16 May 2011

ਪਟਵਾਰਖਾਨੇ 'ਚ ਚੱਲ ਰਿਹੈ ਸ਼ਰਾਬ ਦਾ ਠੇਕਾ

                 -ਕਿਰਾਏ ਵਜੋਂ ਗੁਰਦੁਆਰੇ ਨੂੰ ਦਾਨ ਦੇਣਾ ਹੋਇਆ ਤੈਅ-
                                                     -ਇਕਬਾਲ ਸਿੰਘ ਸ਼ਾਂਤ-
              ਪਿਛਲੇ ਦਿਨ੍ਹਾਂ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਲਬਰਾਹ 'ਚ ਨਿੱਜੀ ਥਾਂ 'ਤੇ ਸ਼ਰਾਬ ਦਾ ਠੇਕੇ ਖੋਲ੍ਹਣ ਦੇ ਵਿਰੋਧ ਕਰਕੇ ਆਮ ਜਨਤਾ ਅਤੇ ਪੁਲਿਸ-ਪ੍ਰਸ਼ਾਸਨ ਵਿਚਕਾਰ ਤਣਾਅ ਬਾਅਦ ਪੂਰਾ ਪੰਜਾਬ ਭਖਿਆ ਹੋਇਆ ਹੈ, ਪਰ ਮੁੱਖ ਮੰਤਰੀ ਦੇ ਜੱਦੀ ਹਲਕੇ 'ਚ ਸੱਤਾ ਪੱਖ ਦੇ ਝੰਡਾਬਰਦਾਰ ਅਖਵਾਉਂਦੇ ਸ਼ਰਾਬ ਠੇਕੇਦਾਰਾਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਸਰਕਾਰੀ ਵਿਭਾਗਾਂ ਦੀਆਂ ਖਾਲੀ ਪਈਆਂ ਇਮਾਰਤਾਂ 'ਚ ਸ਼ਰਾਬ ਦੇ ਠੇਕੇ ਖੋਲ੍ਹਣ ਤੋਂ ਗੁਰੇਜ਼ ਨਹੀਂ ਕਰਦੇ। ਹਲਕੇ ਦੇ ਛੇਕੜਲੇ ਪਿੰਡ ਕਿੱਲਿਆਂਵਾਲੀ ਵਿਖੇ ਸ਼ਰਾਬ ਦੇ ਠੇਕੇਦਾਰ ਵੱਲੋਂ ਕੇਂਦਰੀ ਪਟਵਾਰਖਾਨੇ ਕਿੱਲਿਆਂਵਾਲੀ ਦੀ ਖਾਲੀ ਪਈ ਇਮਾਰਤ 'ਚ ਧੜੱਲੇ ਨਾਲ ਸ਼ਰਾਬ ਦਾ ਠੇਕਾ ਚੱਲ ਰਿਹਾ ਹੈ।
ਪਿੰਡ ਕਿੱਲਿਆਂਵਾਲੀ ਦੇ ਕੇਂਦਰੀ ਪਟਵਾਰਖਾਨੇ ਦੇ ਬਾਹਰੀ ਦ੍ਰਿਸ਼।























                 ਦੱਸਣਯੋਗ ਕਿ ਪਿੰਡ ਕਿੱਲਿਆਂਵਾਲੀ ਵਿਖੇ ਗੁਰਦੁਆਰੇ ਦੇ ਨਜ਼ਦੀਕ ਇੱਕੋ ਚਾਰਦੀਵਾਰੀ ਵਾਲੇ ਰਕਬੇ ਵਿਚ ਆਂਗਣਵਾੜੀ ਕੇਂਦਰ, ਸਰਕਾਰੀ ਡਿਸਪੈਂਸਰੀ ਅਤੇ ਕੇਂਦਰੀ ਪਟਵਾਰਖਾਨਾ ਬਣਿਆ ਹੋਇਆ ਹੈ। ਕੇਂਦਰੀ ਪਟਵਾਰਖਾਨੇ ਦੀ ਇਮਾਰਤ ਨਿਰਮਾਣ ਦੇ ਬਾਅਦ ਤੋਂ ਹੀ ਲਗਭਗ ਬੇਆਬਾਦ ਹੀ ਰਹੀ ਹੈ ਤੇ ਉਸਨੂੰ ਸ਼ਾਇਦ ਕਦੇ ਪਟਵਾਰੀਆਂ ਦੇ ਚਰਨ ਪੈਣੇ ਨਸੀਬ ਨਹੀਂ ਹੋਏ ਪਰ ਹੁਣ ਸ਼ਰਾਬ ਦੇ ਠੇਕੇ ਵਾਲਿਆਂ ਦੀ ਨਿਗਾਹ ਚੜ੍ਹੇ ਪਟਵਾਰਖਾਨੇ ਦੇ ਮੁਹਰੇ ਨਿੱਤ ਸ਼ਰਾਬੀਆਂ ਦੀ ਮਹਿਫ਼ਿਲ ਲੱਗਦੀ ਹੈ ਅਤੇ ਫਰਦਾਂ ਤੇ ਇੰਤਕਾਲਾਂ ਦੀ ਥਾਂ ਕਦੇ ਦੇਸੀ ਦੇ ਅੱਧੀਏ-ਪਊਏ ਅਤੇ ਕਦੇ ਅੰਗਰੇਜ਼ੀ ਦੀਆਂ ਬੋਤਲਾਂ ਮਿਲਦੀਆਂ ਹਨ। ਭਾਵੇਂਕਿ ਪਟਵਾਰਖਾਨੇ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ ਅਤੇ ਇੱਕ-ਦੋ ਬੇਮਕਾਨੇ ਦਲਿਤ ਪਰਿਵਾਰ ਆਪਣੇ ਵੇਲਾ ਲੰਘਾ ਰਹੇ ਹਨ। ਪਟਵਾਰਖਾਨੇ ਦੀ ਇਮਾਰਤ ਦੇ ਮੁਹਰਲੇ ਕਮਰੇ ਵਿਚ ਚੱਲੇ ਰਹੇ ਦੇਸੀ ਸ਼ਰਾਬ ਠੇਕੇ ਤੋਂ ਮਹਿਜ਼ 30-40 ਮੀਟਰ ਦੀ ਦੂਰੀ 'ਤੇ ਇੱਕ ਆਂਗਣਵਾੜੀ ਕੇਂਦਰ ਚੱਲ ਰਿਹਾ ਹੈ ਤੇ ਲਗਭਗ ਇੰਨੀ ਕੁ ਦੂਰੀ 'ਤੇ ਸਰਕਾਰੀ ਸਿਹਤ ਕੇਂਦਰ ਸਥਿਤ ਹੈ। ਜਿੱਥੇ ਨਿੱਤ ਦਰਜਨਾਂ ਬੱਚੇ ਪੜ੍ਹਣ ਅਤੇ ਮਰੀਜ ਇਨਾਜ ਖਾਤਰ ਆਉਂਦੇ ਹਨ।
                   ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਗ੍ਰਾਮ ਪੰਚਾਇਤ ਆਪਣੀ ਜ਼ਮੀਨ ਜਾਂ ਇਮਾਰਤ ਵਿਚ ਲੋਕਾਂ ਦੀ ਸਹਿਮਤੀ ਨਾਲ ਸ਼ਰਾਬ ਦੇ ਠੇਕੇ ਨੂੰ ਕਿਰਾਏ ਉਤੇ ਦੇ ਸਕਦੀ ਹੈ। ਜਦਕਿ ਕਿਸੇ ਸਰਕਾਰੀ ਵਿਭਾਗ ਦੀ ਇਮਾਰਤ 'ਚ ਸ਼ਰਾਬ ਦਾ ਠੇਕਾ ਕਾਨੂੰਨੀ ਪੱਖੋਂ ਤੋਂ ਪੂਰੀ ਤਰ੍ਹਾਂ ਗੈਰਵਾਜ਼ਬ ਹੈ। ਹਮੇਸ਼ਾਂ ਪੰਜੇ ਉੱਂਗਲਾਂ ਘਿਉ ਵਿਚ ਅਤੇ ਸਿਰ ਕੜ੍ਹਾਈ 'ਚ ਰੱਖਣ ਵਾਲੇ ਖੇਤਰ ਦੇ ਮਾਲ ਵਿਭਾਗ ਦੇ ਅਧਿਕਾਰੀ ਵੀ ਕੇਂਦਰੀ ਪਟਵਾਰਖਾਨੇ 'ਚ ਸ਼ਰਾਬ ਦਾ ਠੇਕਾ ਚੱਲਣ ਤੋਂ ਅਨਜਾਣ ਬਣੇ ਹੋਏ ਹਨ। ਜਦਕਿ ਪੂਰੇ ਮਾਮਲੇ ਵਿਚ ਆਬਕਾਰੀ ਅਤੇ ਕਰ ਵਿਭਾਗ ਮੁਕਤਸਰ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਵੀ ਸਾਫ਼ ਤੌਰ 'ਤੇ ਵਿਖਾਈ ਦਿੰਦੀ ਹੈ। ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਠੇਕਾ ਖੋਲ੍ਹਣ ਸਮੇਂ ਠੇਕੇਦਾਰ ਤੋਂ ਠੇਕੇ ਦੀ ਜਗ੍ਹਾ ਸਬੰਧੀ ਇੱਕ ਨਕਸ਼ਾ ਲਿਆ ਜਾਂਦਾ ਹੈ। ਜੇਕਰ ਇਸ ਠੇਕੇ ਦੇ ਸੰਚਾਲਕਾਂ ਵੱਲੋਂ ਪਟਵਾਰਖਾਨੇ ਦਾ ਨਕਸ਼ਾ ਦਾਖਲ ਕਰਵਾਇਆ ਗਿਆ ਹੈ ਤਾਂ ਉਸਨੂੰ ਪੋਸ ਕਿਵੇਂ ਕੀਤਾ ਗਿਆ। ਜੇਕਰ ਵਿਭਾਗ ਨੂੰ ਨਕਸ਼ਾ ਕਿਸੇ ਹੋਰ ਜਗ੍ਹਾ ਦਾ ਦਿੱਤਾ ਹੈ ਤਾਂ ਇੱਥੇ ਠੇਕਾ ਕਿਹੜੇ ਨਿਯਮਾਂ ਤਹਿਤ ਚੱਲ ਰਿਹਾ ਹੈ। ਇਹ ਠੇਕਾ ਮੁਕਤਸਰ ਉਪਮੰਡਲ ਦੇ ਪਿੰਡ ਭੂੰਦੜ ਦੇ ਜਥੇਦਾਰ ਚਰਨਜੀਤ ਸਿੰਘ ਦੇ ਨਾਂ ਦੱਸਿਆ ਜਾਂਦਾ ਹੈ।
ਕਿੱਲਿਆਂਵਾਲੀ ਦੇ ਕੇਂਦਰੀ ਪਟਵਾਰਖਾਨੇ 'ਚ ਚੱਲਦੇ ਸ਼ਰਾਬ ਦੇ ਠੇਕੇ ਦਾ ਅੰਦਰੂਨੀ ਦ੍ਰਿਸ਼।

               ਪਟਵਾਰਖਾਨੇ 'ਚ ਠੇਕਾ ਖੁੱਲ੍ਹਣ ਦੀ ਕਹਾਣੀ ਵੀ ਅਜੀਬ ਹੈ। ਜਿਸਦੀ ਹੋਂਦ ਵਿਚ ਧਰਮ ਦੇ ਠੇਕੇਦਾਰਾਂ ਦਾ ਖੂਬ ਹੱਥ ਦੱਸਿਆ ਜਾਂਦਾ ਹੈ। ਜਿਸਦੀ ਪੁਸ਼ਟੀ ਮੋਬਾਇਲ ਰਾਹੀਂ ਸੰਪਰਕ ਕਰਨ 'ਤੇ ਖੁਦ ਨੂੰ ਸਬੰਧਤ ਜਥੇਦਾਰ ਠੇਕੇਦਾਰ ਦਾ ਭਰਾ ਦੱਸਦੇ ਦੀਪਕ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਪਿੰਡ 'ਚ ਠੇਕੇ ਲਈ ਥਾਂ ਨਾ ਮਿਲਣ 'ਤੇ ਉਹ ਪਿੰਡ ਦੇ ਗੁਰਦੁਆਰੇ ਗਏ ਜਿੱਥੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਨੇੜੇ ਹੀ ਵਿਹਲੇ ਪਟਵਾਰਖਾਨੇ 'ਚ ਠੇਕਾ ਖੋਲ੍ਹਣ ਦੀ ਗੱਲ ਕਰਦਿਆਂ ਦਿੰਦਿਆਂ ਕਿਰਾਏ ਵਜੋਂ ਬਣਦੀ ਰਕਮ ਗੁਰਦੁਆਰੇ ਨੂੰ ਦਾਨ ਵਜੋਂ ਦੇਣ ਦੀ ਸਲਾਹ ਦਿੱਤੀ। ਜਿਸਦੇ ਉਪਰੰਤ ਉਨ੍ਹਾਂ ਨੇ ਪਟਵਾਰਖਾਨੇ 'ਚ ਠੇਕਾ ਖੋਲ੍ਹ ਲਿਆ। ਉਨ੍ਹਾਂ ਮੰਨਿਆ ਕਿ ਇਸ ਸਰਕਾਰੇ-ਦਰਬਾਰੇ ਜਾਂ ਪੰਚਾਇਤ ਨਾਲ ਕੋਈ ਲਿਖਾ ਪੜ੍ਹੀ ਨਹੀਂ ਹੋਈ ਅਤੇ ਸਭ ਕੁਝ ਭਾਈਚਾਰੇ ਨਾਲ ਹੀ ਹੋਇਆ।
             ਦੂਜੇ ਪਾਸੇ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀ ਵੀ ਪੱਖ ਪੁੱਛਣ 'ਤੇ ਮਾਮਲੇ ਬਾਰੇ ਪਹਿਲਾਂ ਟਾਲ-ਮਟੋਲ ਵੱਟਦੇ ਰਹੇ ਤੇ ਫਿਰ ਮੁਕਤਸਰ ਦਫ਼ਤਰ ਆ ਕੇ ਗੱਲ ਕਰਦੇ ਇੰਨਾ ਕਹਿ ਕੇ ਖਹਿੜਾ ਛੂਡਵਾ ਜੇਕਰ ਕਿਧਰੇ ਗਲਤੀ ਹੋਈ ਹੈ ਤਾਂ ਜਾਂਚ ਕਰਵਾ ਲਵਾਂਗੇ।

No comments:

Post a Comment