07 September 2018

ਬਾਬਾ ਬੋਹੜ ਦੀ ਸਿਆਸੀ ਗੱਡੀ ਮੁੜ ਤੋਂ ਸਮਾਜਿਕ ਲੀਹਾਂ ’ਤੇ ਪਰਤੀ

* ਸਿਆਸਤ ਦਾ 91 ਸਾਲਾ ਸ਼ਾਹ-ਅਸਵਾਰ ਮੁੜ ਖੇਤਾਂ ਵਿੱਚ ਗੇੜੇ ਮਾਰਨ ਲੱਗਿਆ 
* ਦਸਮੇਸ਼ ਅਦਾਰੇ ’ਚ ਦੋ ਸਮਾਗਮਾਂ ’ਚ ਸ਼ਮੂਲੀਅਤ ਕੀਤੀ 
* ਵਰਕਰਾਂ ਨਾਲ ਮੁਲਾਕਾਤਾਂ ਦਾ ਦੌਰ ਸ਼ੁਰੂ
* ਡਾਕਟਰਾਂ ਨੇ ਬਾਦਲ ਦੀ ਸਿਹਤ ਨੂੰ ਬਿਲਕੁੱਲ ‘ਤੰਦਰੁਸਤ’ ਦੱਸਿਆ

                                                         ਇਕਬਾਲ ਸਿੰਘ ਸ਼ਾਂਤ
ਡੱਬਵਾਲੀ : ਸਿਹਤ ’ਚ ਸੁਧਾਰ ਆਉਣ ਉਪਰੰਤ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਗੱਡੀ ਮੁੜ ਤੋਂ ਸਮਾਜਿਕ ਲੀਹਾਂ ’ਤੇ ਪਰਤ ਆਈ ਹੈ। ਜਨਤਕ ਸਮਾਗਮ ਅਤੇ ਵਰਕਰਾਂ ਨਾਲ ਮੁਲਾਕਾਤਾਂ ਸਾਬਕਾ ਮੁੱਖ ਮੰਤਰੀ ਦੀ ਦਿਨ ਚਰਿਆ ਦਾ ਹਿੱਸਾ ਬਣਨ ਲੱਗੇ ਹਨ। ਵਾਇਰਲ ਬੁਖਾਰ ਦੀ ਤਪਿਸ਼ ਝੱਲਣ ਬਾਅਦ ਸ੍ਰੀ ਬਾਦਲ ਦਾ ਰਵਾਇਤੀ ਠਰੰ੍ਹਮਾ ਹੌਲੀ-ਹੌਲੀ ਮੁੜ 
ਜਲੌਅ ’ਚ ਆਉਣ ਲੱਗਿਆ ਹੈ। ਉਨ੍ਹਾਂ ਦਾ ਬਲੱਡ ਪ੍ਰੈਸ਼ਰ ਨੌਰਮਲ ਹੈ ਅਤੇ ਬੁਖਾਰ ਦੀ ਦਵਾਈ ਵੀ ਬੰਦ ਹੋ ਗਈ ਹੈ। ਉਂਝ ਡਾਕਟਰ ਨੇ ਮੌਜੂਦਾ ਵਾਇਰਲ ਬੁਖਾਰ ਵਾਲੀ ਤਕਲੀਫ਼ ਵਿਚੋਂ ਉਨ੍ਹਾਂ ਨੂੰ ਤੰਦਰੁਸਤ ਕਰਾਰ ਦੇ ਦਿੱਤਾ ਹੈ। ਹਾਲਾਂਕਿ ਡਾਕਟਰ ਅਹਿਤਿਹਾਤ ਵਜੋਂ ਉਨ੍ਹਾਂ ਦੀ ਸਿਹਤ ’ਤੇ ਪੂਰੀ ਨਿਗਾਹ ਰੱਖ ਰਹੇ ਹਨ। ਉਨ੍ਹਾਂ ਦੀ ਕਸਰਤ ਅਤੇ ਗੁਰਬਾਣੀ ਨਿੱਤ ਨੇਮ ਪਾਠ ਦੀ ਲਗਾਤਾਰਤਾ ਬਣੀ ਹੋਈ ਹੈ। ਸਿਆਸਤ ਦਾ 91 ਸਾਲਾ ਸ਼ਾਹ-ਅਸਵਾਰ ਮੁੜ ਖੇਤਾਂ ਵਿੱਚ ਗੇੜੇ ਮਾਰ ਕੇ ਆਪਣੀ ਜੱਦੀ ਪੁਸ਼ਤੀ ਕਿਰਸਾਨੀ ਦੀ ਸਾਰ ਲੈਣ ਲੱਗਿਆ। ਉਨ੍ਹਾਂ ਦੀ ਆਮਦ ਨਾਲ ਪਿੰਡ ਬਾਦਲ ਦੀਆਂ ਫਿਜ਼ਾਵਾਂ ’ਚ ਰੌਣਕ ਵਾਲਾ ਮਾਹੌਲ ਵਿਖਾਈ ਦੇਣ ਲੱਗਿਆ ਹੈ। ਤਿੰਨ ਦਿਨ ਪਹਿਲਾਂ ਚੰਡੀਗੜ੍ਹ ਤੋਂ ਪਿੰਡ ਪੁੱਜੇ ਸ੍ਰੀ ਬਾਦਲ ਦੀ ਮਿਜਾਜਪੁਰਸੀ ਲਈ ਅਕਾਲੀ ਵਰਕਰ ਅਤੇ ਉੁਨ੍ਹਾਂ ਦੇ ਸ਼ਭਚਿੰਤਕ ਪੁੱਜ ਰਹੇ ਹਨ। ਪਿੰਡ ਵਾਸੀ ਅਤੇ ਦੁਕਾਨਦਾਰ ਅਕਾਲੀ ਵਰਕਰਾਂ ਦੀ ਪਰਤ ਰਹੀ ਚਹਿਲ-ਪਹਿਲ ਤੋਂ ਖੁਸ਼ੀ ਦੇ ਰੌਂਅ ਵਿੱਚ ਹਨ। ਜੱਗਜਾਹਰ ਹੈ ਕਿ ਇੱਥੇ ਰੌਣਕ ਘਟਣ ’ਤੇ ਪਿੰਡ ਦੀ ਆਮ ਵਸੋਂ ਵੀ ਖੁਦ ਨੂੰ ਬਿਮਾਰ ਮਹਿਸੂਸ ਕਰਨ ਲੱਗਦੀ ਹੈ। ਬਾਬਾ ਬੋਹੜ ਨੇ ਬਿਮਾਰੀ ਉਪਰੰਤ ਆਪਣੇ ਜਨਤਕ ਦੌਰਿਆਂ ਦਾ ਆਪਣੇ ਹੱਥੀਂ ਲਗਾਏ ਵਿੱਦਿਆ ਦੇ ਬੂਟੇ ਦਸਮੇਸ਼ ਵਿੱਦਿਅਕ ਅਦਾਰੇ ’ਚ ਅਧਿਆਪਕ ਦਿਵਸ ਅਤੇ ਨਵੇਂ ਸ਼ੈਸਨ ਦੇ ਉਦਘਾਟਨੀ ਸਮਾਗਮਾਂ ’ਚ ਹਿੱਸਾ ਲੈ ਕੇ ਕੀਤਾ। ਸ੍ਰੀ ਬਾਦਲ ਲਗਪਗ ਇੱਕ ਘੰਟੇ ਤੱਕ ਦਸਮੇਸ਼ ਅਦਾਰੇ ਵਿੱਚ ਵਿਚਰੇ। ਉਨ੍ਹਾਂ ਕਾਲਜ ਵਿਦਿਆਰਥਣਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਭਵਿੱਖ ਸਬੰਧੀ ਗੱਲਬਾਤਾਂ ਕਰਕੇ ਸੁਚੱਜੀ ਜ਼ਿੰਦਗੀ ਲਈ ਵਿੱਦਿਆ ਨੂੰ ਸਰਵ ਉੱਤਮ ਸਾਧਨ ਦੱਸਿਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਦਸਮੇਸ਼ ਗਰਲਜ ਕਾਲਜ ਵਿਖੇ ਸਮਾਗਮ ’ਚ ਅਧਿਆਪਕ ਦਿਵਸ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਪ੍ਰਿੰਸੀਪਲ ਡਾ. ਐਸ .ਐਸ ਸੰਘਾ ਅਤੇ ਪਿੰ੍ਰਸੀਪਲ ਵਨੀਤਾ ਦੇ ਨਾਲ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ। ਆਪਣੇ ਸੰਬੋਧਨ ਵਿੱਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀ ਦੀ ਸ਼ਖ਼ਸੀਅਤ ਉਸਾਰੀ ਵਿਚ ਅਧਿਆਪਕ ਦੀ ਮਹਾਨ ਦੇਣ ਹੁੰਦੀ ਹੈ।।ਪਿੰ੍ਰਸੀਪਲ ਡਾ. ਐਸ.ਐਸ ਸੰਘਾ ਨੇ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਇਸ ਸੁਭਾਗੇ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ ਸ਼ਾਮਿਲ ਹੋਣਾ ਖੁਸ਼ਨਸੀਬੀ ਹੈ। ਅਸੀਂ ਇਸ ਚਾਨਣ ਮੁਨਾਰੇ ਵਰਗੀ ਸ਼ਖ਼ਸੀਅਤ ਤੋਂ ਬਹੁਤ ਕੁੱਝ ਸਿੱਖ ਸਕਦੇ ਹਾਂ। ਸਮਾਗਮ ਵਿੱਚ ਵਿਦਿਆਰਥਣਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ। ਬਾਦਲ ਪਰਿਵਾਰ ਦੇ ਨੇੜਲੇ ਸੂਤਰਾਂ ਮੁਤਾਬਕ ਸਿਹਤ ’ਚ ਸੁਧਾਰ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਚੋਣ ਸਰਗਰਮੀਆਂ ਵਾਲੀ ਸਿਆਸਤ ਤੋਂ ਪਾਸੇ ਰਹਿ ਕੇ ਆਰਾਮ ਦੇ ਮੂਡ ਵਿੱਚ ਹਨ। ਪਿੰਡ ਬਾਦਲ ਪੁੱਜਣ ਉਪਰੰਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨਾਲ ਮੌਜੂਦਾ ਹਾਲਾਤਾਂ ’ਤੇ ਚਰਚਾ ਕੀਤੀ। ਪਿਉ-ਪੁੱਤ ਦੀ ਜੋੜੀ ਨੇ ਮੁਲਾਕਾਤ ਲਈ ਪੁੱਜੇ ਵਰਕਰਾਂ ਨੂੰ ਡਟਵੇਂ ਢੰਗ ਨਾਲ ਚੋਣ ਲੜ੍ਹਨ ਲਈ ਆਖਿਆ। ਸ੍ਰੀ ਬਾਦਲ ਨਾਲ ਤਾਇਨਾਤ ਡਾਟਕਰਾਂ ਦੇ ਟੀਮ ਦੇ ਮੁਖੀ ਡਾਕਟਰ ਡਾ. ਅਨੁਰਾਗ ਵਸ਼ਿਸ਼ਠ ਦਾ ਕਹਿਣਾ ਸੀ ਕਿ ਸਾਬਕਾ ਮੁੱਖ ਮੰਤਰੀ ਦੀ ਸਿਹਤ ਬਿੱਲਕੁੱਲ ਦਰੁੱਸਤ ਤੰਦਰੁਸਤ ਹੈ ਅਤੇ ਬੁਖਾਰ ਸਬੰਧੀ ਦਵਾਈ ਵੀ ਬੰਦ ਕਰ ਦਿੱਤੀ ਗਈ ਹੈ। 98148-26100 / 93178-26100

No comments:

Post a comment