16 March 2017

ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦਫਤਰ ਦਾ ਚਾਰਜ ਸੰਭਾਲਿਆ-ਕੈਬਨਿਟ ਦੀ ਪਹਿਲੀ ਮੀਟਿੰਗ ਸ਼ਨੀਵਾਰ ਨੂੰ

* ਸ਼ਨੀਵਾਰ ਨੂੰ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਕਈ ਮਹੱਤਵਪੂਰਨ ਫੈਸਲੇ ਲਵੇਗੀ ਸਰਕਾਰ
* ਪਹਿਲ ਵਾਲਾ ਏਜੰਡਾ : ਕਰਜਾ ਮੁਆਫੀ, ਸਨਅਤਾਂ ਦੀ ਮੁੜ ਬਿਹਤਰੀ ਅਤੇ ਰੁਜ਼ਗਾਰ 
                                                    
                                      ਬੁਲੰਦ ਸੋਚ ਬਿਊਰੋ 
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਧਰਮਾਂ ਦੀਆਂ ਪ੍ਰਾਰਥਨਾਵਾਂ ਵਿਚਾਲੇ ਵੀਰਵਾਰ ਨੂੰ ਇਥੇ ਪੰਜਾਬ ਸਕਤਰੇਤ ’ਚ ਆਪਣੇ ਨਵੇਂ ਦਫਤਰ ਦਾ ਚਾਰਜ ਸੰਭਾਲ ਲਿਆ। ਇਸ ਦੌਰਾਨ ਜਿਵੇਂ ਹੀ ਉਹ ਆਪਣੇ ਨਵੇਂ ਗਠਿਤ ਮੰਤਰੀ ਮੰਡਲ ਦੇ ਕਈ ਸਾਥੀਆਂ, ਵਿਧਾਇਕਾਂ ਤੇ ਨਜ਼ਦੀਕੀ ਸਹਿਯੋਗੀਆਂ ਦੇ ਦਲ ਨਾਲ ਪੰਜਾਬ ਦੇ 26ਵੇਂ ਮੁੱਖ ਮੰਤਰੀ
ਦੇ ਦਫਤਰ ਦੀ ਦੂਜੀ ਮੰਜਿਲ ’ਤੇ ਪਹੁੰਚੇ, ਸ੍ਰੀਮਦ ਭਗਵਦ ਗੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ ਤੇ ਬਾਈਬਲ ਦੇ ਪਵਿੱਤਰ ਭਜਨ ਗੂੰਜਣ ਲੱਗੇ। ਕੈਪਟਨ ਅਮਰਿੰਦਰ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਗੌਰਵਮਈ ਦਫਤਰ ਸੰਭਾਲਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ 2002 ਤੋਂ 2007 ਵਿਚਾਲੇ ਬਤੌਰ ਮੁੱਖ ਮੰਤਰੀ ਆਪਣੇ ਪਿਛਲੇ ਕਾਰਜਕਾਲ ਦੌਰਾਨ ਇਸ ਦਫਤਰ ਸੰਭਾਲਿਆ ਸੀ। ਇਸ ਲੜੀ ਹੇਠ, ਹਾਲੇ ’ਚ ਸੰਪੂਰਨ ਹੋਈਆਂ ਵਿਧਾਨ ਸਭਾ ਚੋਣਾਂ ’ਚ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਪੰਜਾਬ ਦੀ ਨਵੀਂ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਜਿਵੇਂ ਹੀ ਕੈਪਟਨ ਅਮਰਿੰਦਰ ਨੇ ਸਕਤਰੇਤ ’ਚ ਕਦਮ ਰੱਖਿਆ, ਮੰਨੋ ਜਿਵੇਂ ਤਿਊਹਾਰ ਜਿਹਾ ਮਹੌਲ ਬਣ ਗਿਆ। ਇਸ ਤੋਂ ਪਹਿਲਾਂ, ਸਵੇਰੇ ਕੈਪਟਨ ਅਮਰਿੰਦਰ ਨੇ ਮੰਤਰੀ ਮੰਡਲ ਦੇ 9 ਮੈਂਬਰਾਂ ਨਾਲ ਪੰਜਾਬ ਭਵਨ ’ਚ ਕਈ ਪਤਵੰਤੇ ਵਿਅਕਤੀਆਂ ਦੀ ਮੌਜ਼ੂਦਗੀ ’ਚ ਅਹੁਦੇ ਦੀ ਸਹੁੰ ਚੁੱਕੀ ਸੀ, ਜਿਨ੍ਹਾਂ ਪਤਵੰਤਿਆਂ ’ਚ ਏ.ਆਈ.ਸੀ.ਸੀ ਮੀਤ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਸਨ। 
       ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ, ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਸੀ ਕਿ ਉਹ ਸਾਰਿਆਂ ਚੋਣ ਵਾਅਦਿਆਂ ਨੂੰ ਪੂਰਾ ਕਰਨ ਪ੍ਰਤੀ ਵਚਨਬੱਧ ਹਨ ਅਤੇ ਇਸ ਦਿਸ਼ਾ ’ਚ, ਉਨ੍ਹਾਂ ਦੀ ਸਰਕਾਰ ਸ਼ਨੀਵਾਰ (18 ਮਾਰਚ) ਨੂੰ ਤੈਅ ਆਪਣੀ ਕੈਬਨਿਟ ਦੀ ਪਹਿਲੀ ਮੀਟਿੰਗ ’ਚ ਕਈ ਮਹੱਤਵਪੂਰਨ ਫੈਸਲੇ ਲਵੇਗੀ। ਉਨ੍ਹਾਂ ਨੇ ਚਾਰ ਹਫਤਿਆਂ ਅੰਦਰ ਸੂਬੇ ਤੋਂ ਨਸ਼ੇ ਦੀ ਸਮੱਸਿਆ ਦਾ ਖਾਤਮਾ ਕਰਨ ਲਈ ਵਿਸ਼ੇਸ਼ ਜਾਂਚ ਦਲ ਦਾ ਗਠਨ ਕਰਨ ਸਬੰਧੀ ਆਪਣਾ ਵਾਅਦਾ ਵੀ ਦੁਹਰਾਇਆ, ਜਿਹੜਾ ਵਚਨ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਚ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੇ ਏਜੰਡੇ ਦੇ ਮੁੱਖ ਪ੍ਰੋਗਰਾਮਾਂ ’ਚ ਕਿਸਾਨਾਂ ਦੀ ਕਰਜਾ ਮੁਆਫੀ, ਉਦਯੋਗਾਂ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨਾ ਤੇ ਰੋਜ਼ਗਾਰ ਪੈਦਾ ਕਰਨਾ ਵੀ ਸ਼ਾਮਿਲ ਹਨ, ਜਿਨ੍ਹਾਂ ’ਤੇ ਪਹਿਲ ਦੇ ਅਧਾਰ ’ਤੇ ਕੰਮ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਨਾਲ ਹੋਰਨਾਂ ਤੋਂ ਇਲਾਵਾ, ਸੂਬੇ ਦੇ ਕੈਬਨਿਟ ਮੰਤਰੀਆਂ ’ਚ ਬ੍ਰਹਮ ਮੋਹਿੰਦਰਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਰਾਜ ਮੰਤਰੀ ਰਜੀਆ ਸੁਲਤਾਨਾ, ਵਿਧਾਇਕਾਂ ’ਚ ਗੁਰਮੀਤ ਸਿੰਘ ਰਾਣਾ ਸੋਢੀ, ਰਾਜ ਕੁਮਾਰ ਵੇਰਕਾ, ਪਰਮਿੰਦਰ ਸਿੰਘ ਪਿੰਕੀ, ਵਿਜੈ ਇੰਦਰ ਸਿੰਗਲਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਭਿੰਦਰ ਸਿੰਘ ਸੁਖਸਰਕਾਰੀਆ ਤੇ ਗੁਰਕੀਰਤ ਕੋਟਲੀ, ਸੁਖਪਾਲ ਸਿੰਘ ਭੁੱਲਰ ਤੇ ਪੰਜਾਬ ਦੇ ਸਾਬਕਾ ਮੰਤਰੀ ਮੋਹਿੰਦਰ ਸਿੰਘ ਕੇਪੀ, ਸਾਬਕਾ ਵਿਧਾਇਕਾਂ ’ਚ ਕੇਵਲ ਸਿੰਘ ਢਿਲੋਂ ਤੇ ਰਣਜੀਤ ਸਿੰਘ ਛੱਜਲਵੰਡੀ ਸਮੇਤ ਨਵੇਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਡਾਇਰੈਕਟਰ ਜਨਰਲ ਆਫ ਪੁਲਿਸ ਸੁਰੇਸ਼ ਅਰੋੜਾ ਵੀ ਸਨ। 

No comments:

Post a Comment