31 March 2018

'ਡੈਪੋਗਿਰੀ' ਤੋਂ ਮਹਾਰਾਜੇ ਦੇ ਡੈਪੋਜ਼ ਦਾ ਹੋਣ ਲੱਗਿਆ ਮੋਹ ਭੰਗ

* ਹਾਕੂਵਾਲਾ ’ਚ ਤਿੰਨ ਨਸ਼ਾ ਤਸਕਰਾਂ ਨੂੰ ਫੜਨ ਵਾਲੇ ਡੈਪੋਜ਼ ਹੋਣਗੇ ਡੈਪੋ ਮੁਹਿੰਮ ਤੋਂ ਲਾਂਭੇ
* ਡੈਪੋ ਦੀ ਸੂਚਨਾ ਪੁਲਿਸ ਲਈ ਕੋਈ ਤਵੱਜੋ ਨਹੀਂ ਰੱਖਦੀ 
* ਡੈਪੋ ਨੇ ਮੁਹਿੰਮ ਨੂੰ ਮਹਿਜ਼ ਲਿਫ਼ਾਫ਼ੇਬਾਜ਼ੀ ਦੱਸਿਆ 
* ਸੂਬੇ ਨੂੰ ਨਸ਼ਾਮੁਕਤ ਕਰਨ ਲਈ ਸਰਕਾਰ ਵਚਨਬੱਧ : ਖੁੱਡੀਆਂ

                                                     ਇਕਬਾਲ ਸਿੰਘ ਸ਼ਾਂਤ
   ਲੰਬੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਦੇ ਸ਼ਕਤੀਕਰਨ ਤਹਿਤ ਬਣਾਏ ਡੈਪੋ (ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫਸਰ) ਪੁਲਿਸ ਲਈ ਕੋਈ ਤਵੱਜੋ ਨਹੀਂ ਰੱਖਦੇ। ਜਿਸ ਕਰਕੇ ਉਨ੍ਹਾਂ ਦਾ ਮੋਹ ਇੱਕ ਹਫ਼ਤੇ ਅੰਦਰ ਹੀ ਕੈਪਟਨ ਦੀ ਵਕਾਰੀ ਮੁਹਿੰਮ ਤੋਂ ਭੰਗ ਹੋਣ ਲੱਗਿਆ ਹੈ। ਮਹਾਰਾਜੇ ਦੀ ਡੈਪੋ ਮੁਹਿੰਮ ਸਿਰਫ਼ 23 ਮਾਰਚ ਦੇ
ਕੌਮੀ ਸ਼ਹੀਦਾਂ ਨੂੰ ਸਿਰਫ਼ ਇੱਕ ਹਫ਼ਤੇ ਅੰਦਰ ਕਾਗਜ਼ੀ ਸ਼ਰਧਾਂਜਲੀ ਜਾਪਣ ਲੱਗੀ ਹੈ। ਪਿੰਡ ਹਾਕੂਵਾਲਾ ਦੇ ਡੈਪੋ ਮਨਜੀਤ ਸਿੰਘ ਨੇ ਹੋਰਨਾਂ ਨੌਜਵਾਨਾਂ ਸਮੇਤ ਡੈਪੋਗਿਰੀ ਤੋਂ ਲਾਂਭੇ ਹੋਣ ਦਾ ਐਲਾਨ ਕੀਤਾ ਹੈ। ਉਹ ਹਾਕੂਵਾਲਾ ਵਿਖੇ ਮੈਡੀਕਲ ਨਸ਼ਾ ਵਿਕਣ ਬਾਰੇ ਡੈਪੋ ਦੀਆਂ ਸ਼ਿਕਾਇਤਾਂ ਨੂੰ ਕਿੱਲਿਆਂਵਾਲੀ ਪੁਲਿਸ ਵੱਲੋਂ ਅਣਸੁਣਿਆ ਕਰਨ ਤੋਂ ਖਫ਼ਾ ਹੈ। ਜਿਸ ਮਗਰੋਂ ਬੀਤੇ ਕੱਲ੍ਹ ਉਥੋਂ ਦੇ ਦਰਜਨਾਂ ਲੋਕਾਂ ਨੇ ਮੋਰਚਾ ਲਗਾ ਕੇ ਤਿੰਨ ਨਸ਼ਾ ਤਸਕਰ ਕਾਬੂ ਕੀਤੇ। ਜ਼ਿਕਰਯੋਗ ਹੈ ਕਿ ਪੰਜਾਬ ’ਚ ਸਾਢੇ ਚਾਰ ਲੱਖ ਡੈਪੋ ਬਣਾਏ ਗਏ ਹਨ। ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫਸਰਾਂ (ਡੈਪੋ) ਦੀਆਂ ਨਸ਼ਿਆਂ ਬਾਰੇ ਸੂਚਨਾਵਾਂ ਨੂੰ ਪੁਲਿਸ ਵੱਲੋਂ ਰੱਤੀ ਭਰ ਸੁਣਵਾਈ ਤਹਿਤ ਨਹੀਂ ਮੰਨਿਆ ਜਾ ਰਿਹਾ।
         ਲੰਬੀ ਥਾਣੇ ਅਧੀਨ ਪਿੰਡਾਂ ਵਿੱਚ 2040 ਡੈਪੋ ਬਣਾਏ ਜਾਣ ਦੀ ਪੁਸ਼ਟੀ ਕੀਤੀ ਹੈ। ਜਿਨ੍ਹਾਂ ਵਿੱਚੋਂ ਹਾਕੂਵਾਲਾ ’ਚੋਂ
80-90 ਦੇ ਕਰੀਬ ਡੈਪੋ ਬਣਾਏ ਦੱਸੇ ਜਾਂਦੇ ਹਨ। ਸੂਤਰਾਂ ਅਨੁਸਾਰ ਖਾਕੀ ਸੂਤਰਾਂ ਅਨੁਸਾਰ ਪੁਲਿਸ ਤੰਤਰ ਨੇ ਮਹਾਰਾਜੇ ਮੂਹਰੇ ਨੰਬਰ ਬਣਾਉਣ ਲਈ 23 ਮਾਰਚ ਨੂੰ ਸ਼ਰਧਾਂਜਲੀ ਸਮਾਗਮ ਦੇ ਮੱਦੇਨਜ਼ਰ ਕਾਹਲੀ ’ਚ ਡੈਪੋ ਬਣਾ ਖਾਨਾਪੂਰਤੀ ਕਰ ਦਿੱਤੀ। ਆਖਿਆ ਜਾ ਰਿਹਾ ਹੈ ਕਿ ਪੜਤਾਲ ਕਰਨ ’ਤੇ ਕੁਝ ਫ਼ੀਸਦੀ ਨਸ਼ਿਆਂ ਦੇ ਕਾਰੋਬਾਰ ਨਾਲ ਸਿੱਧੇ-ਅਸਿੱਧੇ ਜੁੜੇ ਵਿਅਕਤੀਆਂ ਦੇ ਨਾਂਅ ਵੀ ਡੈਪੋ ਸੂਚੀ ’ਚ ਆ ਸਕਦੇ ਹਨ। ਹਾਕੂਵਾਲਾ ਦੇ ਡੈਪੋ-ਕਮ-ਕਾਂਗਰਸ ਆਗੂ ਮਨਜੀਤ ਸਿੰਘ ਨੇ ਕਿਹਾ ਕਿ ਉਸ ਜਰੀਏ ਕਿੱਲਿਆਂਵਾਲੀ ਪੁਲਿਸ ਨੇ 25-26 ਨੌਜਵਾਨਾਂ ਦੇ ਡੈਪੋ ਫਾਰਮ ਭਰਵਾਏ ਸਨ। ਜਦੋਂ ਕਿ ਸਾਰੇ ਪਿੰਡ ’ਚ ਕਰੀਬ 80-90 ਡੈਪੋ ਹਨ। ਨਸ਼ਿਆਂ ਖਿਲਾਫ਼ ਸ਼ਿਕਾਇਤ ’ਤੇ ਪੁਲਿਸ ਨੇ ਸੁਣਵਾਈ ਤੱਕ ਨਹੀਂ ਕੀਤੀ। ਜਿਸਤੋਂ ਪੁਲਿਸ ਦੀ ਨਸ਼ਿਆਂ ਖਿਲਾਫ਼ ਮਨਸ਼ਾ ਜਾਹਰ ਹੁੰਦੀ ਹੈ। ਮਨਜੀਤ ਸਿੰਘ ਹਾਕੂਵਾਲਾ ਨੇ ਆਖਿਆ ਕਿ ਪੁਲਿਸ ਵੱਲੋਂ ਸੁਣਵਾਈ ਨਾ ਹੋਣ ਕਰਕੇ ਉਸਦਾ ਸਰਕਾਰ ਦੀ ਡੈਪੋ ਮੁਹਿੰਮ ਤੋਂ ਵਿਸ਼ਵਾਸ ਉੱਠ ਗਿਆ ਹੈ। ਉਹ ਡੈਪੋ ਬਣ ਕੇ ਜਲਾਲਤ ਮਹਿਸੂਸ ਕਰ ਰਿਹਾ ਹੈ। ਉਸਨੈ ਕਿਹਾ ਕਿ ਉਹ ਪਿੰਡ ਦੇ ਡੈਪੋ ਨੌਜਵਾਨ ਸਮੇਤ ਇਕੱਠੇ ਹੋ ਕੇ ਇਸ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਝੂਠੀ ਮੁਹਿੰਮ ਤੋਂ ਲਾਂਭੇ ਹੋਣ ਦਾ ਐਲਾਨ ਕਰਨਗੇ। ਖੇਤਰ ਦੇ ਹੋਰਨਾਂ ਡੈਪੋਜ਼ ਨੇ ਨਾਂਅ ਨਾ ਲਿਖਣ ਦੀ ਸ਼ਰਤ ’ਤੇ ਆਖਿਆ ਕਿ ਸਫ਼ੈਦਪੋਸ਼ਾਂ ਵਗੈਰਾ ਦੇ ਆਖਣ ’ਤੇ ਉਨ੍ਹਾਂ ਡੈਪੋ ਫਾਰਮ ਭਰ ਦਿੱਤੇ। ਸੂਬਾ ਸਰਕਾਰ ਵੀ ਜਨਤਾ ਨੂੰ ਡੈਪੋ ਵਾਲਾ ਤਗਮਾ ਲਗਾ ਕੇ ਗੁੰਮਰਾਹ ਕਰ
ਰਹੀ ਹੈ। ਜੇਕਰ ਪੁਲਿਸ ਆਮ ਵਿਅਕਤੀ ਦੀ ਸੁਣਵਾਈ ਕਰੇ ਤਾਂ ਹਰ ਸਮਾਜ ਦੀ ਹਰੇਕ ਜਾਗਰੂਕ ਇਨਸਾਨ ਡੈਪੋ ਦੀ ਭੂਮਿਕਾ ਵਿੱਚ ਹੈ। ਦੂਜੇ ਪਾਸੇ ਬਠਿੰਡਾ ਜੋਨ ਦੇ ਆਈ.ਜੀ ਐਮ.ਐਸ ਛੀਨਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ’ਤੇ ਉਨ੍ਹਾਂ ਦਾ ਮੋਬਾਇਲ ’ਤੇ ਕਾਲ ਰਸੀਵ ਨਹੀਂ ਹੋਈ। ਇਸ ਬਾਰੇ ਜ਼ਿਲ੍ਹਾ ਕਾਂਗਰਸ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੈਪੋ ਮੁਹਿੰਮ ਜਨਤਕ ਸਹਿਯੋਗ ਨਾਲ ਪੰਜਾਬ ਨੂੰ ਹਕੀਕੀ ਤੌਰ ’ਤੇ ਨਸ਼ਾ ਮੁਕਤ ਕਰਨ ਲਈ ਉਲੀਕੀ ਹੈ। ਜੇਕਰ ਕੋਈ ਪੁਲਿਸ ਅਫਸਰ ਇਸ ਮੁਹਿੰਮ ’ਚ ਅੜਿੱਕਾ ਬਣੇਗਾ ਤਾਂ ਉਨ੍ਹਾਂ ’ਤੇ ਸਰਕਾਰ ਸ਼ਿਕੰਜਾ ਕਸੇਗੀ। ਖੁੱਡੀਆਂ ਨੇ ਕਿਹਾ ਕਿ ਸਰਕਾਰ ਨਸ਼ਾਮੁਕਤ ਪੰਜਾਬ ਦੀ ਸਿਰਜਣਾ ਲਈ ਵਚਨਬੱਧ ਹੈ । 

1 comment: