28 April 2019

‘ਰਾਜੇ’ ਨੂੰ ਦੇਣਾ ਪੈ ਰਿਹਾ ‘ਮਹਾਰਾਜੇ’ ਦੀਆਂ ਅਣਦੇਖੀਆਂ ਦਾ ‘ਹਿਸਾਬ’

* ਵੱਡੀਆਂ-ਵੱਡੀਆਂ ਸਹੁੰਆਂ ਖਾ ਕੇ ਦਰਸਾਉਣੀ ਪੈ ਰਹੀ ਭਵਿੱਖੀ ਵਫ਼ਾਦਾਰੀ

                                                          ਇਕਬਾਲ ਸਿੰਘ ਸ਼ਾਂਤ
ਲੰਬੀ: ‘ਮਹਾਰਾਜੇ’ ਦੀਆਂ ਅਣਦੇਖੀਆਂ ਦਾ ਹਿਸਾਬ ਲੰਬੀ ਦੀਆਂ ਸੱਥਾਂ ’ਚ ਰਾਜਾ ਵੜਿੰਗ ਨੂੰ ਦੇੇਣਾ ਪੈ ਰਿਹਾ ਹੈ। ਰਾਜਾ ਵੜਿੰਗ ਲੰਬੀ ਹਲਕੇ ਵਿੱਚ ਵੋਟਾਂ ਮੰਗਣ ਤੋਂ ਪਹਿਲਾਂ ਜਨਤਕ ਤੌਰ ’ਤੇ ਭਵਿੱਖੀ ਵਫ਼ਾਦਾਰੀ ਦਰਸਾਉਣ ਲਈ ਮਜ਼ਬੂਰ ਹਨ। ਬਾਦਲਾਂ ਦੀ ਸਿਆਸੀ ਰਾਜਧਾਨੀ ਲੰਬੀ ਵਿੱਚ ਬਾਦਲਾਂ ਖਿਲਾਫ਼ ਸ਼ਬਦੀ ਤੋਪ ਦਾ ਮੂੰਹ ਖੋਲ੍ਹਣ ਤੋਂ ਮਾਯੂਸ ਕਾਂਗਰਸੀਆਂ ਦੇ ਡਿੱਗੇ-ਢਹੇ ਮਨਾਂ ਨੂੰ ਖੜ੍ਹਾਉਣ ਲਈ ਰਾਜਾ ਵੜਿੰਗ ਚੋਣ ਜਲਸਿਆਂ ’ਚ ਵੱਡੀਆਂ-ਵੱਡੀਆਂ ਸਹੁੰਆਂ ਖਾ ਰਹੇ ਹਨ। ਪਿੰਡ-ਪਿੰਡ ਚੋਣ ਜਲਸਿਆਂ ਮੌਕੇ ਵੜਿੰਗ ਦੀ ਤਕਰੀਰ ਦਾ 40 ਫ਼ੀਸਦੀ ਸਮਾਂ ਲੰਬੀ ਦੇ ਵੋਟਰਾਂ ਪ੍ਰਤੀ ਆਪਣੀ ਵਫ਼ਾਦਾਰੀ ਨੂੰ ਜਤਾਉਣ ’ਤੇ ਲੱਗ ਰਿਹਾ ਹੈ। ਉਹ
ਕਾਂਗਰਸ ਪੱਖੀ ਵੋਟਰਾਂ ਦੇ ਸ਼ੰਕਿਆਂ ਅਤੇ ਖਦਸ਼ਿਆਂ ਦਾ ਹਾਂ-ਪੱਖੀ ਬਣਾਉਣ ਲਈ ਵਚਨ ਦਿੰਦਿਆਂ ਆਖ ਰਹੇ ਹਨ ਕਿ ਜੇਕਰ ਬੰਦੇ ਦਾ ਪੁੱਤ ਹੋਇਆ ਤਾਂ ਕਦੇ ਤੁਹਾਡਾ ਅਹਿਸਾਨ ਨਹੀਂ ਮੋੜ ਸਕਣਾ, ਜੇਕਰ ਬੰਦੇ ਦਾ ਪੁੱਤ ਹੋਇਆ ਤੁਹਾਨੂੰ ਕਦੇ ਛੱਡ ਕੇ ਨਹੀਂ ਭੱਜਣਾ। ਉਹ (ਰਾਜਾ) ਮੰਨਦੇ ਹਨ ਕਿ ਇੱਥੇ ਪਹਿਲਾਂ ਚੋਣਾ ਲੜੇ ਲੀਡਰ ਤੁਹਾਡੇ ਤੋਂ ਵੋਟਾਂ ਲੈ ਕੇ ਚਲੇ ਜਾਇਆ ਕਰਦੇ ਹਨ ਅਤੇ ਫਿਰ ਕਦੇ ਬਾਤ ਨਹੀਂ ਪੁੱਛਦੇ ਅਤੇ ਮਗਰੋਂ ਬਾਦਲ ਵਾਲੇ ਤੁਹਾਨੂੰ ਭਜਾਉਂਦੇ ਹਨ। ਤੁਹਾਨੂੰ ਸ਼ੱਕ ਹੈ ਕਿ ਜਿਵੇਂ ਹੋਰਨਾਂ ਲੀਡਰ ਆਉਂਦੇ ਹਨ ਅਤੇ ਵੋਟਾਂ ਲੈ ਕੇ ਤੁਹਾਡੇ ਲੰਬੀ ਵਾਲਿਆਂ ਦੀ ਬਾਤ ਨਹੀਂ ਪੁੱਛਦੇ। ਰਾਜਾ ਵੜਿੰਗ ਆਪਣੀ ਭੱਲ ਬਣਾਊ ਸ਼ਬਦਾਂ ’ਚ ਵੋਟਰਾਂ ਨੂੰ ਭਾਵੁਕ ਕਰਦਿਆਂ ਆਖਦੇ ਹਨ ਕਿ ‘ਜੇਕਰ ਮੈਂ ਲੰਬੀ ਦੇ ਲੋਕਾਂ ਨੂੰ ਧੋਖਾ ਦਿਆਂ ਤਾਂ ਮੇਰਾ ਜ਼ਿੰਦਗੀ ’ਚ ਕੱਖ ਨਾ ਰਹੇ ਅਤੇ ਮੇਰੀਅ ਅੱਖਾਂ ਮਿਚ ਜਾਣ।’ ਆਮ ਵੋਟਰਾਂ ’ਚ ਚਰਚਾ ਹੈ ਕਿ ਰਾਜਾ ਵੜਿੰਗ ਤਾਂ ਸਹੁੰਆਂ ਖਾਣ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਪਿਛਾਂਹ ਛੱਡ ਰਿਹਾ ਹੈ। ਦੱਸਣਯੋਗ ਹੈ ਕਿ ਕਾਂਗਰਸੀ ਉਮੀਦਵਾਰ ਹਰੇਕ ਲੋਕਸਭਾ ਚੋਣਾਂ ’ਚ ਬਠਿੰਡਾ ਤੋਂ ਅਕਾਲੀ ਦਲ ਦੀ ਯਕੀਨੀ ਜਿੱਤ ’ਚ ਅਹਿਮ ਨੁਸਖੇ ਲੰਬੀ ਹਲਕੇ ਦੇ ਵੋਟ ਵਜ਼ਨ ਦੀ ਅਹਿਮੀਅਤ ਤੋਂ ਜਾਣੂ ਹੈ। ਇਸੇ ਕਰਕੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਅਣਦੇਖੀਆਂ ਵਾਲੇ ਗੁਨਾਹ ਅਸਿੱਧੇ ਸ਼ਬਦਾਂ ’ਚ ਬਖਸ਼ਵਾ ਕੇ ਲੰਬੀ ਦੇ ਚੋਣ ਪਲੜੇ ਦਾ ਮੁਹਾਂਦਰਾ ਆਪਣੇ ਵੱਲ ਕਰਨ ਦੇ ਰੌਂਅ ਵਿੱਚ ਹੈ। ਜ਼ਿਕਰਯੋਗ ਹੈ ਕਿ ਬੀਤੇ ਵਿਧਾਨਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਤੋਂ ਚੋਣ ਲੜਨ ਬਾਅਦ ਇੱਧਰ ਨੂੰ ਕਦੇ ਤੱਕਿਆ ਤੱਕ ਨਹੀਂ। ਉਦੋਂ ਮਹਾਰਾਜਾ ਅਮਰਿੰਦਰ ਸਿੰਘ ਦੇ ਵਾਅਦਿਆਂ ਦੇ ਇਲਾਵਾ ਯੁਵਰਾਜ ਰਣਇੰਦਰ ਸਿੰਘ ਨੇ ਪਟਿਆਲਾ ਮਹਿਲ ਦੇ ਵੱਡੇ ਬੂਹਿਆਂ, ਦਰਜਨਾਂ ਕਮਰਿਆਂ ਅਤੇ ਮਹਾਰਾਜੇ ਦੇ ਵੱਡੇ ਦਿਲ ਦੀ ਖੂਬ ਸਿਫ਼ਤਾਂ ਕੀਤੀਆਂ ਸਨ। ਸਵਾ ਦੋ ਸਾਲਾਂ ਬਾਅਦ ਵੀ ਮਹਾਰਾਜੇ ਦਾ ਵੱਡਾ ਦਿਲ ਲੰਬੀ ਹਲਕੇ ਲਈ ਸੁੰਗੜਿਆ ਹੋਇਆ ਹੀ ਸਾਬਤ ਹੋਇਆ ਹੈ। ਪਲ-ਪਲ ’ਤੇ ਹਾਈਕਮਾਂਡ ਦੀ ਗੈਰ-ਸੁਣਵਾਈ ਅਤੇ ਬੇਰੁੱਖੀ ਕਾਰਨ ਲੰਬੀ ਹਲਕੇ ਦੇ ਕਾਂਗਰਸੀ ਮਨੋਬਲ ਪੱਖੋਂ ਢਹਿ-ਢੇਰੀ ਹੋ ਚੁੱਕੇ ਹਨ। ਮੌਜੂਦਾ ਲੋਕਸਭਾ ਮੌਕੇ ਵੀ ਲੰਬੀ ਹਲਕੇ ਦੇ ਪ੍ਰਮੁੱਖ ਕਾਂਗਰਸ ਆਗੂ ਗੁਰਮੀਤ ਸਿੰਘ ਖੁੱਡੀਆਂ ਅਤੇ ਜਗਪਾਲ ਸਿੰਘ ਅਬੁੱਲਖੁਰਾਣਾ ਬਠਿੰਡਾ ਲੋਕਸਭਾ ਤੋਂ ਟਿਕਟ ਦੇ ਦਾਅਵੇਦਾਰ ਸਨ ਪਰ ਹਾਈਕਮਾਂਡ ਨੇ ਰਾਜਾ ਵੜਿੰਗ ’ਤੇ ਦਾਅ ਖੇਡਣਾ ਮੁਨਾਸਿਬ ਸਮਝਿਆ। ਇਸੇ ਕਰਕੇ ਬਾਦਲਾਂ ਦੇ ਗੜ੍ਹ ਵਿੱਚ ਰਾਜਾ ਵੜਿੰਗ ਨੂੰ ਕਾਂਗਰਸ ਕਾਡਰ ਅਤੇ ਵੋਟ ਬੈਂਕ ਦੇ ਮਨ ਠਾਰ੍ਹਣ ਲਈ ਖਾਸਾ ਜ਼ੋਰ ਲਗਾਉਣਾ ਪੈ ਰਿਹਾ ਹੈ। ਬੀਤੇ ਦਿਨ੍ਹੀਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੜਿੰਗ ਦੇ ਹੱਕ ਵਿੱਚ ਚੋਣ ਜਲਸੇ ਮੌਕੇ ਪਿੰਡ ਕਰਮ ਪੱਟੀ ਦੇ ਕਾਂਗਰਸੀ ਸਰਪੰਚ ਕੁੰਦਨ ਸਿੰਘ ਨੇ ਸਟੇਜ ਤੋਂ ਲੰਬੀ ਦੇ ਕਾਂਗਰਸੀਆਂ ਦੀ ਗੈਰ-ਸੁਣਵਾਈ ਦੀ ਦੁਖੜਾ ਸੁਣਾਇਆ ਸੀ। ਪਿਛਲੇ ਲੋਕਸਭਾ ਚੋਣਾਂ ਮੌਕੇ ਲੰਬੀ ਹਲਕੇ ’ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਰੀਬ 35 ਹਜ਼ਾਰ ਵੋਟਾਂ ਦੀ ਬੜ੍ਹਤ ਮਿਲੀ ਸੀ। ਜਦੋਂਕਿ 2017 ਦੇ ਵਿਧਾਨਸਭਾ ਚੋਣਾ ’ਚ ਮੁੱਖ ਅਮਰਿੰਦਰ ਸਿੰਘ ਨੂੰ 22770 ਦੇ ਫ਼ਰਕ ਨਾਲ ਪ੍ਰਕਾਸ਼ ਸਿੰਘ ਬਾਦਲ ਹੱਥੋਂ ਹਾਰ ਮਿਲੀ ਸੀ। 

No comments:

Post a Comment