18 March 2011

ਮੁੱਖ ਮੰਤਰੀ ਬਾਦਲ ਦੇ ਨਿੱਜੀ ਲਾਂਗਰੀ ਵੱਲੋਂ ਨਰੇਗਾ ਦਾ ਜੁਬਾਨੀ ਠੇਕਾ

ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਪਿੰਡ ਬਾਦਲ ਵਿਚ ਬੇਰਜ਼ੁਗਾਰ ਮਜ਼ਦੂਰਾਂ ਲਈ ਕੇਂਦਰ ਦੀ ਵਕਾਰੀ ਸਕੀਮ ਮਹਾਤਮਾ ਗਾਂਧੀ ਰੁਜ਼ਗਾਰ ਗਾਰੰਟੀ ਸਕੀਮ (ਮਨਰੇਗਾ) ਤਹਿਤ ਕੰਮਾਂ ਨੂੰ 'ਮੌਖਿਕ' ਤੌਰ 'ਤੇ ਠੇਕੇ ਉਤੇ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨਰੇਗਾ ਨੂੰ ਮੌਖਿਕ ਠੇਕੇ ਵਿਚ ਕਿਸੇ ਲੋੜਵੰਦ ਵਿਅਕਤੀ ਨੂੰ ਆਰਥਿਕ ਮੱਦਦ ਕਰਨ ਖਾਤਰ ਤਬਦੀਲ ਨਹੀਂ ਕੀਤਾ ਗਿਆ ਬਲਕਿ ਸੂਬੇ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ 'ਨਿੱਜੀ ਲਾਂਗਰੀ' ਬਲਜਿੰਦਰ ਨੂੰ ਆਰਥਿਕ ਲਾਹਾ ਪਹੁੰਚਾਉਣ ਲਈ ਕੀਤਾ ਗਿਆ। ਉਕਤ ਕਾਰਜ ਨੂੰ 'ਮੌਖਿਕ ਠੇਕੇ' ਵਿਚ ਨੇਪਰੇ ਚੜ੍ਹਾਉਣ ਵਿਚ ਮੁੱਖ ਮੰਤਰੀ ਚਰਚਿਤ ਰਹੇ ਇੱਕ ਓ. ਐਸ.ਡੀ. ਦੀ ਵੀ ਖਾਸੀ ਭੂਮਿਕਾ ਦੱਸੀ ਜਾ ਰਹੀ ਹੈ। ਨਰੇਗਾ ਕੰਮਾਂ ਨੂੰ ਮੌਖਿਕ ਠੇਕੇ 'ਤੇ ਦਿੱਤੇ ਜਾਣ ਦੀ ਗੱਲ ਉਕਤ ਲਾਂਗਰੀ ਨੇ ਵੀ ਬੜੀ ਬੇਬਾਕੀ ਨਾਲ ਸਪੱਸ਼ਟ ਸ਼ਬਦਾਂ ਵਿਚ ਕਬੂਲੀ ਹੈ।
ਪਿੰਡ ਬਾਦਲ ਵਿਖੇ ਸਾਲ 2008-09 ਦੌਰਾਨ 'ਨਰੇਗਾ' ਤਹਿਤ ਵਾਟਰ ਵਰਕਸਾਂ ਦੇ ਫਿਲਟਰ ਮੀਡੀਆ ਦੀ ਸਫ਼ਾਈ ਦੇ ਮੌਖਿਕ ਠੇਕੇ 'ਚ ਵੱਧ ਤੋਂ ਵੱਧ ਆਰਥਿਕ ਲਾਹਾ ਪਹੁੰਚਾਉਣ ਦੇ ਉਦੇਸ਼ ਨਾਲ ਉਸਦੇ 4 ਨੇੜਲੇ ਰਿਸ਼ਤੇਦਾਰਾਂ, ਜਿਨ੍ਹਾਂ ਦੇ ਨਾਂਅ ਨਰੇਗਾ ਮਜ਼ਦੂਰਾਂ ਵਜੋਂ ਦਰਜ ਹਨ, ਦੀਆਂ ਫਿਲਟਰ ਮੀਡੀਆ ਦੀ ਸਫ਼ਾਈ ਵਿਚ ਕਥਿਤ ਤੌਰ 'ਤੇ ਵਗੈਰ ਕੋਈ ਕੰਮ ਕੀਤੇ ਦਿਹਾੜੀਆਂ ਸਰਕਾਰੀ ਰਿਕਾਰਡ ਦਾ ਢਿੱਡ ਭਰਨ ਖਾਤਰ ਪਾਈਆਂ ਗਈਆਂ ਤੇ ਹਜ਼ਾਰਾਂ ਰੁਪਏ ਸਰਕਾਰ ਤੋਂ ਵਸੂਲੇ ਗਏ।
ਇਹ ਸਾਰਾ ਮਾਮਲਾ ਪਿੰਡ ਬਾਦਲ ਦੇ ਸੂਚਨਾ ਅਧਿਕਾਰ ਕਾਰਕੁੰਨ ਦਲਜੀਤ ਸਿੰਘ ਸੋਮੀ ਪੁੱਤਰ ਸੂਰਜ ਪ੍ਰਕਾਸ਼ ਵੱਲੋਂ ਬਲਾਕ ਅਤੇ ਪੰਚਾਇਤ ਵਿਕਾਸ ਅਧਿਕਾਰੀ ਤੋਂ ਸੂਚਨਾ ਅਧਿਕਾਰੀ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਵਿਚ ਵੱਖ-ਵੱਖ ਤਰ੍ਹਾਂ ਦੀਆਂ ਬੇਨਿਨਮੀਆਂ ਸਾਹਮਣੇ ਆਈਆਂ ਹਨ। ਜਿਸ ਦੇ ਤਹਿਤ ਪਿੰਡ ਦੇ ਜ਼ਿਆਦਾਤਰ ਨਰੇਗਾ ਮਜ਼ਦੂਰਾਂ ਦੇ ਜੌਬ ਕਾਰਡਾਂ 'ਤੇ ਇੱਕ ਵੀ ਹਾਜ਼ਰੀ ਨਹੀਂ ਲੱਗੀ ਹੈ ਪਰ ਉਨ੍ਹਾਂ ਨੂੰ ਡਾਕਖਾਨੇ ਰਾਹੀਂ ਕਈ-ਕਈ ਦਿਹਾੜੀਆਂ ਦੀ ਅਦਾਇਗੀ ਕੀਤੀ ਗਈ ਹੈ। ਇੱਕ ਮਜ਼ਦੂਰ ਨੂੰ ਤਾਂ ਲਗਭਗ 3 ਮਹੀਨੇ ਦੀਆਂ ਦਿਹਾੜੀਆਂ ਦੇ ਨਗਦ ਹਜ਼ਾਰਾਂ ਰੁਪਏ ਕਥਿਤ ਤੌਰ 'ਤੇ ਪਿੰਡ ਦੇ ਸਾਬਕਾ ਸਰਪੰਚ ਨੇ ਡਾਕਖਾਨੇ ਵਿਚੋਂ ਕਢਵਾਉਣ ਉਪਰੰਤ ਹੜੱਪ ਲੈਣ ਦਾ ਦੋਸ਼ ਲਗਾਇਆ ਹੈ।
ਮਨਰੇਗਾ ਨੂੰ ਕੰਮਾਂ ਨੂੰ ਮੌਖਿਕ ਠੇਕੇ 'ਤੇ ਦਿੱਤੇ ਜਾਣ ਦਾ ਹੈਰਾਨੀਜਨਕ ਖੁਲਾਸਾ ਉਸ ਵੇਲੇ ਹੋਇਆ ਜਦੋਂ ਦਲਜੀਤ ਸਿੰਘ ਸੋਮੀ ਵੱਲੋਂ ਪ੍ਰਾਪਤ ਸੂਚਨਾ ਦੀ ਆਪਣੇ ਪੱਧਰ 'ਤੇ ਘੋਖ ਦੌਰਾਨ ਮਨਰੇਗਾ ਮਜ਼ਦੂਰ ਬਖਸ਼ੀਸ਼ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਪਿੰਡ ਬਾਦਲ ਦੇ ਵਾਟਰ ਵਰਕਸਾਂ ਵਿਚ ਫਿਲਟਰ ਮੀਡੀਆ ਦੀ ਸਫ਼ਾਈ ਦੌਰਾਨ ਉਸ ਨਾਲ ਮੁੱਖ ਮੰਤਰੀ ਦੇ ਨਿੱਜੀ ਲਾਂਗਰੀ ਬਲਜਿੰਦਰ ਸਿੰਘ ਦੇ ਭਰਾ ਭੰਵਰ ਲਾਲ, ਸਾਲਾ ਹੰਸਰਾਜ ਵਾਸੀ ਭਾਗਸਰ ਅਤੇ ਜੀਜੇ ਬਲਰਾਮ ਸਮੇਤ ਨੇੜਲੇ ਰਿਸ਼ਤੇ ਦੇ ਚਾਚਾ ਨੱਥੂ ਰਾਮ ਤੋਂ ਇਲਾਵਾ ਇੱਕ ਔਰਤ ਜਸਵਿੰਦਰ ਕੌਰ ਦੇ ਨਰੇਗਾ ਮਜ਼ਦੂਰ ਵਜੋਂ ਕੰਮ ਕਰਨ ਦਾ ਪਤਾ ਲੱਗਿਆ ਤਾਂ ਉਹ ਹੈਰਾਨ ਰਹਿ ਗਿਆ। ਜਿਸ 'ਤੇ ਬਖਸ਼ੀਸ਼ ਨੇ ਦੱਸਿਆ ਕਿ ਉਕਤ ਵਿਅਕਤੀਆਂ ਦਾ ਦੋਵੇਂ ਵਾਟਰ ਵਰਕਸਾਂ ਦੇ ਫਿਲਟਰ ਮੀਡੀਆ ਦੀ ਸਫ਼ਾਈ ਨਾਲ ਕੋਈ ਸਬੰਧੀ ਨਹੀਂ ਤੇ ਨਾ ਹੀ ਉਨ੍ਹਾਂ ਨੇ ਉਥੇ ਕਦੇ ਵੀ ਕੋਈ ਦਿਹਾੜੀ-ਮਜ਼ਦੂਰੀ ਨਹੀਂ ਕੀਤੀ। ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਫਿਲਟਰ ਮੀਡੀਆ ਦੀ ਸਫ਼ਾਈ ਲਈ ਲਗਭਗ ਤਿੰਨ ਮਹੀਨਿਆਂ ਤੱਕ ਕੰਮ ਕੀਤਾ ਤੇ ਉਸਦੇ ਨਾਲ ਸਾਬਕਾ ਸਰਪੰਚ ਸੁਖਦੇਵ ਸਿੰਘ ਦੇ ਸਕੇ ਭਰਾ ਬਲਜਿੰਦਰ ਸਿੰਘ ਅਤੇ ਚਚੇਰੇ ਭਰਾ ਚਚੇਰਾ ਬਲਵੰਤ ਸਿੰਘ ਨੇ ਵੀ ਮਜ਼ਦੂਰੀ ਕੀਤੀ ਸੀ। ਜਿਸਦੇ ਏਵਜ਼ ਵਿਚ ਉਸਨੂੰ ਸਰਕਾਰ ਵੱਲੋਂ ਵੱਖ-ਵੱਖ ਕਿਸ਼ਤਾਂ ਵਿਚ 22 ਹਜ਼ਾਰ 800 ਰੁਪਏ ਡਾਕਖਾਨੇ ਰਾਹੀਂ ਦਿੱਤੇ ਗਏ ਸਨ ਪਰ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਡਾਕਖਾਨੇ ਵਿਚੋਂ ਕਢਵਾਉਣ ਬਾਅਦ ਉਹ ਰੁਪਏ ਕੰਮ ਖ਼ਤਮ ਹੋਣ ਉਪਰੰਤ ਹਿਸਾਬ ਕਰਨ ਦੀ ਗੱਲ ਕਰਕੇ ਰੁਪਏ ਲੈ ਲਏ ਜਾਂਦੇ ਸਨ। ਟੁੱਟੇ ਫੁੱਟੇ ਇੱਕ ਕਮਰੇ ਵਾਲੇ ਮਕਾਨ ਵਿਚ ਰਹਿੰਦੇ ਬਖਸ਼ੀਸ਼ ਨੇ ਕਿਹਾ ਆਖਿਆ ਜਿਸ ਵਿਚੋਂ ਸਰਪੰਚ ਨੇ 22, 800 ਰੁਪਏ ਵਿਚੋਂ ਉਸਨੂੰ ਸਿਰਫ਼ 4 ਕੁ ਹਜ਼ਾਰ ਰੁਪਏ ਦਿੱਤੇ ਹਨ। ਵਾਰ-ਵਾਰ ਰੁਪਏ ਮੰਗਣ 'ਤੇ ਸਰਪੰਚ ਕਹਿੰਦਾ ਹੈ ਕਿ ਤੇਰੇ ਜਿੰਨੇ ਵੀ ਪੈਸੇ ਬਣਦੇ ਸਨ ਤੈਨੂੰ ਦੇ ਦਿੱਤੇ ਹਨ।
ਜਦੋਂਕਿ ਸੂਚਨਾ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਭੰਵਰ ਲਾਲ, ਹੰਸ ਰਾਮ ਤੇ ਬਲਰਾਮ ਨੂੰ 11,576 ਰੁਪਏ ਤੇ ਨੱਥੂ ਰਾਮ ਨੂੰ ਸਿਰਫ਼ 11,500 ਰੁਪਏ ਮਿਲੇ। ਜਦਕਿ ਇੱਕ ਔਰਤ ਜਸਵਿੰਦਰ ਕੌਰ ਨੂੰ 1530 ਰੁਪਏ ਦਿੱਤੇ ਗਏ ਹਨ। ਸੂਚਨਾ ਅਧਿਕਾਰ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਬਾਦਲ ਵਿਚ 302 ਨਰੇਗਾ ਮਜ਼ਦੂਰ ਹਨ। ਮੁੱਖ ਮੰਤਰੀ ਦੇ ਪਿੰਡ ਬਾਦਲ ਵਿਚ ਵਿੱਤ ਵਰ੍ਹੇ 2008-09 ਅਤੇ 2009-2010 ਦੌਰਾਨ ਨਰੇਗਾ ਤਹਿਤ 9 ਕੰਮਾਂ ਲਈ ਲਗਭਗ 6 ਲੱਖ 26 ਹਜ਼ਾਰ 565 ਰੁਪਏ ਸਰਕਾਰ ਵੱਲੋ ਭੇਜੇ ਗਏ।
ਪਿੰਡ ਦੇ ਨੌਜਵਾਨ ਬਲਰਾਜ ਸਿੰਘ ਬਾਜਾ ਨੇ ਦੋਸ਼ ਲਗਾਇਆ ਕਿ ਨਰੇਗਾ ਦਿਹਾੜੀਆਂ 'ਚ ਫੰਡਾਂ ਵਿਚ ਕਥਿਤ ਘਪਲੇਬਾਜ਼ੀ ਨੂੰ ਭੰਵਰ ਲਾਲ, ਹੰਸ ਰਾਮ ਤੇ ਬਲਰਾਮ ਨੂੰ 11576 ਰੁਪਏ ਅਤੇ ਨੱਥੂ ਰਾਮ ਨੂੰ 11500 ਰੁਪਏ ਦਾ ਫ਼ਰਕ ਜਾਹਰ ਕਰਦਾ ਹੈ। ਜਦੋਂਕਿ ਨਰੇਗਾ ਦੀ ਪ੍ਰਤੀ ਦਿਨ ਮਜ਼ਦੂਰੀ 123 ਰੁਪਏ ਹੈ ਤੇ ਨੱਥੂ ਰਾਮ ਦੀ ਮਜ਼ਦੂਰੀ ਵਿਚ ਸਿਰਫ਼ 76 ਰੁਪਏ ਦਾ ਫ਼ਰਕ ਕਿਵੇਂ ਪੈ ਗਿਆ। ਉਨ੍ਹਾਂ ਕਿਹਾ ਕਿ ਭੰਵਰ ਲਾਲ ਲਾਲ ਤਾਂ ਪਿੰਡ ਬਾਦਲ ਦੇ ਬਿਰਧ ਆਸ਼ਰਮ ਵਿਖੇ ਮਾਲੀ ਦੀ ਨੌਕਰੀ 'ਤੇ ਲੱਗਿਆ ਹੋਇਆ ਸੀ।
ਸੂਚਨਾ ਅਧਿਕਾਰ ਕਾਰਕੁੰਨ ਦਲਜੀਤ ਸਿੰਘ ਸੇਮੀ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਪਿੰਡ ਵਿਚ ਨਰੇਗਾ ਮਜ਼ਦੂਰਾਂ ਨਾਲ ਸਿੱਧੇ ਤੌਰ 'ਤੇ ਵਿਤਕਰਾ ਅਤੇ ਕੇਂਦਰੀ ਫੰਡਾਂ ਵਿਚ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਚਨਾ ਅਧਿਕਾਰ ਦੇ ਵੇਰਵਿਆਂ ਵਿਚ ਪੰਚਾਇਤ ਦੇ ਮਤੇ ਦੀ ਕਾਪੀ ਤੋਂ ਖੁਲਾਸਾ ਹੋਇਆ ਹੈ ਕਿ ਪਿੰਡ ਬਾਦਲ ਵਿਚ ਸੈਂਕੜੇ ਨਰੇਗਾ ਮਜ਼ਦੂਰ ਹੋਣ ਦੇ ਬਾਵਜੂਦ ਪਿੰਡ ਮਹਿਣਾ ਅਤੇ ਲੰਬੀ ਦੇ ਨਰੇਗਾ ਮਜ਼ਦੂਰਾਂ ਤੋਂ ਛੱਪੜ ਦੀ ਮਿੱਟੀ ਸਰਕਾਰੀ ਸੀ.ਸੈਕੰ ਸਕੂਲ ਵਿਚ ਪੁਆਉਣ ਦਾ ਕੰਮ ਕੀਤਾ ਵਿਖਾਇਆ ਗਿਆ ਹੈ। ਜਦੋਂਕਿ ਅਸਲੀਅਤ ਵਿਚ ਜੇ.ਸੀ.ਬੀ. ਮਸ਼ੀਨਾਂ ਰਾਹੀਂ ਮਿੱਟੀ ਟਰੈਕਟਰ-ਟਰਾਲੀਆਂ ਰਾਹੀਂ ਸੀਨੀਅਰ ਸੈਕੰਡਰੀ ਸਕੂਲ ਵਿਚ ਪਾਈ ਸੀ ਪਰ 99 ਹਜ਼ਾਰ 797 ਰੁਪਏ ਨਰੇਗਾ ਤਹਿਤ ਲੱਗੇ ਵਿਖਾ ਦਿੱਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੀ ਪੰਚਾਇਤ ਦੇ ਨੁਮਾਇੰਦਿਆਂ ਦੀ ਭ੍ਰਿਸ਼ਟ ਕਾਰਗੁਜਾਰੀ ਦਾ ਇਸੇ ਗੱਲ ਤੋਂ ਖੁਲਾਸਾ ਹੋ ਜਾਂਦਾ ਹੈ ਕਿ ਪਿੰਡ ਦੇ ਬਹੁਤੇ ਨਰੇਗਾ ਮਜ਼ਦੂਰਾਂ ਦੇ ਜੌਬ ਕਾਰਡਾਂ 'ਤੇ ਇੱਕ ਵੀ ਹਾਜ਼ਰੀ ਦਰਜ ਨਹੀਂ ਕੀਤੀ ਗਈ। ਜਦੋਂ ਕਿ ਉਨ੍ਹਾਂ ਨੂੰ ਡਾਕਖਾਨੇ ਰਾਹੀਂ ਰਕਮ ਵੀ ਦਿੱਤੀ ਗਈ।
ਪਿੰਡ ਬਾਦਲ ਦੇ ਵਸਨੀਕ ਕਾਮਰੇਡ ਗੁਰਚਰਨ ਸਿੰਘ, ਕਾਮਰੇਡ ਗੁਰਮੁੱਖ ਸਿੰਘ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਦੇ ਪਿੰਡ ਬਾਦਲ ਵਿਚ ਕੇਂਦਰ ਸਰਕਾਰ ਦੀ ਨਰੇਗਾ ਸਕੀਮ ਦੀ ਸਿੱਧੇ ਤੌਰ 'ਤੇ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਲਾਂਗਰੀ ਪਰਿਵਾਰ ਦੇ ਨਿੱਜੀ ਬਲਜਿੰਦਰ ਸਿੰਘ ਦੇ ਰਿਸ਼ਤੇਦਾਰ ਭਾਵੇਂ ਕਾਗਜਾਂ ਵਿਚ ਨਰੇਗਾ ਮਜ਼ਦੂਰ ਹਨ ਤੇ ਪਰ ਕਥਿਤ ਤੌਰ 'ਤੇ ਹਕੀਕੀ ਰੂਪ ਵਿਚ ਨਰੇਗਾ ਕੰਮਾਂ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੂੰ ਤਾਂ ਸਿਰਫ਼ ਸਰਕਾਰੀ ਦਬਦਬੇ 'ਤੇ ਸਿਰਫ਼ ਆਰਥਿਕ ਲਾਹਾ ਦਿਵਾਉਣ ਦੇ ਮੰਤਵ ਨਾਲ ਨਰੇਗਾ ਮਜ਼ਦੂਰਾਂ ਵਿਚ ਸ਼ਾਮਲ ਕਰਵਾਇਆ ਗਿਆ।
ਹੀਰਾ ਲਾਲ ਪੁੱਤਰ ਜਾਲੂ ਰਾਮ ਨੇ ਦੋਸ਼ ਲਾਇਆ ਕਿ ਉਹਦੇ ਤੇ ਉਸਦੀ ਘਰਵਾਲੀ ਵਿਮਲਾ ਦੇਵੀ ਦੀ ਕੁੱਲ ਸੱਤ ਦਿਹਾੜੀਆਂ ਦੀ ਮਜ਼ਦੂਰੀ ਨਹੀਂ ਮਿਲੀ। ਰੂਪ ਸਿੰਘ ਪੁੱਤਰ ਕੁੰਡਾ ਸਿੰਘ ਨੇ ਦੋਸ਼ ਲਾਇਆ ਕਿ ਉਸਦੀ ਨਰੇਗਾ ਮਜ਼ਦੂਰ ਪਤਨੀ ਜਸਵੀਰ ਕੌਰ ਨੂੰ ਕਈ ਦਿਨਾਂ ਦੀ ਦਿਹਾੜੀ ਨਹੀਂ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ ਮੁੱਖ ਮੰਤਰੀ ਬਾਦਲ ਪਰਿਵਾਰ ਦੇ ਪੁਰਾਣੇ ਲਾਂਗਰੀ ਰਾਮ ਸਿੰਘ ਰਾਮੂ ਦਾ ਬਹੁਤ ਬੋਲਬਾਲਾ ਸੀ। ਕਿਹਾ ਜਾਂਦਾ ਹੈ ਕਿ ਲਾਂਗਰੀ ਬਲਜਿੰਦਰ ਲਗਭਗ ਦੋ ਦਹਾਕੇ ਪਹਿਲਾਂ ਬਾਦਲ ਪਰਿਵਾਰ ਦੀ ਰਸੋਈ ਵਿਚ ਸੇਵਕ ਵਜੋਂ ਆਇਆ ਸੀ ਤੇ ਆਪਣੇ ਤੇਜ ਦਿਮਾਗ ਸਦਕਾ ਮੁੱਖ ਲਾਂਗਰੀ ਬਣ ਗਿਆ। ਹੁਣ ਮੌਜੂਦਾ ਸਰਕਾਰ ਦੌਰਾਨ ਲਾਂਗਰੀ ਬਲਜਿੰਦਰ ਦਾ ਅਫਸਰਸ਼ਾਹੀ ਅਤੇ ਸਿਆਸੀ ਆਗੂਆਂ ਵਿਚ ਕਾਫ਼ੀ ਪ੍ਰਭਾਵ ਹੈ। ਬਿਜਲੀ ਬੋਰਡ ਸਮੇਤ ਹੋਰ ਕਿਸੇ ਵਿਭਾਗ ਦਾ ਅਧਿਕਾਰੀ ਉਸਦੇ ਕਹੇ ਨੂੰ ਮਾਲਕਾਂ ਦਾ ਕਿਹਾ ਮੰਨਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਪਿੰਡ ਬਾਦਲ ਵਿਚ ਨਰੇਗਾ ਦੇ ਕੰਮਾਂ ਵਿਚ ਹੋਈਆਂ ਘਪਲੇਬਾਜ਼ੀ ਦੀ ਸੀ. ਬੀ. ਆਈ. ਤੋਂ ਜਾਂਚ-ਪੜਤਾਲ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ।
ਇਸੇ ਦੌਰਾਨ ਪਿੰਡ ਬਾਦਲ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਉਕਤ ਨਰੇਗਾ ਕਾਰਜਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਕਤ ਕਾਰਜ ਬੀ. ਡੀ. ਪੀ. ਓ.ਦਫ਼ਤਰ ਵੱਲੋਂ ਲਾਂਗਰੀ ਬਲਜਿੰਦਰ ਸਿੰਘ ਨੂੰ ਠੇਕੇ 'ਤੇ ਦਿੱਤੇ ਗਏ ਸਨ। ਜਦੋਂ ਉਸ ਨੂੰ ਪੁੱਛਿਆ ਗਿਆ ਇਹ ਕੰਮ ਤਾਂ ਨਰੇਗਾ ਅਧੀਨ ਹਨ ਜਿਨ੍ਹਾਂ ਵਿਚ ਕੋਈ ਠੇਕਾ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਬਖਸ਼ੀਸ਼ ਦੇ ਰੁਪਇਆ ਬਾਰੇ ਕਿਹਾ ਕਿ ਮੈਂ ਉਸਦੇ ਕੋਈ ਰੁਪਏ ਨਹੀਂ ਦੇਣੇ।

ਸੇਖੋਂ ਸਾਹਬ ਨੇ ਮੈਂਨੂੰ ਦਿਵਾਇਆ ਸੀ ਠੇਕਾ : ਬਲਜਿੰਦਰ ਲਾਂਗਰੀ
ਮੁੱਖ ਮੰਤਰੀ ਬਾਦਲ ਪਰਿਵਾਰ ਦੇ ਨਿੱਜੀ ਲਾਂਗਰੀ ਬਲਜਿੰਦਰ ਨੇ ਸੰਪਰਕ ਕਰਨ 'ਤੇ ਆਪਣੇ 'ਤੇ ਲੱਗੇ ਦੋਸ਼ਾਂ ਦੇ ਬਾਰੇ ਵਿਚ ਬੜੇ ਬੇਖੌਫ਼ ਤੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ 'ਹਾਂ ਜੀ ਮੈਂ ਸਾਬਕਾ ਸਰਪੰਚ ਦੇ ਕਹਿਣ 'ਤੇ ਪਿੰਡ ਬਾਦਲ ਦੇ ਵਾਟਰ ਵਰਕਸ ਦੇ ਫਿਲਟਰ ਮੀਡੀਆ ਦੀ ਸਫ਼ਾਈ ਦਾ ਠੇਕਾ ਲਿਆ ਸੀ। ਜੋਕਿ ਓ.ਐਸ. ਡੀ. ਸੇਖੋਂ ਸਾਹਬ ਨੇ ਬੀ.ਡੀ.ਪੀ.ਓ. ਸਾਹਿਬ ਤੋਂ ਉਸਨੂੰ ਦਿਵਾਇਆ ਸੀ ਅਤੇ ਠੇਕੇ ਸਬੰਧੀ ਕੋਈ ਲਿਖਾ-ਪੜ੍ਹੀ ਨਹੀਂ ਹੋਈ ਸੀ। ਬਲਜਿੰਦਰ ਨੇ ਕਿਹਾ ਕਿ ਉਸਨੇ ਲਗਭਗ 4-5 ਹਜ਼ਾਰ ਰੁਪਏ ਪ੍ਰਤੀ ਠੇਕਾ ਲੈ ਕੇ ਅਗਾਂਹ ਠੇਕੇ 'ਤੇ ਦੇ ਦਿੱਤਾ ਸੀ। ਜਿਸ ਵਿਚੋਂ ਉਸਨੂੰ ਕੁਝ ਰੁਪਏ ਬਚੇ ਸਨ। ਉਸਨੇ ਕਿਹਾ ਕਿ ਮੇਰੇ ਰਿਸ਼ਤੇਦਾਰਾਂ ਨੇ ਉਕਤ ਕੰਮਾਂ ਵਿਚ ਮਜ਼ਦੂਬੀ ਕੀਤੀ ਹੈ। ਇੰਨਾ ਜ਼ਰੂਰ ਹੈ ਕਿ ਉਨ੍ਹਾਂ ਨੇ ਹੋਰਨਾਂ ਨਾਲੋਂ ਘੱਟ ਦਿਨ ਕੰਮ ਕੀਤਾ ਹੋਵੇ। ਉਸਨੇ ਕਿਹਾ ਕਿ ਜੇਕਰ ਸੇਖੋਂ ਸਾਬ੍ਹ ਜਾਂ ਕਿਸੇ ਹੋਰ ਨੇ ਥੌੜ੍ਹਾ ਵੀ ਜਾਣੂ ਕਰਵਾਇਆ ਹੁੰਦਾ ਤਾਂ ਉਹ ਇਸ ਪੰਗੇ ਵਿਚ ਨਾ ਪੈਂਦਾ। ਇਸ ਸਬੰਧ ਵਿਚ ਪੱਖ ਜਾਨਣ ਲਈ ਓ.ਐਸ.ਡੀ. ਸੇਖੋਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੰਪਰਕ ਨਹੀਂ ਬਣ ਸਕਿਆ।
-ਇਕਬਾਲ ਸਿੰਘ ਸ਼ਾਂਤ

2 comments:

  1. http://saharabuttar.blogspot.com/
    very nice g

    ReplyDelete
  2. http://saharabuttar.blogspot.com/
    very nice blog

    ReplyDelete