21 April 2019

ਰਾਜਾ ਵੜਿੰਗ ਨੂੰ ਟਿਕਟ ਨਾਲ ਮਾਯੂਸੀ ਦੇ ਜੰਗਲ ’ਚ ਬਠਿੰਡਾ ਲੋਕਸਭਾ ਦੇ ਦਾਅਵੇਦਾਰ ਕਾਂਗਰਸ ਧੜਿਆਂ ਦਾ ਕਾਡਰ !

* ਆਗੂਆਂ ਦੀ ਅੰਦਰੂਨੀ ਨਾਰਾਜਗੀ ਦੇ ਡੈਮੇਜ ਕੰਟਰੋਲ ’ਚ ਕਾਂਗਰਸ ਜੁਟੀ, ਸੰਧੂ ਨੂੰ ਸੰਗਰੂਰ ਦਾ ਇੰਚਾਰਜ਼ ਥਾਪਿਆ 
* ਰਾਜਾ ਵੜਿੰਗ ਵੱਲੋਂ ਮਹੇਸ਼ਇੰਦਰ ਬਾਦਲ, ਮਨਪ੍ਰੀਤ  ਅਤੇ ਹੋਰਨਾਂ ਆਗੂਆਂ ਨਾਲ ਮੁਲਾਕਾਤਾਂ 
* ਬੇਅਦਬੀਆਂ ਖਿਲਾਫ਼ ਮਾਹੌਲ ਕਰਕੇ ਕਾਂਗਰਸ ਨੂੰ ਬਠਿੰਡਾ ’ਚ ਸਿੱਖ ਚਿਹਰਾ ਉਤਾਰਨਾ ਚਾਹੀਦਾ : ਮੋਫ਼ਰ

                                                           ਇਕਬਾਲ ਸਿੰਘ ਸ਼ਾਂਤ
ਬਠਿੰਡਾ/ਲੰਬੀ: ਕਾਂਗਰਸ ਹਾਈਕਮਾਂਡ ਵੱਲੋਂ ਪ੍ਰਮੁੱਖ ਦਾਅਵੇਦਾਰਾਂ ਨੂੰ ਬਾਰਡਰ ਲਾਈਨ ਕਰਕੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਖੇਡੇ ਦਾਅ ਨਾਲ ਬਠਿੰਡਾ ਲੋਕਸਭਾ ਵਿਚਲੇ ਪ੍ਰਮੁੱਖ ਦਾਅਵੇਦਾਰ ਧੜਿਆਂ ਦਾ ਕਾਡਰ ਮਾਯੂਸੀ ਦੇ ਜੰਗਲ ’ਚ ਜਾਪਦਾ ਹੈ। ਟਿਕਟ ਦਾਅਦੇਵਾਰਾਂ ਦੀ ਸਾਲਾਂਬੱਧੀ ਮਿਹਨਤ-ਮਸ਼ੱਕਤ ਅਤੇ ਕੁਰਬਾਨੀਆਂ ਹਾਈਕਮਾਨ ਦੇ ਬੂਹੇ ’ਤੇ ਮਿੱਟੀ ਹੋਣ
ਨਾਲ ਰਾਜਾ ਵੜਿੰਗ ਨੂੰ ਲੋਕਸਭਾ ਦੇ 9 ਹਲਕਿਆਂ ਵਿੱਚ ਸਮੂਹ ਧੜਿਆਂ ਦੀ ਜ਼ਮੀਨੀ ਹਮਾਇਤ ਖਦਸ਼ਿਆਂ ਦੇ ਪਰਛਾਵੇਂ ਹੇਠ ਹੈ। ਮੰਨਿਆ ਜਾ ਰਿਹਾ ਹੈ ਕਿ ਲੋਕਸਭਾ ਬਠਿੰਡਾ ਦੇ ਬਹੁਤੇ ਕਾਂਗਰਸ ਥੰਮ ਅਗਲੇ ਤਿੰਨ-ਚਾਰ ਹਫ਼ਤੇ ਢਿੱਲੇ-ਮੱਸੇ ਜਾਂ ਢਿੱਡ-ਪਿੱਠ ਵਗੈਰਾ ਤੋਂ ਪੀੜਤ ਹੋ ਸਕਦੇ ਹਨ।
        ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਅਤੇ ਸੂਬਾ ਜਨਰਲ ਸਕੱਤਰ ਟਹਿਲ ਸਿੰਘ ਸੰਧੂ ਅਤੇ ਜਗਪਾਲ ਸਿੰਘ ਅਬੁੱਲਖੁਰਾਣਾ ਦੇ ਇਲਾਵਾ ਜਸਵੰਤ ਸਿੰਘ ਫਫੜੇ ਭਾਈਕੇ ਸਮੇਤ ਹੋਰਨਾਂ ਆਗੂ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ’ਚ ਸ਼ੁਮਾਰ ਸਨ। ਬਠਿੰਡਾ ਲੋਕਸਭਾ ਹਲਕੇ ਵਿਚਲੇ ਉਕਤ ਆਗੂਆਂ ’ਚ ਅਕਾਲੀ ਦਲ ਦੇ ਸੰਭਾਵੀ ਉਮੀਦਵਾਰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ’ਚ ਟੱਕਰ ਦੇਣ ਦਾ ਵੱਡਾ ਉਤਸਾਹ ਸੀ ਅਤੇ ਹਲਕਾ ਆਧਾਰਤ ਕਿਸੇ ਆਗੂ ਨੂੰ ਹੀ ਉਮੀਦਵਾਰ ਬਣਾਉਣ ਦੀ ਜਨਤਕ ਤੌਰ ’ਤੇ ਮੰਗ ਕੀਤੀ ਸੀ। ਉਸਦੇ ਬਾਹਰੀ ਉਮੀਦਵਾਰ ਹੋਣ ਕਾਰਨ ਹੀ ਹਲਕੇ ਦੇ ਆਗੂਆਂ ਦੇ ਦਿਲ ਰਾਜਾ ਵੜਿੰਗ ਨਾਲ ਮਿਲਣਾ ਅੌਖਿਆਈ ਭਰਿਆ ਜਾਪਦਾ ਹੈ। 
ਟਿਕਟ ਮਿਲਣ ਉਪਰੰਤ ਅੱਜ ਰਾਜਾ ਵੜਿੰਗ ਨੇ ਬਠਿੰਡਾ ਲੋਕਸਭਾ ਦੀਆਂ ਕਾਂਗਰਸੀ ਸਫ਼ਾਂ ਨਾਲ ਰਾਬਤੇ ਦੇ ਮੁਹਿੰਮ ਵਿੱਢ ਦਿੱਤੀ। ਜਿਸ ਤਹਿਤ ਲੰਬੀ ਹਲਕੇ ’ਚ ਵੱਡੇ ਜਨਾਧਾਰ ਵਾਲੇ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ, ਸਾਬਕਾ ਮੰਤਰੀ ਹਰਦੀਪਇੰਦਰ ਸਿੰਘ ਬਾਦਲ ਦੇ ਇਲਾਵਾ ਵਜੀਰ-ਏ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਅਤੇ ਜਗਪਾਲ ਸਿੰਘ ਅਬੁੱਲਖੁਰਾਣਾ ਨਾਲ ਮੁਲਾਕਾਤਾਂ ਕਰਕੇ ਸਮਰਥਨ ਮੰਗਿਆ। ਇਸਦੇ ਹੋਰਨਾਂ ਹਲਕਿਆਂ ’ਚ ਪ੍ਰਮੁੱਖ ਆਗੂਆਂ ਨਾਲ ਮੁਲਾਕਾਤਾਂ ਕਰਕੇ ਆਪਣੇ ਲਈ ਮਾਹੌਲ ਸਿਰਜਿਆ। ਵਜੀਰ-ਏ-ਖਜ਼ਾਨਾ ਨਾਲ ਮੁਲਾਕਾਤ ਨੂੰ ਰਾਜਾ ਵੜਿੰਗ ਦੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਸਾਂਝਾ ਕਰਕੇ ਉਨ੍ਹਾਂ ਵੱਲੋਂ ਭਰਵੇਂ ਸਹਿਯੋਗ ਦੇ ਭਰੋਸੇ ਦਾ ਉਚੇਚਾ ਜ਼ਿਕਰ ਕੀਤਾ। ਬਠਿੰਡਾ ਲੋਕਸਭਾ ਦੇ ਆਗੂਆਂ ਦੇ ਪੁੱਜੇ ਤਾਜ਼ਾ ਇਤਰਾਜ਼ਾਂ ਬਾਅਦ ਪਾਰਟੀ ਹਾਈਕਮਾਂਡ ਵੀ ਡੈਮੇਜ ਕੰਟਰੋਲ ਲਈ ਟਿਕਟ ਚਾਹਵਾਨ ਆਗੂਆਂ ਦਾ ਧਿਆਨ ਵੰਡਾਉਣ ਦੀ ਰਾਹ ਪੈ ਗਈ ਹੈ। ਟਿਕਟ ਦੇ ਦਾਅਵੇਦਾਰ ਅਤੇ ਸੂਬਾ ਜਨਰਲ ਸਕੱਤਰ ਟਹਿਲ ਸਿੰਘ ਸੰੰਧੂ ਨੂੰ ਅੱਜ ਸੰਗਰੂਰ ਲੋਕਸਭਾ ਚੋਣ ਦਾ ਇੰਚਾਰਜ਼ ਥਾਪ ਦਿੱਤਾ ਗਿਆ ਹੈ। ਬਠਿੰਡਾ ਲੋਕਸਭਾ ਦੇ ਕਾਂਗਰਸ ਟਿਕਟ ਦੇ ਸਮੁੱਚੇ ਘਟਨਾਕ੍ਰਮ ਵਿੱਚ ਲੰਬੀ ਹਲਕੇ ਤੋਂ ਪ੍ਰਮੁੱਖ ਦਾਅਵੇਦਾਰ ਅਤੇ ਵੋਟ ਬੈਂਕ ਵਾਲੇ ਦਰਵੇਸ਼ ਆਗੂ ਗੁਰਮੀਤ ਸਿੰਘ ਖੁੱਡੀਆਂ ’ਤੇ ਹਾਈਕਮਾਂਡ ਦਾ ਅਣਦੇਖੀ ਵਾਲਾ ਕਹਿਰ ਦੂਸਰੀ ਵਾਰ ਵਾਪਰਿਆ ਹੈ। ਇਸਤੋਂ ਪਹਿਲਾਂ ਸੂਬਾਈ ਚੋਣਾਂ ਮੌਕੇ ਲੰਬੀ ਹਲਕੇ ’ਚ ਉਨ੍ਹਾਂ ਦੀ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹੈ। ਖੁੱਡੀਆਂ ਧੜਾ ਬੀਤੇ ਦੋ ਦਹਾਕੇ ਤੋਂ ਲੰਬੀ ’ਚ ਬਾਦਲਾਂ ਨਾਲ ਸਿੱਧਾ ਟਾਕਰਾ ਲੈਂਦਾ ਆ ਰਿਹਾ ਹੈ। ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਟਿਕਟ ਬਾਰੇ ਫੈਸਲਾ ਹਾਈਕਮਾਂਡ ਦਾ ਅਧਿਕਾਰ ਖੇਤਰ ਹੈ ਅਤੇ ਅਸੀਂ ਪਾਰਟੀ ਲਈ ਕੰਮ ਖਾਤਰ ਵਚਨਬੱਧ ਹਾਂ। 

ਸਾਬਕਾ ਕਾਂਗਰਸ ਵਿਧਾਇਕ ਅਜੀਤ ਇੰਦਰ ਸਿੰੰਘ ਦਾ ਕਹਿਣਾ ਸੀ ਕਿ ਕਾਂਗਰਸ ਹਾਈਕਮਾਂਡ ਨੂੰ ਬਾਦਲਾਂ ਖਿਲਾਫ਼ ਬੇਅਦਬੀ ਵਾਲੇ ਮਾਹੌਲ ਕਾਰਨ ਬਠਿੰਡਾ ਲੋਕਸਭਾ ਹਲਕੇ ’ਚ ਸਿੱਖ ਚਿਹਰਾ ਮੈਦਾਨ ’ਚ ਉਤਾਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੂੰ ਪਹਿਲਾਂ ਹੀ ਸਬੰਧਤ ਇਲਾਕੇ ਦੀਆਂ ਜ਼ਮੀਨੀ ਹਕੀਕਤਾਂ ਪਛਾਣ ਕੇ ਉਮੀਦਵਾਰ ਉਤਾਰਨੇ ਚਾਹੀਦੇ ਹਨ। ਬਾਅਦ ’ਚ ਉਮੀਦਵਾਰ ਦੇ ਹਾਰਨ ’ਤੇ ਹਲਕਾ ਆਗੂਆਂ ’ਤੇ ਨਜਲਾ ਨਾ ਸੁੱਟਿਆ ਜਾਵੇ। ਹੁਣ ਅਸੀਂ ਰਾਜਾ ਵੜਿੰਗ ਦੀ ਖੁੱਲ੍ਹਦਿਲ੍ਹੀਂ ਮੱਦਦ ਕਰਾਂਗੇ। 

ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਟਹਿਲ ਸਿੰਘ ਸੰਧੂ ਦਾ ਕਹਿਣਾ ਸੀ ਕਿ ਬਠਿੰਡਾ ਤੋਂ ਲੋਕਸਭਾ ਦੇ ਹੀ ਕਿਸੇ ਕਾਂਗਰਸ ਆਗੂ ਨੂੰ ਉਮੀਦਵਾਰ ਬਣਾਇਆ ਜਾਣਾ ਚਾਹੀਦਾ ਸੀ। ਇਸ ਫੈਸਲੇ ਨਾਲ ਸਾਡੀਆਂ ਕਦਰਾਂ-ਕੀਮਤਾਂ ਅਤੇ ਮਨਾਂ ਨੂੰ ਠੇਸ ਪੁੱਜੀ ਹੈ ਪਰ ਪਾਰਟੀ ਦੇ ਫੈਸਲੇ ਨੂੰ ਮੰਨਣਾ ਸਾਡਾ ਇਖ਼ਲਾਕੀ ਫਰਜ਼ ਵੀ ਹੈ। ਦਾਅਵੇਦਾਰਾਂ ਦੀ 25-30 ਸਾਲਾਂ ਦੀਆਂ ਮਿਹਨਤਾਂ ਦਾ ਮੁੱਲ ਪਾਰਟੀ ਨੂੰ ਪਾਉਣਾ ਚਾਹੀਦਾ ਸੀ। ਬਠਿੰਡਾ ਦੀ ਸਿਆਸੀ ਜੰਗ ਜਿੱਤਣਾ ਇਕੱਲੇ ਰਾਜਾ ਵੜਿੰਗ ਦੇ ਵੱਸ ਦੀ ਗੱਲ ਨਹੀਂ, ਸਭ ਦੀ ਇਕਸੁਰ ਮੱਦਦ ਦੀ ਲੋੜ ਹੋਵੇਗੀ।   -93178-26100 

No comments:

Post a Comment