24 July 2020

ਸੰਪਰਕ 'ਲਾਗ' ਦੇ ਕਹਿਰ ਬਣਨ ’ਤੇ ਸਿਹਤ ਅਮਲਾ ਸਾਬਤ ਹੋ ਸਕਦਾ ‘ਬੈਕ ਫਾਇਰ’

* ਸੀ.ਐਚ.ਸੀ. ਲੰਬੀ ਕੋਰੋਨਾ ਦੀ ਲਪੇਟ ’ਚ, ਮਹਿਲਾ ਕਰਮਚਾਰੀ ਕੋਰੋਨਾ ਪਾਜੇਟਿਵ
* 27 ਆਸ਼ਾ ਵਰਕਰਾਂ ਨਾਲ ਸਿੱਧੇ ਰਾਬਤੇ ਕਰਕੇ ਪਿੰਡ ਬਾਦਲ ਸਣੇ ਨੌ ਪਿੰਡ ਖ਼ਤਰੇ ਦੇ ਰਾਡਾਰ ’ਤੇ 
* 14 ਜੁਲਾਈ ਨੂੰ ਸਮਾਜਿਕ ਦੂਰੀ ਦੀ ਉਲੰਘਣਾ ਵਾਲੀ ਮੀਟਿੰਗ ’ਚ ਸ਼ਾਮਲ ਹੋਈ ਪਾਜੇਟਿਵ ਮੁਲਾਜਮ




ਇਕਬਾਲ ਸਿੰਘ ਸ਼ਾਂਤ
ਲੰਬੀ: ਸਮਾਜਿਕ ਦੂਰੀ ਦੀ ਉਲੰਘਣਾ ਕਰਕੇ ਨੇੜੇ-ਨੇੜੇ ਬੈਠ ਬਿਨਾਂ ਮਾਸਕਾਂ ਦੇ ਮੀਟਿੰਗਾਂ ਕਰਨ ਦਾ ਮੁਦਈ ਕਮਿਊਨਿਟੀ ਸਿਹਤ ਕੇਂਦਰ ਲੰਬੀ ਕੋਰੋਨਾ ਦੀ ਲਪੇਟੇ ਆ ਗਿਆ ਹੈ। ਇੱਥੋਂ ਦੀ ਇੱਕ ਬਹੁਪੱਖੀ ਸਿਹਤ ਸੁਪਰ ਵਾਈਜਰ (ਐਲ.ਐਚ.ਈ) ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਨਾਲ ਸਿਹਤ ਵਿਭਾਗ ਦੇ ਪੰਜ-ਛੇ ਦਰਜਨ ਸਟਾਫ਼ ਇਲਾਵਾ ਸਾਬਕਾ ਸਿਆਸੀ ਰਾਜਧਾਨੀ ਪਿੰਡ
ਬਾਦਲ ਸਮੇਤ ਲੰਬੀ, ਮਹਿਣਾ, ਮਾਨ, ਬੀਦੋਵਾਲੀ, ਚੰਨੂ, ਲਾਲਬਾਈ, ਕੱਖਾਂਵਾਲੀ ਅਤੇ ਥਰਾਜਵਾਲਾ ਦੀ ਹਜ਼ਾਰਾਂ ਲੋਕ ਖ਼ਤਰੇ ਦੇ ਨਿਸ਼ਾਨ ’ਤੇ ਆ ਗਏ ਹਨ। ਕੋਰੋਨਾ ਪਾਜ਼ੇਟਿਵ ਆਈ ਕਰਮਚਾਰੀ ਸੀ.ਐਚ.ਸੀ ਲੰਬੀ ਦੇ ਵੈਕਸੀਨ ਪੁਆਇੰਟ ਦੀ ਇੰਚਾਰਜ਼ ਹੈ। ਜਿੱਥੇ ਉਹ ਬੁੱਧਵਾਰ ਨੂੰ ਨੌ ਪਿੰਡਾਂ ਦੀਆਂ ਆਸ਼ਾ ਵਰਕਰਾਂ ਨੂੰ ਗਰਭਵਤੀ ਔਰਤਾਂ ਅਤੇ ਬੱਚਿਆਂ ਵਗੈਰਾ ਲਈ ਵੈਕਸੀਨ ਤਕਸੀਮ ਕਰਦੀ ਹੈ।  ਜ਼ਿਕਰਯੋਗ ਹੈ ਕਿ ਗਿੱਦੜਬਾਹਾ ਵਾਸੀ ਇਹ ਐਲ.ਐਚ.ਈ ਬੀਤੀ 19 ਜੂਨ ਨੂੰ ਆਸਟ੍ਰੇਲੀਆ ਤੋਂ ਪਰਤੀ ਸੀ ਅਤੇ ਘਰ ’ਚ ਏਕਾਂਤਵਾਸ ਰਹੀ ਸੀ। ਬੀਤੀ 6 ਜੁਲਾਈ ਤੋਂ ਉਹ ਸੀ.ਐਚ.ਸੀ ਲੰਬੀ ਵਿਖੇ ਡਿਊਟੀ ’ਤੇ ਆ ਰਹੀ ਹੈ। ਪਿਛਲੇ ਤਿੰਨੇ ਹਫ਼ਤੇ ’ਚ ਉਹ ਸਿੱਧੇ ਤੌਰ ’ਤੇ 27 ਆਸ਼ਾ ਵਰਕਰਾਂ ਦੇ ਸੰਪਰਕ ’ਚ ਆਈ ਹੈ। ਇਨਾਂ ਆਸ਼ਾ ਵਰਕਰਾਂ ਪਿੰਡ ਬਾਦਲ ਸਮੇਤ ਨੌ ਪਿੰਡਾਂ ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਲੋੜ ਮੁਤਾਬਕ ਵੈਕਸੀਨ ਵੰਡ ਰਹੀਆਂ ਹਨ। ਕੋਰੋਨਾ ਪਾਜੇਟਿਵ ਕਰਮਚਾਰੀ ਨੇ ਬੀਤੀ 14 ਜੁਲਾਈ ਨੂੰ ਸੀ.ਐਚ.ਸੀ ਲੰਬੀ ਵਿਖੇ ਕੋਵਿਡ-19 ਸਮਾਜਿਕ ਦੂਰੀ ਦੀ ਉਲੰਘਣਾ ਕਰਕੇ ਵਗੈਰ ਮਾਸਕਾਂ ਦੇ ਮੀਟਿੰਗਾਂ ’ਚ ਹਿੱਸਾ ਲਿਆ ਸੀ। ਇਸ ਮੌਕੇ ਕਰੀਬ 37 ਏ.ਐਨ.ਐਮ/ਐਲ.ਐਚ.ਵੀਜ਼, 17 ਸੀ.ਐਚ.ਓਜ਼ ਤੇ ਹੋਰ ਮੁਲਾਜਮ ਮੌਜੂਦ ਸਨ। ਮੀਟਿੰਗਾਂ ’ਚ ਸ਼ਾਮਲ ਸਿਹਤ ਸਟਾਫ਼ ਲੰਬੀ ਬਲਾਕ ਦੇ ਦਰਜਨਾਂ ਪਿੰਡਾਂ ’ਚ ਲੋਕਾਂ ਦੀ ਉਨਾਂ ਸਿਹਤ ਜਾਂਚ, ਦਵਾਈ ਵੰਡ ਅਤੇ ਕੋਰੋਨਾ ਪ੍ਰਚਾਰ ਦੇ ਫਰਜ਼ ਨਿਭਾ ਰਿਹਾ ਹੈ। ਖਦਸ਼ਾ ਹੈ ਕਿ ਜੇਕਰ ਕੋਰੋਨਾ ਦੀ ‘ਸੰਪਰਕ ਲਾਗ’ ਕਹਿਰ ਵਿਖਾ ਗਈ ਤਾਂ ਲੰਬੀ ਹਲਕੇ ’ਚ ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣ ਲਈ ਤਾਇਨਾਤ ਸਿਹਤ ਅਮਲਾ ਹੀ ‘ਬੈਕ ਫਾਇਰ’ ਸਾਬਤ ਹੋਵੇਗਾ। ਕੋਰੋਨਾ ਪਾਜੇਟਿਵ ਆਉਣ ’ਤੇ ਔਰਤ ਕਰਮਚਾਰੀ ਨੇ ਕਿਹਾ ਕਿ ਉਸਨੂੰ ਕੋਰੋਨਾ ਸਬੰਧੀ ਕੋਈ ਲੱਛਣ ਨਹੀਂ ਸਨ। ਹੁਣ ਪਤਾ ਲੱਗਣ ਮਗਰੋਂ ਗਲੇ ’ਚ ਸੁੱਕਿਆ ਹੋਇਆ ਮਹਿਸੂਸ ਹੋ ਰਿਹਾ ਹੈ। ਪਰਸੋਂ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਗਿੱਦੜਬਾਹਾ ’ਚ ਉਸਦਾ ਟੈਸਟ ਹੋਇਆ। ਉਸਨੇ ਕਿਹਾ ਕਿ ਲੰਬੀ ਵਿਖੇ ਡਿਊਟੀ ਦੌਰਾਨ ਫੁਰਸਤ ਮਿਲਣ ’ਤੇ ਉਹ ਅਤੇ ਸਾਥੀ ਮੁਲਾਜਮਾਂ ਨਾਲ ਕੋਲ ਖੜੇ ਹੋ ਕੇ ਗੱਲਬਾਤਾਂ ਕਰਦੇ ਰਹਿੰਦੇ ਸਨ।

            ਕੋਰੋਨਾ ਦਾ ਸੇਕ: ਲੋਕਾਂ ਲਈ ‘ਘੋਰ’, ਖੁਦ ਲਈ ‘ਹੋਰ’
ਆਮ ਕੋਰੋਨਾ ਪਾਜੇਟਿਵ ਮਰੀਜਾਂ ਦੇ ਸੰਪਰਕ ਵਾਲੇ ਲੋਕਾਂ ਨੂੰ ਘਰਾਂ ਬੰਦ ਹੋਣ ਨੂੰ ਮਜ਼ਬੂਰ ਕਰਨ ਵਾਲਾ ਪ੍ਰਸ਼ਾਸਨ ਹੁਣ ਮਹਿਲਾ ਸਿਹਤ ਮੁਲਾਜਮ ਦੇ ਕੋਰੋਨਾ ਪਾਜੇਟਿਵ ਆਉਣ ’ਤੇ ਘੱਟ ਅਤੇ ਵੱਧ ਰਿਸਕ ਦੇ ਮੁਲਾਜਮਾਂ ਦੀ ਜਾਂਚ ਦੀ ਗੱਲਾਂ ਕਰਨ ਲੱਗਿਆ ਹੈ। ਜਿਸਦੀ ਛਾਂਟੀ ਤਹਿਤ ਮੁਲਾਜਮਾਂ ਦੇ ਕੋਰੋਨਾ ਟੈਸਟ ਹੋਣਗੇ। ਜਦੋਂਕਿ ਆਮ ਲੋਕਾਂ ਦੀਆਂ ਗਲੀਆਂ ਤੱਕ ਸੀਲ ਕੀਤੀਆਂ ਜਾਂਦੀਆਂ ਹਨ। ਲੰਬੀ ਬਲਾਕ ਦੇ ਸਾਰੇ ਸਿਹਤ ਅਮਲੇ ਦੇ ਕੋਰੋਨਾ ਟੈਸਟ ਦੀ ਮੰਗ ਉੱਠ ਰਹੀ ਹੈ। ਪਤਾ ਲੱਗਿਆ ਹੈ ਕਿ ਕੋਰੋਨਾ ਪਾਜੇਟਿਵ ਕਰਮਚਾਰੀ ਦੇ ਸੰਪਰਕ ਦੀ ਪੜਤਾਲ ਬਾਰੇ ਸੀ.ਐਚ.ਸੀ ਦੇ ਮੁਲਾਜਮਾਂ ਨੂੰ ਪੱਤਰ ਜਾਰੀ ਕੀਤੇ ਗਏ ਹਨ। ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਵੱਧ ਅਤੇ ਲੋਕ ਰਿਸਕ ਵਾਲੇ ਮੁਲਾਜਮਾਂ ਦੇ ਵੇਰਵੇ ਜੁਟਾਏ ਜਾਣਗੇ। ਉਨਾਂ ਕੋਵਿਡ-19 ਨਿਯਮਾਂ ਨੂੰ ਲਾਭੇ ਕਰਨ ਵਾਲੀ 14 ਜੁਲਾਈ ਦੀ ਮੀਟਿੰਗ ਬਾਰੇ ਕਿਹਾ ਕਿ ਉਹ ਕੋਈ ਖਾਸ ਗੱਲ ਨਹੀਂ ਸੀ।  

No comments:

Post a Comment