17 September 2018

ਸਿਆਸੀ ਕੱਦ ਮਾਪਣ 'ਚ ਲੱਗੀ ਕਾਂਗਰਸ ਦੀ ਰਾਹ ਸੌਖੀ ਨਹੀਂ


ਅਮਰਿੰਦਰ ਸਿੰਘ ਦੀ ਲੰਬੀ ਪ੍ਰਤੀ ਬੇਰੁੱਖੀ ਕਾਂਗਰਸੀ ਜੜ੍ਹਾਂ ਨੂੰ ਤੇਲ ਲਗਾ ਰਹੀ
ਉਮੀਦਵਾਰਾਂ ਨਾਲੋਂ ਵੱਧ ਲੱਗ ਰਿਹਾ ਲੀਡਰਾਂ ਦਾ ਜ਼ੋਰ

* ਅਕਾਲੀ ਦਲ ਜੜ•ਾਂ ਦਾ ਫੈਲਾਅ ਕਾਇਮ ਰੱਖਣ ਦੇ ਅਹਿਦ 'ਚ

                                              ਇਕਬਾਲ ਸਿੰਘ ਸ਼ਾਂਤ
       ਲੰਬੀ: ਲੰਬੀ ਹਲਕੇ ’ਤੇ ਆਧਾਰਤ ਚਾਰ ਜ਼ਿਲ੍ਹਾ ਪ੍ਰੀਸ਼ਦ ਜੋਨਾਂ ਅਤੇ ਪੰਚਾਇਤ ਸੰਮਤੀ ਲੰਬੀ ਅਤੇ ਮਲੋਟ ਦੀਆਂ ਲਗਪਗ 35 ਪੰਚਾਇਤ ਸੰਮਤੀ ਜੋਨ ’ਤੇ ਉਮੀਦਵਾਰਾਂ ਨਾਲੋਂ ਵੱਧ ਸਿਆਸੀ ਪਾਰਟੀਆਂ ਦੀ  ਲੀਡਰਸ਼ਿਪ ਦਾ ਜੋਰ ਲੱਗਿਆ ਹੋਇਆ ਹੈ। ਬਾਦਲਾਂ ਦੇ ਸਿਆਸੀ ਗੜ੍ਹ ਲੰਬੀ ਵਿੱਚ ਵਿਧਾਨਸਭਾ ਚੋਣਾਂ ਮਗਰੋਂ ਕਾਂਗਰਸ ਪਾਰਟੀ ਮੁੜ ਆਪਣੀ ਸਿਆਸੀ ਡੂੰਘਾਈ ਮਾਪਣ ’ਚ ਜੁਟੀ ਹੋਈ ਹੈ। ਅਕਾਲੀ ਦਲ (ਬਾਦਲ) ਹਲਕੇ ’ਚ ਆਪਣੀਆਂ ਜੜ੍ਹਾਂ ਦਾ ਫੈਲਾਅ ਕਾਇਮ ਰੱਖਣ ਦੇ ਅਹਿਦ ਵਿੱਚ ਹੈ। ਆਮ ਆਦਮੀ ਸਿਆਸੀ ਜ਼ਸ਼ੀਨ ’ਤੇ ਪੁਗਤ ਬਣਾਏ ਰੱਖਣ ਲਈ ਜੂਝ ਰਹੀ ਹੈ। ਲੰਬੀ ਹਲਕੇ ਦੀ ਸਰਾਵਾਂ ਜੈਲ ਦੇ ਲਗਪਗ 22 ਪਿੰਡ ਮਲੋਟ ਪੰਚਾਇਤ ਸੰਮਤੀ ਨਾਲ ਜੁੜੇ ਹੋਏ ਹਨ। ਬੀਤੇ ਵਿਧਾਨਸਭਾ ਚੋਣਾਂ ਵਿੱਚ
ਕਾਂਗਰਸ ਲੰਬੀ ਹਲਕੇ ਦੇ 168 ਬੂਥਾਂ ਵਿੱਚੋਂ ਸਿਰਫ਼ 18 ਬੂਥਾਂ ’ਤੇ ਬੜ੍ਹਤ ਹਾਸਲ ਕਰ ਸਕੀ ਸੀ। ਲੰਬੀ ਦੇ ਸਿਆਸੀ ਸਿਰਤਾਜ ਪ੍ਰਕਾਸ਼ ਸਿੰੰਘ ਬਾਦਲ ਨੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 22770 ਦੇ ਫ਼ਰਕ ਨਾਲ ਸ਼ਿਕਸਤ ਦਿੱਤੀ ਸੀ। ਹੁਣ ਪੰਚਾਇਤ ਸੰਮਤੀ ਚੋਣਾਂ ’ਚ ਵੱਡੇ ਆਗੂਆਂ ਦੇ ਸਹਾਰੇ ਖੜ੍ਹੇ ਹੋਏ ਉਮੀਦਵਾਰ ਮਾਨਸਿਕ ਤੌਰ ’ਤੇ ਸੌਖ ਵਿੱਚ ਹਨ। ਜਦੋਂਕਿ ਵੱਡੇ ਆਗੂਆਂ ਦੀ ਭੱਜ-ਨੱਠ ਹੱਦੋਂ ਵਧੀ ਪਈ ਹੈ।

         ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੋਣ ਹਲਕੇ ਲੰਬੀ ’ਚ ਸਰਕਾਰ ਦੇ ਡੇਢ ਸਾਲ ਬਾਅਦ ਵੀ ਕਾਂਗਰਸ ਦਾ ਸੱਤਾ ਪੱਖ ਵਾਲਾ ਮਿਆਰ ਕਾਇਮ ਨਹੀਂ ਹੋ ਸਕਿਆ। ਜਿਸਦੇ ਕਰਕੇ ਕਾਂਗਰਸੀ ਕਾਡਰ ਦੀ ਆਮ ਜਨਤਾ ਵਿੱਚ ਪੈਠ ਨਹੀਂ ਬਣ ਸਕੀ। ਜਿਸਦਾ ਖਾਮਿਆਜ਼ਾ ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ। ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ, ਸਾਬਕਾ ਟਰਾਂਸਪੋਰਟ ਮੰਤਰੀ ਹਰਦੀਪ ਇੰਦਰ ਸਿੰਘ ਬਾਦਲ ਅਤੇ ਬਲਾਕ ਪ੍ਰਧਾਨ ਗੁਰਬਾਜ ਸਿੰਘ ਬਨਵਾਲਾ ਸਮੁੱਚੇ ਪਿੰਡਾਂ ’ਚ ਚੋਣ ਮੁਹਿੰਮ ਚਲਾ ਕੇ ਵੋਟਰਾਂ ਨੂੰ ਕਾਂਗਰਸ ਉਮੀਦਵਾਰਾਂ ਲਈ ਅਪੀਲਾਂ ਕਰ ਰਹੇ ਹਨ। ਗੁਰਮੀਤ ਸਿੰਘ ਖੁੱਡੀਆਂ ਨੇ ਜਸਟਿਸ ਰਣਜੀਤ ਸਿੰਘ ਰਿਪੋਰਟ ’ਚ ਵੱਡੇ-ਛੋਟੇ ਬਾਦਲ ਦਾ ਨਾਂਅ ਆਉਣ ਕਰਕੇ ਲੋਕ ਅਕਾਲੀ ਦਲ ਤੋਂ ਮੁੱਖ ਮੋੜ ਕੇ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣਗੇ। ਲੰਬੀ ਹਲਕੇ ਦੀ ਪੰਚਾਇਤ ਸੰਮਤੀ ’ਤੇ ਕਾਂਗਰਸ ਨੂੰ ਬਹੁਮਤ ਮਿਲੇਗਾ। ਦੂਜੇ ਪਾਸੇ ਅਕਾਲੀ ਦਲ ਬਾਦਲ ਵੱਲੋਂ ਮੇਜਰ ਭੁਪਿੰਦਰ ਸਿੰਘ ਢਿੱਲੋਂ ਅਤੇ ਪਰਮਜੀਤ ਸਿੰਘ ਲਾਲੀ ਬਾਦਲ ਨੇ ਵਿਧਾਨਸਭਾ ਚੋਣਾਂ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ’ਚ ਪੈਰ ਪਾਉਣ ਨੂੰ ਮੁੱਦਾ ਬਣਾ ਕੇ ਵੋਟਰਾਂ ਨੂੰ ਅਕਾਲੀ ਸਰਕਾਰ ਸਮੇਂ ਦਾ ਵਿਕਾਸ ਚੇਤੇ ਕਰਵਾ ਰਹੇ ਹਨ। ਸਾਬਕਾ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਮੇਜਰ ਭੁਪਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਅਕਾਲੀ ਦਲ ਲੰਬੀ ਹਲਕੇ ’ਚ ਚਾਰੇ ਜ਼ਿਲ੍ਹਾ ਪ੍ਰੀਸ਼ਦ ਜੋਨਾਂ ’ਚ ਜਿੱਤ ਦਰਜ ਕਰੇਗਾ। ਆਮ ਆਦਮੀ ਪਾਰਟੀ ਨੇ ਬਲਾਕ ਸੰਮਤੀ ਦੀਆਂ ਸੱਤ ਜੋਨ ਅਤੇ ਸੀ.ਪੀ.ਆਈ ਵੀ ਦੋ ਜੋਨਾਂ ਰਾਹੀਂ ਆਪਣੀ ਸਿਆਸੀ ਹਾਜ਼ਰੀ ਲਗਵਾ ਰਹੀ ਹੈ। ਪੰਚਾਇਤ ਸੰਮਤੀ ਦੇ 12 ਜੋਨਾਂ ’ਚ ਅੌਰਤ ਉਮੀਦਵਾਰਾਂ ਦੇ ਚੋਣ ਪ੍ਰਚਾਰ ’ਤੇ ਉਨ੍ਹਾਂ ਦੇ ਮਰਦ ਪਰਿਵਾਰਕ ਮੈਂਬਰ ਜੁਟੇ ਹੋਏ ਹਨ ਅਤੇ ਅੌਰਤ ਉਮੀਦਵਾਰਾਂ ਦੀ ਮੌਜੂਦਗੀ ਸਿਰਫ਼ ਦੀ ਨਾਮਜਦਗੀ ਕਾਗਜ਼ ਦਾਖਲ ਕਰਨ ਤੱਕ ਹੀ ਜਾਪਦੀ ਹੈ। 
          ਲੰਬੀ ਹਲਕੇ ਚੋਣਦ੍ਰਿਸ਼ ਬਾਰੇ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਨਿਰਪੱਖ ਚੋਣਾਂ ਹੋਣ ਦੀ ਸੂਰਤ ’ਚ ਅਕਾਲੀ ਦਲ ਘੱਟੋ-ਘੱਟ 70 ਫ਼ੀਸਦੀ ਬਲਾਕ ਸੰਮਤੀ ਜੋਨ ’ਤੇ ਕਬਜ਼ਾ ਸੰਭਵ ਹੈ, ਜਿਸ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੰਬੀ ਹਲਕੇ ਪ੍ਰਤੀ ਬੇਰੁੱਖੀ ਜੁੰਮੇਵਾਰ ਹੋਵੇਗੀ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਸਾਰੇ ਜੋਨਾਂ ਸਮੁੱਚੇ ਉਮੀਦਵਾਰ ਆਪਣੀਆਂ ਜਿੱਤਾਂ ਲਈ ਦਾਅਵੇ ਅਤੇ ਕੋਸ਼ਿਸ਼ਾਂ ’ਚ ਜੁਟੇ ਹਨ। ਸਮੱੁਚੇ ਪੰਜਾਬ ਦੀਆਂ ਨਜ਼ਰਾਂ ਜ਼ਿਲ੍ਹਾ ਪ੍ਰੀਸ਼ਦ ਦੇ ਕਿੱਲਿਆਂਵਾਲੀ ਜੋਨ ਦੇ ਸਿਆਸੀ ਪਰਿਦ੍ਰਿਸ਼ ’ਤੇ ਟਿਕੀਆਂ ਹਨ ਜਿੱਥੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਆਗੂ ਅਤੇ ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਮਿੱਡੂਖੇੜਾ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੇ ਸਾਹਮਣੇ ਕਾਂਗਰਸ ਉਮੀਦਵਾਰ ਵਜੋਂ ਰੰਮੀ ਕੁਲਾਰ ਚੋਣ ਪਿੜ ਵਿੱਚ ਹਨ। ਇਸ ਜੋਨ ਤੋਂ ਟਕਸਾਲੀ ਕਾਂਗਰਸੀ ਅਤੇ ਜ਼ਿਲ੍ਹਾ ਕਾਂਗਰਸ ਘੱਟ ਗਿਣਤੀ ਸੈੱਲ ਦੇ ਚੇਅਰਮੈਨ ਅਨਿਲ ਕੁਰੈਸ਼ੀ ਨੇ ਗਲਤ ਟਿਕਟ ਵੰਡ ਖਿਲਾਫ਼ ਆਜ਼ਾਦ ਤੌਰ ’ਤੇ ਝੰਡਾ ਬੁਲੰਦ ਕੀਤਾ ਹੋਇਆ ਹੈ। 

No comments:

Post a Comment