03 May 2011

ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ 'ਚ ਪਿੰਡ ਬਾਦਲ ਰਿਹਾਇਸ਼ 'ਤੇ ਕੌਮੀ ਅਕਾਲੀ ਆਗੂ ਅਤੇ ਅਕਾਲੀ ਵਰਕਰ ਭਿੜਿਆ

 -ਸਮਰਥਕਾਂ ਵੱਲੋਂ ਗਲਾਮਾਂ ਫੜਣ 'ਤੇ ਚਾਹ ਦਾ ਕੱਪ ਅਕਾਲੀ ਆਗੂ ਦੇ ਮੂੰਹ 'ਤੇ ਮਾਰਿਆ-
                                                       -ਇਕਬਾਲ ਸਿੰਘ ਸ਼ਾਂਤ-
2 ਮਈ
 ਨੂੰ ਪਿੰਡ ਬਾਦਲ ਵਿਖੇ ਉੱਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਉਨ੍ਹਾਂ ਦੀ ਰਿਹਾਇਸ਼ 'ਤੇ ਅਮਨ ਕਾਨੂੰਨ ਦੀ ਸਥਿਤੀ ਉਸ ਸਮੇਂ ਵਿਗੜ ਗਈ ਜਦੋਂ ਇੱਕ ਜ਼ਮੀਨੀ ਵਿਵਾਦ ਦੇ ਵਿਵਾਦਤ ਮਾਮਲੇ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਕੌਮੀ ਪੱਧਰ ਦੇ ਇੱਕ ਆਗੂ ਅਤੇ ਇੱਕ ਕਿਸਾਨ ਵਿਚਕਾਰ ਸਿੱਧਾ ਟਕਰਾਅ ਹੋ ਗਿਆ, ਜੋ ਕਿ ਪਲਾਂ ਵਿਚ ਹੱਥੋਂ-ਪਾਈ ਤੱਕ ਪੁੱਜ ਗਿਆ।
        
       ਇਸ ਦੌਰਾਨ ਉੱਪ ਮੁੱਖ ਮੰਤਰੀ ਦੀ 'ਮਹਿਲਨੁਮਾ' ਰਿਹਾਇਸ਼ ਦੀ ਕੰਟੀਨ ਵਿਚ ਜਿੱਥੇ ਅਕਾਲੀ ਆਗੂ ਦੇ ਸਮਰਥਕਾਂ ਨੇ ਅਕਾਲੀ ਵਰਕਰ ਕੁੜਤੇ ਨੂੰ ਹੱਥ ਪਾ ਲਿਆ। ਜਿਸ 'ਤੇ ਅਕਾਲੀ ਵਰਕਰ ਨੇ ਤੈਸ਼ ਵਿਚ ਆ ਕੇ ਗਰਮਾ-ਗਰਮ ਚਾਹ ਦਾ ਕੱਪ ਹੀ ਉਕਤ ਆਗੂ ਦੇ ਮੂੰਹ 'ਤੇ ਦੇ ਮਾਰਿਆ। 
 ਦੋਸ਼ ਹੈ ਕਿ ਉਪਰੰਤ ਪਿੰਡ ਮਿੱਡੂਖੇੜਾ ਵਿਖੇ ਉਕਤ ਅਕਾਲੀ ਵਰਕਰ ਦੀ ਕਾਰ ਵਿਚ ਟੱਕਰ ਮਾਰ ਕੇ ਸੰਗੀਨਾਂ ਦੇ ਜ਼ੋਰ 'ਤੇ ਉਸਦੀ ਕਾਫ਼ੀ ਖਿੱਚ ਧੂਹ ਵੀ ਕੀਤੀ ਗਈ। ਜਿਸਨੂੰ ਮੌਕੇ 'ਤੇ ਪਹੁੰਚ ਕੇ ਪਿੰਡ ਵਾਲਿਆਂ ਨੇ ਉਸਨੂੰ ਬਚਾਇਆ।
           

          ਇਹ ਘਟਨਾ ਬਾਅਦ ਦੁਪਿਹਰ ਲਗਭਗ 2:15 ਵਜੇ ਉਸ ਵੇਲੇ ਵਾਪਰੀ ਜਦੋਂ ਪਿੰਡ ਮਿੱਡੂਖੇੜਾ ਦਾ ਜਗਰੂਪ ਸਿੰਘ ਪੁੱਤਰ ਕਰਨੈਲ ਸਿੰਘ ਆਪਣੀ ਜ਼ਮੀਨ ਵਿਚੋਂ ਉਸਦੇ ਸਰੀਕਾਂ ਵੱਲੋਂ ਕਥਿਤ ਤੌਰ ਉਤੇ ਕੌਮੀ ਪੱਧਰ ਦੇ ਅਕਾਲੀ ਆਗੂ ਦੀ ਕਥਿਤ ਸ਼ਹਿ 'ਤੇ ਗੰਨਮੈਨਾਂ ਦੀ ਹਮਾਇਤ ਸਕਦਾ ਜ਼ਬਰਦਸਤੀ ਕੰਬਾਈਨ ਨਾਲ ਕਣਕ ਕਟਵਾਉਣ ਦੇ ਦੋਸ਼ ਲਾਉਂਦਾ ਹੋਇਆ ਇਨਸਾਫ਼ ਦੀ ਗੁਹਾਰ ਲੈ ਕੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੇ ਦਰਬਾਰ ਵਿਚ ਗਿਆ ਸੀ। ਜਗਰੂਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਸ: ਬਾਦਲ ਕੋਲ ਆਪਣਾ ਦੁਖੜਾ ਸੁਣਾ ਰਿਹਾ ਸੀ ਤੇ ਉਸਨੇ ਕੋਲ ਹੀ ਖੜ੍ਹੇ ਇੱਕ ਕੌਮੀ ਪੱਧਰ ਦੇ ਅਕਾਲੀ ਆਗੂ 'ਤੇ ਕਣਕ ਵੱਢਣ ਦੇ ਦੋਸ਼ ਲਾਉਂਦਿਆਂ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਤਾਂ ਉੱਪਰੋਂ ਉਕਤ ਆਗੂ ਨੇ ਕਥਿਤ ਤੌਰ 'ਤੇ ਉਸਨੂੰ ਉਪ ਮੁੱਖ ਮੰਤਰੀ ਸਾਹਮਣੇ ਹੀ 'ਵੇਖ ਲੈਣ' ਦੀ ਧਮਕੀ ਦਿੱਤੀ। ਇਸੇ ਦੌਰਾਨ ਉਪ ਮੁੱਖ ਮੰਤਰੀ ਨੇ ਖੇਤਰ ਵਿਚ ਸੱਤਾ ਪੱਖ ਦੇ ਝੰਡਾਬਰਦਾਰ ਵਿਚਰਦੇ ਇੱਕ ਖਾਕੀ ਅਧਿਕਾਰੀ ਨੂੰ ਮਾਮਲੇ ਦੀ ਸੱਚਾਈ ਕੱਢ ਕੇ ਵਿਸਥਾਰਤ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। 
        
         ਜਗਰੂਪ ਸਿੰਘ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਜੇਕਰ ਉਸ ਦੀ ਗੱਲ ਸੱਚਾਈ 'ਚ ਹੋਣ ਦੀ ਸੂਰਤ ਵਿਚ ਉਸਦੀ ਕਣਕ ਦਾ ਇੱਕ-ਇੱਕ ਦਾਣਾ ਦਿਵਾਉਣ ਦਾ ਭਰੋਸਾ ਦਿਵਾਇਆ। ਜਦੋਂ ਉਹ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਗੁਹਾਰ ਲਾਉਣ ਉਪਰੰਤ ਉਪ ਮੁੱਖ ਮੰਤਰੀ ਦੀ ਰਿਹਾਇਸ਼ ਦੀ ਕੰਟੀਨ ਵਿਚ ਕੱਪ ਵਿਚ ਚਾਹ ਪੀ ਰਿਹਾ ਸੀ ਤਾਂ ਅੰਦਰੋਂ ਅਕਾਲੀ ਆਗੂ ਆਪਣੇ ਸਮਰਥਕਾਂ ਨਾਲ ਉਥੇ ਆ ਗਿਆ ਅਤੇ ਉਸਦੇ ਨਾਲ ਖਹਿਬੜਣ ਲੱਗੇ। ਜਗਰੂਪ ਸਿੰਘ ਨੇ ਦੱਸਿਆ ਕਿ ਉਸੇ ਦੇ ਪਿੰਡ ਦੇ ਆਗੂ ਦੇ ਸਮਰਥਕਾਂ ਨੇ ਵੇਖਦੇ ਹੀ ਵੇਖਦੇ ਉਸਦੇ ਗਲਾਮੇ ਵਿਚ ਵਿੱਚ ਹੱਥ ਪਾ ਲਿਆ। ਜਿਸ 'ਤੇ ਉਸ ਦੇ ਹੱਥ 'ਚ ਫੜਿਆ ਗਰਮ-ਗਰਮ ਚਾਹ ਦਾ ਕੱਪ ਛਲਕ ਕੇ ਅਕਾਲੀ ਆਗੂ ਦੇ ਮੂੰਹ 'ਤੇ ਪੈ ਗਿਆ। ਜਗਰੂਪ ਸਿੰਘ ਨੇ ਆਖਿਆ ਕਿ ਉਥੇ ਮਾਹੌਲ ਵਿਗੜਦਾ ਵੇਖ ਉਹ ਉਥੋਂ ਆਪਣੇ ਪਿੰਡ ਮਿੱਡੂਖੇੜਾ ਨੂੰ ਵਾਪਸ ਦੌੜ ਆਇਆ।
        

        ਮਿੱਡੂਖੇੜਾ ਦੇ ਸਾਬਕਾ ਸਰਪੰਚ ਅਤੇ ਬਜ਼ੁਰਗ ਅਕਾਲੀ ਆਗੂ ਸ: ਗੁਰਦਿਆਲ ਸਿੰਘ ਕੁਲਾਰ ਦੀ ਹਾਜ਼ਰੀ ਵਿਚ ਜਗਰੂਪ ਸਿੰਘ ਨੇ ਦੋਸ਼ ਲਾਇਆ ਕਿ ਉਕਤ ਅਕਾਲੀ ਆਗੂ ਅਤੇ ਉਸਦੇ ਗੰਨਮੈਨਾਂ ਨੇ ਕਥਿਤ ਤੌਰ 'ਤੇ ਪਿੰਡ ਮਿੱਡੂਖੇੜਾ ਦੀ ਇੱਕ ਗਲੀ ਵਿਚ ਉਸਦੀ ਮਾਰੂਤੀ ਕਾਰ ਵਿਚ ਇਨੋਵਾ ਗੱਡੀ ਦੀ ਟੱਕਰ ਮਾਰ ਕੇ ਘੇਰ ਲਿਆ ਅਤੇ ਉਸਦੀ ਕਾਫ਼ੀ ਮਾਰ-ਕੁੱਟ ਕੀਤੀ ਅਤੇ ਉਸਦੀ ਕਾਰ ਦਾ ਸ਼ੀਸ਼ਾ ਭੰਨ ਦਿੱਤਾ। ਜਗਰੂਪ ਸਿੰਘ ਨੇ ਦੱਸਿਆ ਕਿ ਗਿਣਤੀ ਵਿਚ ਤਿੰਨ-ਚਾਰ ਗੰਨਮੈਨਾਂ ਨੇ ਉਸ 'ਤੇ ਅਸਾਲਟ ਤਾਣ ਲਈ ਅਤੇ ਉਸਨੂੰ ਮਾਰਨ ਦਾ ਰੌਹਬ ਵੀ ਵਿਖਾਇਆ। ਪਿੰਡ ਦੇ ਇੱਕ ਵਿਅਕਤੀ ਤੇਜਾ ਰਾਮ ਪੁੱਤਰ ਮੰਗਤ ਰਾਮ ਨੇ ਮੌਕੇ 'ਤੇ ਪਹੁੰਚ ਕੇ ਛੁੜਵਾਇਆ।
         ਜਗਰੂਪ ਸਿੰਘ ਨੇ ਉਕਤ ਵਿਵਾਦ ਬਾਰੇ ਦੱਸਦਿਆਂ ਕਿਹਾ ਕਿ ਉਹ ਪਿੰਡ ਮਹਿਣਾ ਵਿਖੇ ਸਥਿਤ ਜੱਦੀ ਜ਼ਮੀਨ ਵਿਚੋਂ ਉਸਨੂੰ ਏਕੜ ਹਿੱਸਾ ਮਿਲਿਆ ਹੋਇਆ ਹੈ ਤੇ ਸੰਨ 1996 ਵਿਚ ਵੰਡ ਤੋਂ ਬਾਅਦ ਲਗਾਤਾਰ ਕਾਸ਼ਤ ਕਰ ਰਿਹਾ ਹੈ ਤੇ ਗਿਰਦਾਵਰੀ ਦੀ ਉਸਦੇ ਨਾਂਅ ਹੈ ਤੇ ਉਸਨੇ ਉਕਤ ਜ਼ਮੀਨ 'ਤੇ ਤਿੰਨ ਲੋਨ ਵੀ ਲਏ ਹਨ। ਜਗਰੂਪ ਵਿਚ ਮੁਤਾਬਕ ਉਸ ਕੋਲ ਅਦਾਲਤੀ ਸਟੇਅ ਵੀ ਹੈ, ਪਰ ਹੁਣ ਉਕਤ ਜ਼ਮੀਨ 'ਤੇ ਉਸ ਵੱਲੋਂ ਬੀਜੀ ਕਣਕ ਨੂੰ ਧੱਕੇ ਨਾਲ ਜ਼ਬਰਦਸਤੀ ਪਿੰਡ ਦੇ ਇੱਕ ਕੌਮੀ ਪੱਧਰ ਦੇ ਅਕਾਲੀ ਆਗੂ ਨੇ ਕਥਿਤ ਤੌਰ 'ਤੇ ਕੰਬਾਇਨ ਅਤੇ ਆਪਣੇ ਗੰਨਮੈਨਾਂ ਉਸਦੇ ਸਰੀਕਾਂ ਨਾਲ ਭੇਜ ਕੇ ਕਣਕ ਕਟਵਾ ਲਈ। ਉਸਨੇ ਮੰਗ ਕੀਤੀ ਕਿ ਉਸਦੀ ਜ਼ਮੀਨ ਵਿਚੋਂ ਕਟਵਾਈ ਕਣਕ ਦੀ ਫਸਲ ਵਾਪਸ ਦਿਵਾਈ ਜਾਵੇ ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
        ਇਸੇ ਦੌਰਾਨ ਪੱਖ ਜਾਨਣ ਲਈ ਸੰਪਰਕ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਉਕਤ ਵਿਅਕਤੀ ਦੇ ਸਮੁੱਚੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਜਗਰੂਪ ਸਿੰਘ ਦੇ ਭਰਾਵਾਂ ਦਾ ਘਰੇਲੂ ਵਿਵਾਦ ਹੈ। ਜਿਸ ਵਿਚ ਮੈਨੂੰ ਬੇਵਜ੍ਹਾ ਘਸੀਟਿਆ ਜਾ ਰਿਹਾ ਹੈ।
        ਸੂਬੇ ਦੀ ਹਾਕਮਾਂ ਦੀ ਰਿਹਾਇਸ਼ 'ਤੇ ਵਾਪਰੀ ਇਸ ਘਟਨਾ ਦੀ ਖੇਤਰ ਦੀਆਂ ਅਕਾਲੀ ਸਫ਼ਾ ਸਮੇਤ ਹਰ ਵਰਗ ਵਿਚ ਖੂਬ ਚਰਚਾ ਹੈ। ਉਥੇ ਅਕਾਲੀ ਦਲ ਦੇ ਇੱਕ ਵਿਸ਼ੇਸ਼ ਧੜੇ ਦੇ ਵਿਅਕਤੀਆਂ ਨੇ ਉਕਤ ਮਾਮਲੇ ਨੂੰ ਪੱਤਰਕਾਰਾਂ ਵਿਚ ਫੋਨ ਕਰ-ਕਰਕੇ ਖੂਬ ਪ੍ਰਚਾਰਤ ਕੀਤਾ। ਪਰ ਇਸ ਸਭ ਵਿੱਚ ਭੁੱਲ ਬੈਠੇ ਕਿ ਉਹ ਆਪਣੇ ਵਿਰੋਧੀ ਧੜੇ ਦੇ ਇੱਕ ਆਗੂ ਨਾਲ ਕਿੜ ਕੱਢਣ ਦੇ ਫਿਰਾਕ ਵਿਚ ਆਪਣੀ ਹਾਈਕਮਾਂਡ ਦੀ ਹੇਠੀ ਕਰਵਾ ਰਹੇ ਹਨ। ਜੋ ਕਿ ਪਹਿਲਾਂ ਹੀ ਆਪਣੇ ਸਰੀਕਾਂ ਦੇ ਦਿੱਤੇ ਤਾਜ਼ਾ ਜਖ਼ਮਾਂ 'ਤੇ ਮਲ੍ਹਮ ਲਾਉਂਦੇ ਫਿਰਦੇ ਹਨ

No comments:

Post a Comment