14 April 2019

ਟਿੱਬੇ ’ਤੇ ਹੀ ਸਿਰਜ ਦਿੱਤਾ ਜਲ੍ਹਿਆਂਵਾਲਾ ਬਾਗ ਦਾ ‘ਸਾਕਾ’

* 100 ਵੀਂ ਬਰਸੀ ’ਤੇ ਜਨਰਲ ਡਾਇਰ ਦੇ ਉਕੇਚੇ ਕਾਲੇ ਰੰਗ ਵਾਲੇ ਦੈਂਤ ਚਿਹਰੇ ’ਤੇ ਠੋਕੀਆਂ ਇੱਕ ਸੌ ਕਿੱਲਾਂ

* ਅਮਰੀਕਾ ਦੇ ਮਾਊਂਟ ਰਸ਼ਮੋਰ ਮੈਮੋਰੀਅਲ ਦਾ ਭੁਲੇਖਾ ਪਾਉਂਦੀ ਕਲਾ ਵਾਲੀ ਸ਼ਰਧਾਂਜਲੀ

                                                  ਇਕਬਾਲ ਸਿੰਘ ਸ਼ਾਂਤ
ਡੱਬਵਾਲੀ: ਭਾਵਨਾਵਾਂ ਦਰਸਾਉਣ ਲਈ ਕਿਸੇ ਮੁਕੰਮਲ ਜਹਾਨ ਦੀ ਜ਼ਰੂਰਤ ਨਹੀਂ ਹੁੰਦੀ, ਮਿੱਟੀ ਦਾ ਇੱਕ ਅਣਗੌਲਿਆ ਟਿੱਬਾ ਵੀ ਜਜ਼ਬਿਆਂ ਦਾ ‘ਮੰਦਰ’ ਬਣ ਸਕਦਾ ਹੈ। ਬੱਸ ਜ਼ਰੂਰਤ ਹੁੰਦੀ ਐ ਉਸਨੂੰ ਤਰਾਸ਼ਣ ਲਈ ਕਲਾ ਦੇ ਇੱਕ ਯੋਗ ਪੁਜਾਰੀ ਦੀ। ਹਮੇਸ਼ਾਂ ਆਪਣੀ ਕਲਾਕਾਰੀ ਨਾਲ ਕੁਝ ਨਿਵੇਕਲਾ ਕਰਨ ਵਾਲੇ ਫਾਈਨ ਆਰਟ ਦੇ ਸਹਾਇਕ ਪ੍ਰੋਫੈਸਰ ਮਨਜੀਤ ਸਿੰਘ ਸਾਹੋਕੇ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ 100ਵੀਂ ਬਰਸੀ ਮੌਕੇ ਸ਼ਰਧਾਂਜਲੀ ਦੇਣ ਲਈ ਪਿੰਡ ਬਾਦਲ ਦੇ
ਖੇਤਾਂ ਵਿੱਚਲੇ ਇੱਕ ਅਣਗੌਲੇ ਟਿੱਬੇ ਨੂੰ ਚੁਣਿਆ। ਉਸਨੇ ਮਿੱਟੀ ਕਲਾ ਰਾਹੀਂ ਉਸ ਹਾਦਸੇ ਦੇ ਕਰੀਬ ਤੋਂ ਵੱਧ ਸ਼ਹੀਦ ਦੀਆਂ ਕਾਲਪਨਿਕ ਤਸਵੀਰਾਂ ਉਕੇਰ ਕੇ ਟਿੱਬੇ ਨੂੰ ਦਾਰਸ਼ਨਿਕ ਬਣਾ ਦਿੱਤਾ। ਉਸਨੇ ਆਪਣੀ ਕਲਾ ਰਾਹੀਂ ਸਿਰਫ਼ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਬਲਕਿ ਘਟਨਾ ਲਈ ਮੁੱਖ ਜੁੰਮੇਵਾਰ ਅਖਵਾਉਂਦੇ ਜਾਂਦੇ ਜਨਰਲ ਡਾਇਰ ਦਾ ਟਿੱਬੇ ’ਤੇ ਦੈਂਤ ਰੂਪ ਚਿਹਰਾ ਕੇ ਬੁਰਾਈ ਦੇ ਪ੍ਰਤੀਕ ਕਾਲੇ ਰੰਗ ਵਿੱਚ ਉਕੇਰ ਕੇ 100ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਉਸ ’ਤੇ ਇੱਕ ਸੌ ਕਿੱਲਾਂ ਵੀ ਗੱਡੀਆਂ ਹਨ। ਦਸਮੇਸ਼ ਸਿੱਖਿਆ ਕਾਲਜ ਦੇ ਸਹਾਇਕ ਪ੍ਰੋਫੈਸਰ ਦੀ ਕਰੀਬ 15 ਫੁੱਟ ਉੱਚੇ ਅਤੇ 50 ਫੁੱਟ ਚੌੜੇ ਟਿੱਬੇ ’ਤੇ ਕਲਾ ਭਰਪੂਰ ਕੋਸ਼ਿਸ਼ ਵਿੱਚੋਂ ਅਮਰੀਕਾ ਦੇ ਮਾਊਂਟ ਰਸ਼ਮੋਰ ਨੈਸ਼ਨਲ ਮੈਮੋਰੀਅਲ ਡਕੋਤਾ ’ਚ ਉੱਚੇ ਪਹਾੜਾਂ ’ਤੇ ਉਕੇਰੇ ਵੱਡ ਅਕਾਰੀ ਚਿਹਰਿਆਂ ਦੀ ਝਲਕ ਪੈਂਦੀ ਹੈ। ਹਾਲਾਂਕਿ ਭਾਰਤ ’ਚ ਅਜਿਹੀ ਮਿੱਟੀ ਕਲਾ ਸਮੁੰਦਰੀ ਕੰਢਿਆਂ ’ਤੇ ਵੇਖਣ ਨੂੰ ਮਿਲਦੀ ਹੈ, ਪਰ ਉੱਤਰ ਭਾਰਤ ’ਚ ਇੱਕ ਟਿੱਬੇ ’ਤੇ
ਪਹਿਲੀ ਵਾਰ ਅਜਿਹੀ ਕੋਸ਼ਿਸ਼ ਹੋਈ ਹੈ। ਸਹਾਇਕ ਪ੍ਰੋਫੈਸਰ ਮਨਜੀਤ ਸਿੰਘ ਸਾਹੋਕੇ ਨੇ ਕਿਹਾ ਕਿ ਉਹ ਜਲ੍ਹਿਆਂਵਾਲਾ ਬਾਗ ਦੀ ਮੰਦਭਾਗੀ ਘਟਨਾ ਤੋਂ ਬੇਹੱਦ ਪ੍ਰਭਾਵਿਤ ਰਿਹਾ ਹੈ। ਬਚਪਨ ਤੋਂ ਉਸਨੇ ਇਸ ਦੁਖਾਂਤ ਨੂੰ ਵੱਡੇ ਬਜ਼ੁਰਗਾਂ ਤੋਂ ਬਹੁਤ ਵਾਰ ਸੁਣਿਆ ਹੈ। ਜਲ੍ਹਿਆਂਵਾਲਾ ਬਾਗ ਦੀ 100ਵੀਂ ਬਰਸੀ ਮੌਕੇ ਉਸਦੇ ਮਨ ਵਿੱਚ ਆਪਣੀ ਕਲਾ ਰਾਹੀਂ ਨਿਵੇਕਲੀ ਢੰਗ ਨਾਲ
ਸ਼ਰਧਾਂਜਲੀ ਦੇਣ ਦੀ ਭਾਵਨਾ ਜਾਗੀ। ਕਾਫ਼ੀ ਭਾਲ ਉਪਰੰਤ ਬਾਦਲ ਪਿੰਡ ਨੇੜਲਾ ਇੱਕ ਟਿੱਬਾ ਇਸ ਕਾਰਜ ਲਈ ਜਾਇਜ਼ ਜਾਪਿਆ। ਜਿਸ ਮਗਰੋਂ ਚਾਰ ਦਿਨ ਦੀ ਮਿਹਨਤ ਉਪਰੰਤ ਅੱਜ ਸ਼ਾਮ ਉਸਦਾ ਇਹ
ਕਾਰਜ ਮੁਕੰਮਲ ਹੋਇਆ। ਸਾਹੋਕੇ ਅਨੁਸਾਰ ਮਿੱਟੀ ਦੇ ਟਿੱਬੇ ’ਤੇ ਬਣਾਏ ਸੌ ਤੋਂ ਵੱਧ ਸ਼ਹੀਦ ਚਿਹਰਿਆਂ ’ਚ ਵੱਡੇ, ਛੋਟੇ, ਹਿੰਦੂ-ਮੁਸਲਮਾਨ ਅਤੇ ਸਿੱਖਾਂ ਨੂੰ ਬਰਾਬਰੀ ਨਾਲ ਸਥਾਨ ਦਿੱਤਾ ਗਿਆ ਹੈ। ਉਸ ਅਨੁਸਾਰ ਇਹ ਚਿਹਰੇ ਸਿਰਫ਼ ਹਾਦਸੇ ਦੇ ਦਰਦ ਨੂੰ ਹੀ ਨਹੀਂ ਦਰਸਾਉਂਦੇ ਬਲਕਿ ਭਾਰਤੀਆਂ ’ਚ ਸਦਭਾਵਨਾ, ਏਕਤਾ ਅਤੇ ਦੇਸ਼-ਭਗਤੀ ਨੂੰ ਜਾਹਰ ਕਰਦੇ ਹਨ। ਭਾਰਤੀ ਤਿਰੰਗੇ ਦੇ ਰੰਗਾਂ ਨਾਲ ਇਸ ਕੌਮੀਅਤ ਦਾ ਰੰਗ ਵੀ ਭਰਿਆ ਗਿਆ ਅਤੇ ਕੇਸਰੀ ਪਤਾਕੇ ਲਹਿਰਾ ਕੇ ਵਿਸਾਖੀ ਨਾਲ ਜੋੜਿਆ ਗਿਆ ਹੈ। ਸੜਕ ਤੋਂ ਕਾਫ਼ੀ ਪਿਛਾਂਹ ਇਸ ਟਿੱਬੇ ਦੀ ਨਵੀਂ ਮਹੱਤਤਾ ਲੋਕਾਂ ਨੂੰ ਪਤਾ ਲੱਗਣ ’ਤੇ ਲੋਕ ਇਸ ਵੱਲ ਰੁੱਖ ਕਰਨ ਲੱਗੇ ਹਨ। ਦਰਸ਼ਕਾਂ ਵੱਲੋਂ ਇਸ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਮਗਰੋਂ ਟਿੱਬੇ ’ਤੇ ਬਣਿਆ ‘ਸ਼ਰਧਾਂਜਲੀ ਸਮਾਰਕ’ ਕਾਫ਼ੀ ਚਰਚਾ ਵਿੱਚ ਹੈ ।  -93178-26100

No comments:

Post a Comment