18 September 2018

ਬਾਦਲ ਵੱਲੋਂ ਸਿਆਸੀ ਖਾਹਿਸ਼ਾਂ ਲਈ 'ਲੰਬੀ ਵਾਸਤੇ ਤੋਹਫੇ' ਦੀ ਮੰਗ ਤੰਗ ਨਜ਼ਰੀਏ ਦਾ ਪ੍ਰਗਟਾਵਾ : ਅਮਰਿੰਦਰ ਸਿੰਘ

                                                                 ਬੁਲੰਦ ਸੋਚ ਬਿਊਰੋ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਦੇ ਵਿਕਾਸ ਵਾਸਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਕੀਤੀ ਚੋਣਵੀ ਮੰਗ ਲਈ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਹ ਅਕਾਲੀ ਆਗੂ ਦਾ ਜ਼ਾਹਿਰਾ ਤੌਰ 'ਤੇ ਸੂਬੇ ਦੇ ਵਿਕਾਸ ਬਾਰੇ ਤੰਗ ਨਜ਼ਰੀਆ ਹੈ | 
''ਵਾਅਦਾ ਪੂਰਾ ਕਰਨ ਦੀ ਸ਼ਕਲ ਵਿੱਚ ਲੋਕਾਂ ਵਾਸਤੇ ਤੋਹਫੇ ਦੇ ਨਾਲ ਲੰਬੀ ਆਉਣ'' ਬਾਰੇ ਬਾਦਲ ਵੱਲੋਂ ਦਿੱਤੇ ਗਏ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਬਜੁਰਗ ਆਗੂ ਦੀ ਤਰ੍ਹਾਂ ਸਿਰਫ ਦੇ ਲੰਬੀ ਦੇ ਹੀ ਮੁੱਖ ਮੰਤਰੀ ਨਹੀਂ ਹਨ ਸਗੋਂ ਉਹ ਪੂਰੇ ਪੰਜਾਬ ਦੇ ਮੁੱਖ ਮੰਤਰੀ ਹਨ ਪਰ ਉਨ੍ਹਾਂ ਦਾ ਲੰਬੀ ਦੇ ਲੋਕਾਂ ਦੇ ਪ੍ਰਤੀ ਉਚ ਸਤਿਕਾਰ ਹੈ | 
ਕੁੱਝ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਲਗਾਤਾਰ ਲੰਬੀ ਨੂੰ ਹੀ ਸੂਬੇ ਦਾ ਇਕੋ-ਇਕ ਹਲਕਾ ਦੱਸ ਰਿਹਾ ਹੈ ਜੋ ਵਿਕਾਸ ਦਾ ਹੱਕਦਾਰ ਹੈ | ਪਿਛਲੇ 10 ਸਾਲਾਂ ਦੇ ਕੁਸ਼ਾਸ਼ਨ ਤੋਂ ਲੋਕਾਂ ਦਾ ਧਿਆਨ ਲਾਂਬੇ ਕਰਨ ਅਤੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀਆਂ ਨਿਰਾਸ਼ਜਨਕ ਅਤੇ ਅਸਫਲ ਕੋਸ਼ਿਸ਼ਾਂ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਦੀ ਤਿੱਖੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤੋਂ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਬਾਦਲ ਸਿਰਫ਼ ਆਪਣੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਸਮੁੱਚੇ ਸੂਬੇ ਦੇ ਵਿਕਾਸ ਦੀ ਬਿਨਾਹ 'ਤੇ ਲੰਬੀ ਵਾਸਤੇ ਤੋਹਫੇ ਦੀ ਮੰਗ ਕਰ ਰਿਹਾ ਹੈ | 
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਨੇ ਪਿਛਲੇ 18 ਮਹੀਨੇ ਦੌਰਾਨ ਪੰਜਾਬ ਦੇ ਕਿਸੇ ਵੀ ਹੋਰ ਖਿੱਤੇ ਲਈ ਕਦੀ ਵੀ ਤੋਹਫੇ ਦੀ ਮੰਗ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸਾਬਕਾ ਮੁੱਖ ਮੰਤਰੀ ਨੂੰ ਸੂਬੇ ਦੇ ਲੋਕਾਂ ਦੀ ਰੱਤੀ ਭਰ ਵੀ ਚਿੰਤਾ ਨਹੀਂ ਹੈ | ਉਨ੍ਹਾਂ ਕਿਹਾ ਕਿ ਉਹ ਛੇਤੀਂ ਹੀ ਲੰਬੀ ਦਾ ਦੌਰਾ ਕਰਨਗੇ ਅਤੇ ਇਸ ਇਲਾਕੇ ਦੀਆਂ ਵਿਕਾਸ ਜ਼ਰੂਰਤਾਂ ਨੂੰ ਸੰਬੋਧਤ ਹੋਣਗੇ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਹਰੇਕ ਹਿੱਸੇ ਲਈ ਵਿਕਾਸ ਯੋਜਨਾ ਨੂੰ ਅੰਤਮ ਰੂਪ ਦੇਣ ਅਤੇ ਇਸ ਦੀ ਸ਼ੁਰੂਆਤ ਨੂੰ ਯਕੀਨੀ ਬਨਾਉਣਗੇ | 
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਚੋਣ ਵਾਅਦੇ ਪੂਰੇ ਕਰਨ ਸਬੰਧੀ ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਦੋ ਦਿਨਾਂ ਦੇ ਅੰਦਰ-ਅੰਦਰ ਹੀ ਆਪਣੇ ਮੰਤਰੀ ਮੰਡਲ ਦੁਆਰਾ ਉਨ੍ਹਾਂ 117 ਫੈਸਲਿਆਂ ਨੂੰ ਲਾਗੂ ਕਰਨ ਲਈ ਪ੍ਰਵਾਨਗੀ ਦਿਵਾਈ ਜਿਨ੍ਹਾਂ ਦਾ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋ 70 ਫੈਸਲੇ ਪੂਰੀ ਤਰ੍ਹਾਂ ਲਾਗੂ ਕਰ ਦਿੱਤੇ ਗਏ ਹਨ ਜਦਕਿ 11 ਨੂੰ ਲਾਗੂ ਕੀਤਾ ਜਾ ਰਿਹਾ ਹੈ | ਉਨ੍ਹਾਂ ਬਾਦਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਹ ਖੁਦ ਦੱਸਣ ਕਿ 2012 ਵਿੱਚ ਸੱਤਾ ਵਿੱਚ ਆਉਣ ਵੇਲੇ ਉਸ ਦੀ ਸਰਕਾਰ ਨੇ ਕਿਨੇ ਚੋਣ ਵਾਅਦੇ ਪੂਰੇ ਕੀਤੇ ਸਨ | 
ਆਪਣੀ ਸਰਕਾਰ ਵੱਲੋਂ ਪੂਰੇ ਕੀਤੇ ਗਏ ਕੁੱਝ ਮਹੱਤਵਪੁਰਨ ਚੋਣ ਵਾਅਦਿਆਂ ਬਾਰੇ ਵਿਸਤਿ੍ਤ ਜਾਣਕਾਰੀ ਦਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਿੰਨ ਲੱਖ ਤੋਂ ਵੱਧ ਕਿਸਾਨਾਂ ਨੂੰ 1735 ਕਰੋੜ ਰੁਪਏ ਦੀ ਕਰਜ਼ਾ ਰਾਹਤ ਮੁਹਈਆ ਕਰਵਾਈ ਗਈ ਹੈ ਅਤੇ 314 ਕਰੋੜ ਰੁਪਏ ਦੀ ਅਗਲੀ ਕਿਸ਼ਤ ਉਨ੍ਹਾਂ ਸੀਮਾਂਤ ਕਿਸਾਨਾਂ ਲਈ ਛੇਤੀ ਹੀ ਜ਼ਾਰੀ ਕਰ ਦਿੱਤੀ ਜਾਵੇਗੀ ਜਿਨ੍ਹਾਂ ਨੇ ਵਪਾਰਕ ਬੈਂਕਾਂ ਤੋਂ ਕਰਜ਼ਾ ਲਿਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਸ਼ਾਸ਼ਨ ਦੌਰਾਨ ਕਦੀ ਵੀ ਕਿਸਾਨਾਂ ਨੂੰ ਸਿੱਧੀ ਸਬਸਿਡੀ ਜਾ ਰਾਹਤ ਮੁਹਈਆ ਨਹੀਂ ਕਰਵਾਈ | 
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਸ਼ਾਸਨ ਦੌਰਾਨ 10 ਸਾਲ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਵੇਚਣ ਲਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਦਕਿ ਉਨ੍ਹਾਂ ਦੀ ਸਰਕਾਰ ਨੇ ਖਰੀਦ ਕਾਰਜ਼ਾਂ ਨੂੰ ਬਿਨਾਂ ਕਿਸੇ ਅੜਚਨ ਦੇ ਨੇਪਰੇ ਚਾੜ੍ਹਿਆ | ਇਸ ਦੇ ਨਤੀਜੇ ਵੱਜੋਂ 10 ਲੱਖ ਕਿਸਾਨਾਂ ਵਿੱਚੋਂ ਬਹੁਤੇ ਉਸੇ ਦਿਨ ਹੀ ਆਪਣੀ ਫਸਲ ਵੇਚ ਕੇ ਖੁਸ਼ੀ –ਖੁਸ਼ੀ ਘਰਾਂ ਨੂੰ  ਚਲੇ ਜਾਂਦੇ ਸਨ | 
ਬੁਨਿਆਦੀ ਢਾਂਚੇ ਦੇ ਵਿਕਾਸ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 16 ਹਜ਼ਾਰ ਕਿਲੋਮੀਟਰ ਸੰਪਰਕ ਸੜਕਾਂ ਦੀ ਮੁਰੰਮਤ ਦਾ ਵਿਸ਼ਾਲ ਕਾਰਜ਼ ਉਨ੍ਹਾਂ ਦੇ ਸ਼ਾਸਨ ਦੇ ਪਹਿਲੇ ਵਰ੍ਹੇ ਦੌਰਾਨ ਹੀ 2000 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ | ਇਸ ਦੇ ਉਲਟ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸਿਰਫ 43 ਹਜ਼ਾਰ ਕਿਲੋਮੀਟਰ ਸੜਕਾਂ ਦੀ ਮੁਰੰਮਤ ਕਰਵਾਈ ਅਤੇ ਸਾਰਾ ਪੈਸਾ ਚੋਣਵੇਂ ਖੇਤਰਾਂ ਵਿੱਚ ਲਾਇਆ | ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦੀਆਂ ਚੋਣ ਸੰਭਵਾਨਾਵਾਂ ਦੇ ਮੱਦੇਨਜ਼ਰ ਸਰਕਾਰੀ ਫੰਡਾਂ ਨੂੰ ਚੋਣਵੇ ਖੇਤਰਾਂ ਲਈ ਦਿੱਤਾ ਗਿਆ | 
          ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਵਾਰੀ ਕਿਸੇ ਸਰਕਾਰ ਨੇ ਸੂਬੇ ਵਿੱਚ ਹਰੇਕ ਘਰ ਦੇ ਘੱਟੋ-ਘੱਟ ਇਕ ਵਿਅਕਤੀ ਨੂੰ ਲਾਹੇਵੰਦ ਰੋਜ਼ਗਾਰ ਦੇਣ ਦਾ ਮਿਸ਼ਨ ਸ਼ੁਰੂ ਕੀਤਾ ਹੈ | ਇਸ ਦੇ ਹੇਠ ਹੁਣ ਤੱਕ 2 ਲੱਖ 50 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮੁਹਈਆ ਕਰਵਾਇਆ ਜਾ ਚੁੱਕਾ ਹੈ ਅਤੇ ਸਨਅਤੀ ਨਿਵੇਸ਼ ਦੇ ਨਾਲ 95 ਹਜ਼ਾਰ ਹੋਰ ਨੌਕਰੀਆਂ ਪੈਦਾ ਕੀਤੇ ਜਾਣ ਲਈ ਆਧਾਰ ਕਾਇਮ ਕੀਤਾ ਹੈ | ਉਨ੍ਹਾਂ ਨੇ ਵੱਖ-ਵੱਖ ਮੁੱਦਿਆਂ 'ਤੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਾਦਲ ਦੀ ਤਿੱਖੀ ਆਲੋਚਨਾ ਕੀਤੀ 

No comments:

Post a Comment