬਖ਼ਸ਼ ਦੀ ਮਾਂ ਆਸ਼ਾ ਖ਼ਾਨ ਨੇ ਇੱਕ ਪੁੱਤਰ ਤੇ 5 ਧੀਆਂ ਨੂੰ ਬਾਦਲ
ਖ਼ਾਨਦਾਨ ਦੇ ਘਰਾਂ ਵਿੱਚ ਘਰੇਲੂ ਕੰਮਕਾਜ਼ ਕਰਕੇ ਪਰਵਾਣ ਚੜ੍ਹਾਇਆ। ਬੱਚਿਆਂ ਦੇ ਪਾਲਣ-ਪੋਸ਼ਣ ਲਈ ਆਸ਼ਾ ਬੇਗਮ ਨੇ ਗੁਰਦੁਆਰੇ ’ਚ ਰੋਟੀਆਂ ਵੀ ਪਕਾਈਆਂ। 3 ਧੀਆਂ ਰਜੀਆ ਸੁਲਤਾਨ, ਰਫ਼ਤਾਰ ਤੇ ਅਫਸਾਨਾ ਗਾਇਕੀ ਨੂੰ ਕਿੱਤੇ ਪੱਖੋਂ ਅਪਣਾ ਚੁੱਕੀਆਂ ਹਨ। ਰਫ਼ਤਾਰ ਕੌਰ ਦਾ ਗੋਇਲ ਮਿਊਜਿਕ ਕੰਪਨੀ ਵੱਲੋਂ ਕੈਸਿਟ ਆ ਚੁੱਕੀ ਹੈ। ਅਫਸਾਨਾ ਖ਼ਾਨ 2013 ’ਚ ਵੋਇਸ ਆਫ਼ ਪੰਜਾਬ ਮੁਕਾਬਲੇ ਵਿੱਚ ਟੋਪ-5 ਵਿੱਚ ਰਹਿ ਚੁੱਕੀ ਹੈ। ਖੁਦਾ ਬਖ਼ਸ਼ ਫਾਈਨਲ ਮੁਕਾਬਲੇ ’ਚ ਪੁੱਜਣ ਮਗਰੋਂ ਕੱਲ੍ਹ ਰਾਤ ਪਿੰਡ ਬਾਦਲ ਪੁੱਜਿਆ। ਸ਼ੋਅ ਦਾ ਫਾਈਨਲ 2 ਅਪਰੈਲ ਨੂੰ ਹੋਣਾ ਹੈ। ਕੱਲ੍ਹ ਰਾਤ 9 ਵਜੇ ਖੁਦਾ ਬਖ਼ਸ਼ ਨੂੰ ਬਠਿੰਡਾ ਤੋਂ ਕਾਰਾਂ ਦੇ ਕਾਫ਼ਲੇ ਵਿੱਚ ਢੋਲ ਢਮੱਕੇ ਨਾਲ ਪਿੰਡ ਲਿਆਂਦਾ ਗਿਆ।
ਦਿਲ ਖਿੱਚਵੀਂ ਆਵਾਜ਼ ਰਾਹੀਂ ਮਕਬੂਲ ਹੋਏ ਖੁਦਾ ਬਖ਼ਸ਼ ਨੂੰ ਕੱਲ੍ਹ ਰਾਤ ਪਿੰਡ ਵਾਸੀ ਮੋਢਿਆਂ ’ਤੇ ਚੁੱਕੀ ਫਿਰਦੇ ਰਹੇ ਅਤੇ ਪਿੰਡ ’ਚ ਮੇਲੇ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਪਿੰਡ ਦੇ ਦਸਮੇਸ਼ ਵਿੱਦਿਅਕ ਅਦਾਰੇ ’ਚ ਉਸਦਾ ਸਨਮਾਨ ਵੀ ਕੀਤਾ ਗਿਆ। ਸੈਲਫ਼ੀਆਂ ਦੇ ਸ਼ੌਕੀਨਾਂ ਨੇ ਫੋਟੋਆਂ ਖਿਚਵਾ ਕੇ ਫੇਸਬੁੱਕ ’ਤੇ ਅਪਲੋਡ ਕਰਨ ਦੀ ਧੁੱਕੀ ਕੱਢੀ ਹੋਈ ਹੈ। ਫਾਈਨਲ ਮੁਕਾਬਲੇ ਲਈ ਖੁਦਾ ਬਖ਼ਸ਼ ਦੀ ਬਾਦਲ ’ਚ ਵੱਖ-ਵੱਖ ਲੋਕੇਸ਼ਨਾਂ ’ਤੇ ਸ਼ੂਟਿੰਗ ਹੋਈ। ਖੁਦਾ ਬਖਸ਼ ਦਾ ਕਹਿਣਾ ਹੈ ਕਿ ਉਸ ਦੇ ਮਰਹੂਮ ਪਿਤਾ ਗਾਇਕ ਸੀਰਾ ਖਾਨ ਦਾ ਸੁਫ਼ਨਾ ਸੀ ਕਿ ਖੁਦਾ ਬਖ਼ਸ਼ ਮੁੰਬਈ ਜਾ ਕੇ ਗਾਇਕੀ ਦੇ ਖੇਤਰ ਵਿੱਚ ਨਾਮ ਕਮਾਵੇ, ਉਹ ਸੁਪਨਾ ਅੱਜ ਪੂਰਾ ਹੋ ਰਿਹਾ ਹੈ। ਖੁਦਾ ਬਖ਼ਸ਼ ਗਾਇਕੀ ਉਨ੍ਹਾਂ ਦੇ ਪਰਿਵਾਰ ਦੇ ਖੂਨ ਵਿੱਚ
ਹੀ ਹੈ। ਉਨ੍ਹਾਂ ਦੇ ਪਿਤਾ ਗਾਇਕ ਸਨ, ਉਹ ਵੀ ਗਾਇਕ ਹੈ ਅਤੇ ਭੈਣਾਂ ਵੀ ਗਾਇਕ ਹਨ। ਪਰ ਗਰੀਬੀ ਦੇ ਚੱਲਦੇ ਕਦੇ ਇਸ ਖੇਤਰ ਵਿੱਚ ਅੱਗੇ ਵਧਣ ਦਾ ਮੌਕਾ ਨਾ ਮਿਲ ਸਕਿਆ ਸੀ। ਆਪਣੀ ਜਿੱਤ ਪੂਰੀ ਤਰ੍ਹਾ ਆਸਵੰਦ ਖੁਦਾ ਬਖ਼ਸ਼ ਅਨੁਸਾਰ ਉਹ ਆਪਣੀ ਮਾਤਾ ਦੀ ਮਿਹਨਤ ਸਦਕਾ ਇਸ ਮੁਕਾਮ ’ਤੇ ਪੁੱਜਿਆ ਹੈ। ਆਸ਼ਾ ਖ਼ਾਨ ਨੇ ਕਿਹਾ ਕਿ ਕੁਦਰਤ ਨੇ ਉਨ੍ਹਾਂ
ਦੀ ਸੁਣ ਲਈ ਹੈ ਖੁਦਾ ਬਖ਼ਸ਼ ਅਤੇ ਅਫਸਾਨਾ ਪਿੰਡ ਬਾਦਲ ਅਤੇ ਪੂਰੇ ਪੰਜਾਬ ਦਾ ਨਾਂਅ ਅਵਾਜ਼ ਦੀ ਦੁਨੀਆਂ ’ਚ ਰੌਸ਼ਨ ਕਰਨਗੇ।

    ਫਾਈਨਲ ’ਚ ਭਿੜਨਗੇ ਖੁਦਾ ਬਖ਼ਸ਼ ਨਾਲ ਰੋਹਿਤ ਤੇ ਏਲਵੀ

ਇੰਡੀਅਨ ਆਈਡਲ ਸ਼ੋਅ ਵਿੱਚ ਮਾਲਵਿਕਾ ਸੁੰਦਰ ਦੇ ਮੁਕਾਬਲੇ ਤੋਂ ਬਾਹਰ ਹੋਣ ਮਗਰੋਂ ਪਿੰਡ ਬਾਦਲ ਦਾ ਖੁਦਾ ਬਖਸ਼, ਵਿਸ਼ਾਖਾਪਟਨਮ ਦਾ ਏਲਵੀ ਰੇਵੰਤ ਅਤੇ ਹੈਦਰਾਬਾਦ ਦਾ ਪੀ.ਵੀ.ਐਨ.ਐਸ ਰੋਹਿਤ ਹੁਣ ਟੌਪ ਥ੍ਰੀ ਵਿੱਚ ਬਾਕੀ ਹਨ। ਇਨ੍ਹਾਂ ਤਿੰਨਾ ਵਿਚਕਾਰ ਇੰਡੀਅਨ ਆਇਡਲ ਬਣਨ ਲਈ ਫ਼ਸਵਾਂ ਮੁਕਾਬਲਾ ਹੋਵੇਗਾ। ਤਿੰਨੇ ਪ੍ਰਤੀਭਾਗੀਆਂ ਵਿਚੋਂ ਖੁਦਾ ਬਖ਼ਸ਼ ਉਮਰ ’ਚ ਛੋਟਾ ਹੈ। ਫਾਈਨਲ ਮੁਕਾਬਲਾ 2 ਅਪਰੈਲ ਨੂੰ ਹੋਣਾ ਹੈ। 

                                           

No comments:

Post a Comment