26 March 2018

ਮਹਾਰਾਜੇ ਦੇ 43605 ਵੋਟਰਾਂ ਦੀ ਹਾਲਤ ਬਿਨ੍ਹਾਂ ਛੱਤ ਵਾਲੇ ਮਕਾਨ ਵਰਗੀ

* ਕੈਪਟਨ ਅਤੇ ਮਨਪ੍ਰੀਤ ਨੇ ਮੁੱਢੋਂ ਵਿਸਾਰਿਆ ਲੰਬੀ ਹਲਕਾ 
* ਬੱਜਟ ਵਿੱਚ ਫੁੱਟੀ ਕੌਡੀ ਦੇਣ ਦਾ ਜਿਗਰਾ ਨਾ ਕੱਢ ਸਕੇ ਸਟੇਜਾਂ ’ਤੇ ਫੋਕੀਆਂ ਟਾਹਰਾਂ ਮਾਰਨ ਵਾਲੇ 
* ਚੋਣਾਂ ਮਗਰੋਂ ਮਹਾਰਾਜੇ ਅਤੇ ਯੁਵਰਾਜ ਨੇ ਨਹੀਂ ਕੀਤਾ ਲੰਬੀ ਵੱਲ ਮੂੰਹ, ਕਾਂਗਰਸ ਵਰਕਰ ਮੂੰਹ ਵੇਖਣ ਨੂੰ ਤਰਸੇ  

                                                       ਇਕਬਾਲ ਸਿੰਘ ਸ਼ਾਂਤ 
       ਲੰਬੀ: ਸੂਬੇ ਦੇ ਬੱਜਟ ਵਿੱਚ ਮਹਾਰਾਜੇ ਦੀ ਵੱਡੇ ਦਿਲ ਵਾਲੀ ਦਿਲਦਾਰੀ ਲੰਬੀ ਹਲਕੇ ਲਈ ਤੰਗਦਿਲ ਸਾਬਤ ਹੋਈ। ਮੱੁਖ ਮੰਤਰੀ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗੋਝੀ ਵਿਚੋਂ ਲੰਬੀ ਹਲਕੇ ਲਈ ਫੁੱਟੀ ਕੌਡੀ ਵੀ ਨਹੀਂ ਨਿੱਕਲੀ। ਮੁੱਖ ਮੰਤਰੀ ਅਮਰਿੰਦਰ ਸਿੰਘ ਲੰਬੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ
ਖਿਲਾਫ਼ ਚੋਣ ਲੜ ਚੁੱਕੇ ਹਨ। ਲੰਬੀ ਤੋਂ ਹਾਰ ਦੇ ਬਾਵਜੂਦ ਅਮਰਿੰਦਰ ਸਿੰਘ ਨੂੰ ਕਰੀਬ 43605 ਵੋਟਾਂ ਪਈਆਂ ਸਨ। ਸਰਕਾਰ ਬਣਨ ਦੇ ਇੱਕ ਸਾਲ ਬਾਅਦ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਲੰਬੀ ਹਲਕੇ ਨੂੰ ਪੂਰੀ ਤਰ੍ਹਾਂ ਵਿਸਾਰ ਰੱਖਿਆ ਹੈ।
      ਕੈਪਟਨ ਦੇ ਵਾਅਦਿਆਂ ਮੁਤਾਬਕ ਲੰਬੀ ਵਿੱਚ ਨਾ ਪ੍ਰਸ਼ਾਸਨ ਸੁਚੱਜਾ ਸਾਬਤ ਹੋ ਸਕਿਆ ਅਤੇ ਨਾ ਵਿਕਾਸ ਦੀ ਕੋਈ ਲਹਿਰ ਛਿੜ ਸਕੀ। ਪੁਲਿਸ ਦੀ ਸ਼ਹਿ ’ਤੇ ਨਸ਼ੇ ਗਲੀ-ਗਲੀ ਵਿਕ ਰਹੇ ਹਨ। ਚੋਣਾਂ ਸਮੇਂ ਚੋਣ ਜਲਸਿਆਂ ’ਚ ਅਮਰਿੰਦਰ ਸਿੰਘ ਨੇ ਲੰਬੀ ਹਲਕੇ ਨੂੰ ਬਹੁਪੱਖੀ ਵਿਕਾਸ ਅਤੇ ਸੁਚੱਜੇ ਸ਼ਾਸਨ ਦੇ ਸੁਫ਼ਨੇ ਵਿਖਾਏ ਸਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਵੀ ਲੰਬੀ ਹਲਕੇ ਦੇ ਬਾਸ਼ਿੰਦੇ ਹਨ ਅਤੇ ਉਨ੍ਹਾਂ ਦਾ ਘਰ ਵੀ ਪਿੰਡ ਬਾਦਲ ’ਚ ਹੈ। ਉਹ ਬਠਿੰਡਾ ਲੋਕਸਭਾ ਤੋਂ ਚੋਣ ਲੜ ਚੁੱਕੇ ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸਿੰਙਾਂ ਨੂੰ ਹੱਥ ਪੈਣ ’ਤੇ ਲੰਬੀ ਹਲਕੇ ਨਾਲ ਇਨਸਾਫ਼ ਦੇ ਵਾਅਦਿਆਂ ਨੂੰ ਬੱਜਟ ਵਿੱਚ ਵਫ਼ਾਂ ਨਹੀਂ ਕਰ ਸਕੇ।
ਲੰਬੀ ਹਲਕੇ ਦੇ ਅਮਰਿੰਦਰ ਸਿੰਘ ਦੇ 43605 ਵੋਟਰਾਂ ’ਚ ਖੁੱਲ੍ਹੇਆਮ ਨਰਾਜਗੀ ਹੈ ਕਿ ਸੱਤਾ ’ਤੇ ਕਾਬਜ਼ ਹੋਣ ਉਪਰੰਤ ਮੁੱਖ ਮੰਤਰੀ ਅਮਰਿੰਦਰ ਸਿੰਘ ਜਾਂ ਉਨ੍ਹਾਂ ਦੇ ਸਪੱੁਤਰ ਰਣਇੰਦਰ ਸਿੰਘ ਨੇ ਲੰਬੀ ਹਲਕੇ ’ਚ ਇੱਕ ਪੈਰ ਪਾਉਣਾ ਵੀ ਜ਼ਰੂਰੀ ਨਹੀਂ ਸਮਝਿਆ। ਲੰਬੀ ਹਲਕੇ ’ਚ ਕਾਂਗਰਸੀ ਸਫ਼ਾਂ ਦੀ ਹਾਲਤ ਬਿਨ੍ਹਾਂ ਛੱਤ ਵਾਲੇ ਮਕਾਨ ਵਾਲੀ ਬਣੀ ਹੋਈ ਹੈ। ਪਿਛਲੇ ਦਿਨ੍ਹੀਂ ਯੁਵਰਾਜ ਰਣਇੰਦਰ ਸਿੰਘ ਗੁਆਂਢੀ ਹਲਕੇ ਗਿੱਦੜਬਾਹਾ ’ਚ ਫੇਰੀ ਪਾ ਕੇ ਪੁੱੱਠੇ ਪਰਤ ਗਏ। 
      ਜ਼ਮੀਨੀ ਹਕੀਕਤ ਹੈ ਕਿ ਲੰਬੀ ਹਲਕੇ ਦੀਆਂ 60 ਫ਼ੀਸਦੀ ਕਾਂਗਰਸੀ ਸਫ਼ਾਂ ਨੂੰ ਅਕਾਲੀ ਦਲ ਚੰਗਾ ਲੱਗਣ ਲੱਗ ਪਿਆ ਹੈ। ਬੀਤੇ ਦਿਨ੍ਹੀਂ ਖੁਦ ਵਿੱਤ ਮੰਤਰੀ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਲੰਬੀ ’ਚ ਅਗਾਮੀ ਚੋਣਾਂ ’ਚ ਅਕਾਲੀ ਦਲ ਦੀ ਲੀਡ 70 ਹਜ਼ਾਰ ਨੂੰ ਲੰਘਣ ਦੀ ਗੱਲ ਆਖ ਚੁੱਕੇ ਹਨ। ਜ਼ਿਲ੍ਹੇ ਦੀ ਸੁਮੱਚੀ ਅਫਸਰਸ਼ਾਹੀ ਹੁਣ ਵੀ ਬਾਦਲਾਂ ਦੇ ਕਹਿਣੇ ਹੇਠ ਹੈ ਅਤੇ ਪੁਲਿਸ ਅਮਲਾ ਬੇਲਗਾਮੀ ਅਤੇ ਸੈਟਿੰਗਾਂ ਹੇਠ ਚੱਲ ਰਿਹਾ ਹੈ। 

    ਮੌਜੂਦਾ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਨਾਲ ਜੁੜੇ ਹੋਣ ਕਰਕੇ ਬੱਜਟ ਤੋਂ ਲੰਬੀ ਹਲਕੇ ਨੂੰ ਕਾਫ਼ੀ ਆਸਾਂ ਉਮੀਦਾਂ ਸਨ। ਲੰਬੀ ਹਲਕੇ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਕਾਫ਼ੀ ਗੰਭੀਰ ਹੈ। ਜਿਸ ਨਾਲ ਨਜਿੱਠਣ ਲਈ ਵੱਡੀ ਸਨਅਤ ਸਥਾਪਿਤ ਕਰਨ ਦੀ ਜ਼ਰੂਰਤ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਅਕਾਲੀ ਸਰਕਾਰ ਸਮੇਂ ਹਲਕੇ ਦਾ ਕਾਫ਼ੀ ਪੇਂਡੂ ਵਿਕਾਸ ਹੋਇਆ। ਲੋਕਾਂ ਦਾ ਜੀਵਨ ਪੱਧਰ ਮੁਫ਼ਤ ਆਟਾ-ਦਾਲ ਅਤੇ 15-20 ਹਜ਼ਾਰ ਦੀਆਂ ਗਰਾਟਾਂ ਤੋਂ ਉੱਪਰ ਨਹੀਂ ਉੱਠ ਸਕਿਆ। ਬੇਰੁਜ਼ਗਾਰੀ ਨੂੰ ਨੱਥ ਪਾਉਣ ਰੁਜ਼ਗਾਰ ਦੇ ਸੁਚੱਜੇ ਮੌਕੇ ਪੈਦਾ ਨਹੀਂ ਹੋ ਸਕੇ। ਹਲਕੇ ਵਿੱਚ ਸਿਹਤ ਸੇਵਾਵਾਂ ਕਾਫ਼ੀ ਮੰਦੀ ਹਾਲਤ ਵਿੱਚ ਹਨ। ਕਸਬਾ ਲੰਬੀ ਅਜੇ ਤੱਕ ਬੱਸ ਅੱਡਾ ਅਤੇ ਦਾਣਾ ਮੰਡੀ ਦੀ ਬੁਨਿਆਦੀ ਸਹੂਲਤ ਤੋਂ ਵਾਂਝਾ ਹੈ। ਪੇਂਡੂ ਹਲਕੇ ਵਿੱਚ ਫਾਇਰ ਬ੍ਰਿਗੇਡ ਸਹੂਲਤ ਵੀ ਨਹੀਂ ਹੈ। ਫਸਲਾਂ ਨੂੰ ਅੱਗ ਲੱਗਣ ਸਮੇਂ ਮਲੋਟ ਅਤੇ ਗਿੱਦੜਬਾਹਾ ਤੋਂ ਸੇਵਾਵਾਂ ਲੈਣੀਆਂ ਪੈਂਦੀਆਂ ਹਨ। ਲੰਬੀ ਦੇ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ’ਚ 32 ਲੱਖ ਰੁਪਏ ਨਾਲ ਬਣਿਆ ਪੋਸਟਮਾਰਟਮ ਕੇਂਦਰ ਚਾਰ ਸਾਲ ਬਾਅਦ ਵੀ ਚਾਲੂ ਨਹੀਂ ਹੋ ਸਕਿਆ। ਹਲਕੇ ਦੇ ਬਹੁਗਿਣਤੀ ਪਿੰਡਾਂ ਵਿੱਚ ਛੱਪੜਾਂ ਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਹੈ। ਪ੍ਰਸ਼ਾਸਨ ਅਤੇ ਪੁਲਿਸ ਤੰਤਰ ਸੈਟਿੰਗਾਂ ਦੀ ਲੰਘ ਰਿਹਾ ਹੈ। ਪੁਲੀਸ ਅਤੇ ਅਫਸਰਸ਼ਾਹੀ ਆਰਥਿਕ ਸੈਟਿੰਗਾਂ ਤਹਿਤ ਪੂਰੀ ਬੇਲਗਾਮ ਹੈ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੇ ਲਗਾਤਾਰ ਦੂਸਰੇ ਬੱਜਟ ਵਿੱਚ ਲੰਬੀ ਹਲਕੇ ਵਿੱਚ ਕੋਈ ਵਿਸ਼ੇਸ਼ ਤਜਵੀਜ਼ ਨਾ ਰੱਖੇ ਜਾਣ ਨਾਲ ਕਾਂਗਰਸ ਸਰਕਾਰ ਦੀ ਲੰਬੀ ਹਲਕੇ ਪ੍ਰਤੀ ਨੀਤੀ ਸਪੱਸ਼ਟ ਹੋ ਗਈ ਹੈ। ਅਮਰਿੰਦਰ ਸਰਕਾਰ ਨੇ ਕਿਸੇ ਨਿੱਜੀ ਸਮਝੌਤੇ ਤਹਿਤ ਲੰਬੀ ਹਲਕੇ ਨੂੰ ਬਾਦਲਾਂ ਦੀ ਝੋਲੀ ਪਾ ਦਿੱਤਾ ਹੈ। ਜ਼ਿਲ੍ਹਾ ਕਾਂਗਰਸ ਸ੍ਰੀ ਮੁਕਤਸਰ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਦੇ ਵਿਗੜੇ ਆਰਥਿਕ ਢਾਂਚੇ ਨੂੰ ਪੈਰਾਂ ਸਿਰ ਕਰਨ ਵਿੱਚ ਜੁਟੇ ਹੋਏ ਹਨ। ਲੰਬੀ ਹਲਕੇ ਵੱਲ ਉਨ੍ਹਾਂ ਦਾ ਪੂਰਾ ਧਿਆਨ ਹੈ ਅਤੇ ਜਿਸਦੇ ਬਿਹਤਰ ਨਤੀਜੇ ਅਗਲੇ ਸਮੇਂ ਵਿੱਚ ਵੇਖਣ ਨੂੰ ਮਿਲਣਗੇ। 98148-26100/93178-26100 

No comments:

Post a Comment