16 March 2017

ਬਾਬਾ ਬੋਹੜ ਲੈਣ ਲੱਗਿਆ ਕੈਪਟਨ ਨਾਲ ਪੰਗੇ

* ਅਮਰਿੰਦਰ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਕੇਂਦਰ ਦਾ ਵਿਖਾਇਆ 'ਰੌਹਬ'
* ਬਾਦਲ ਵੱਲੋਂ ਛੇਤੀ ਪਾਣੀਆਂ ਦੀ ਵੱਡੀ ਲੜਾਈ ਵਿੱਢਣ ਦੇ ਸਕੇਤ
* ਬੋਲੇ ਕੁਬੋਲ: ਅਖੇ ਖੁਦ ਰੋਜ਼ ਸ਼ਰਾਬ ਛਕਣ ਵਾਲਾ ਹੋਰਾਂ ਦਾ ਨਸ਼ਾ ਕਿਵੇਂ ਛੁਡਾਊ

                                                         ਇਕਬਾਲ ਸਿੰਘ ਸ਼ਾਂਤ
ਲੱਬੀ: ਮੁੱਖ ਮੰਤਰੀ ਦੇ ਅਹੁਦੇ ਤੋਂ ਵਿਧਾਇਕੀ ਤੱਕ ਸੀਮਤ ਹੋਏ ਪ੍ਰਕਾਸ਼ ਸਿੰਘ ਬਾਦਲ ਦੇ ਕਾਂਗਰਸ ਦੀ ਇਤਿਹਾਸਕ ਜਿੱਤ ਗਲਿਓਂ ਹੇਠੋਂ ਨਹੀਂ ਉੱਤਰਦੀ ਜਾਪਦੀ। ਬਾਬਾ ਬੋਹੜ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਵਿਰੋਧੀ ਸੁਰਾਂ ਵਾਲੀ ਰਾਜਨੀਤੀ 'ਤੇ ਉੱਤਰ ਆਏ ਹਨ। ਉਨ੍ਹਾਂ ਛੇਤੀ ਹੀ ਪੰਜਾਬ ਦੇ ਪਾਣੀਆਂ ਲਈ ਵੱਡੀ ਲੜਾਈ ਵਿੱਢਣ ਦੇ ਸੰਕੇਤ ਵੀ ਦਿੱਤੇ ਹਨ। ਅੱਜ ਲੰਬੀ ਹਲਕੇ 'ਚ ਵੱਡੀ ਜਿੱਤ ਲਈ ਪ੍ਰਕਾਸ਼ ਸਿੰਘ ਬਾਦਲ ਧੰਨਵਾਦੀ ਦੌਰੇ ਤਹਿਤ ਵਰਕਰਾਂ ਦੇ ਮੁਖਾਤਬ ਹੋਏ। ਸਿਆਸੀ ਮਾਹਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਦੇ ਤਿੱਖੇ ਤੇਵਰ ਸਿਆਸੀ ਰਣਨੀਤੀ ਤਹਿਤ ਅਮਰਿੰਦਰ ਸਰਕਾਰ ਦਾ
ਧਿਆਨ ਸ਼ੁਰੂਆਤੀ ਦੌਰ 'ਚ ਹੀ ਵਿਕਾਸ ਤੋਂ ਹਟਾ ਕੇ ਪਾਣੀਆਂ ਦੇ ਲੜਾਈ 'ਚ ਉਲਝਾਉਣ ਵਾਲੇ ਹਨ। ਤਾਂ ਜੋ ਸਰਕਾਰ ਕਾਰਗੁਜਾਰੀ ਪੱਖੋਂ ਅਕਾਲੀ ਦਲ ਤੋਂ ਬਿਹਤਰ ਨਾ ਸਾਬਤ ਹੋ ਸਕੇ। ਕੁਝ ਬਾਦਲ ਨੇ ਨਵੇਂ ਸੁਰਾਂ ਨੂੰ ਕਰਾਰੀ ਹਾਰ ਉਪਰੰਤ ਅਕਾਲੀ ਦਲ ਅੰਦਰੋਂ ਪ੍ਰਧਾਨਗੀ ਤਬਦੀਲੀ ਬਾਰੇ ਉੱਠਣ ਵਾਲੇ ਸੁਰਾਂ ਦੀ ਦਿਸ਼ਾ ਬਦਲਣ ਅਤੇ ਵਰਕਰਾਂ ਦੇ ਜੋਸ਼ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਵੀ ਦੱਸ ਰਹੇ ਹਨ। ਉਂਝ ਚੋਣ ਨਤੀਜਿਆਂ ਉਪਰੰਤ ਬਾਦਲ ਨੇ ਪੰਜਾਬ ਦੇ ਹਿੱਤਾਂ ਲਈ ਅਮਰਿੰਦਰ ਸਿੰਘ ਨੂੰ ਸਾਰਥਿਕ ਸਹਿਯੋਗ ਦਾ ਐਲਾਨ ਕੀਤਾ ਸੀ। ਪਰ ਅੱਜ ਚਾਰ ਦਿਨਾਂ ਉਪਰੰਤ ਬਾਦਲ ਦੇ ਸ਼ਬਦਾਂ ਤੋਂ ਅਕਾਲੀ ਦਲ ਦਾ ਸਰਕਾਰੀ ਪ੍ਰਤੀ ਨਜ਼ਰੀਆ ਅਤੇ ਰਣਨੀਤੀ ਝਲਕਣ ਲੱਗੀ ਹੈ।

          ਉਨ੍ਹਾਂ ਅੱਜ ਪਿੰਡ ਬਾਦਲ ਤੋਂ ਧੰਨਵਾਦੀ ਦੌਰੇ ਦਾ ਆਗਾਜ਼ ਕਰਦਿਆਂ ਧੌਲਾ, ਚੰਨੂ, ਲਾਲਬਾਈ, ਲੰਬੀ, ਗੱਗੜ ਸਮੇਤ 13 ਪਿੰਡਾਂ ਦੇ ਗੁਰਦੁਆਰਿਆਂ ਆਦਿ 'ਚ ਧੰਨਵਾਦੀ ਜਲਸਿਆਂ ਕੀਤੇ। ਇਸ ਮੌਕੇ ਉਨ੍ਹਾਂ ਅਕਾਲੀ ਸਰਕਾਰ ਨੂੰ 'ਚੰਗੀ ਸਬਜ਼ੀ' ਅਤੇ ਕਾਂਗਰਸ ਸਰਕਾਰ ਨੂੰ 'ਚਟਣੀ' ਕਰਾਰ ਦਿੱਤਾ ਅਤੇ ਕਿਹਾ ਕਿ ਤੁਸੀਂ ਪੰਜ ਸਾਲ ਲੰਘਾ ਲਓ ਫਿਰ 25 ਸਾਲ ਆਪਣਾ ਹੀ ਰਾਜ ਰਹਿਣਾ ਹੈ। ਸਾਬਕਾ ਮੁੱਖ ਮੰਤਰੀ ਅੱਜ ਪੂਰੀ ਤਿਆਰੀ ਨਾਲ ਲੋਕ ਕਚਿਹਰੀ 'ਚ ਨਿੱਤਰਦਿਆਂ ਕਾਂਗਰਸ ਸਰਕਾਰ ਦਾ ਵਜ਼ਨ ਹੌਲਾ ਕਰਨ ਦੀ ਮਨਸ਼ਾ ਆਖਿਆ ਕਿ ਭਾਵੇਂ ਅਮਰਿੰਦਰ ਸਿੰਘ ਸਰਕਾਰ ਕੋਲ ਸੀਟਾਂ ਪੱਖੋਂ ਬਹੁਮਤ ਹੈ ਪਰ ਉਸਨੂੰ ਸਿਰਫ਼ 38.5 ਫ਼ੀਸਦੀ ਲੋਕਾਂ ਨੇ ਹੀ ਪਸੰਦ ਕੀਤਾ ਹੈ। ਪੰਜਾਬ 'ਚ 57-58 ਫ਼ੀਸਦੀ ਲੋਕ ਕਾਂਗਰਸ ਖਿਲਾਫ਼ ਭੁਗਤੇ ਹਨ। ਸ੍ਰੀ ਬਾਦਲ ਨੇ ਅਮਰਿੰਦਰ ਸਰਕਾਰ ਪ੍ਰਤੀ ਦਬਾਅ ਵਾਲਾ ਲਹਿਜ਼ਾ ਵਰਤਦਿਆਂ ਕਿਹਾ ਕਿ ਕੇਂਦਰ ਵਿੱਚ ਸਾਡੀ ਭਾਈਵਾਲੀ ਵਾਲੀ ਨਰਿੰਦਰ ਮੋਦੀ ਸਰਕਾਰ ਹੈ, ਹਰਸਿਮਰਤ ਕੌਰ ਕੇਂਦਰੀ ਵਜਾਰਤ 'ਚ ਮੰਤਰੀ ਐ, ਅਸੀਂ ਹਰ ਪੱਖੋਂ ਕਾਂਗਰਸ ਨਾਲੋਂ ਤਕੜੇ ਹਾਂ। ਉਨ੍ਹਾਂ ਪੰਜਾਬ ਦੀ ਸਮੁੱਚੀ ਅਫਸਰਸ਼ਾਹੀ ਨਾਲ ਨੇੜਤਾ ਨੂੰ ਦਰਸਾਉਂਦਿਆਂ ਕਿਹਾ ਕਿ ਮੈਂ ਬੀਤੇ 20 ਸਾਲਾਂ 'ਚੋਂ 15 ਸਾਲ ਮੁੱਖ ਮੰਤਰੀ ਰਿਹਾ ਹਾਂ, ਅਫਸਰ ਅਮਰਿੰਦਰ ਸਿੰਘ ਨਾਲੋਂ ਮੇਰੀ ਵੱਧ ਗੱਲ ਮੰਨਦੇ ਹਨ। ਕਾਂਗਰਸ ਤਾਂ ਅਖ਼ਬਾਰਾਂ 'ਚ ਖ਼ਬਰਾਂ ਲਗਵਾਉਣ ਵਾਲੀ ਪਾਰਟੀ ਹੈ ਜਿਸਦਾ ਜ਼ਮੀਨ ਜੁੜੇ ਕਾਰਜਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਬਾਕੀ ਅਮਰਿੰਦਰ ਨੇ ਕਿਧਰੇ ਆਉਣਾ ਨਹੀਂ ਜਾਣਾ ਨਹੀਂ। ਮੈਂ 24 ਘੰਟੇ ਤੁਰਿਆ ਫਿਰਦਾ ਸਾਂ। ਉਨ੍ਹਾਂ ਨਿੱਜੀ ਨਿਖੇਧੀ ਵਾਲੀ ਸਿਆਸਤ ਦਾ ਵਿਰੋਧ ਕਰਦਿਆਂ ਕਿਹਾ ਕਿ ਅਮਰਿੰਦਰ ਸਿੰਘ ਤਾਂ ਖੁਦ ਰੋਜ਼ਾਨਾ ਸ਼ਰਾਬ ਪੀਂਦੇ ਹਨ ਅਤੇ ਉਹ ਹੋਰਾਂ ਦਾ ਨਸ਼ਾ ਕਿਵੇਂ ਛੁਡਵਾ ਦੇਣਗੇ। ਆਮ ਆਦਮੀ ਵਾਲਾ ਭਗਵੰਤ ਮਾਨ ਤਾਂ ਆਖਦੇ ਰੋਜ਼ਾਨਾ ਦੋ ਬੋਤਲਾਂ ਪੀ ਜਾਂਦਾ ਹੈ ਜਿਸਦੀ ਸ਼ਰਾਬ ਦੀ ਆਦਤ ਦੇ ਚਰਚੇ ਤਾਂ ਸੰਸਦ ਵਿੱਚ ਹੁੰਦੇ ਹਨ। 
           ਉਨ੍ਹਾਂ ਵਰਕਰਾਂ ਨੂੰ ਪਾਣੀਆਂ ਦੀ ਵੱਡੀ ਲੜਾਈ ਲਈ ਕਸਰਕੱਸੇ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਂਗਰਸ ਪੰਜਾਬ ਦਾ ਨੁਕਸਾਨ ਕਰਨ ਵਾਲੀ ਪਾਰਟੀ ਹੈ ਅਤੇ ਅਕਾਲੀ ਦਲ ਨੇ ਪੰਜਾਬ ਦੀ ਲੜਾਈ ਲੜੀ ਹੈ। ਪੱਤਰਕਾਰਾਂ ਵੱਲੋਂ 2-3 ਮਹੀਨੇ 'ਚ ਪਾਣੀਆਂ ਦੀ ਵੱਡੀ ਲੜਾਈ ਆਉਣ ਦਾ ਕਾਰਨ ਪੁੱਛਣ 'ਤੇ ਸਾਬਕਾ ਮੁੱਖ ਮੰਤਰੀ ਨੂੰ ਕਿਹਾ ਕਿ ਇਹ ਪੰਜਾਬ ਦਾ ਵੱਡਾ ਮਸਲਾ ਹੈ ਅਤੇ ਸੂਬੇ ਦਾ ਭਵਿੱਖ ਜੁੜਿਆ ਹੈ। ਜਦੋਂ ਸੁਪਰੀਮ ਕੋਰਟ ਵੱਲੋਂ ਨਹਿਰ ਉਸਾਰੀ ਦੇ ਨਿਰਦੇਸ਼ਾਂ ਵੱਲ ਬਾਦਲ ਦਾ ਧਿਆਨ ਦਿਵਾਇਆ ਤਾਂ ਬਾਦਲ ਨੇ ਕਿਹਾ ਕਿ ''ਅਸੀਂ ਤਾਂ ਡਟਾਂਗੇ ਜੀ।'' 
ਸਾਬਕਾ ਮੁੱਖ ਮੰਤਰੀ ਨੇ ਬਣਨ ਵਾਲੀ ਕਾਂਗਰਸ ਸਰਕਾਰ 'ਤੇ ਅਗਾਊਂ ਹਮਲਾ ਕਰਦਿਆਂ ਕਿਹਾ ਕਿ ਆਉਂਦੇ ਸਾਰ ਅਮਰਿੰਦਰ ਸਿੰਘ ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਲਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਹਰ ਸਾਲ ਟੈਕਸਾਂ ਅਤੇ ਹੋਰ ਵਸੀਲਿਆਂ ਤੋਂ ਆਮਦਨ ਹੁੰਦੀ ਹੈ ਜਿਸ ਨਾਲ ਸਰਕਾਰ ਦੇ ਵਿਕਾਸ ਅਤੇ ਖਰਚੇ ਚੱਲਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਸਰਕਾਰ ਖਜ਼ਾਨੇ ਵਿੱਚ ਕਿੰਨਾ ਫੰਡ ਛੱਡ ਕੇ ਗਈ ਹੈ ਤਾਂ ਇਹ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ। ਅਕਾਲੀ ਸਰਕਾਰ ਵੱਲੋਂ ਜਾਇਦਾਦਾਂ ਵੇਚ ਕੇ ਪ੍ਰਾਜੈਕਟਾਂ 'ਤੇ ਲਾਉਣ ਬਾਰੇ ਸੁਆਲ ਦੇ ਜਵਾਬ 'ਚ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਚਲਾਉਣ ਦਾ ਤਜ਼ੁਰਬਾ ਸਿਰਫ਼ ਸਾਡੇ ਕੋਲ ਹੈ, ਇਹ ਤਾਂ ਵਿਕਾਸ 'ਚ ਖੜੋਤ ਪਾਉਣ ਨੂੰ ਆਏ ਹਨ। 


  ''ਕਾਕਾ, ਮੈਂ ਤਾਂ ਤੇਰੇ ਘਰੇ ਰਾਤ ਕੱਟਣ ਨੂੰ ਤਿਆਰ ਹਾਂ''
ਚੰਨੂ 'ਚ  ਨੌਜਵਾਨ ਲਖਵਿੰਦਰ ਸਿੰਘ ਨੇ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੂੰ ਰੋਕ 'ਤੇ ਆਖਿਆ ਕਿ ਮੈਂ ਤੁਹਾਨੂੰ ਪਿੰਡ ਦੇ ਗਰੀਬਾਂ ਨੂੰ ਧੱਕੇਸ਼ਾਹੀਆਂ ਅਤੇ ਚੈੱਕ ਦੀ ਬਾਂਦਰਵੰਡ ਬਾਰੇ ਸਰਕਾਰ ਸਮੇਂ ਗੁਹਾਰ ਲਾਉਣ ਦੀ ਕੋਸ਼ਿਸ਼ਾਂ ਕੀਤੀਆਂ। ਹਰ ਵਾਰ ਉਸਨੂੰ ਪਿਛਾਂਹ ਧੱਕਿਆ ਜਾਂਦਾ ਰਿਹਾ। ਜਿਸ 'ਤੇ ਬਾਦਲ ਹੁਰਾਂ ਨੇ ''ਕਾਕਾ, ਹੁਣ ਤਾਂ ਮੈਂ ਤਾਂ ਤੇਰੇ ਘਰੇ ਰਾਤ ਕੱਟਣ ਨੂੰ ਤਿਆਰ ਹਾਂ। ਮੈਂ ਕਦੇ ਕਿਸੇ ਨੂੰ ਮਿਲਣੋਂ ਨਾਂਹ ਨਹੀਂ ਕੀਤੀ।'' ਬਾਅਦ 'ਚ ਲਖਵਿੰਦਰ ਨੇ ਕਿਹਾ ਕਿ ਇੱਕ ਵਾਰ ਤਾਂ ਉਸਦੀ ਅਵਾਜ਼ ਦਬਵਾਉਣ ਉਸਨੂੰ ਵੱਡੀ ਗੱਡੀ ਤਾੜ ਦਿੱਤਾ ਗਿਆ। ਮਲਟੀਪਰਪਜ਼ ਹੈਲਥਵਰਕਰ ਦੀ ਡਿਪਲੋਮਾ ਧਾਰਕ ਲਖਵਿੰਦਰ ਦਾ ਕਹਿਣਾ ਸੀ ਕਿ ਬਾਦਲ ਵੱਲੋਂ ਨੌਕਰੀ ਨਾ ਦੇਣ ਕਰਕੇ ਉਹ ਅਜੇ ਤੱਕ ਵਿਆਹਿਆ ਨਹੀਂ ਜਾ ਸਕਿਆ। 

No comments:

Post a Comment