18 September 2018

'ਮੈਂ ਤਾਂ ਕੀ, ਉਹ ਵੀ ਗੋਲੀ ਚਲਾਉਣ ਬਾਰੇ ਨਹੀਂ ਆਖ ਸਕਦਾ'

* ਜੀਅ ਸਦਕੇ ਅਮਰਿੰਦਰ ਲੰਬੀ ’ਚ ਰੈਲੀ ਕਰੇ, ਸਾਨੂੰ ਕੋਈ ਫ਼ਿਕਰ-ਫ਼ੁਕਰ ਨਹੀਂ: ਬਾਦਲ
* ਜਸਟਿਸ ਰਣਜੀਤ ਸਿੰਘ ਰਿਪੋਰਟ ’ਚ ਮੇਰੇ ਖਿਲਾਫ਼ ਕੋਈ ਇਤਰਾਜ਼ ਨਹੀਂ

                                                          ਇਕਬਾਲ ਸਿੰਘ ਸ਼ਾਂਤ
ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਅਮਰਿੰਦਰ ਸਿੰਘ ਜੀਅ ਸਦਕੇ ਲੰਬੀ ’ਚ ਰੈਲੀ ਕਰੇ। ਸਾਨੂੰ ਕੋਈ ਫ਼ਿਕਰ-ਫ਼ੁਕਰ ਨਹੀਂ। ਅਸੀਂ ਸੌ ਫ਼ੀਸਦੀ ਸੱਚਾਈ ’ਤੇ ਚੱਲ ਰਹੇ ਹਾਂ ਅਤੇ ਜ਼ਿੰਦਗੀ ’ਚ ਵੱਡੀਆਂ ਲੜਾਈਆਂ ਹਨ, ਇਹ ਤਾਂ ਕੋਰੇ ਝੂਠ ਨਾਲ ਲਿੱਬੜੇ ਦੋਸ਼ ਹਨ।  ਉਹ ਅੱਜ ਪਿੰਡ ਬਾਦਲ ਵਿਖੇ ਇਸ ਪ੍ਰਤਿਨਿਧ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਲੰਬੀ ’ਚ ਰੈਲੀ ਦੇ ਐਲਾਨ ਉਪਰੰਤ ਪ੍ਰਤੀਕਰਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ
ਰਿਪੋਰਟ ’ਚ ਉਨ੍ਹਾਂ ਖਿਲਾਫ਼ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਆਖਿਆ ਕਿ ਪੂਰੀ ਰਿਪੋਰਟ ਤਾਂ ਅਮਰਿੰਦਰ ਸਿੰਘ ਨੇ ਵੀ ਨਹੀਂ ਪੜ੍ਹੀ ਹੋਣੀ। ਸ਼ਾਇਦ ਮੀਡੀਆ ਦੇ ਵੱਡੇ ਹਿੱਸੇ ਨੇ ਪੂਰੀ ਰਿਪੋਰਟ ਨਹੀਂ ਪੜ੍ਹੀ ਹੋਣੀ। ਸ੍ਰੀ ਬਾਦਲ ਅਨੁਸਾਰ ਉਨ੍ਹਾਂ ਤਾਂ ਦੋ ਵਜੇ ਡੀ.ਜੀ.ਪੀ. ਨੂੰ ਆਖਿਆ ਸੀ ਕਿ ਸਾਰਾ ਕੰਮ ਅਮਨ ਸ਼ਾਂਤੀ ਨਾਲ ਕਰੋ, ਕੋਈ ਗਲਤ ਕੰਮ ਨਾ ਕਰੋ। ਬਾਦਲ ਹੁਰਾਂ ਆਖਿਆ ਕਿ ‘ਭਾਵੇਂ ਮੈਂ ਹੋਵਾਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਹੋਰ ਕਿਸੇ ਸੂਬੇ ਦਾ ਮੁੱਖ ਮੰਤਰੀ। ਉਹ ਕਦੇ ਵੀ ਗੋਲੀ ਚਲਾਉਣ ਲਈ ਨਹੀਂ ਆਖ ਸਕਦਾ। ਕੌਣ ਚਾਹੇਗਾ ਕਿ ਉਸਦੀ ਅਗਵਾਈ ਵਾਲੇ ਸੂਬੇ ਦਾ ਅਮਨ ਚੈਨ ਅਤੇ ਮਾਹੌਲ ਵਿਗੜੇ। ਕੋਈ ਵੀ ਕਦੇ ਅਜਿਹਾ ਨਹੀਂ ਚਾਹੁੰਦਾ ਅਤੇ ਨਾ ਅਜਿਹਾ ਆਖ ਸਕਦਾ। ਸ੍ਰੀ ਬਾਦਲ ਨੇ ਆਖਿਆ ਕਿ ਜਿਹੜੀ ਗੋਲੀ ਚੱਲੀ ਉਹ ਬਹਿਬਲ ਕਲਾਂ, ਚਾਰ ਘੰਟੇ ਬਾਅਦ। ਜਿਸਦਾ ਕਿਸੇ ਨੂੰ ਵੀ ਪਹਿਲਾਂ ਪਤਾ ਨਹੀਂ। ਉਥੇ ਸਵੇਰੇ ਲੋਕ ਇਕੱਠੇ ਹੋਏ ਹਨ।
ਉਨ੍ਹਾਂ ਕਿਹਾ ਕਿ ਅਮਰਿੰਦਰ ਸਰਕਾਰ ਗਰਮਪੰਥੀਆਂ ਨਾਲ ਮਿਲ ਕੇ ਪੰਜਾਬ ਨੂੰ ਮਾੜੇ ਹਾਲਾਤਾਂ ਵੱਲ ਲਿਜਾਣ ਦੇ ਰਾਹ ਪਈ ਹੋਈ ਹੈ। ਜਿਸ ਨਾਲ ਪੰਜਾਬ ਨੂੰ ਸਿਵਾਏ ਭਾਈਚਾਰਕ ਤੰਦਾਂ ਟੁੱਟਣ ਅਤੇ ਖ਼ਰਾਬ ਮਾਹੌਲ ਦੇ ਇਲਾਵਾ ਕੁਝ ਨਹੀਂ ਹਾਸਲ ਹੋਣਾ। 
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਏ ਗੁੰਮਰਾਹਕੁੰਨ ਪ੍ਰਚਾਰ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ਼ ਕਰਦਿਆਂ ਕਿਹਾ ਕਿ ਅਸੀਂ ਕਦੇ ਕੋਈ ਗੁੰਮਰਾਹ ਨਹੀਂ ਕੀਤੀ ਅਤੇ ਨਾ ਆਖੀ। ਅਸੀਂ ਸੌ ਫ਼ੀਸਦੀ ਸੱਚਾਈ ’ਤੇ ਹਾਂ ਅਤੇ ਸਾਡੀ ਆਖੀ ਇੱਕ-ਇੱਕ ਗੱਲ ਸੱਚੀ ਹੈ। ਅਮਰਿੰਦਰ ਸਿੰਘ ਦੱਸਣ ਕਿ ਅਸੀਂ ਕਿਹੜੀ ਗੁੰਮਰਾਹਕੁੰਨ ਗੱਲ ਕੀਤੀ। ਐਵੇਂ ਇੱਕ ਗੱਲ ਬਣਾ ਲਈ ਅਤੇ ਦੋਸ਼ ਮੜ੍ਹ ਦਿੱਤੇ। ਸ੍ਰੀ ਬਾਦਲ ਦਾ ਕਹਿਣਾ ਸੀ ਕਿ ‘‘ਹੁਣ ਬੰਬ ਚੱਲਿਆ, ਮੈਂ ਆਖ ਦੇਵਾਂ, ਕੀ ਉਹਨੇ ਆਖਿਆ ਹੋਣਾ, ਭਲਾਂ ਇਹ ਕੀ ਗੱਲ ਹੋਈ।’’ ਸਾਬਕਾ ਮੁੱਖ ਮੰਤਰੀ ਨੇ ਉਨ੍ਹਾਂ (ਬਾਦਲ) ਦੀ ਜ਼ਿੰਦਗੀ ਗੁਰੂ ਸਾਹਿਬਾਨ ਦੇ ਵਚਨਾਂ ’ਤੇ ਹਮੇਸ਼ਾਂ ਅਮਨ ਸ਼ਾਂਤੀ ਨੂੰ ਸਮਰਪਿਤ ਰਹੀ ਹੈ, ਜਿਸ ਵਿੱਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ। ਉਹ ਅਮਰਿੰਦਰ ਸਿੰਘ ਜਾਂ ਹੋਰਨਾਂ ਦੇ ਨਿੱਜੀ ਤੌਰ ’ਤੇ ਖਿਲਾਫ਼ ਨਹੀਂ, ਬਲਕਿ ਉਨ੍ਹਾਂ ਦੀਆਂ ਨੀਤੀਆਂ ਦੇ ਖਿਲਾਫ਼ ਹਨ। ਸ੍ਰੀ ਬਾਦਲ ਨੇ ਸੁਆਲ ਕੀਤਾ ਕਿ ਜੇਕਰ ਕੈਪਟਨ ਸਰਕਾਰ ਸੱਚੀ ਹੈ ਤਾਂ ਉਸਨੇ ਬੇਅਦਬੀਆਂ ਦੇ ਮਾਮਲੇ ਸਬੰਧੀ ਸੀ.ਬੀ.ਆਈ ਤੋਂ ਪੜਤਾਲ ਵਾਪਸ ਕਿਉਂ ਲਈ। ਇਸ ਤੋਂ ਕੈਪਟਨ ਸਰਕਾਰ ਦੀ ਮੰਦਭਾਵਨਾ ਜਾਹਰ ਹੁੰਦੀ ਹੈ ਕਿ ਉਹ ਸੂਬੇ ਦੇ ਅਫਸਰਾਂ ਤੋਂ ਆਪਣੀ ਮਨਮਰਜ਼ੀ ਵਾਲੀ ਰਿਪੋਰਟ ਲਿਆਉਣਾ ਚਾਹੁੰਦੀ ਹੈ। ਸ੍ਰੀ ਬਾਦਲ ਨੇ ਜਸਟਿਸ ਰਣਜੀਤ ਸਿੰਘ ਦੀ ਭੂਮਿਕਾ ’ਤੇ ਸੁਆਲ ਉਠਾਏ। 
ਇਸ ਮੌਕੇ ਸ੍ਰੀ ਬਾਦਲ ਨੇ ਸਮਾਣਾ ਹਲਕੇ ਦੇ ਪਿੰਡ ਘਿਉਰਾ ਤੋਂ ਉਚੇਚੇ ਤੌਰ ’ਤੇ ਮਿਲਣ ਪੁੱਜੇ ਸੌ ਫ਼ੀਸਦੀ ਅੰਗਹੀਣ ਅਕਾਲੀ ਵਰਕਰ ਗੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ। 26 ਸਾਲਾ ਗੁਰਜੀਤ ਸਿੰਘ ਨੇ ਆਖਿਆ ਕਿ ਉਸਦੀ ਇੱਛਾ ਸੀ ਕਿ ਉਹ ਸ੍ਰੀ ਬਾਦਲ ਨਾਲ ਮੁਲਾਕਾਤ ਕਰੇ। ਇਸੇ ਕਰਕੇ ਉਹ ਬਾਦਲ ਪਿੰਡ ਪੁੱਜਿਆ ਸੀ। ਸਾਬਕਾ ਮੁੱਖ ਮੰਤਰੀ ਨੇ ਆਪਣੇ ਸਟਾਫ਼ ਨੂੰ ਅਕਾਲੀ ਵਰਕਰ ਗੁਰਜੀਤ ਸਿੰਘ ਨੂੰ ਖਾਣਾ ਅਤੇ ਚਾਹ ਪਾਣੀ ਪਿਲਾ ਕੇ ਆਓ-ਭਗਤ ਕਰਨ ਲਈ ਆਖਿਆ। ਮਾਪਿਆਂ ਪੱਖੋਂ ਅਨਾਥ ਇਹ ਪੋਲੀਓਗ੍ਰਸਤ ਅਕਾਲੀ ਵਰਕਰ ਕਈ ਸਾਲਾਂ ਤੋਂ ਅਕਾਲੀ ਦਲ ਲਈ ਨਿਸ਼ਠਾ ਨਾਲ ਕੰਮ ਕਰ ਰਿਹਾ ਹੈ। 


ਮੀਡੀਆ ਘੋਖ ਦੇ ਸੱਚਾਈ ਲਿਖੇ
ਸ੍ਰੀ ਬਾਦਲ ਨੇ ਆਖਿਆ ਕਿ ਮੀਡੀਆ ਦਾ ਸਮਾਜ ਵਿੱਚ ਅਹਿਮ ਰੋਲ ਹੁੰਦਾ ਹੈ। ਉਸਨੂੰ ਸਮਾਜ ਹਿੱਤ ਅਤੇ ਅਮਨ ਸ਼ਾਂਤੀ ਨਾਲ ਜੁੜੇ ਹਰੇਕ ਮਸਲੇ ’ਤੇ ਕਾਹਲੀ ਦੀ ਬਜਾਇ ਡੂੰਘਾਈ ਨਾਲ ਘੋਖ ਕੇ ਰਿਪੋਰਟਿੰਗ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਜਸਟਿਸ ਰਣਜੀਤ ਸਿੰਘ ਰਿਪੋਰਟ ਨੂੰ ਪੜ੍ਹ-ਘੋਖ ਕੇ ਸੱਚਾਈ ਲਿਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਫਰੀਦਕੋਟ ਰੈਲੀ ਬਾਰੇ ਮੀਡੀਆ ’ਚ ਕਈ ਕੁਝ ਬੇਵ੍ਹਜਾ ਲਿਖਿਆ ਜਾ ਰਿਹਾ ਹੈ। ਸ੍ਰੀ ਬਾਦਲ ਦਾ ਕਹਿਣਾ ਸੀ ਕਿ ‘ਕੀ ਕਰ ਸਕਦੇ ਹਾਂ, ਆਖ਼ਰ ਮੀਡੀਆ ਸਭ ਕੁਝ ਦਾ ਮਾਲਕ ਐ।’ 

No comments:

Post a Comment