09 July 2011

ਮੁੱਖ ਮੰਤਰੀ ਬਾਦਲ ਨੇ ਸਰਕਾਰੀ ਸਕੂਲ ਵਿਚ ਗੁਜਾਰੀ ਰਾਤ


                                                        -ਇਕਬਾਲ ਸਿੰਘ ਸ਼ਾਂਤ-





          ਲੰਬੀ : ਦੇਸ਼ ਦੀ ਸਿਆਸਤ ਵੱਡਾ ਮੁਕਾਮ ਰੱਖਦੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੀ ਕਾਂਗਰਸ ਦੇ ਨੌਜਵਾਨ ਆਗੂ ਰਾਹੁਲ ਗਾਂਧੀ ਵੱਲੋਂ ਪਿੰਡਾਂ 'ਚ ਰਾਤਾਂ ਕੱਟਣ ਦੀ ਮੁਹਿੰਮ ਤੋਂ ਕਾਫ਼ੀ ਪ੍ਰਭਾਵਿਤ ਨਜ਼ਰ ਆ ਰਹੇ ਹਨ। ਜਿਸਦੇ ਕਰਕੇ ਉਨ੍ਹਾਂ ਨੇ
ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪਿੰਡਾਂ ਵਿਚ ਰਾਤਾਂ ਗੁਜਾਰਨ ਦਾ ਨਿਰਣਾ ਲਿਆ ਹੈ।
       ਆਪਣੀ ਇਸ ਮੁਹਿੰਮ ਤਹਿਤ ਸ੍ਰੀ ਬਾਦਲ ਨੇ ਬੀਤੀ ਰਾਤ ਲੰਬੀ ਹਲਕੇ ਦੇ ਪਿੰਡ ਛਾਪਿਆਂਵਾਲੀ ਦੇ ਸਰਕਾਰੀ ਮਿਡਲ ਸਕੂਲ ਵਿਚ ਰਾਤ ਗੁਜਾਰੀ।
           ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਸ੍ਰੀ ਬਾਦਲ ਲਗਪਗ ਸਾਢੇ 7 ਵਜੇ ਪਿੰਡ ਛਾਪਿਆਂਵਾਲੀ ਦੇ ਗੁਰਦੁਆਰਾ ਸਾਹਿਬ ਪੁੱਜੇ। ਜਿੱਥੇ ਉਨ੍ਹਾਂ ਤਕਰੀਬਨ ਦੋ ਘੰਟੇ ਤੱਕ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਲੰਗਰ ਛਕਿਆ। ਉਸਦੇ ਉਪਰੰਤ ਮੁੱਖ ਮੰਤਰੀ ਦੇਰ ਰਾਤ ਸਾਢੇ 9 ਵਜੇ ਸਕੂਲ ਵਿਚ ਪਹੁੰਚੇ, ਜਿੱਥੇ ਉਨ੍ਹਾਂ ਰਾਤ ਸਕੂਲ ਦੇ ਇੱਕ ਕਮਰੇ ਵਿਚ ਰਾਤ ਗੁਜਾਰੀ ਅਤੇ ਅੱਜ ਸ੍ਰੀ ਬਾਦਲ ਰੋਜ਼ਾਨਾ ਵਾਂਗ ਸੱਜਰੇ ਉੱਠ ਕੇ ਸਕੂਲ ਵਿਚ ਹੀ ਨਹਾਉਣ ਧੋਣ ਉਪਰੰਤ ਲਗਪਗ ਸਵੇਰੇ ਪੌਨੇ ਵਜੇ ਅਗਲੇ ਪੜਾਅ ਲਈ ਰਵਾਨਾ ਹੋ ਗਏ। ਹਾਲਾਂਕਿ ਮੁੱਖ ਮੰਤਰੀ ਵੱਲੋਂ ਸਕੂਲ ਵਿਚ ਰਾਤ ਗੁਜਾਰਨ ਕਰਕੇ ਉਨ੍ਹਾਂ ਦੇ ਅਮਲੇ ਸੁਰੱਖਿਆ ਅਮਲੇ, ਪ੍ਰਸ਼ਾਸਨਿਕ ਅਧਿਕਾਰੀਆਂ ਲਈ ਸਮੁੱਚੀ ਰਾਤ ਦਿੱਕਤਾਂ ਨਾਲ ਭਰਪੂਰ ਰਹੀ। ਪ੍ਰਸ਼ਾਸਨ ਵੱਲੋਂ ਮੁੱਖ ਦੀ ਠਹਿਰ ਲਈ ਵੱਡੇ ਪੱਧਰ 'ਤੇ ਇੰਤਜਾਮ ਕੀਤੇ ਗਏ ਸਨ।
           ਜੀਵਨ ਦੇ ਅੱਠਵੇਂ ਦਹਾਕੇ ਵਿਚ ਵਿਚਰ ਰਹੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਇਸ ਅਚਨਚੇਤੀ ਫੈਸਲੇ ਨਾਲ ਜਿੱਥੇ ਪਿੰਡ ਵਾਲਿਆਂ ਅਤੇ ਆਮ ਜਨਤਾ ਵਿਚ ਚਰਚਾ ਹੈ, ਉਥੇ ਸਿਆਸੀ ਵਿਰੋਧੀ ਧਿਰਾਂ ਮੁੱਖ ਮੰਤਰੀ ਬਾਦਲ ਦੇ ਇਸ ਕਦਮ ਦੀ ਪਿਛਲੀ ਸਿਆਸਤ ਦੀਆਂ ਗੁੱਝੀਆਂ ਰਮਜਾਂ ਦੇ ਕਿਆਫ਼ੇ ਲਾਉਣ ਜੁੱਟ ਗਈਆਂ ਹਨ।


No comments:

Post a Comment