08 September 2018

ਡੇਰਾ ਸਿਰਸਾ ਲਈ ਪਲੇਪਾ ਦੇ ਦਿਮਾਗ ’ਚ ਉੱਬਲ ਰਹੇ ਵੱਡੇ ਮਨਸੂਬੇ

*  ਗੁਰਮੀਤ ਰਾਮ ਰਹੀਮ ਨੂੰ ਬਠਿੰਡਾ ਲੋਕਸਭਾ ਤੋਂ ਉਮੀਦਵਾਰ ਬਣਾਉਣ ਲਈ ਸਾਧਿਆ ਸੰਪਰਕ
*  ਚੋਣ ਮਨੋਰਥ ਪੱਤਰ ’ਚ ਰੱਖਿਆ ਜਾਵੇਗਾ ਵੱਖਰੇ ‘ਪ੍ਰੇਮੀ’ ਧਰਮ ਵਜੋਂ ਮਾਨਤਾ ਦਾ ਮੁੱਦਾ
*  ਪੰਚਕੂਲਾ ਘਟਨਾ ’ਚ ਦੇਸ਼ ਧਰੋਹ ਮਾਮਲੇ ’ਚ ਮੁਲਜਮ ਪ੍ਰੇਮੀਆਂ ਨੂੰ ਦਿੱਤੀਆਂ ਜਾਣਗੀਆਂ ਲੋਕਸਭਾ ਟਿਕਟਾਂ

                                                              ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਉਪਰੰਤ ਮੁਸ਼ਕਿਲਾਂ ’ਚੋਂ ਲੰਘ ਰਹੇ ਡੇਰਾ ਸੱਚਾ ਸੌਦਾ ਸਿਰਸਾ ਨੂੰ ਮੱਝਧਾਰ ’ਚੋਂ ਕੱਢਣ ਲਈ ਪੰਜਾਬ ਲੇਬਰ ਪਾਰਟੀ ਦੇ ਦਿਮਾਗ ’ਚ ਵੱਡੇ ਮਨਸੂਬੇ ਉੱਬਲ ਰਹੇ ਹਨ। ਕੁਝ ਵਰ੍ਹੇ ਪਹਿਲਾਂ ਵਜੂਦ ’ਚ ਆਈ ਪੰਜਾਬ ਲੇਬਰ ਪਾਰਟੀ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਗੁਰਮੀਤ ਰਾਮ ਰਹੀਮ ਸਿੰਘ ਨੂੰ ਲੋਕਸਭਾ ਹਲਕਾ ਬਠਿੰਡਾ ਤੋਂ ਆਪਣਾ ਉਮੀਦਵਾਰ ਬਣਾਉਣ ਦੇ ਰੌਂਅ ਵਿੱਚ ਹੈ। ਇਸ ਲਈ ਪਾਰਟੀ ਨੇ ਰਾਮ ਰਹੀਮ ਨਾਲ ਉਸਦੇ ਇੱਕ ਵਕੀਲ ਰਿਸ਼ਤੇਦਾਰ ਰਾਹੀਂ ਸੰਪਰਕ ਸਾਧਿਆ ਹੈ। ਪੰਜਾਬ ਲੇਬਰ ਪਾਰਟੀ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਬੂਰ ਪੈਣ ਦੇ ਹਾਲਾਤਾਂ ’ਚ ਬਠਿੰਡਾ
ਦੀ ਸਿਆਸੀ ਜ਼ਮੀਨ ਦੇ ਕਈ ਵੱਡੇ-ਵੱਡੇ ਸਿਆਸੀ ਧੁਰੰਧਰਾਂ ਦੇ ਨਾਸੀਂ ਧੂੰਆਂ ਆ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਲੇਬਰ ਪਾਰਟੀ (ਪਲੇਪਾ) ਦੀ ਨਿਗਾਹ ਪ੍ਰੇਮੀਆਂ ਦੀ ਵਿਸ਼ਾਲ ਵੋਟ ਗਿਦਤੀ ’ਤੇ ਟਿਕੀ ਹੋਈ ਹੈ। ਜੇਕਰ ਇਹ ਪਾਰਟੀ ਡੇਰਾ ਪੈਰੋਕਾਰਾਂ ’ਚ ਜੜ੍ਹਾਂ ਫੈਲਾਉਣ ’ਚ ਸਫ਼ਲ ਹੋ ਜਾਂਦੀ ਹੈ ਤਾਂ ਦੇਸ਼ ਦੇ ਸਿਆਸਤ ਢਾਂਚੇ ’ਚ ਸਿੱਧੇ ਤੌਰ ’ਤੇ ਇੱਕ ਨਵੀਂ ਭਾਵਨਾਤਮਿਕ ਸਿਆਸੀ ਸਫ਼ਬੰਦੀ ਹੋਵੇਗੀ। 
ਪਲੇਪਾ ਦੀਆਂ ਡੇਰਾ ਸਿਰਸਾ ਪ੍ਰਤੀ ਭਾਵਨਾਵਾਂ ਇੰਨੀਆਂ ਡੂੰਘੀਆਂ ਹਨ ਕਿ ਜਿੱਥੇ ਉਸਨੇ ਡੇਰਾ ਮੁਖੀ ਨੂੰ ਹੋਈ ਸਜ਼ਾ ਅਤੇ ਪੰਚਕੂਲਾ ’ਚ ਡੇਰਾ ਪੈਰੋਕਾਰਾਂ ’ਤੇ ਦਰਜ ਦੇਸ਼ ਧਰੋਹ ਦੇ ਪਰਚਿਆਂ ਨੂੰ ਗਲਤ ਦੱਸਿਆ ਹੈ, ਉਥੇ ਪਲੇਪਾ ਡੇਰਾ ਪੈਰੋਕਾਰਾਂ ਲਈ ਵੱਖਰੇ ‘ਪੇ੍ਰੇਮੀ’ ਧਰਮ ਨੂੰ ਸਰਕਾਰੀ ਤੌਰ ’ਤੇ ਮਾਨਤਾ ਲਈ ਚੋਣ ਮਨੋਰਥ ਪੱਤਰ ’ਚ ਸ਼ਾਮਲ ਕਰੇਗੀ। ਪਾਰਟੀ ਦੇ ਏਜੰਡੇ ਵਿੱਚ ਸੱਤ ਸੂਬਿਆਂ ’ਤੇ ਆਧਾਰਤ ਵੱਖਰੇ ‘ਦਲਿਤਸਤਾਨ’ ਦੀ ਮੰਗ ਵੀ ਸ਼ਾਮਲ ਹੈ।
ਪੰਜਾਬ ਲੇਬਰ ਪਾਰਟੀ ਦੇ ਪ੍ਰਧਾਨ ਗੁਰਮੀਤ ਸਿੰਘ ਰੰਗਰੇਟਾ ਬਠਿੰਡਾ ਲੋਕਸਭਾ ਅਤੇ ਲੰਬੀ ਵਿਧਾਨਸਭਾ ਹਲਕੇ ਤੋਂ ਚੋਣ ਲੜ ਚੁੱਕੇ ਹਨ। ਗੁਰਮੀਤ ਸਿੰਘ ਰੰਗਰੇਟਾ ਨੇ ਲੰਬੀ ਵਿਖੇ ਇੱਕ ਵਿਸ਼ੇਸ਼ ਗੱਲਬਾਤ ’ਚ ਆਖਿਆ ਕਿ ਪਾਰਟੀ ਵੱਲੋਂ ਬਠਿੰਡਾ ਤੋਂ ਚੋਣ ਲੜਨ ਸਬੰਧੀ ਡੇਰਾ ਮੁਖੀ ਦੀ ਮਨਜੂਰੀ ਨੂੰ ਉਡੀਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਬਠਿੰਡਾ ਲੋਕਸਭਾ ਹਲਕੇ ’ਚ ਪ੍ਰੇਮੀਆਂ ਦੀਆਂ ਬੇਅਥਾਹ ਵੋਟਾਂ ਹਨ। ਡੇਰਾ ਮੁਖੀ ਦੇ ਚੋਣ ਲੜਨ ਨਾਲ ਸਮੁੱਚੇ ਸਮੀਕਰਣ ਬਦਲ ਜਾਣਗੇ। 
ਪਲੇਪਾ ਦੇ ਪ੍ਰਧਾਨ ਨੇ ਆਖਿਆ ਕਿ ਅਗਾਮੀ ਲੋਕਸਭਾ ਚੋਣਾਂ ’ਚ ਉਕਤ ਕੇਸਾਂ ’ਚ ਉਲਝੇ ਦਲਿਤ ਡੇਰਾ ਪੈਰੋਕਾਰਾਂ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਉਮੀਦਵਾਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਪੰਚਕੂਲਾ ਘਟਨਾ ਮੌਕੇ ਦਲਿਤ ਡੇਰਾ ਪੈਰੋਕਾਰਾਂ ਨੂੰ ਦੇਸ਼ ਧਰੋਹ ਦੇ ਝੂਠੇ ਕੇਸਾਂ ’ਚ ਫਸਾ ਦਿੱਤਾ ਗਿਆ ਸੀ, ਜਦੋਂਕਿ ਸਮੁੱਚੀ ਘਟਨਾ ’ਤੇ ਵੋਟ ਬੈਂਕ ਖਾਤਰ ਸਰਕਾਰੀ ਸ਼ਹਿ ’ਤੇ ਬਾਹਰੀ ਵਿਅਕਤੀਆਂ ਨੇ ਸਾਜਿਸ਼ ਖੇਡੀ ਸੀ।  
ਸਜ਼ਾ ਯਾਫ਼ਤਾ ਗੁਰਮੀਤ ਰਾਮ ਰਹੀਮ ਦੀ ਉਮੀਦਵਾਰੀ ਸਬੰਧੀ ਕਾਨੂੰਨੀ ਅੜਚਨ ਬਾਰੇ ਸੁਆਲ ’ਤੇ ਰੰਗਰੇਟਾ ਨੇ ਆਖਿਆ ਕਿ ਜੇਕਰ ਹੱਤਿਆ ਕੇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਲੋਕਸਭਾ ਚੋਣ ਲੜ ਸਕਦੇ ਹਨ ਤਾਂ ਗੁਰਮੀਤ ਰਾਮ ਰਹੀਮ ਸਿੰਘ ਲਈ ਵੀ ਅਦਾਲਤ ’ਚੋਂ ਸਜ਼ਾ ’ਤੇ ਸਟੇਅ ਲੈ ਕੇ ਕਾਨੂੰਨੀ ਦਿੱਕਤਾਂ ਦੂਰ ਕੀਤੀਆਂ ਜਾਣਗੀਆਂ। ਗੁਰਮੀਤ ਸਿੰਘ ਰੰਗਰੇਟਾ ਨੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਲਿਤ ਸਿੱਖਾਂ ਪ੍ਰਤੀ ਵਿਤਕਰੇ ਭਰੇ ਨੀਤੀ ਅਤੇ ਗੁਰੂਘਰਾਂ ’ਚ ਬਣਦਾ ਮਾਣ ਸਤਿਕਾਰ ਨਾ ਮਿਲਣ ਕਰਕੇ ਮਜਹਬੀ ਸਿੱਖ ਦਲਿਤ ਭਾਈਚਾਰਾ ਡੇਰਾਵਾਦ ਅਤੇ ਇਸਾਈ ਮਿਸ਼ਨਰੀਜ ਨਾਲ ਜੁੜ ਰਿਹਾ ਹੈ। ਉਨ੍ਹਾਂ ਇੰਡੀਅਨ ਪੈਨਲ ਕੋਡ ਨੂੰ ਬ੍ਰਿਟਿਸ਼ ਪੈਨਲ ਕੋਡ ਦੱਸਦੇ ਕਿਹਾ ਕਿ ਡੇਰੇ ਨਾਲ ਜੁੜੇ ਦਲਿਤਾਂ ਦੇ ਮਾਣ ਸਤਿਕਾਰ ਲਈ ਪਲੇਪਾ ਵੱਲੋਂ ‘ਪ੍ਰੇਮੀ’ ਧਰਮ ਨੂੰ ਮਾਨਤਾ ਦਾ ਮੁੱਦਾ ਆਪਣੇ ਚੋਣ ਮਨੋਰਥ ਪੱਤਰ ਵਿੱਚ ਰੱਖਿਆ ਜਾਵੇਗਾ। 

No comments:

Post a Comment