16 April 2019

ਪਲਾਂ ’ਚ ਤੁਰ ਗਏ ਸੁਆਹ ਬਣ ਕੇ…

*  ਮਿਹਨਤ ਨਾਲ ਗੁਰਬਤ ’ਤੇ ਜਿੱਤ ਪਾਉਣ ਤੁਰੇ, ਕਿਸਮਤ ਹੱਥੋਂ ਹਾਰ ਗਏ ਚਾਰ ਯਾਰ
*   ਪਿੰਡ ਮਿੱਡਾ ਦਾ ਰੋਮ-ਰੋਮ ਕੁਦਰਤ ਤੋਂ ਅਣੋਹਣੀ ਦਾ ਗੁਨਾਹ ਪੁੱਛ ਰਿਹਾ

                                                               ਇਕਬਾਲ ਸਿੰਘ ਸ਼ਾਂਤ
ਮਿੱਡਾ: ਬੰਦਾ ਕਿੰਨੀ ਵੀ ਲਗਨ ਨਾਲ ਤਕਦੀਰ ਸੰਵਾਰਨਾ ਚਾਹੇ। ਪਰ ਕੁਦਰਤ ਤੇ ਕਿਸਮਤ ਦੀ ਕਿਤਾਬ ’ਚ ਕਰਮਾਂ ਵਾਲੀ ਇਬਾਰਤ ਆਪਣੀ ਲੇਖਣੀ ਤੋਂ ਉਸਨੂੰ ਇੱਕ ਕਦਮ ਅਗਾਂਹ ਨਹੀਂ ਪੁੱਟਣ ਦਿੰਦੀ। ਜੱਦੀ-ਪੁਸ਼ਤੀ ਗੁਰਬਤ ਨੂੰ ਹਰਾਉਣ ਲਈ ਮਿਹਨਤ ਦੀ ਰਾਹ ਪਏ ਮਿੱਡਾ ਪਿੰਡ ਦੇ ਚਾਰ ਹਮਉਮਰ ਦੋਸਤ ਕਿਸਮਤ ਹੱਥੋਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਮਾਪਿਆਂ ਦੇ ਹੱਥ
ਸੁਆਹ ਬਣ ਕੇ ਪੁੱਜੇ। ਬੀਤੇ ਕੱਲ੍ਹ ਫਾਜਿਲਕਾ ਨੇੜੇ ਗੰਗ ਕੈਨਾਲ ’ਚ ਕਾਰ ਡਿੱਗਣ ਚਾਰ ਦੇ ਫੌਤ ਹੋਏ ਚਾਰ ਨੌਜਵਾਨਾਂ ਦੀ ਮੌਤ ਨਾਲ ਮਿੱਡਾ ਪਿੰਡ ਦਾ ਰੋਮ-ਰੋਮ ਉਦਾਸ ਹੈ। ਬਦਕਿਸਮਤੀ ਨੇ ਉਸਤੋਂ ਚਾਰ ਮਿਹਨਤੀ ਪੁੱਤ ਖੋਹ ਲਏ, ਜਿਨ੍ਹਾਂ ਦੇ ਪੜ੍ਹਾਈ-ਲਿਖਾਈ ਤੋਂ ਊਨੇ ਹੱਥ ਆਪਣੇ ਪਰਿਵਾਰਾਂ ਨੂੰ ਸੁਵੱਲੀ ਰੋਟੀ ਦੇਣ ਲਈ ਮੱਧ ਪ੍ਰਦੇਸ਼ ਤੱਕ ‘ਖਾਕ’ ਛਾਣਦੇ ਖੁਦ ‘ਖਾਕ’ ਹੋ ਗਏ। ਮੱਧ ਪ੍ਰਦੇਸ਼ ਤੋਂ ਕੰਬਾਇਨ ਦੇ ਕੰਮ ਤੋਂ ਵਾਪਸੀ ’ਤੇ ਮਾਪਿਆਂ ਦੀ ਬੁੱਕਲ ਦੀ ਬੇਸਬਰੀ ਜ਼ਿੰਦਗੀ ਮੁਕਾ ਗਈ। ਬਚਪਨ ਤੋਂ ਅਖੀਰਲੇ ਦਮ ਤੱਕ ਇਕੱਠੇ ਰਹਿਣ ਵਾਲੇ ਚਾਰੇ ਗੁਰਪ੍ਰੀਤ ਸਿੰਘ, ਗੁਰਲਾਲ, ਜੱਸਾ ਸਿੰਘ ਅਤੇ ਪ੍ਰਤਾਪ ਦੀਆਂ ਅਸਥੀਆਂ ਚੁਗਣ ਮੌਕੇ ਵਾਰਸਾਂ ਦਾ ਮਾਤਮ ਕੁਦਰਤ ਤੋਂ ਇਸ ਅਣੋਹਣੀ ਦਾ ਗੁਨਾਹ ਪੁੱਛ ਰਿਹਾ ਸੀ। ਪਿੰਡ ਦੇ ਚਾਰ ਮਿਹਨਤੀ ਨੌਜਵਾਨ ਸਿਵਿਆਂ ਵਿਚੋਂ ਕੁੱਜਿਆਂ ’ਚ ਸੁਆਹ ਬਣ ਕੇ ਨਿੱਕਲੇ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰੰਘ ਬਾਦਲ ਤੋਂ ਲੈ ਕੇ ਮੌਜੂਦ ਹਰੇਕ ਇਨਸਾਨ ਦੀਆਂ ਅੱਖਾਂ ’ਚੋਂ ਹੰਝੂ ਉੱਤਰ ਪਏ। ਨਸ਼ਿਆਂ ਵਾਲੇ ਮਾਹੌਲ ’ਚ ਪਿੰਡ ਇਨ੍ਹਾਂ ਚਾਰੇ ਨੌਜਵਾਨਾਂ ਦੇ ਮਿਹਨਤੀ ਅਤੇ ਨਸ਼ਾ ਰਹਿਤ ਸੁਭਾਅ ਦੀ ਮਿਸਾਲ ਦਿੰਦੇ ਨਹੀਂ ਸਨ ਥੱਕਦੇ। 
ਕੁਦਰਤ ਨੇ ਢਿੱਡ ਭਰਨ ਲਈ ਦੋ-ਚਾਰ ਰੋਟੀਆਂ ਨੂੰ ਆਪਣੀ ਕਿਸਮਤ ਮੰਨਣ ਵਾਲੇ ਚਾਰ ਗਰੀਬ ਦਲਿਤ ਪਰਿਵਾਰਾਂ ਦੀ ਰੁੱਖੀ-ਸੁੱਕੀ ਰੋਟੀ ਵਾਲੇ ‘ਸੁੱਖ’ ਨੂੰ ਵੀ ਪਲਾਂ ’ਚ ਢਹਿ-ਢੇਰੀ ਕਰ ਦਿੱਤਾ। ਚਾਰੇ ਮ੍ਰਿਤਕ ਨੌਜਵਾਨ ਦੇ ਪਰਿਵਾਰਾਂ ਦੀ ਹਾਲਤ ਇੰਨੀ ਕੁ ਮੰਦੀ ਹੈ ਕਿ ਇਨ੍ਹਾਂ ਕੋਲ ਨਾ ਪੱਕੀ ਛੱਤ ਦਾ ਵਸੀਲਾ ਹੈ ਅਤੇ ਨਾ ਰੋਜ਼ੀ-ਰੋਟੀ ਦਾ ਪੱਕਾ ਜੁਗਾੜ। ਮ੍ਰਿਤਕ 19 ਸਾਲਾ ਜੱਸਾ ਸਿੰਘ ਦਾ ਪਿਤਾ ਗੁਰਮੇਲ ਸਿੰਘ ਮਾਨਸਿਕ ਤੌਰ ’ਤੇ ਬਿਮਾਰ ਹੈ। ਪਰਿਵਾਰ ਕਿੱਤਿਆਂ ’ਚ ਬਣੇ ਕੱਚੇ-ਪੱਕੇ ਮਕਾਨ ’ਚ ਜ਼ਿੰਦਗੀ ਬਸਰ ਕਰਦਾ ਹੈ ਜਿਸਨੂੰ ਕੋਈ ਲਾਂਘਾ ਜਾਂ ਗਲੀ ਵੀ ਨਹੀਂ ਲੱਗਦੀ। ਜੱਸਾ ਸਕੂਲੀ ਪੜ੍ਹਾਈ ਵਿਚਾਲੇ ਛੱਡ ਕੇ ਪਰਿਵਾਰ ਦਾ ਸਹਾਰਾ ਬਣਨ ਤੁਰਿਆ ਸੀ ਪਰ ਕਿਸਮਤ ਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। 20 ਸਾਲਾ ਗੁਰਲਾਲ ਸਿੰਘ ਦੇ ਪਰਿਵਾਰ ਕੋਲ
ਤਾਂ ਇਸ ਜਹਾਨ ’ਤੇ ਆਪਣੀ ਇੰਚ ਜ਼ਮੀਨ ਵੀ ਨਹੀਂ, ਉਹ ਸੜਕ ਮਹਿਕਮੇ ਦੀ ਜ਼ਮੀਨ ’ਤੇ ਕੱਚਾ ਕਮਰਾ ਪਾ ਕੇ ਸਿਰ ਢਕਣ ਕਰੀ ਬੈਠਾ ਹੈ। ਉਸਦਾ ਪਿਤਾ ਮੰਗਲ ਸਿੰਘ ਦਿਲ ਦੀ ਬਿਮਾਰੀ ਤੋਂ ਪੀੜਤ ਹੈ। ਉਸਨੂੰ ਪੁੱਤਰ ਗੁਰਲਾਲ ਆਖ ਕੇ ਗਿਆ ਸੀ ਕਿ ਬਾਪੂ ਐਤਕੀਂ ਸੀਜਨ ਕਮਾਈ ਕਰਕੇ ਤੇਰੇ ਦਿਲ ਦਾ ਚੈਕਅੱਪ ਕਰਵਾਉਂਗਾ ਪਰ ਬਾਪ ਦਾ ਇਲਾਜ ਤਾਂ ਕੀ ਖੁਦ ਹਮੇਸ਼ਾਂ ਲਈ ਜਾ ਕੇ ਬਾਪ ਦੇ ਹੱਡਾਂ ਨੂੰ ਇੱਕ ਹੋਰ ਨਵਾਂ ਰੋਗ ਦੇ ਗਿਆ। ਸਹਾਰੇ ਪੱਖੋਂ ਮਾਪਿਆਂ ਕੋਲ ਇੱਕ ਛੋਟਾ ਪੁੱਤਰ ਹੈ। 19 ਸਾਲਾ ਪ੍ਰਤਾਪ ਸਿੰਘ ਦੇ ਮਜ਼ਦੂਰ ਪਿਤਾ ਬਲਜਿੰਦਰ ਸਿੰਘ ਦਾ ਕਹਿਣਾ ਸੀ ਕਿ ਕੁਦਰਤ ਦੀ ਮਾਰ ਨੇ ਉਸਨੂੰ ਕਿਧਰੇ ਦਾ ਨਹੀਂ ਛੱਡਿਆ। ਹੁਣ ਪੁੱਤਰ ਮਿਹਨਤ ਕਰਕੇ ਬਰਾਬਰ ਹੱਥ ਵੰਡਾਉਣ ਲੱਗਿਆ ਤਾਂ ਚੰਗੇ ਦਿਨਾਂ ਦੀ ਆਸ ਬੁੱਝੀ ਸੀ। ਇਸ ਭਾਣੇ ਨੇ ਲੱਕ ਹੀ ਤੋੜ ਕੇ ਰੱਖ ਦਿੱਤਾ। ਅਗਾਮੀ 19 ਅਪਰੈਲ ਨੂੰ ਵਿਆਹ ਵਾਲੀ ਘੋੜੀ ਚੜ੍ਹਨ ਵਾਲਾ ਗੁਰਪ੍ਰੀਤ ਸਿੰਘ ਉਸ ਤੋਂ ਪਹਿਲਾਂ ਹੀ ਮੌਤ ਨਾਲ ਲਾਵਾਂ ਲੈ ਗਿਆ। ਕਿਸਮਤ ਦੇ ਮਾਰੇ ਚਾਰੇ ਪਰਿਵਾਰਾਂ ਨੂੰ ਸਰਕਾਰੀ ਮੱਦਦ ’ਚ ਚੋਣ ਜ਼ਾਬਤਾ ਦਿੱਕਤ ਬਣ ਰਿਹਾ ਹੈ। ਚੋਣ ਕਮਿਸ਼ਨ ਦੇ ਖੌਫ਼ ’ਚ ਹੁਣ ਕੋਈ ਸਿਆਸੀ ਧਿਰ ਮੱਦਦ ਨੂੰ ਮੂਹਰੇ ਨਹੀਂ ਆ ਰਹੀ। ਇਨ੍ਹਾਂ ਪਰਿਵਾਰਾਂ ਨੂੰ ਮੱਦਦ ਲਈ ਮਲੋਟ ਦੇ ਐਸ.ਡੀ.ਐਮ ਗੋਪਾਲ ਸਿੰਘ ਨੇ ਕਿਹਾ ਕਿ ਤਹਿਸੀਲਦਾਰ ਨੂੰ ਭੇਜ ਕੇ ਪਰਿਵਾਰਾਂ ਦੀ ਆਰਥਿਕ ਹਾਲਤ ਦੀ ਰਿਪੋਰਟ ਮੰਗਵਾਈ ਜਾਵੇਗੀ ਅਤੇ ਆਰਥਿਕ ਮੱਦਦ ਲਈ ਸਰਕਾਰ ਨੂੰ ਲਿਖਿਆ ਜਾਵੇਗਾ।


ਅਸਥੀਆਂ ਚੁਗਣ ਦੀ ਰਸਮ ’ਚ ਸ਼ਾਮਲ ਹੋਏ ਵੱਡੇ ਬਾਦਲ 
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਚਾਰੇ ਮ੍ਰਿਤਕ ਨੌਜਵਾਨਾਂ ਦੀਆਂ ਅਸਥੀਆਂ ਚੁਗਣ ਮੌਕੇ ਪਿੰਡ ਮਿੱਡਾ ਪੁੱਜੇ। ਉਨ੍ਹਾਂ ਸਸ਼ਮਾਨ ਘਾਟ ’ਚ ਮ੍ਰਿਤਕਾਂ ਦੇ ਮਾਪਿਆਂ ਨਾਲ ਦੁੱਖ ਦੁੱਖ ਸਾਂਝਾ ਕਰਦਿਆਂ ਇਸ ਨੂੰ ਕੁਦਰਤੀ ਭਾਣਾ 
ਦੱਸਿਆ। ਉਨ੍ਹਾਂ ਕਰੀਬ ਵੀਹ ਮਿੰਟ ਤੱਕ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਬਾਰੇ ਪੁੱਛਿਆ। ਸ੍ਰੀ ਬਾਦਲ ਨੇ ਆਖਿਆ ਕਿ ਭਰ ਜਵਾਨੀ ’ਚ ਚਾਰ-ਚਾਰ ਨੌਜਵਾਨ ਬੱਚਿਆਂ ਦੀ ਬੇਵਕਤੀ ਜਾਣਾ ਅਸਿਹ ਅਤੇ ਅਕਹਿ ਸਦਮਾ ਹੈ। ਕੁਦਰਤ ਦਾ ਭਾਣਾ ਮੰਨਣਾ ਮਨੁੱਖ ਦੀ ਮਜ਼ਬੂਰੀ ਹੈ। ਇਸ ਮੌਕੇ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਅਤੇ ਓ.ਐਸ.ਡੀ. ਗੁਰਚਰਨ ਸਿੰਘ ਵੀ ਮੌਜੂਦ ਸਨ। 

No comments:

Post a Comment