07 March 2017

ਬਾਦਲਾਂ ਦੀ 'ਮੁਫ਼ਤ-ਮੁਫ਼ਤ-ਮੁਫ਼ਤ' ਖੇਡ ਨੇ ਵਿਗਾੜੀਆਂ ਆਦਤਾਂ

*  ਸਰਕਾਰੀ ਪਾਣੀ ਨੂੰ ‘ਪ੍ਰਾਹੁਣਿਆਂ’ ਵਾਂਗ ਵਰਤਣ ਵਾਲੇ ‘ਮੁਫ਼ਤਖ਼ੋਰਾਂ’ ਨੇ ਜਲ ਸਪਲਾਈ ਦੀ ਲੱਸੀ ਕੱਢੀ
*  ਦੋ ਤੋਂ ਸਵਾ 3 ਰੁਪਏ ਰੋਜ਼ਾਨਾ ਬਚਾਉਣ ਵਾਲੇ ਲੋਕ ਹੁਣ ਖਰੀਦੇ ਰਹੇ 3-3 ਸੌ ਰੁਪਏ ਪਾਣੀ ਦੇ ਟੈਂਕ
*  ਵੀ.ਆਈ.ਪੀ. ਹਲਕੇ ’ਚ ਜਲ ਸਪਲਾਈ ਦੇ ਡਿਫਾਲਟਰਾਂ ਅਤੇ ਨਜਾਇਜ਼ ਕੁਨੈਕਸ਼ਨਾਂ ਦੀ 80 ਤੋਂ 90 ਫ਼ੀਸਦੀ

                                                                ਇਕਬਾਲ ਸਿੰਘ ਸ਼ਾਂਤ
ਲੰਬੀ: ਸਰਕਾਰੀ ਪਾਣੀ ਨੂੰ ‘ਪ੍ਰਾਹੁਣਿਆਂ’ ਵਾਂਗ ਵਰਤਣ ਵਾਲੇ ‘ਮੁਫ਼ਤਖ਼ੋਰ’ ਖਪਤਕਾਰਾਂ ਨੇ ਸਮੁੱਚੇ ਪੇਂਡੂ ਜਲ ਸਪਲਾਈ ਢਾਂਚੇ ਦੀ ਲੱਸੀ ਕੱਢ ਕੇ ਰੱਖ ਦਿੱਤੀ। ਪਿੰਡਾਂ ਵਿੱਚ ਵਾਟਰ ਵਰਕਸਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਮਗਰੋਂ ਲੋਕ ਸੌ ਤੋਂ ਡੇਢ ਸੌ ਗੁਣਾ ਖਰਚ ਕੇ ਤਿੰਨ-ਤਿੰਨ ਸੌ ਰੁਪਏ ’ਚ ਪ੍ਰਤੀ ਟੈਂਕ ਪਾਣੀ ਖਰੀਦ ਰਹੇ ਹਨ ਅਤੇ ਕਈ ਰਜਵਾਹਿਆਂ ਤੋਂ ਪਾਣੀ ਲਿਆ ਰਹੇ ਹਨ। ਦੂਜੇ ਪਾਸੇ ਘਰੇ ਟੂਟੀ ਰਾਹੀਂ ਆਉਂਦੇ ਪੇਂਡੂ ਜਲ ਸਪਲਾਈ ਦਾ ਬਿੱਲ ਸਿਰਫ਼ 2 ਤੋਂ ਸਵਾ ਤਿੰਨ ਰੁਪਏ ਰੋਜ਼ਾਨਾ ਪੈਂਦਾ ਹੈ। ਬਹੁ-ਗਿਣਤੀ
ਲੋਕਾਂ ਨੇ ਅਕਾਲੀ ਸਰਕਾਰ ਦੇ ਮੁਫ਼ਤ ਬਿਜਲੀ-ਪਾਣੀ ਦੇ ਸੁਆਦ ’ਚ ਜਲ ਸਪਲਾਈ ਦੇ ਪਾਣੀ ਨੂੰ ਮੁਫ਼ਤ ਦਾ ਮਾਲ ਸਮਝ ਲਿਆ। ਜਲ ਅਤੇ ਸੈਨੀਟੇਸ਼ਨ ਵਿਭਾਗ ਦਾ ਘਰੇਲੂ ਜਲ ਸਪਲਾਈ ਦਾ ਪ੍ਰਤੀ ਮਹੀਨਾ ਬਿੱਲ 60 ਰੁਪਏ ਮਹੀਨਾ ਹੈ ਅਤੇ ਪੰਚਾਇਤਾਂ ਦੇ ਅਧੀਨ ਵਾਟਰ ਵਰਕਸਾਂ ਵਿੱਚ ਸੌ ਰੁਪਏ ਪਤੀ ਮਹੀਨਾ ਬਿੱਲ ਹੈ। ਲੰਬੀ ਹਲਕੇ ਵਿੱਚ ਕਰੀਬ ਤਿੰਨ ਦਰਜਨ ਵਾਟਰ ਵਰਕਸਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਹੋਏ ਹਨ। ਦਿਨੋਂ ਦਿਨ ਮੌਸਮ ’ਚ ਗਰਮੀ ਵਧਣ ਕਰਕੇ ਪਾਣੀਆਂ ਲੋੜਾਂ ਵਧ ਰਹੀਆਂ ਹਨ। ਅਜਿਹੇ ਵਿੱਚ ਪਾਣੀ ਦੀ ਥੁੜ ’ਚ ਘਰੇਲੂ ਜ਼ਰੂਰਤਾਂ ਵਿੱਚ ਦਿੱਕਤਾਂ ਵਧ ਰਹੀਆਂ ਹਨ। ਕਾਫ਼ੀ ਗਿਣਤੀ ਲੋਕ ਪਾਣੀ ਦੇ ਬਿੱਲ ਭਰਨ ਦੀ ਪੈਰਵੀ ਵੀ ਕਰਦੇ ਹਨ। ਜਦੋਂ ਕਿ ਆਮ ਲੋਕਾਂ ਦਾ ਪੰਚਾਇਤਾਂ ਅਤੇ ਵਿਭਾਗ ’ਤੇ ਬਿੱਲ ਉਗਰਾਹੀ ਨਾ ਕਰਨ ਦਾ ਗੁੱਸਾ ਵੀ ਨਿੱਕਲ ਰਿਹਾ ਹੈ। ਲੰਬੀ ਹਲਕੇ ’ਚ ਵੋਟਾਂ ਨੇੜੇ ਹੋਣ ਕਰਕੇ ਪੰਚਾਇਤਾਂ ਅਤੇ ਵਿਭਾਗ ਨੇ ਕਾਫ਼ੀ ਸਮੇਂ ਪਾਣੀ ਬਿੱਲ ਉਗਰਾਹੁਣ ਤੋਂ ਪਾਸਾ ਵੱਟੀ ਰੱਖਿਆ। ਮੁਫ਼ਤਖ਼ੋਰੀ ਦੇ ਸ਼ੌਂਕੀਨ ਬਣੇ ਹਲਕੇ ਦੇ ਵੀ.ਆਈ.ਪੀ. ਵੋਟਰ ਕੀਮਤੀ ਜਲ ਸਪਲਾਈ ਦੀ ਖੁੱਲੇ੍ਹਆਮ ਦੁਰਵਰਤੋਂ ਦੇ ਆਦੀ ਬਣੇ ਗਏ।
ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਲੰਬੀ ਸਬਡਿਵੀਜਨ ਦੇ 24 ਪਿੰਡਾਂ ਵਿਚੋਂ 10 ਵਾਟਰ ਵਰਕਸਾਂ ਦਾ ਚਾਰਜ਼ ਵਿਭਾਗ ਕੋਲ ਹੈ। 14 ਪਿੰਡਾਂ ਦੀ ਜਲ ਸਪਲਾਈ ਪੰਚਾਇਤਾਂ ਕੋਲ ਹਨ। ਵਿਭਾਗ ਹੇਠਲੇ ਤਿੰਨ ਵਾਟਰ ਵਰਕਸ ਲੰਬੀ, ਸ਼ੇਰਾਂਵਾਲੀ, ਧੌਲਾ-ਕਿੰਗਰਾ ਦੇ ਕੁਨੈਕਸ਼ਨ ਕੱਟੇ ਹੋਏ ਹਨ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਅਧੀਨ 10 ਪਿੰਡਾਂ ’ਚ ਲਗਪਗ 28 ਸੌ ਕੁਨੈਕਸ਼ਨ ਹਨ। ਜਿਨ੍ਹਾਂ ਤੋਂ ਲਗਪਗ 77 ਲੱਖ ਰੁਪਏ ਦੇ ਬਿੱਲਾਂ ਦੀ ਉਗਰਾਹੀ ਬਾਕੀ ਹੈ। ਸੂਤਰਾਂ ਅਨੁਸਾਰ ਹਰ ਪਿੰਡ ’ਚ ਸੈਂਕੜੇ ਕੁਨੈਕਸ਼ਨ ਨਜਾਇਜ਼ ਹਨ ਅਤੇ ਵਿਭਾਗ ਜਾਂ ਪੰਚਾਇਤਾਂ ਦੀ ਉਨ੍ਹਾਂ ਵੱਲ ਤੱਕਣ ਦੀ ਜੁਰੱਅਤ ਨਹੀਂ। ਲੰਬੀ ਦੀ ਅੌਰਤ ਅਕਾਲੀ ਸਰਪੰਚ ਦੇ ਪਤੀ ਸੁਖਵੰਤ ਸਿੰਘ ਅਨੁਸਾਰ ਲੰਬੀ ’ਚ ਲਗਪਗ 3 ਸੌ ਨਜਾਇਜ਼ ਕੁਨੈਕਸ਼ਨ ਹਨ ਅਤੇ 90 ਫ਼ੀਸਦੀ ਜਾਇਜ਼ ਕੁਨੈਕਸ਼ਨ ਧਾਰਕਾਂ ਵਿੱਚ ਪਾਣੀ ਬਿੱਲਾਂ ਦੇ ਡਿਫਾਲਟਰ ਹਨ। ਇਹ ਪਤਾ ਲੱਗਿਆ ਹੈ ਕਿ ਇੱਕ-ਇੱਕ ਘਰ ਨੇ ਦੋ-ਦੋ ਤਿੰਨ ਕੁਨੇਕਸ਼ਨ ਨਜਾਇਜ਼ ਲਗਵਾਏ ਹੋਏ ਹਨ। ਅਜਿਹੇ ਹਾਲਾਤ ਲੰਬੀ ਹਲਕੇ ਦੇ ਲਗਪਗ ਹਰੇਕ ਪਿੰਡ ਵਿੱਚ ਬਣੇ ਹੋਏ ਹਨ। ਹਲਕੇ ਤੋਂ ਸਭ ਤੋਂ ਵੱਡੇ ਕਸਬੇ ਰੂਪੀ ਪਿੰਡ ਮੰਡੀ ਕਿੱਲਿਆਂਵਾਲੀ ’ਚ ਕਰੀਬ 982 ਜਾਇਜ਼ ਕੁਨੈਕਸ਼ਨ ਅਤੇ ਇੱਕ 17-18 ਸੌ ਕੁਨੈਕਸ਼ਨ ਨਜਾਇਜ਼ ਹਨ। ਕੁਨੈਕਸ਼ਨ ਧਾਰਕਾਂ ਵੱਲ ਵਿਭਾਗ ਦੇ 33 ਲੱਖ ਰੁਪਏ ਪਾਣੀ ਬਿੱਲ ਬਕਾਇਆ ਹਨ। ਜਦੋਂ ਕਿ 56 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੋਣ ਕਰਕੇ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਮੰਡੀ ਕਿੱਲਿਆਂਵਾਲੀ ਵਾਟਰ ਵਰਕਸ ਦਾ ਪ੍ਰਤੀ ਮਹੀਨੇ ਬਿਜਲੀ ਬਿੱਲ ਕਰੀਬ 1.80 ਲੱਖ ਆਉਂਦਾ ਹੈ। ਪਾਣੀ ਬਿੱਲਾਂ ਦੀ ਉਗਰਾਹੀ ਸਿਰਫ਼ 30-35 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਕਸਬੇ ’ਚ
ਕੁਨੈਕਸ਼ਨ ਧਾਰਕ ਆਂਢ-ਗੁਆਂਢ ’ਚ ’ਚ ਨਜਾਇਜ਼ ਕੁਨੈਕਸ਼ਨ ਵੇਖ ਪਾਣੀ ਬਿੱਲ ਭਰਨ ਤੋਂ ਮੁਨਕਰ ਹਨ। ਵਿਭਾਗ ਅਕਾਲੀ ਦਲ ਦੇ ਆਗੂਆਂ ਦੀ ਧੱਕੜਪੁਨੇ ਮੂਹਰੇ ਦਸ ਸਾਲ ਤੱਕ ਪੂੱਛਾਂ ਦੱਬ ਕੇ ਵੇਲਾ ਲੰਘਾਉਂਦਾ ਆ ਰਿਹਾ ਹੈ। ਇਸ ਸਬਡਿਵੀਜਨ ’ਚ ਮੰਡੀ ਕਿੱਲਿਆਂਵਾਲੀ, ਭੀਟੀਵਾਲਾ, ਵੜਿੰਗਖੇੜਾ, ਫਤੂਹੀਵਾਲਾ, ਸਿੰਘੇਵਾਲਾ, ਢਾਣੀ ਸਿੰਘੇਵਾਲਾ, ਢਾਣੀ ਤੇਲਿਆਂਵਾਲੀ ਵਗੈਰਾ ਦੇ ਕੁਨੈਕਸ਼ਨ ਕੱਟੇ ਹੋਏ ਹਨ। ਬਿੱਲ ਉਗਰਾਹੀ ਪੱਖੋਂ ਜਲ ਸਪਲਾਈ ਸਿਸਟਮ ਦੇ ਫੇਲ੍ਹ ਹੋਣ ਦਾ ਕਾਰਨ ਪੰਚਾਇਤ ਉੱਪਰ ਵਿਭਾਗ ਦਾ ਡੰਡਾ ਨਾ ਹੋਣਾ ਵੀ ਮੰਨਿਆ ਜਾ ਰਿਹਾ ਹੈ। ਹੈਰਾਨੀ ਭਰਿਆ ਤੱਥ ਹੈ ਵਿਭਾਗ ਕੋਲ ਪੰਚਾਇਤਾਂ ਅਧੀਨ ਵਾਟਰ ਵਰਕਸਾਂ ਦੇ ਜਾਇਜ਼-ਨਜਾਇਜ਼ ਪਾਣੀ ਕੁਨੈਕਸ਼ਨਾਂ ਦੀ ਗਿਣਤੀ, ਡਿਫਾਲਟਰਾਂ ਵਗੈਰਾ ਦੇ ਅੰਕੜੇ ਪੱਖੋਂ ਪੂਰੀ ਤਰ੍ਹਾਂ ਖਾਲੀ ਹਨ। 21 ਪਿੰਡਾਂ ਦੀ ਜਲ ਸਪਲਾਈ ਪੰਚਾਇਤਾਂ ਅਧੀਨ ਹੈ। ਮੰਡੀ ਕਿੱਲਿਆਂਵਾਲੀ ’ਚ ਕੁਝ ਲੋਕਾਂ ਨੇ ਨਜਾਇਜ਼ ਕੁਨੈਕਸ਼ਨਾਂ ਖਿਲਾਫ਼ ਮੁਹਿੰਮ ਵਿੱਢੀ ਸੀ ਪਰ ਸੱਤਾਪੱਖੀ ਦਬਾਅ ਮੂਹਰੇ ਗੱਲ ਉਥੇ ਹੀ ਦਬ ਗਈ। ਪਿੰਡ ਲੁਹਾਰਾ ਦੀ ਅੌਰਤ ਅਮਨਦੀਪ ਕੌਰ ਨੇ ਪਾਣੀ ਦੀ ਸਹੂਲਤ ਬਰਕਰਾਰ ਰੱਖਣ ਲਈ ਬਿੱਲ ਭਰਨ ਦੀ ਵਕਾਲਤ ਕੀਤੀ ਅਤੇ 5-6 ਮਹੀਨੇ ਤੋਂ ਕੋਈ ਬਿੱਲ ਲੈਣ ਨਹੀਂ ਆਇਆ। ਸਾਨੂੰ ਸੌ ਰੁਪਏ ਪ੍ਰਤੀ ਮਹੀਨਾ ਪਾਣੀ ਬਿੱਲ ਦੇਣਾ ਸੌਖਾ ਹੈ ਇਹ ਕੋਈ ਵੱਡੀ ਰਕਮ ਨਹੀਂ। ਕਿਸਾਨ ਅਮਨਦੀਪ ਸਿੰਘ ਨੇ ਕਿਹਾ ਕਿ ਸਵਾ 3 ਰੁਪਏ ਰੋਜ਼ਾਨਾ ਨਹਿਰੀ ਪਾਣੀ ਘਰ ਬੈਠਿਆਂ ਮਿਲਣਾ ਤਾਂ ਸਵਰਗ ਜਿਹੀ ਸਹੂਲਤ ਹੈ ਪਰ ਲੋਕ ਅਣਗਹਿਲੀ ਅਤੇ ਥੋੜ੍ਹੇ ਲਾਲਚ ਕਰਕੇ ਇਸ ਸਹੂਲਤ ਦਾ ਘਾਣ ਕਰ ਰਹੇ ਹਨ। ਸੁਰਿੰਦਰ ਕੌਰ ਨਾਮਕ ਬਜ਼ੁਰਗ ਅੌਰਤ ਨੇ ਕਿਹਾ ਕਿ ਵੱਡੇ ਵੱਡੇ ਬੰਦੇ ਬਿਜਲੀ ਦੇ ਬਿੱਲ ਨਹੀਂ ਭਰਦੇ ਅਤੇ ਅਕਾਲੀ ਸਰਕਾਰ ਨੇ ਲੋਕਾਂ ਨੂੰ ਬਿਜਲੀ ਮੁਫ਼ਤ, ਪਾਣੀ ਮੁਫ਼ਤ, ਆਹ ਮੁਫ਼ਤ, ਓਹ ਮੁਫ਼ਤ ਦਾ ਸੁਭਾਅ ਪਾ ਕੇ ਸਾਰਾ ਪੰਗਾ ਪਾਇਆ ਹੈ। ਹੁਣ ਲੋਕ ਭੁਗਤਣਗੇ ਜਦੋਂ ਇਕੱਠਾ ਬਿੱਲ ਭਰਨਾ ਪਿਆ। ਸਰਕਾਰ ਲੋਕਾਂ ਵੱਲੋਂ ਪੀਤੇ ਪਾਣੀ ਦਾ ਬਿੱਲ ਕਦੋਂ ਤੱਕ ਭਰੂ।
ਵਾਟਰ ਵਰਕਸ ਨੂੰ ਜਾਂਦੀ ਪਾਈਪ ਦੀ ਹੋਦੀ ਵਿਚੋਂ ਪਾਣੀ ਭਰਦੇ ਨੌਜਵਾਨਾਂ ਨੇ ਐਵੇਂ ਮੁਫ਼ਤ ਮੁਫ਼ਤ ਵਾਲਾ ਪੰਗਾ ਪਾ ਰੱਖਿਐ ਸਵੇਰ ਤੋਂ ਸਾਇਕਲ ’ਤੇ ਪਾਣੀ ਢੋਹ-ਢੋਹ ਕੇ ਕਮਲੇ ਹੋ ਗਏ। ਕਾਮਰੇਡ ਸੁਖਪਾਲ ਸਿੰਘ ਲੰਬੀ ਨੇ ਕਿਹਾ ਕਿ ਮੁਫ਼ਤਖ਼ੋਰੀ ਦਾ ਆਦਤ ਪਹਿਲਾਂ ਪਹਿਲਾਂ ਚੰਗੀ ਲੱਗਦੀ ਸੀ ਪਰ ਹੁਣ ਇਹ ਭੱਠਾ ਬਿਠਾਉਣ ਲੱਗੀ ਹੈ। ਲੋਕ ਸਰਕਾਰਾਂ ਦੀ ਮਿੱਠੀਆਂ ਗੋਲੀਆਂ ਦੇ ਅੜਿੱਕੇ ਚੜ੍ਹ ਕੇ ਬੁਨਿਆਦੀ ਸਹੁੂਲਤਾਂ ਦਾ ਘਾਣ ਕਰ ਰਹੇ ਹਨ। ਲੰਬੀ ਅਤੇ ਮੰਡੀ ਕਿੱਲਿਆਂਵਾਲੀ ਸਬਡਿਵੀਵਨ ਦੇ ਐਸ.ਡੀ.ਓ. ਸੁਰਿੰਦਰ ਕੁਮਾਰ ਨੇ ਕਿਹਾ ਕਿ ਬਿਜਲੀ ਬਿੱਲਾਂ ਦੀ ਕਿਸ਼ਤਾਂ ਵਗੈਰਾ ਭਰ ਕੇ ਜਨਤਾ ਨੂੰ ਪਾਣੀ ਸੰਕਤ ਤੋਂ ਬਚਾਉਣ ਲਈ ਵਾਟਰ ਵਰਕਸਾਂ ਦੇ ਕੁਨੈਕਸ਼ਨ ਚਾਲੂ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪਾਣੀ ਬਿੱਲ ਉਗਰਾਹੀ ਦੀ ਮੁਹਿੰਮ ਵਿੱਢ ਕੇ ਜਲ ਸਪਲਾਈ ਸਕੀਮ ਨੂੰ ਆਰਥਿਕ ਪੱਖੋਂ ਮੁੜ ਲੀਹ ’ਤੇ ਲਿਆਂਦਾ ਜਾਵੇਗਾ। ਜਿਸ ਵਿੱਚ ਜਨਤਾ ਦੇ ਸਹਿਯੋਗ ਦੀ ਜ਼ਰੂਰਤ ਹੋਵੇਗੀ। 

90 ਫ਼ੀਸਦੀ ਉਗਰਾਹੀ ਨਾਲ ਖਿਉਵਾਲੀ ਅੱਵਲ
ਜਲ ਅਤੇ ਸੈਨੀਟੇਸ਼ਨ ਵਿਭਾਗ ਦੇ ਖਾਤੇ ਖਿਉਵਾਲੀ ਇਕਲੌਤਾ ਅੱਵਲ ਪਿੰਡ ਹੈ। ਜਿੱਥੋਂ ਦੇ 90 ਫ਼ੀਸਦੀ ਕੁਨੈਕਸ਼ਨ ਧਾਰ ਬਿੱਲ ਭਰਨ ਨੂੰ ਤਰਜੀਹ ਦਿੰਦੇ ਹਨ। ਦੂਜੇ ਹਲਕੇ ਦੇ ਹੋਰਨਾਂ ਪਿੰਡਾਂ ’ਚ 80-90 ਫ਼ੀਸਦੀ ਡਿਫ਼ਾਲਟਰ ਅਤੇ ਨਜਾਇਜ਼ ਕੁਨੇੈਕਸ਼ਨ ਹਨ।

No comments:

Post a Comment