20 March 2018

ਹਾਲ-ਏ-ਖਾਕੀ : ‘ਤੁਸੀਂ ਚੋਰ ਭਾਲ ਲਓ ਤੇ ਅਸੀਂ ਫੜ ਲਵਾਂਗੇ

* ਚੋਰੀ ਦੀ ਸ਼ਿਕਾਇਤ ਦੇ 9 ਦਿਨਾਂ ਤੱਕ ਕੋਈ ਪੜਤਾਲ ਨੂੰ ਵੀ ਨਹੀਂ ਪੁੱਜਿਆ
* ਪੀੜਤ ਕਾਂਗਰਸੀ ਦੁਕਾਨਦਾਰ ਚੌਕੀ ਕਿੱਲਿਆਂਵਾਲੀ ਦੇ ਗੇੜ ਮਾਰ-ਮਾਰ ਥੱਕੇ
* ਕੌਮੀ ਸ਼ਾਹ ਰਾਹ-9 ’ਤੇ ਦੋ ਦੁਕਾਨਾਂ ਤੋਂ ਚੋਰੀ ਹੋਈਆਂ ਸਨ 13 ਬੈਟਰੀਆਂ
* 9 ਦਿਨਾਂ ਬਾਅਦ ਦੂਜੀ ਵਾਰ ਪੁਲਿਸ ਦਰਖਾਸਤ ਦਿੱਤੀ ਤਾਂ ਵੀ ਕਾਰਵਾਈ ਨਹੀਂ
* ਜ਼ਿਲ੍ਹਾ ਪੁਲਿਸ ਦਾ ਚੌਕੀ ਪ੍ਰਤੀ ਸੌਫ਼ਟ ਕੌਰਨਰ ਜੱਗਜਾਹਰ

                                                      ਇਕਬਾਲ ਸਿੰਘ ਸ਼ਾਂਤ
ਲੰਬੀ-ਜ਼ਿਲ੍ਹਾ ਪੁਲੀਸ ਸ੍ਰੀ ਮੁਕਤਸਰ ਸਾਹਿਬ ਦੇ ਉੱਚ ਅਧਿਕਾਰੀਆਂ ਅਤੇ ਕਾਂਗਰਸੀ ਮੋਰਾਂ ਵੱਲੋਂ ਸਿਰ ’ਤੇ ਚੜ੍ਹਾਇਆ ਮੰਡੀ ਕਿੱਲਿਆਂਵਾਲੀ ਚੌਕੀ ਦਾ ਅਮਲਾ ਨਸ਼ਾ ਸੌਦਾਗਰਾਂ ਦੇ ਬਾਅਦ ਹੁਣ ਚੋਰਾਂ ਦੀ ਹਮਾਇਤ ਵਿੱਚ ਖੜ੍ਹਿਆ ਜਾਪਦਾ ਹੈ। ਬੇਹੱਦ ਮਾੜੀ ਕਾਰਗੁਜਾਰੀ ਕਾਰਨ ਵਿਵਾਦਾਂ ’ਚ ਘਿਰੀ ਚੌਕੀ ਨੂੰ ਪਿਛਲੇ 9 ਦਿਨਾਂ ਤੋਂ ਦੋ ਦੁਕਾਨਾਂ ’ਤੇ ਹੋਈ ਚੋਰੀ ਦੀ
ਵਾਰਦਾਤ ਵਿਖਾਈ ਨਹੀਂ ਦੇ ਰਹੀਆਂ। ਘਟਨਾ ਵਿੱੱਚ ਕੌਮੀ ਸ਼ਾਹ ਰਾਹ-9 ’ਤੇ ਸਥਿਤ ਦੁਕਾਨਾਂ ਬਾਲਾ ਜੀ ਇਲੈਕਟ੍ਰੀਸ਼ਨ ਅਤੇ ਖੁਸ਼ੀ ਬੈਟਰੀ ਸਰਵਿਸ ਤੋਂ 13 ਟਰੈਕਟਰ ਬੈਟਰੀਆਂ ਚੋਰੀ ਹੋਈਆਂ ਸਨ। ਜਿਨ੍ਹਾਂ ਦੀ 35-40 ਹਜ਼ਾਰ ਦੇ ਕਰੀਬ ਹੈ। ਮਾਮਲਾ ਹੈਰਾਨੀਜਨਕ ਹੈ ਕਿ ਦੋਵੇਂ ਪੀੜਤ ਦੁਕਾਨਦਾਰ ਸੱਤਾ ਪੱਖ ਕਾਂਗਰਸ ਪਾਰਟੀ ਦੇ ਵਰਕਰ ਹਨ। ਕਾਰਵਾਈ ਲਈ ਭਟਕਦੇ ਪੀੜਤ ਅੱਜ ਮੁੜ ਨਵੀਂ ਦਰਖਾਸਤ ਲਿਖਵਾ ਕੇ ਚੌਕੀ ਦੇ ਕੇ ਆਏ। ਜ਼ਿਕਰਯੋਗ ਹੈ ਕਿ ਚੌਕੀ ਅਮਲੇ ਦੀ ਮੰਦੀ ਕਾਰਗੁਜਾਰੀ ਦੇ ਬਾਵਜੂਦ ਜ਼ਿਲ੍ਹਾ ਪੁਲਿਸ ਦਾ ਉਸਦੇ ਪ੍ਰਤੀ ‘ਸਾਫ਼ਟ ਕੌਰਨਰ’ ਦਾ ਅੰਦਰਲਾ ਸੱਚ ਆਮ ਜਨਤਾ ਨੂੰ ਸਾਫ਼-ਸਾਫ਼ ਵਿਖਾਈ ਦੇ ਰਿਹਾ ਹੈ। ਲੋਕਾਂ ਵੱਲੋਂ ਨਸ਼ਿਆਂ ’ਤੇ ਨਾ ਕਾਰਵਾਈ ਬਾਰੇ ਚੌਕੀ ਮੁਖੀ ਸਮੇਤ ਸਾਰਾ ਅਮਲਾ ਬਦਲਣ ਦੀ ਮੰਗ ਬਦਲੇ ਪੁਲੀਸ ਤੰਤਰ ਨੇ ਮੁਨਸ਼ੀ ਲਛਮਣ ਸਿੰਘ ਨੂੰ ਤਬਾਦਲੇ ਦੀ ਬਲੀ ਬੇਵਜ੍ਹਾ ਚੜ੍ਹਾ ਦਿੱਤਾ।
ਕਾਂਗਰਸ ਦੀ ਲੋਕਪੱਖੀ ਸਰਕਾਰ ਦੀ ਹੱਦ ਦਰਜੇ ਦੀ ਮਾੜੀ ਕਾਰਜਪ੍ਰਣਾਲੀ ਹੈ ਕਿ ਪੀੜਤ ਦੁਕਾਨਦਾਰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਲਈ ਚੌਕੀ ਦੇ ਦਰਜਨਾਂ ਗੇੜੇ ਮਾਰ ਚੁੱਕੇ ਹਨ। ਚੋਰਾਂ ਨੂੰ ਫੜਨ ਲਈ ਕਾਰਵਾਈ ਤਾਂ ਮਹਿਜ਼ ਕਾਗਜ਼ੀ ਪੜਤਾਲ ਲਈ ਪੁਲੀਸ ਦਾ ਇੱਕ ਮੁਲਾਜਮ ਵੀ ਨਹੀਂ ਪੁੱਜਿਆ। ਜਦੋਂਕਿ ਸੂਬਾ ਸਰਕਾਰ ਦੇ ਹਾਕਮ ਲੋਕਪੱਖੀ ਰਾਜ ਭਾਗ ਦੇ ਦਾਅਵੇ ਕਰਦੇ ਨਹੀਂ ਥੱਕ ਰਹੇ। ਪੀੜਤ ਦੁਕਾਨਦਾਰ ਅਮਰੀਕ ਸਿੰਘ ਸਿੰਘੇਵਾਲਾ ਅਤੇ ਪ੍ਰਗਟ ਸਿੰਘ ਵਾਸੀ ਲੁਹਾਰਾ ਨੇ ਕਿਹਾ ਕਿ ਉਹ ਇਨਸਾਫ਼ ਲਈ
ਚੌਕੀ ਦੇ ਗੇੜੇ ਮਾਰ ਰਹੇ ਹਨ। ਚੌਕੀ ਦਾ ਅਮਲਾ ਗੱਲ ਸੁਣਨ ਦੀ ਬਜਾਇ ਉਨ੍ਹਾਂ ਨੂੰ ਚੌਕੀਦਾਰ ਰੱਖਣ ਦੀਆਂ ਨਸੀਹਤਾਂ ਦੇ ਤੋਰ ਦਿੰਦਾ ਹੈ। ਜੇਕਰ ਪਰਚਾ ਦਰਜ ਕਰਵਾਉਣਾ ਤਾਂ ਲੰਬੀ ਥਾਣੇ ਜਾਓ।ੇ ਪ੍ਰਗਟ ਸਿੰਘ ਨੇ ਆਖਿਆ ਕਿ ਕਾਂਗਰਸ ਵਰਕਰ ਹੋਣ ਦੇ ਬਾਵਜੂਦ ਪੁਲਿਸ ਅਮਲੇ ਨੇ ਉਨ੍ਹਾਂ ਦਾ ਮਜ਼ਾਕ ਬਣਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਚੌਕੀ ਦੇ ਮੁਲਾਜਮ ਆਖਦੇ ਹਨ ਕਿ ਤੁਸੀਂ ਚੋਰ ਭਾਲ ਲਓ ਅਤੇ ਅਸੀਂ ਉਸਨੂੰ ਫੜ ਲਵਾਂਗੇ। ਪ੍ਰਗਟ ਸਿੰਘ ਅਤੇ ਅਮਰੀਕ ਸਿੰਘ ਨੇ ਕਿਹਾ ਕਿ ਵਿਧਾਨਸਭਾ ਚੋਣਾਂ ਸਮੇਂ ਸਟੇਜਾਂ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਹਲਕੇ ’ਚ ਕਾਂਗਰਸੀਆਂ ਦੇ ਟੌਹਰ ਦੇ ਸੁਫ਼ਨੇ ਵਿਖਾਏ ਸਨ ਪਰ ਇੱਥੇ ਤਾਂ ਚੋਰੀ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲ ਰਿਹਾ।
ਦੂਜੇ ਪਾਸੇ ਪੁਲੀਸ ਦਾ ਪੱਖ ਜਾਣਨ ਸਮੇਂ ਮੋਬਾਇਲ ’ਤੇ ਪੀੜਤਾਂ ਦੀ ਗੱਲ ਕਰਵਾਏ ਜਾਣ ’ਤੇ ਮਲੋਟ ਦੇ ਐਸ.ਪੀ ਇਕਬਾਲ ਸਿੰਘ ਵੀ ਹੈਰਾਨੀ ਦੇ ਰੌਂਅ ਵਿੱਚ ਆ ਗਏ। ਐਸ.ਪੀ ਨੇ ਕਿਹਾ ਕਿ ਸਵੇਰੇ 9 ਵਜੇ ਏ.ਐਸ.ਆਈ. ਪ੍ਰਿਤਪਾਲ ਸਿੰਘ ਪੜਤਾਲ ਲਈ ਮੌਕੇ ’ਤੇ ਪੁੱਜਣਗੇ। 

No comments:

Post a Comment