23 July 2011

ਸੋਚਾਂ ਵਿੱਚੋਂ ‘ਤੇਲ’ ਨਾ ਮੁੱਕੇ

                                                                    -ਰਾਮ ਸਵਰਨ ਲੱਖੇਵਾਲੀ-
             ਸਨੇਹ ਭਰੇ ਪੈਗਾਮ ਭਾਵ ਸੁਨੇਹਾ ਮੁੱਢ ਕਦੀਮ ਤੋਂ ਹੀ ਮਨੁੱਖੀ ਮਨ ਦਾ ਸਕੂਨ ਰਹੇ ਹਨ। ਪੁਰਾਣੇ ਸਮਿਆਂ ‘ਚ ਰੁੱਖਾਂ ਦੇ  ਛਿਲਕਿਆਂ, ਗੰਢਾਂ, ਚਿਤਰਾਂ ਤੋਂ ਸ਼ੁਰੂ ਹੋਈ ਇਹ ਪ੍ਰਕਿਰਿਆ ਸਮੇਂ ਅਨੁਸਾਰ ਬਦਲਦੀ ਰਹੀ ਹੈ। ਸਾਡੇ ਪੂਰਵਜ਼ਾਂ ਦੇ ਦੌਰ ‘ਚ ਸਮੇਂ ਤੇ ਲੋੜ ਅਨੁਸਾਰ ਸੁਨੇਹੇ ਭੇਜਣ ਲਈ ਇਨ੍ਹਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਸਮਾਂ ਬਦਲਣ ਤੇ ਸੁਨੇਹੇ ਭੇਜਣ ਦੇ ਢੰਗ ਤਰੀਕੇ ਵੀ ਬਦਲਦੇ ਰਹੇ। ਕਿਸੇ ਸਮੇਂ ਸੁਨੇਹੇ ਲਿਜਾਣ ਦਾ ਕੰਮ ਪੰਛੀਆਂ ਤੋਂ ਵੀ ਲਿਆ ਜਾਂਦਾ ਸੀ। ਰਾਜੇ-ਮਹਾਰਾਜੇ ਆਪਣੇ ਸੁਨੇਹੇ ਸ਼ਾਹਾਨਾ ਅੰਦਾਜ਼ ‘ਚ ਆਪਣੇ ਦਰਬਾਰੀਆਂ ਰਾਹੀਂ ਭੇਜਿਆ ਕਰਦੇ ਸਨ। ਸਦੀਆਂ ਪੁਰਾਣੀ ਇਹ ਪਰੰਪਰਾ ਕਾਗਜ਼ ਦੇ ਜਨਮ ਸਮੇਂ ਚਿੱਠੀ ਪੱਤਰ ‘ਚ ਬਦਲ ਗਈ। ਪਹਿਲਾਂ ਪਹਿਲ ਇਹ ਕੰਮ ਪੋਸਟ ਕਾਰਡਾਂ ਨੇ ਸੰਭਾਲਿਆ ਤੇ ਫਿਰ ਸੁਨੇਹਿਆਂ ਦਾ ਕੰਮ ਡਾਕੀਆਂ ਦੇ ਹਿੱਸੇ ਆਇਆ। ਇਸ ਕੰਮ ਬਦਲੇ ਉਨ੍ਹਾਂ ਨੂੰ ਭਰਵਾਂ ਮਾਣ ਸਤਿਕਾਰ ਮਿਲਿਆ। ਹਰ ਕੋਈ ਉਨ੍ਹਾਂ ਦੀ   ਉਡੀਕ ਕਰਦਾ।
                 ਚਿੱਠੀ-ਪੱਤਰ ਸਰਹੱਦਾਂ ‘ਤੇ ਬੈਠੇ ਨੌਜਵਾਨਾਂ ਲਈ ਆਪਣੇ ਪਰਿਵਾਰ ਨਾਲ ਜੁੜਨ ਦਾ ਸਬੱਬ ਬਣਿਆ। ਆਪਣੇ ਘਰਾਂ ਤੋਂ ਦੂਰ ਬੈਠੇ ਲੋਕ ਸੁੱਖ ਸੁਨੇਹਿਆਂ ਲਈ ਡਾਕੀਏ ਨੂੰ ਉਡੀਕਦੇ। ਵਿਗਿਆਨ ਨੇ ਹੋਰ ਮੱਲਾਂ ਮਾਰੀਆਂ ਤਾਂ ਸੁਨੇਹਿਆਂ ਦਾ ਰੂਪ ਤਾਰਾਂ ‘ਚ ਵਟ ਗਿਆ। ਫਿਰ ਸੁਨੇਹੇ ਟੈਲੀਫੋਨ ਰਾਹੀਂ ਆਉਣ ਜਾਣ ਲੱਗੇ। ਚਿੱਠੀ ਪੱਤਰ ਦੀ ਲੋੜ ਘਟਣ ਲੱਗੀ। ਸੁਨੇਹਿਆਂ ਦਾ ਰੂਪ ਸੰਖੇਪ ਹੋ ਗਿਆ। ਹੁਣ ਸੁਨੇਹਿਆਂ ਨੂੰ ਵਿਗਿਆਨ ਦੀ ਨਵੀਂ ਕਾਢ ਮੋਬਾਈਲ ਨੇ ਸੰਭਾਲ ਲਿਆ ਹੈ। ਜਨਮ ਦਿਨ, ਨੌਕਰੀ ਮਿਲਣ, ਵਿਆਹ ਸ਼ਾਦੀ, ਗੁਰਪੁਰਬ, ਵਿਸ਼ੇਸ਼ ਦਿਨ, ਨਾਇਕਾਂ ਦੇ ਜਨਮ ਦਿਨ ‘ਤੇ ਮਨੁੱਖ ਦੀ ਨਿੱਜੀ ਖੁਸ਼ੀ ਨਾਲ ਸਬੰਧਤ ਸਾਰੇ ਸੁਨੇਹੇ ਹੁਣ ਮੋਬਾਈਲ ਹੀ ਲੈ ਕੇ ਆਉਂਦਾ ਹੈ। ਮੋਬਾਈਲ ਨੇ ਚਿੱਠੀ ਪੱਤਰ ਰਾਹੀਂ ਮਿਲਦੇ ਸੁਨੇਹਿਆਂ ਨੂੰ ਲਗਪਗ ਖ਼ਤਮ ਹੀ ਕਰ ਦਿੱਤਾ ਹੈ ਤੇ ਡਾਕੀਏ ਸਰਕਾਰੀ ਤੇ ਦਫ਼ਤਰੀ ਚਿੱਠੀ ਪੱਤਰ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ।
                   ਮਨੁੱਖ ਨੇ ਹਮੇਸ਼ਾਂ ਆਪਣੇ ਸਵਾਰਥ ਲਈ ਵਿਗਿਆਨ ਦੀ ਦੁਰਵਰਤੋਂ ਕੀਤੀ ਹੈ। ਮੋਬਾਈਲ ‘ਤੇ ਸੁਨੇਹਿਆਂ ਦੀ ਗੱਲ ਕਰਨੀ ਹੋਵੇ ਤਾਂ ਹਰੇਕ ਇਸ ਦੀ ਦੁਰਵਰਤੋਂ ਤੋਂ ਪ੍ਰੇਸ਼ਾਨ ਹੈ।  ਮੋਬਾਈਲ ‘ਤੇ ਕੰਪਨੀਆਂ ਵੱਲੋਂ ਵਪਾਰ, ਗੀਤ-ਸੰਗੀਤ, ਖ਼ਬਰਾਂ, ਚੁਟਕਲਿਆਂ, ਕ੍ਰਿਕਟ ਸਕੋਰ, ਪਿਆਰ-ਵਿਆਰ, ਰਾਸ਼ੀਫਲ, ਸ਼ੇਅਰ ਮਾਰਕੀਟ, ਬੀਮੇ ਸਬੰਧੀ ਭੇਜੇ ਜਾਂਦੇ ਥੋਕ ਦੇ ਭਾਅ ਸੁਨੇਹੇ ਲੋਕਾਂ ਦੀ ਸਿਰਦਰਦੀ ਬਣਦੇ ਹਨ। ਅਜਿਹੇ ਸੁਨੇਹਿਆਂ ਨੂੰ ਮੋਬਾਈਲ ‘ਚੋਂ ਮਿਟਾਉਂਦਿਆਂ ਉਹ ਥੱਕ ਜਾਂਦੇ ਹਨ। ਨੌਜਵਾਨ ਪੀੜ੍ਹੀ ਨੂੰ ਤਾਂ ਇਨ੍ਹਾਂ ਸੁਨੇਹਿਆਂ ਨੇ ਕੁਰਾਹੇ ਤੋਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ। ਹਰੇਕ ਇਸ ਦੁਰਵਰਤੋਂ ‘ਤੇ ਕਲਪਦਾ ਹੈ। ਜਦ ਕੋਈ ਆਪਣਾ ਗ਼ਲਤ ਰਾਹ ਫੜ੍ਹਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਪਰ ਉਂਜ ਇਹ ਦੁਰਵਰਤੋਂ ਸਾਡੀ ਫ਼ਿਕਰਮੰਦੀ ਦਾ ਹਿੱਸਾ ਨਹੀਂ ਬਣਦੀ। ਇਸੇ ਲਈ ਅਸੀਂ ਇਸ ਨੂੰ ਰੋਕਣ ਦਾ ਕੋਈ ਰਾਹ ਨਹੀਂ ਲੱਭਦੇ। ਸੁਨੇਹਿਆਂ ਦੀ ਦੁਰਵਰਤੋਂ ਦੇ ਦੌਰ ‘ਚ ਇਸ ਦਾ ਇੱਕ ਉਲਟ ਪਾਸਾ ਵੀ ਹੈ। ਉਹ ਹੈ ਸੁਖ਼ਦ ਸੁਨੇਹੇ, ਜਿਨ੍ਹਾਂ ਦਾ ਆਦਾਨ-ਪ੍ਰਦਾਨ ਜਾਗਦੀ ਜਮੀਰ ਵਾਲੇ ਪੱਤਰਕਾਰਾਂ, ਕਲਮਕਾਰਾਂ, ਬੁੱਧੀਜੀਵੀਆਂ, ਤਰਕਸ਼ੀਲਾਂ, ਸੱਭਿਆਚਾਰਕ ਕਾਮਿਆਂ ਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਲੋਕਾਂ ‘ਚ ਹੁੰਦਾ ਹੈ। ਉਹ ਸੁਨੇਹੇ ਮਨ ਨੂੰ ਤਸੱਲੀ ਤਾਂ ਦਿੰਦੇ ਹਨ ਨਾਲ ਹੀ ਪ੍ਰੇਰਨਾ ਸ੍ਰੋਤ ਵੀ ਬਣਦੇ ਹਨ। ਉਨ੍ਹਾਂ ‘ਚ ਜੀਵਨ ਦਾ ਸੱਚ ਛੁਪਿਆ ਹੁੰਦਾ ਹੈ ਤੇ ਸਮੂਹ ਦੀ ਖ਼ੁਸ਼ੀ।
              ਹਾਸੇ ਮਜ਼ਾਕ ਵਾਲੇ ਸੰਤੇ-ਬੰਤੇ ਵਾਲੇ ਸੁਨੇਹਿਆਂ, ਅਸ਼ਲੀਲ ਤੇ ਮਾਨਵੀਂ  ਕਦਰਾਂ ਕੀਮਤਾਂ ਨੂੰ ਨਿਘਾਰਨ ਵਾਲੇ ਸੰਦੇਸ਼ਾਂ ਤੋਂ ਮੁਕਤ ਕਰਨ ਅਤੇ ਇਨ੍ਹਾਂ ਦੇ ਮੁਕਾਬਲੇ ਉਸਾਰੂ ਸੰਦੇਸ਼ਾਂ ਦੀ ਪ੍ਰਵਿਰਤੀ ਪੈਦਾ ਕਰਨ ਦੇ ਮਨਸ਼ੇ ਨਾਲ ‘ਤਰਕਸ਼ੀਲ’ ਮੈਗਜ਼ੀਨ ‘ਚ ‘ਹਵਾ ‘ਚ ਲਿਖੇ ਹਰਫ਼’ ਨਾਂ ਦਾ ਕਾਲਮ ਸ਼ੁਰੂ ਕੀਤਾ, ਜਿਸ ਦੇ ਹਾਂ ਪੱਖੀ ਨਤੀਜੇ ਵੇਖਣ ਨੂੰ ਮਿਲੇ। ਵਿਗਿਆਨੀਆਂ, ਬੁੱਧੀਜੀਵੀਆਂ, ਸ਼ਾਇਰਾਂ ਤੇ ਸਮਾਜ ਦੇ ਹੋਰ ਸੂਝਵਾਨ ਹਿੱਸਿਆਂ ਦੇ ਕਥਨਾਂ ਨੂੰ ਸੁਖ਼ਦ ਸੁਨੇਹਿਆਂ ‘ਚ ਵਰਤਣ ਦੀ ਰੀਤ ਤੁਰੀ। ਸਮਾਜ ਦਾ ਭਲਾ ਚਾਹੁਣ ਵਾਲੇ ਸਨੇਹੀਆਂ ਨੇ ਭਰਪੂਰ ਹੁੰਗਾਰਾ ਭਰਿਆ। ਇੱਕ ਮਿੱਤਰ ਨੇ ਇਹ ਸੁਨੇਹਾ ਭੇਜਿਆ, ‘ਕੁਝ ਫੁੱਲ ਹੀ ਝੱਖੜਾਂ ਨਾਲ ਟਕਰਾ ਕੇ ਫਲ ਬਣਨ ਦਾ ਮਾਣ ਹਾਸਲ ਕਰਦੇ ਹਨ…’ ਫਿਰ ਕੀ ਸੀ, ਹਾਂ-ਪੱਖੀ ਸੁਨੇਹੇ ਭੇਜਣ ਵਾਲੇ ਸਨੇਹੀਆਂ ਦਾ ਕਾਫ਼ਲਾ ਬਣਨ ਲੱਗਾ। ਸੁਨੇਹਿਆਂ ਦੀ ਗਿਣਤੀ ਵਧਣ ਲੱਗੀ। ”ਸ਼ਾਮ ਉਦਾਸੀ ਕਿਉਂ ਹੈ, ਦੀਵੇ ਬਾਲ ਦਿਓ, ਰਾਤਾਂ ਨੂੰ ਵੀ ਦਿਨ ਵਰਗਾ ਇਕਬਾਲ ਦਿਓ। ਜ਼ਿੰਦਗੀ ਦੀ ਖ਼ੂਬਸੂਰਤੀ ਇਹ ਨਹੀਂ ਕਿ ਤੁਸੀਂ ਕਿੰਨੇ ਖੁਸ਼ ਹੋ, ਬਲਕਿ ਜ਼ਿੰਦਗੀ ਦੀ ਖ਼ੂਬਸੂਰਤੀ ਇਸ ਗੱਲ ‘ਚ ਹੈ ਕਿ ਦੂਜੇ ਤੁਹਾਡੇ ਤੋਂ ਕਿੰਨੇ ਖ਼ੁਸ਼ ਹਨ। ਆਦਮੀਂ ਸੋਚਤਾ ਨਹੀਂ ਕੁਸ਼ ਭੀ ਮਰਨੇ ਕੇ ਬਾਅਦ, ਕੁਸ਼ ਨਾ ਸੋਚਨੇ ਪਰ ਭੀ ਆਦਮੀਂ ਮਰ ਜਾਤਾ ਹੈ। ਸੱਚਾਈ ਵਡਮੁੱਲੀ ਹੈ ਪਰ ਸੱਚਾਈ ਨਾਲ ਜਿਊਣਾ ਉਸ ਤੋਂ ਵੀ ਵਡਮੁੱਲਾ।
               ਸੰਘਰਸ਼ ਦੀ ਮਸ਼ਾਲ ਨਾਲ ਜੱਗ ਰੋਸ਼ਨ ਕਰੋ, ਦੀਵੇ ਬੱਤੀ ਤੇ ਬਲਬ ਨਾਲ ਹਨੇਰੇ ਦੂਰ ਨਹੀਂ ਹੁੰਦੇ। ਪਿਆਸ ਪ੍ਰਬਲ ਹੋਵੇ ਤਾਂ ਪਾਣੀ   ਮਾਰੂਥਲਾਂ ਵਿੱਚ ਵੀ ਮਿਲ ਜਾਂਦਾ ਹੈ। ਰੋਸ਼ਨ ਜ਼ਿੰਦਗੀ ਲੱਭਦਾ ਫਿਰਦਾ ਹਰ ਕੋਈ ਪਰ ਕੋਈ ਨਾ ਸੋਚੇ ਇੱਥੇ ਹਨੇਰਾ ਕਿਉਂ ਹੈ? ਡਰ ਜਾਂ ਲਾਲਸਾ ਕਰਕੇ ਚੰਗਾ ਕੰਮ ਕਰਨ ਵਾਲਾ ਮਨੁੱਖ ਚੰਗਿਆਈ ਦੇ ਮੂਲ ਤੋਂ ਕੋਹਾਂ ਦੂਰ ਹੁੰਦਾ ਹੈ। ਹਨੇਰੇ ਨੂੰ ਸਮਝਾ ਦੇਵੋ ਕਿ ਚਾਨਣ ਕਦੇ ਕਤਲ ਨਹੀਂ ਹੁੰਦੇ, ਨਾ ਹੀ ਜ਼ਿੰਦਰੇ ਲੱਗ ਸਕਦੇ ਨੇ, ਸੋਚਾਂ ਅਤੇ ਹਵਾਵਾਂ ਨੂੰ। ਏਨੀ ਲੰਬੀ ਨਹੀਂ ਹੁੰਦੀ ਕੋਈ ਵੀ ਰਾਤ ਕਿ ਚੜ੍ਹਦਾ ਨਾ ਹੋਵੇ ਉਸ ਤੋਂ ਅਗਲਾ ਸਵੇਰਾ। ਅੱਖਾਂ ਹੁੰਦਿਆਂ ਵੀ ਸਪਸ਼ਟ ਨੁਕਤਾ ਨਿਗ੍ਹਾਹ ਦਾ ਨਾ ਹੋਣਾ ਅੰਨ੍ਹੇ ਹੋਣ ਨਾਲੋਂ ਵੀ ਘਾਤਕ ਹੈ।”  ਇਸ ਵੰਨਗੀ ਨੇ ਮੋਬਾਈਲ ਸੁਨੇਹਿਆਂ ਤੋਂ ਅੱਗੇ ਤੁਰਦਿਆਂ ਇੰਟਰਨੈੱਟ ਤੇ ‘ਫੇਸਬੁੱਕ’ ਉੱਪਰ ਵੀ ਅਗਾਂਹਵਧੂ ਪਿਰਤਾਂ ਪਾਈਆਂ।
                  ਸੁਨੇਹਿਆਂ ਦੀ ਇਸ ਪਿਰਤ ਨਾਲ ਉਨ੍ਹਾਂ ਕਲਮਕਾਰਾਂ ਨੂੰ ਵੀ ਮਾਣ ਸਨਮਾਨ ਮਿਲਿਆ ਜਿਨ੍ਹਾਂ ਦੇ ਕਥਨ ਸੰਦੇਸ਼ਾਂ ‘ਚ ਵਟ ਕੇ ਦੇਸ਼ ਵਿਦੇਸ਼ ‘ਚ ਵਸਦੇ ਅਗਾਂਹਵਧੂ ਲੋਕਾਂ ਤੱਕ ਪਹੁੰਚੇ। ਸੁਖ਼ਦ ਸੁਨੇਹੇ ਸਾਡੀ ਜ਼ਿੰਦਗੀ ਦੇ ਸੁੱਖ ਦੇਣ ਵਾਲੇ ਅਜਿਹੇ ਪੰਨੇ ਹਨ ਜਿਹੜੇ ਜੀਵਨ ‘ਚ ਮਹਿਕ ਦਾ ਰੰਗ ਬਿਖ਼ੇਰਦੇ ਹਨ। ਆਪਣੇ ਕੰਮ, ਘਰ-ਪਰਿਵਾਰ, ਦਫ਼ਤਰ ਤੇ ਮਿਸ਼ਨ ਨੂੰ ਸੁਖ਼ਦ ਕਰਮ ਨਾਲ ਜੋੜਨ ਲਈ ਇਹ ਲਾਜ਼ਮੀ ਹੈ ਕਿ ਅਸੀਂ ਆਪਣੀ ਸੋਚ ਨੂੰ ਘਰ-ਪਰਿਵਾਰ ਤੇ ਨਿੱਜ ਤੱਕ ਸੀਮਿਤ ਕਰਨ ਦੀ ਬਜਾਏ ਸਮੂਹ ਨਾਲ ਜੋੜੀਏ। ਚਿੰਤਾ ਦੀ ਬਜਾਏ ਚਿੰਤਨ ਰਾਹੀਂ ਚੇਤਨਾ ਪੈਦਾ ਕਰਨ ਦੇ ਰਾਹ ਤੁਰੀਏ। ਜ਼ਿੰਦਗੀ ਦੀ ਬਿਹਤਰੀ ਲਈ ਹੋਰਨਾਂ ਦੀ ਬਾਂਹ ਬਣੀਏ ਤੇ ਸਮੂਹ ਨਾਲ ਜੁੜ ਕੇ ਬਿਖੜੇ ਪੈਂਡਿਆਂ ‘ਤੇ ਸਾਬਤ ਕਦਮੀਂ ਤੁਰਨ ਲਈ ਯਤਨਸ਼ੀਲ ਹੋਈਏ।

No comments:

Post a Comment