24 March 2017

ਕਾਂਗਰਸੀਆਂ ਨੂੰ ਰੜਕ ਰਹੇ ਬਾਦਲਾਂ ਦੇ ਜ਼ਿਲ੍ਹੇ ’ਚ ਖਾਕੀ ਸਫ਼ਾਂ ’ਚੋਂ ਅਕਾਲੀਆਂ ਦੇ ਪੀਲੇ ਬਾਣੇ ਵਾਲੇ ਝਲਕਾਰੇ

- ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ’ਚ ਪੁਲੀਸ ’ਚ ਫੇਰਬਦਲ ਦੀ ਤਿਆਰੀ!
- ਥਾਣੇ ਚੌਕੀਆਂ ’ਚ ਕਾਂਗਰਸੀਆਂ ਨੂੰ ਸਰਕਾਰ ਵਾਲੀ ‘ਫਿਲਿੰਗ’ ਨਹੀਂ ਮਿਲਣ ਲੱਗੀ
- ਬਾਦਲ ਦੀ ਸੁਰੱਖਿਆ ਛਤਰੀ ਦੀ ਓਟ ’ਚ ਹੁੰਦਾ ਭਾਰੀ ਗਿਣਤੀ ਅਮਲਾ ਤਾਇਨਾਤ

ਇਕਬਾਲ ਸਿੰਘ ਸ਼ਾਂਤ
        ਲੰਬੀ: ਬਾਦਲਾਂ ਦੇ ਜ਼ਿਲ੍ਹੇ ਵਿੱਚ ਖਾਕੀ ਸਫ਼ਾਂ ਵਿਚੋਂ ਅਕਾਲੀਆਂ ਦੇ ਪੀਲੇ ਬਾਣੇ ਵਾਲੇ ਝਲਕਾਰੇ ਕਾਂਗਰਸੀਆਂ ਨੂੰ ਰੜਕ ਰਹੇ ਹਨ। ਜਿਸ ਕਰਕੇ ਸੱਤਾ ਪ੍ਰਾਪਤੀ ਦੇ ਹਫ਼ਤੇ ਬਾਅਦ ਵੀ ਕਾਂਗਰਸੀਆਂ ਨੂੰ ਥਾਣੇ ਚੌਕੀਆਂ ਵਿੱਚ ਸਰਕਾਰ ਵਾਲੀ ਪੂਰੀ ‘ਫਿਲਿੰਗ’ ਨਹੀਂ ਮਿਲ ਰਹੀ। ਸੂਤਰਾਂ ਅਨੁਸਾਰ ਅਕਾਲੀਆਂ ਦੀ ਸਰਕਾਰੇ-ਦਰਬਾਰੇ ਬੁੱਕਤ ਘਟਾਉਣ ਲਈ ਜ਼ਿਲ੍ਹੇ ਅੰਦਰ ਪੁਲੀਸ ਤੰਤਰ ਵਿੱਚ ਵੱਡਾ ਫੇਰ-ਬਦਲ ਹੋਣ ਦੀਆਂ ਤਿਆਰੀਆਂ ਹਨ। ਜਿਸ ਤਹਿਤ ਥਾਣਾ ਮੁਖੀਆਂ ਅਤੇ ਚੌਕੀ ਇੰਚਾਰਜ਼ਾਂ ਦੀ ਫ਼ੇਰਬਦਲ ਕੀਤੀ ਜਾਣੀ ਹੈ। ਜ਼ਿਕਰਯੋਗ ਹੈ ਕਿ ਦਸ ਸਾਲਾਂ ’ਚ ਅਜਿਹਾ ਮਾਹੌਲ ਸੀ ਕਿ ਥਾਣਾ ਮੁਖੀ ਅਤੇ ਚੌਂਕੀ ਇੰਚਾਰਜ਼ਾਂ ਨੂੰ ਥਾਣੇ-ਚੌਕੀਆਂ ਦੇ ਬੂਹੇ
ਚੜ੍ਹਨ ਤੋਂ ਪਹਿਲਾਂ ਅਕਾਲੀ ਜਥੇਦਾਰਾਂ ਦੀ ਹਾਜ਼ਰੀ ਭਰਨੀ ਪੈਂਦੀ ਸੀ। ਜਿਸ ਨਾਲ ਜਨਤਕ ਤੌਰ ’ਤੇ ਪੁਲੀਸ ਦੀ ਦਿੱਖ ਪੀਲੇ ਬਾਣੇ ’ਚ ਰੰਗੀ ਮਹਿਸੂਸ ਹੋਣ ਲੱਗੀ ਸੀ। ਜ਼ਿਲ੍ਹਾ ਸ੍ਰੀ ਮੁਕਤਸਰ ਦੇ ਲਗਭਗ ਥਾਣਿਆਂ ਚੌਕੀ ਵਿੱਚ ਅਕਾਲੀ ਸਰਕਾਰ ਸਮੇਂ ਦੇ ਅਫ਼ਸਰ ਅਤੇ ਅਮਲਾ ਤਾਇਨਾਤ ਹਨ। ਜਿਨ੍ਹਾਂ ਦੀ ਅਕਾਲੀ ਤੋਂ ਅੱਖ ਸ਼ਰਮ ਅਤੇ ਸਾਂਝਾਂ ਕਿਸੇ ਤੋਂ ਲੁਕੀਆਂ ਨਹੀਂ। ਬਹੁਗਿਣਤੀ ਥਾਣੇਦਾਰਾਂ ਅਤੇ ਇੰਚਾਰਜ਼ਾਂ ਦੀਆਂ ਅਕਾਲੀਆਂ ਪ੍ਰਤੀ ‘ਵਫ਼ਾਦਾਰੀਆਂ’ ਤਾਂ ਜੱਗਜਾਹਰ ਹਨ। ਸੂਤਰਾਂ ਅਨੁਸਾਰ ਖਾਕੀ ਸਿਸਟਮ ਨੂੰ ਅਗਲੇ ਦਿਨਾਂ ਵਿੱਚ ਗਰਾਂਟਾਂ ਅਤੇ ਹੋਰ ਕਾਰਜਾਂ ਦੀਆਂ ਪੜਤਾਲ ਸਮੇਂ ਸੂਚਨਾਵਾਂ ਅਗਾਊਂ ਤੌਰ ’ਤੇ ਲੀਕ ਹੋਣ ਦਾ ਖਦਸ਼ਾ ਹੈ। ਅਜਿਹੇ ਵਿੱਚ ਅਧਿਕਾਰੀ ਪੱਧਰ ’ਤੇ ਇਸ ਫੇਰਬਦਲ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਥਾਣੇਦਾਰ ਅਤੇ ਚੌਕੀ ਇੰਚਾਰਜ਼ਾਂ ਉਪਰੰਤ ਹੇਠਲੇ ਸਟਾਫ਼ ਦੀ ਵਾਰੀ ਆਉਣੀ ਹੈ। ਸੂਤਰ ਆਖਦੇ ਹਨ ਕਿ ਲੰਬੀ ਹਲਕੇ ’ਚ ਬਾਦਲਾਂ ਦੇ ਨੇੜਲੇ ਅਖਵਾਉਂਦੇ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਪਣੀਆਂ ਨਿਯੁਕਤੀਆਂ ਦੂਰ-ਦੁਰਾਡੇ ਹੋਣ ਦਾ ਖਦਸ਼ਾ ਹੈ। ਜਿਨ੍ਹਾਂ ਵਿਚੋਂ ਕਈਆਂ ਨੇ ਕਾਂਗਰਸੀਆਂ ਦੇ ਬੂਹਿਆਂ ’ਤੇ ਆਨ੍ਹੇ-ਬਹਾਨੇ ਗੇੜੀਆਂ ਸ਼ੁਰੂ ਕਰ ਦਿੱਤੀਆਂ ਹਨ। ਜਦੋਂ ਕਿ ਕਈ ਆਪਣੀਆਂ ਵਫ਼ਾਦਾਰੀਆਂ ਨੂੰ ਕਾਇਮ ਰੱਖਣ ਦੇ ਰੌਂਅ ਵਿੱਚ ਹਨ ਪਰ ਸਮੇਂ ਦੀ ਬਦਲੀ ਫਿਜ਼ਾ ਮੁਤਾਬਕ ਚਿਹਰਿਆਂ ਦੇ ਭਾਵ ਲੁਕੋਣ ਦੀ ਕੋਸ਼ਿਸ਼ ਕਰ ਰਹੇ ਹਨ। 
     ਲੰਬੀ ਹਲਕੇ ਵਿੱਚ ਪੁਲੀਸ ਸਮੇਤ ਸਾਰੇ ਵਿਭਾਗਾਂ ਵਿੱਚਲੇ 70 ਫ਼ੀਸਦੀ ਅਮਲੇ ਦੀ ਅਕਾਲੀ ਪੱਖੀ ਕਾਰਜਪ੍ਰਣਾਲੀ ਸਦਕਾ ਅਕਾਲੀ ਜਥੇਦਾਰਾਂ ਦੀ ਆਪਹੁਦਰੀਆਂ ਅਤੇ ਮਨਆਈਆਂ ਵਿੱਚ ਵਾਧਾ ਹੋ ਸਕਿਆ ਸੀ। ਜਿਨ੍ਹਾਂ ਦੀਆਂ ਕਣਸੋਆਂ ਸਦਕਾ ਜਥੇਦਾਰ ਸਿਸਟਮ ਦੀ ਘੁੰਡੀਆਂ ਨੂੰ ਵਾਚ ਕੇ ਆਪਣੀ ਅਮੀਰਤ ਦੇ ਝੰਡੇ ਗੱਡ ਸਕੇ। 
     ਸੂਤਰਾਂ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕੇ ’ਚ ਧੰਨਵਾਦੀ ਦੌਰੇ ਹੱਦੋਂ-ਵੱਧ ਟਰੈਫ਼ਿਕ ਅਮਲੇ ਦੀ ਓਟ ਹੇਠ ਸਰਕਾਰ ਵਾਲੀ ‘ਫਿਲਿੰਗ’ ਦਿੱਤੇ ਜਾਣ ਕਣਸੋਆਂ ਸਰਕਾਰ ਕੋਲ ਪੁੱਜੀਆਂ ਹਨ। ਅੱਜ ਵੀ ਧੰਨਵਾਦੀ ਦੌਰੇ ਮੌਕੇ ਮੰਡੀ ਕਿੱਲਿਆਂਵਾਲੀ ’ਚ ਰੱਦ ਹੋਏ ਧੰਨਵਾਦੀ ਜਲਸੇ ਵਾਲੀਆਂ ਜਗ੍ਹਾ ’ਤੇ ਟਰੈਫ਼ਿਕ ਅਮਲੇ ਕਰੀਬ 3-4 ਦਰਜਨ ਮਰਦ-ਅੌਰਤ ਪੁਲੀਸ ਮੁਲਾਜਮ ਤਾਇਨਾਤ ਸਨ। ਉਂਝ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੇਂਦਰ ਸਰਕਾਰ ਵੱਲੋਂ ਜੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਸੂਬੇ ’ਚ ਸਾਬਕਾ ਅਕਾਲੀ ਮੰਤਰੀਆਂ ਦੀ ਸੁਰੱਖਿਆ ਕਟੌਤੀ ਕੀਤੀ ਗਈ ਹੈ। ਇਸਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਨੂੰ ਸੁਰੱਖਿਆ ਦੀ ਓਟ ਹੇਠ ਵੀ.ਆਈ.ਪੀ ਟ੍ਰੀਟਮੈਂਟ ਬਾਰੇ ਆਮ ਜਨਤਾ ਵਿੱਚ ਚਰਚਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਸ ਵਰ੍ਹਿਆਂ ਦਾ ਥਕੇਵੇਂ ਭਰੀਆਂ ਲੰਮੀਆਂ ਤਾਇਨਾਤੀਆ ਤੋਂ ਹੰਭਿਆ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਪੱਧਰ ਦਾ ਪੁਲੀਸ ਅਮਲਾ ਬਾਦਲਾਂ ਦੇ ਰਾਹਾਂ ਦੀਆਂ ਅੰਨ੍ਹੇਵਾਹ ਡਿਊਟੀ ਕਰ-ਕਰ ਕੇ ਖਿਝਿਆ ਪਿਆ ਹੈ। ਜਿਨ੍ਹਾਂ ਨੂੰ ਸਵੇਰੇ 11 ਵਜੇ ਦੇ ਪ੍ਰੋਗਰਾਮ ਲਈ ਤੜਕੇ 4 ਵਜੇ ਉਠਾ ਕੇ ਸੜਕਾਂ ਕੰਢੇ ਖੜ੍ਹਾ ਕਰ ਦਿੱਤਾ ਜਾਂਦਾ ਸੀ। ਹੁਣ ਤਾਂ ਸੜਕਾਂ ਕੰਢੇ ਪੁਲੀਸ ਕਰਮਚਾਰੀ ਵੀ ਪੱਤਰਕਾਰਾਂ ਨੂੰ ਪੁੱਛਦੇ ਹਨ ‘‘ਬਾਈ ਜੀ, ਨਵਾਂ ਸੂਰਜ ਆ ਗਿਆ ਪਰ ਸਾਡੀ ਚੰਦਰੀ ਨਵੀਂ ਸਵੇਰ ਨਾ ਆਈ ।’’ 98148-26100 / 93178-26100
No comments:

Post a Comment