29 July 2011

ਮੁੱਖ ਮੰਤਰੀ ਬਾਦਲ ਦੇ ਹਲਕੇ ਵਿਚ ਚੋਣ ਜ਼ਾਬਤੇ ਦੀ ਉਲੰਘਣਾ

           ਮਾਰਕਫੈੱਡ ਦੇ ਨਵ ਨਿਯੁਕਤ ਨਿਦੇਸ਼ਕ ਨੇ ਚੈੱਕ ਵੰਡੇ ਅਤੇ ਸਕੂਲ ਦੀ ਇਮਾਰਤ ਦਾ ਉਦਘਾਟਨ ਕੀਤਾ  
 
                                                                 -ਇਕਬਾਲ ਸਿੰਘ ਸ਼ਾਂਤ-
ਲੰਬੀ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਦਾ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਮਾਰਕਫੈੱਡ ਦੇ ਨਵਨਿਯੁਕਤ ਨਿਦੇਸ਼ਕ ਅਤੇ ਜ਼ਿਲ੍ਹਾ ਸਹਿਕਾਰੀ ਬੈਂਕ ਮੁਕਤਸਰ ਦੇ ਚੇਅਰਮੈਨ ਵੱਲੋਂ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
                  ਮਾਰਕਫੈੱਡ ਦੇ ਨਵਨਿਯੁਕਤ ਨਿਦੇਸ਼ਕ ਅਤੇ ਜ਼ਿਲ੍ਹਾ ਸਹਿਕਾਰੀ ਬੈਂਕ ਮੁਕਤਸਰ ਦੇ ਚੇਅਰਮੈਨ ਸ. ਤੇਜਿੰਦਰ ਸਿੰਘ ਮਿੱਡੂਖੇੜਾ (ਸੀਨੀਅਰ ਅਕਾਲੀ ਆਗੂ) ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਵਿਧਾਇਕੀ ਵਾਲੇ ਹਲਕੇ ਲੰਬੀ ਦੇ ਪਿੰਡ ਮਾਹੂਆਣਾ ਵਿਖੇ ਜਿੱਥੇ ਅੱਜ ਕਈ ਗਰੀਬ ਪਰਿਵਾਰਾਂ ਨੂੰ ਮਕਾਨ ਬਨਾਉਣ ਲਈ ਤੇ ਮਕਾਨਾਂ ਦੀ ਮੁਰੰਮਤ ਲਈ ਚੈਕ ਵੰਡੇ, ਉਥੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਇਮਾਰਤ ਦੇ ਨਵੇਂ ਉਸਾਰੇ ਇੱਕ ਬਲਾਕ ਦਾ ਉਦਘਾਟਨ ਵੀ ਕੀਤਾ। ਅੱਜ ਸਕੂਲ ਵਿਚ ਉਦਘਾਟਨ ਦੇ ਸਬੰਧ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਅਤੇ ਲੰਗਰ ਵੀ ਵਰਤਾਇਆ ਗਿਆ।
                ਹਾਲਾਂਕਿ ਸ. ਤੇਜਿੰਦਰ ਸਿੰਘ ਮਿੱਡੂਖੇੜਾ ਨੇ ਸੰਪਰਕ ਕਰਨ 'ਤੇ ਲੋਕਾਂ ਨੂੰ ਚੈੱਕ ਵੰਡਣ ਦੀ ਗੱਲ ਨੂੰ ਸਿਰੇ ਤੋਂ ਨਕਰਾਦਿਆਂ ਕਿਹਾ ਕਿ ਮੇਰੇ ਵੱਲੋਂ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਪਹਿਲਾਂ ਤੋਂ ਨਿਰਧਾਰਤ ਸੀ ਪਰ ਅੱਜ ਚੋਣ ਜ਼ਾਬਤਾ ਲੱਗਣ ਕਰਕੇ ਉਦਘਾਟਨ ਨਹੀਂ ਕੀਤਾ ਗਿਆ। ਜੇਕਰ ਸਕੂਲ ਪ੍ਰਬੰਧਕਾਂ ਨੇ ਨੀਂਹ-ਪੱਥਰ ਕੱਲ੍ਹ ਲਗਾ ਦਿੱਤਾ ਤਾਂ ਉਸ ਵਿਚ ਮੇਰਾ ਕੋਈ ਕਸੂਰ ਨਹੀਂ।



               ਦੂਜੇ ਪਾਸੇ ਜ਼ਿਲ੍ਹਾ ਯੂਥ ਕਾਂਗਰਸ ਮੁਕਤਸਰ ਦੇ ਸਾਬਕਾ ਪ੍ਰਧਾਨ ਸ. ਰਣਧੀਰ ਸਿੰਘ ਖੁੱਡੀਆਂ ਨੇ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ ਵੱਲੋਭ ਸ਼੍ਰੋਮਣੀ ਕਮੇਟੀ ਚੋਣਾਂ ਲਈ ਜ਼ਾਬਤਾ ਲਾਗੂ ਹੋਣ ਲੱਗਣ ਦੇ ਬਾਵਜੂਦ ਲੋਕਾਂ ਨੂੰ ਚੈੱਕ ਵੰਡਣ ਨੂੰ ਸਿੱਧੇ ਤੌਰ 'ਤੇ ਉਲੰਘਣਾ ਦਾ ਗੰਭੀਰ ਮਾਮਲਾ ਕਰਾਰ ਦਿੰਦਿਆਂ ਕਿਹਾ ਕਿ ਹਾਕਮ ਧਿਰ ਵੱਲੋਂ ਇਹ ਤਾਂ ਅਜੇ ਸ਼ੁਰਆਤ ਹੈ। ਹਲਕੇ ਵਿਚ ਅਜੇ ਤਾਂ ਪਿੰਡ-ਪਿੰਡ ਵਿਚ ਪਹਿਲਾਂ ਸ਼੍ਰੋਮਣੀ ਕਮੇਟੀ ਅਤੇ ਫਿਰ ਵਿਧਾਨਸਭਾ ਚੋਣਾਂ ਤੱਕ ਅਜਿਹੇ ਵਰਤਾਰੇ ਆਮ ਵੇਖਣ-ਸੁਨਣ ਨੂੰ ਮਿਲਣੇ ਹਨ। ਉਨ੍ਹਾਂ ਚੋਣ ਕਮਿਸ਼ਨ ਤੋਂ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
 -Ph. 098148-26100/09317826100
iqbal.shant@gmail.com

No comments:

Post a Comment