31 July 2011

ਮਨਪ੍ਰੀਤ ਬਾਦਲ ਨੂੰ ਵੱਡਾ ਝਟਕਾ - ਚਰਨਜੀਤ ਬਰਾੜ ਨੇ ਸਾਥ ਛੱਡਿਆ

ਚੰਡੀਗੜ੍ਹ-ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਨੂੰ ਜਬਰਦਸਤ ਝਟਕਾ ਦਿੰਦਿਆਂ ਪਾਰਟੀ ਦੇ ਸੀਨੀਅਰ  ਆਗੂ ਤੇ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। 

         ਇੱਥੇ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਬਰਾੜ ਨੇ ਪੀ.ਪੀ.ਪੀ. ਦੇ ਪ੍ਰਧਾਨ ‘ਤੇ ਪਾਰਟੀ ਅੰਦਰ ਪਰਿਵਾਰਵਾਦ ਨੂੰ ਪ੍ਰਫੁੱਲਤ ਕਰਨ ਅਤੇ ਚਾਪਲੂਸਾਂ ਦੀ ਜੁੰਡਲੀ ਵਿੱਚ ਘਿਰਨ ਦੇ ਦੋਸ਼ ਲਾਏ।

          ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਅਲਹਿਦਾ ਹੋਣ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਦੇ ਸਾਹਮਣੇ ਜੋ ਏਜੰਡਾ ਰੱਖਿਆ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਜੋ ਐਲਾਨ ਕੀਤੇ ਉਨ੍ਹਾਂ ਤੋਂ ਹੁਣ ਪੂਰੀ ਤਰ੍ਹਾਂ ਮੂੰਹ ਫੇਰ ਲਿਆ ਹੈ। ਹਰ ਸੋਮਵਾਰ ਨੂੰ ਹੋਣ ਵਾਲੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਸਿਰਫ ਤਿੰਨ ਜਣਿਆਂ ਨੂੰ ਛੱਡ ਕੇ ਬਾਕੀ ਸਾਰੇ ਰਿਸ਼ਤੇਦਾਰ ਹੀ ਹਨ। ਸ੍ਰੀ ਬਰਾੜ ਨੇ ਕਿਹਾ ਕਿ ਕੀ ਹੋਰ ਕੋਈ ਵੀ ਕਾਬਲ ਲੀਡਰ ਕੋਰ ਕਮੇਟੀ ਦੇ ਯੋਗ ਨਹੀਂ ਸੀ। ਕੋਰ ਕਮੇਟੀ ਵਿਚ ਰਿਸ਼ਤੇਦਾਰਾਂ ਦੀ ਜੁੰਡਲੀ ਕਾਰਨ ਕੱਦਾਵਾਰ ਨੇਤਾ ਜਿਵੇਂ ਸੰਤ ਅਜੀਤ ਸਿੰਘ,ਚਰਨਜੀਤ ਸਿੰਘ ਚੰਨੀ,ਮਨਜਿੰਦਰ ਸਿੰਘ ਕੰਗ ਤਿੰਨੋਂ ਵਿਧਾਇਕ ਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਸਾਥ ਛੱਡ ਕੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਵਾਪਸ ਲਿਆਉਣ ਜਾਂ ਗੱਲਬਾਤ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ।
              ਸ੍ਰੀ ਬਰਾੜ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਮੇਰੇ ‘ਤੇ ਝੂਠਾ ਪਰਚਾ ਦਰਜ ਕੀਤਾ। ਫਿਰ ਮੇਰੇ ਪਿਤਾ ਤੇ ਭਰਾ ਸਮੇਤ ਮੇਰੇ ‘ਤੇ ਪਰਚਾ ਦਰਜ ਕਰ ਕੇ ਮੇਰੇ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਵਿੱਚ ਹੋਰ ਵੀ ਬਹੁਤ ਸਾਰੇ ਵਰਕਰਾਂ ਨਾਲ ਅਜਿਹਾ ਹੋਇਆ ਪਰ ਪਾਰਟੀ ਵੱਲੋਂ ਕੋਈ ਵੀ ਧਰਨਾ ਮੁਜ਼ਾਹਰਾ ਨਹੀਂ ਕੀਤਾ।

           ਜਿਕਰਯੋਗ ਹੈ ਕਿ ਸ੍ਰੀ ਬਰਾੜ ਸਾਬਕਾ ਵਿੱਤ ਮੰਤਰੀ ਦੇ ਅਤਿ ਕਰੀਬੀ ਵਿਅਕਤੀਆਂ ਵਿੱਚੋਂ ਇੱਕ ਸਨ। ਉਹ ਮਨਪ੍ਰੀਤ ਬਾਦਲ ਦੇ ਵਿੱਤ ਮੰਤਰੀ ਹੁੰਦਿਆਂ ਓ.ਐਸ.ਡੀ. ਦੇ ਅਹੁਦੇ ‘ਤੇ ਤਾਇਨਾਤ ਰਹੇ। 

No comments:

Post a Comment