24 July 2011

ਲੋਕਾਂ ਦੇ ਦੁੱਖ ਤਕਲੀਫ਼ਾਂ 'ਤੇ ਭਾਰੂ ਲੀਡਰਾਂ ਦੀ ਸੁਰੱਖਿਆ

        -ਮਰਹੂਮ ਵਫ਼ਾਦਾਰ ਅਕਾਲੀ ਵਰਕਰ ਦੇ ਦੁਖੀ ਪਰਿਵਾਰ ਨੂੰ ਖਾਕੀ ਨੇ ਹਰਸਿਮਰਤ ਤੋਂ ਦੂਰ ਰੱਖਿਆ-
ਲੰਬੀ - ਇਹ ਦੇਸ਼ ਦੀ ਜਨਤਾ ਦੇ ਮੰਦੇ ਭਾਗ ਹੀ ਹਨ ਕਿ ਅੱਜ ਲੋਕਾਂ ਦੇ ਦੁੱਖ ਤਕਲੀਫ਼ਾਂ ਨਾਲੋਂ ਲੀਡਰਾਂ ਦੀ ਸੁਰੱਖਿਆ ਜ਼ਿਆਦਾ ਅਹਿਮ ਹੋ ਗਈ ਹੈ। ਪਿੰਡ ਵਣਵਾਲਾ 'ਚ ਹਰਸਿਮਰਤ ਕੌਰ ਬਾਦਲ ਦੇ ਜਲਸੇ ਵਿਚ ਆਪਣੇ ਮ੍ਰਿਤਕ ਭਰਾ ਬਿੱਕਰ ਸਿੰਘ, ਜਿਸਦੀ ਪਿਛਲੇ ਮਹੀਨੇ ਖੇਤ ਵਿਚ ਕੰਮ ਕਰਦੇ ਸਮੇਂ ਕਰੰਟ ਲੱਗਣ ਕਰਕੇ ਮੌਤ ਹੋ ਗਈ ਸੀ, ਦੇ ਬੇਸਹਾਰਾ ਪਰਿਵਾਰ ਲਈ ਸਹਾਰੇ ਤਾਂਘ ਵਿਚ ਪੁੱਜੀ ਅਕਾਲੀ ਮਰਹੂਮ ਅਕਾਲੀ ਵਫ਼ਾਦਾਰ ਵਰਕਰ ਪ੍ਰੀਤਮ ਸਿੰਘ ਦੀ ਪੋਲੀਓਗ੍ਰਸਤ ਧੀ ਸੁਰਜੀਤ ਕੌਰ ਅਤੇਉਸਦੀ ਭਾਬੀ ਅਤੇ ਤਿੰਨ ਨਾਬਾਲਗ ਭਤੀਜੀਆਂ ਪਰਮਿੰਦਰ ਕੌਰ, ਮਨਿੰਦਰ ਕੌਰ ਅਤੇ ਬੇਅੰਕ ਕੌਰ ਨੂੰ ਨਾਲ ਲੈ ਕੇ ਹਰਮਿਸਰਤ ਕੌਰ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਨੇ ਪੰਡਾਲ ਵਿਚ ਸੁਰੱਖਿਆ ਦੀ ਆੜ ਵਿਚ ਇੱਕ ਪਾਸੇ ਔਰਤਾਂ ਦੀ ਕਤਾਰ ਵਿਚ ਬਿਠਾ ਦਿੱਤਾ। ਆਪਣੇ ਪਿਤਾ ਪੁਰਖੀ ਪਾਰਟੀ ਦੇ ਮੁਖੀ ਦੀ ਨੂੰਹ ਕੋਲ ਆਪਣੇ ਭਰਾ ਦੇ ਪਰਿਵਾਰ ਦਾ ਦੁੱਖ ਫਰੋਲਣ ਗਈ ਪਰ ਉਥੇ ਵੀ ਨੀਲੇ ਬਾਣੇ 'ਤੇ ਖਾਕੀ ਭਾਰੂ ਹੋ ਨਿਬੜਿਆ। ਉਸਨੇ ਜਲਸੇ ਬਾਅਦ ਹਰਸਿਮਰਤ ਕੌਰ ਦੇ ਆਉਣ ਤੋਂ ਲੈ ਕੇ ਉਨ੍ਹਾਂ ਦੇ ਜਾਣ ਤੱਕ ਕਈ ਵਾਰ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਵਾਰ  ਮਹਿਲਾ ਪੁਲਿਸ ਦੀਆਂ ਤਿੱਖੀਆਂ ਨਜ਼ਰਾਂ ਨੇ ਉਸ ਅਪਾਹਜ ਨੂੰ ਕੁਰਸੀ ਤੋਂ ਉੱਠਣ ਦਾ ਹੌਂਸਲਾ ਨਾ ਪੈਣ ਦਿੱਤਾ।
              ਜਲਸੇ ਮਗਰੋਂ ਸੁਰਜੀਤ ਕੌਰ ਨੇ ਦੁਖੀ ਮਨ ਨਾਲ ਕਿਹਾ ਕਿ ਮੇਰਾ ਭਰਾ ਬਿੱਕਰ ਸਿੰਘ ਕਰੰਟ ਲੱਗਣ ਕਰਕੇ ਰੱਬ ਨੂੰ ਪਿਆਰਾ ਹੋ ਗਿਆ। ਸਿਰਫ਼ ਇੱਕ ਏਕੜ ਜ਼ਮੀਨ ਵਾਲੇ ਪਰਿਵਾਰ ਕੋਲ ਰੁਜ਼ਗਾਰ ਦਾ ਕੋਈ ਜਰੀਆ ਨਹੀਂ। ਅਸੀਂ ਅੱਜ ਬੜੀ ਆਸ ਲੈ ਕੇ ਆਏ ਸੀ ਕਿ ਹਰਮਿਸਰਤ ਕੋਲੋਂ ਕੁਝ ਸਹਾਰਾ ਮਿਲੇਗਾ। ਪਰ ਪੁਲੀਸ ਵਾਲੀਆਂ ਨੇ ਸਾਨੂੰ ਤਾਂ ਨੇੜਿਓਂ ਤੱਕਣ ਈ ਨਹੀਂ ਦਿੱਤਾ। ਪਰ ਹੁਣ ਸਰਪੰਚ ਨੂੰ ਦਰਖਾਸਤ ਫੜਾਈ ਐ ਵੇਖੋ ਕੀ ਬਣਦੈ।
             ਜਦੋਂਕਿ ਗੱਡੀ ਵਿਚ ਬੈਠਣ ਤੋਂ ਪਹਿਲਾਂ ਭਾਰੀ ਸੁਰੱਖਿਆ ਪ੍ਰਬੰਧਾਂ ਵਿਚ ਸੰਸਦ ਮੈਂਬਰ ਤੇ ਵਾਤਾਵਰਨ ਪ੍ਰੇਮੀ ਹਰਸਿਮਰਤ ਕੌਰ ਬਾਦਲ ਨੂੰ ਜਲਸੇ ਦੇ ਬਾਹਰ ਇੱਕ ਮੇਜ 'ਤੇ ਘੱਟ ਰੱਖੇ (ਡਿਸਪਲੇ ਕੀਤੇ) ਬੂਟਾ ਪ੍ਰਸਾਦ ਲਈ ਅਫਸਰਾਂ ਨੂੰ ਝਾੜ ਪਾਉਣਾ ਤਾਂ ਚੇਤੇ ਰਿਹਾ, ਪਰ ਸ਼ਾਇਦ ਸੁਰਜੀਤ ਕੌਰ ਜਿਹੇ ਗਰੀਬਾਂ ਲਈ ਉਨ੍ਹਾਂ ਕੋਲ ਸਮਾਂ ਨਹੀਂ ਸੀ ਤਾਂ ਸੁਰੱਖਿਆ ਪ੍ਰਬੰਧਾਂ ਦਾ ਕਵਚ ਲੋਕ ਹਿੱਤਾਂ 'ਤੇ ਜ਼ਿਆਦਾ ਭਾਰੂ ਸੀ।
            ਇਸੇ ਦੌਰਾਨ ਉਪ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਅਵਤਾਰ ਸਿੰਘ ਵਣਵਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਿੱਕਰ ਸਿੰਘ ਦੇ ਪਰਿਵਾਰ ਦੀ ਦਰਖਾਸਤ ਮਿਲ ਗਈ ਤੇ ਪਰਿਵਾਰ ਦੀ ਮੱਦਦ ਲਈ ਉਨ੍ਹਾਂ ਨੇ ਬਿੱਕਰ ਸਿੰਘ ਦੀ ਮੌਤ ਦੇ ਮੁਆਵਜੇ ਲਈ ਮੰਡੀ ਬੋਰਡ ਅਤੇ ਬੱਚੀਆਂ ਦੀ ਮੱਦਦ ਲਈ ਕੇਸ ਬਣਾ ਕੇ ­ਪ੍ਰਸ਼ਾਸਨ ਨੂੰ ਭੇਜਿਆ ਜਾ ਰਿਹਾ ਹੈ।



        ਹਰਸਿਮਰਤ ਨੇ ਗਾਏ ਬਾਦਲ ਦੇ ਸ਼ੋਹਲੇ, ਤਰਮਾਲਾ ਨੇ ਲਾਏ 
                        ਮਨਪ੍ਰੀਤ ਤੇ ਮੰਟੇ ਨੂੰ ਸ਼ਬਦੀ ਰਗੜੇ 
ਲੰਬੀ-ਬਠਿੰਡਾ ਲੋਕਸਭਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੱਲ੍ਹ ਦੇਰ ਸ਼ਾਮ ਪਿੰਡ ਵਣਵਾਲਾ ਵਿਖੇ ਇੱਕ ਜਲਸੇ ਨੂੰ ਸੰਬੋਧਨ ਕਰਦਆਂ ਜਿੱਥੇ ਆਪਣੇ ਸਹੁਰੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਦੇਸ਼ ਦਾ ਇੱਕ ਨੰਬਰ ਦਾ ਲੋਕ ਸੇਵਾਦਾਰ ਕਰਾਰ ਦੇਣੋਂ ਨਾ ਧੱਕੇ, ਉਥੇ ਅਕਾਲੀ ਦਲ ਹਲਕਾ ਲੰਬੀ ਦੇ ਪ੍ਰਧਾਨ ਇਕਬਾਲ ਸਿੰਘ ਤਰਮਾਲਾ ਨੇ ਆਪਣੀ ਤਕਰੀਰ ਵਿਚ ਆਪਣੇ ਸਿਆਸੀ ਆਕਾਵਾਂ ਦੇ ਨਵੇਂ ਵਿਰੋਧੀ ਹੋਏ ਸ. ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਅਕਾਲੀ ਲਫਟੈਨ ਸਤਿੰਦਰਜੀਤ ਸਿੰਘ ਮੰਟਾ 'ਤੇ ਬੜੀ ਸ਼ਿੱਦਤ ਨਾਲ ਸ਼ਬਦੀ ਰਗੜੇ ਲਾਏ। ਸ੍ਰੀ ਤਰਮਾਲਾ ਨੇ ਮਨਪ੍ਰੀਤ ਸਿੰਘ ਬਾਦਲ 'ਤੇ ਮੁੱਖ ਮੰਤਰੀ ਸ੍ਰੀ ਬਾਦਲ ਨਾਲ ਧਰੋਹ ਕਮਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ 'ਬਾਦਲ ਸਾਬ੍ਹ ਮਨਪ੍ਰੀਤ ਨੂੰ ਬਹੁਤ ਪਿਆਰ ਕਰਦੇ ਸਨ ਤੇ ਜੇਕਰ ਉਨ੍ਹਾਂ ਨੇ ਇੱਕ ਵਾਰ ਆਪਣੀ ਮੁੱਖ ਮੰਤਰੀ ਬਣਨ ਦੀ ਇੱਛਾ ਇਜ਼ਹਾਰ ਕੀਤਾ ਹੁੰਦਾ ਵੱਡੇ ਬਾਦਲ ਸਾਬ੍ਹ ਨੇ ਉਸਨੂੰ ਹੱਸ ਕੇ ਮੰਨ ਲੈਣਾ ਸੀ।''
            ਇਸ ਮੌਕੇ ਸੰਸਦ ਮੈਂਬਰ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਸਰਕਾਰ ਬਿਨ੍ਹਾਂ ਦਾ ਬਹੁਪੱਖੀ ਵਿਕਾਸ ਸੰਭਵ ਨਹੀਂ। ਉਨ੍ਹਾਂ ਅੰਕੜੇ ਗਿਣਾਉਂਦੇ ਹੋਏ ਕਿਹਾ ਕਿ ੂਸਬੇ ਵਿਚ 16 ਲੱਖ ਪਰਿਵਾਰਾਂ ਨੂੰ ਆਟਾ-ਦਾਲ, 19 ਲੱਖ ਲੋਕਾਂ ਨੂੰ ਬੁਢਾਪਾ ਪੈਨਸ਼ਨਾਂ ਅਤੇ ਵੱਡੀ ਤਾਦਾਦ ਵਿਚ ਸ਼ਗੁਨ ਸਕੀਮਾਂ ਦਿੱਤੀਆਂ ਜਾ ਰਹੀਆਂ ਹਨ। ਜਦਕਿ ਪਖਾਨੇ ਅਤੇ ਗਰੀਬਾਂ ਨੂੰ ਪੱਕੇ ਮਕਾਨ ਤੇ ਮੁਰੰਮਤ ਲਈ ਗਰਾਂਟਾਂ ਦੇ ਗੱਫੇ ਵੀ ਅਕਾਲੀ ਸਰਕਾਰ ਦੀ ਦੇਣ ਹਨ। ਉਨ੍ਹਾਂ ਬਠਿੰਡਾ ਤੋਲ ਸ਼ੋਧਕ ਕਾਰਖਾਨੇ ਨੂੰ ਇੱਕ ਰੁਜ਼ਗਾਰ ਦਾ ਵੱਡਾ ਸੋਮਾ ਦੱਸਦਿਆਂ ਪਿੰਡ ਘੁੱਦਾ ਵਿਚ ਕੇਂਦਰੀ ਯੂਨੀਵਰਸਿਟੀ ਦੀ ਸਥਾਪਤੀ ਲਈ ਵੀ ਮੌਜਦਾ ਸਰਕਾਰ ਨੂੰ ਸਿਹਰਾ ਦਿੱਤਾ।     
ਇਸ ਮੌਕੇ ਸੰਸਦ ਮੈਂਬਰ ਨੇ ਪਿੰਡ ਵਣਵਾਲਾ ਦੇ 4 ਅੰਗਹੀਣਾਂ ਨੂੰ ਟਰਾਈ ਸਾਇਕਲ ਦਿੱਤੇ ਅਤੇ ਕਈ ਬੂਟਾ ਪ੍ਰਸਾਦ ਵੀ ਦਿੱਤਾ।
                ਇਸ ਮੌਕੇ ਉਪ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਅਵਤਾਰ ਸਿੰਘ ਵਣਵਾਲਾ, ਜ਼ਿਲ੍ਹਾ ਪੁਲੀਸ ੁਮਖੀ ਇੰਦਰਮੋਹਨ ਸਿੰਘ, ਡੀ.ਡੀ.ਪੀ.ਓ. ਐਚ. ਐਸ. ਸਰਾਂ, ਜ਼ਿਲ੍ਹਾ ਭਲਾਈ ਅਫ਼ਸਰ ਗੁਰਮੀਤ ਸਿੰਘ, ਗੁਰਬਖਸ਼ੀਸ਼ ਸਿੰਘ ਵਿੱਕੀ ਮਿੱਡੂਖੇੜਾ ਅਤੇ ਜ਼ਿਲ੍ਹਾ ਮਹਿਲਾ ਅਕਾਲੀ ਦਲ ਦੇ ਪ੍ਰਧਾਨ ਆਸ਼ਾ ਬਜਾਜ, ਅਕਾਲੀ ਦਲ ਮਹਿਲਾ ਵਿੰਗ ਹਲਕਾ ਲੰਬੀ ਦੀ ਪ੍ਰਧਾਨ ਸੁਖਦੀਪ ਕੌਰ ਖਿਉਵਾਲੀ, ਨੌਜਵਾਨ ਆਗੂ ਜਿੰਮੀ ਮਹਿਣਾ, ਗੁਰਸੇਵਕ ਸਿੰਘ ਸਰਪੰਚ, ਕੁਲਵਿੰਦਰ ਸਿੰਘ ਪੰਚ, ਸੁਰਜੀਤ ਕੌਰ ਪੰਚ, ਮਨੋਹਰ ਸਿੰਘ ਪੰਚ, ਬਲਕਾਰ ਸਿੰਘ ਸੰਧੂ ਪੰਚ, ਹਰਜਿੰਦਰ ਸਿੰਘ, ਹਰਦੀਪ ਸਿੰਘ (ਨੰਬਰਦਾਰ) ਤੇ ਵਕੀਲ ਸਿੰਘ ਸਮੇਤ ਅਹੁਦੇਦਾਰ ਵੀ ਮੌਜੂਦ ਸਨ।

No comments:

Post a Comment