14 May 2011

-ਕੀ ਫੈਸਲਾ ਅਕਾਲੀਆਂ ਦਾ, ਐਲਾਨ ਦਿੱਲੀ ਦਾ!-

ਜਗੀਰਦਾਰ ਸਿਆਸਤਦਾਨਾਂ ਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ 'ਚ ਕੀ ਨਵਾਂ ਜ਼ਿਲ੍ਹਾ ਪ੍ਰਧਾਨ ਕਾਂਗਰਸੀ ਦੀ ਬੇੜੀ ਲਾ ਸਕੇਗਾ ਵੰਨੇ ?  
                                                          -ਇਕਬਾਲ ਸਿੰਘ ਸ਼ਾਂਤ-
ਨਵੀਂ ਦਿੱਲੀ ਸਥਿਤ ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੀਂ ਅਹੁਦੇਦਾਰਾਂ ਦੀ ਸੂਚੀ ਵਿਚ ਸਿੱਖ ਪ੍ਰਭਾਵ ਅਤੇ ਜਗੀਰਦਾਰ ਸਿਆਸਤਦਾਨਾਂ ਦਾ ਗੜ੍ਹ ਮੰਨੇ ਜਾਂਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿਚ ਇੱਕ ਵਪਾਰੀ ਤੇ ਸਾਊ ਕਿਸਮ ਦੇ ਆਗੂ ਸ੍ਰੀ ਗੁਰਦਾਸ ਗਿਰਧਰ ਨੂੰ ਜ਼ਿਲ੍ਹਾ ਪ੍ਰਧਾਨ ਥਾਪ ਕੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਵਿਚ ਅਕਾਲੀ ਦਲ ਲਈ ਅਗਾਮੀ ਵਿਧਾਨਸਭਾ ਚੋਣਾਂ ਦਾ ਅਸਿੱਧੇ ਰੂਪ ਵਿਚ ਰਾਹ ਸੁਖਾਲਾ ਕਰ ਦਿੱਤਾ ਹੈ।
              ਹਮੇਸ਼ਾਂ ਤੋਂ ਵੱਡੇ-ਵੱਡੇ ਜਗੀਰਦਾਰ ਜੱਟ ਸਿੱਖ ਆਗੂਆਂ ਦੀ ਸਿਆਸਤ ਦੇ ਪ੍ਰਭਾਵ ਹੇਠ ਰਹੇ ਇਸ ਜ਼ਿਲ੍ਹੇ ਵਿਚ ਜਿੱਥੇ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਸ਼ਹਿਰੀ ਇਲਾਕੇ ਹੋਣ ਦੇ ਬਾਵਜੂਦ ਸਿੱਖ ਵਸੋਂ ਅਤੇ ਸਿੱਖੀ 'ਤੇ ਆਧਾਰਤ ਸਿਆਸਤ ਦਾ ਦਬਦਬਾ ਰਿਹਾ ਹੈ। ਜਿਸ ਵਿੱਚ ਜਿਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਸ. ਹਰਚਰਨ ਸਿੰਘ ਬਰਾੜ, ਸਿਆਸਤ ਦੇ ਬਾਬਾ ਬੋਹੜ ਸ. ਤੇਜਾ ਸਿੰਘ ਬਾਦਲ, ਮੌਜੂਦਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਦਰਵੇਸ਼ ਸਿਆਸਤਦਾਨ ਮਰਹੂਮ ਜਥੇਦਾਰ ਜਗਦੇਵ ਸਿੰਘ ਖੁੱਡੀਆਂ, ਸਾਬਕਾ ਸਾਂਸਦ ਸ. ਜਗਮੀਤ ਸਿੰਘ ਬਰਾੜ, ਭਾਈ ਸ਼ਮਿੰਦਰ ਸਿੰਘ ਅਤੇ  ਸਾਬਕਾ ਵਿਧਾਇਕ ਸ. ਦਰਸ਼ਨ ਸਿੰਘ ਮਰਾੜ੍ਹ ਆਦਿ ਆਗੂ ਆਪੋ-ਆਪਣੇ ਸਮੇਂ ਅਤੇ ਪੈਠ ਅਨੁਸਾਰ ਸਿੱਖ ਪਿੱਠ ਭੂਮੀ ਵਾਲੇ ਮੁਕਤਸਰ ਜ਼ਿਲ੍ਹੇ ਦੀ ਸਿਆਸਤ 'ਤੇ ਭਾਰੂ ਰਹੇ ਹਨ।
             ਇਹ ਵੀ ਕਹਿਣਾ ਕੁਥਾਂਹ ਨਹੀਂ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਮੁਕਤਸਰ ਨੇ ਪੰਜਾਬ ਦੀ ਸਿਆਸਤ 'ਤੇ ਰਾਜ ਕੀਤਾ ਹੈ, ਜੋ ਕਿ ਅੱਜ ਵੀ ਜਾਰੀ ਹੈ। ਇਸ ਜ਼ਿਲ੍ਹੇ ਵਿੱਚ ਭਾਵੇਂ ਕਿ ਹਿੰਦੂ ਵੋਟਰਾਂ ਦੀ ਗਿਣਤੀ ਕਾਫ਼ੀ ਹੈ ਪਰ ਫਿਰ ਵੀ ਉਹ ਐਨੀ ਨਹੀਂ ਕਿ ਸਿੱਖ ਵੋਟਾਂ ਨੂੰ ਕਿਸੇ ਪੱਖੋਂ ਪ੍ਰਭਾਵਿਤ ਕਰ ਸਕੇ। ਜ਼ਿਲ੍ਹੇ ਵਿਚ ਬਾਕੀ ਹੋਰਨਾਂ ਪਾਰਟੀਆਂ ਹੀ ਨਹੀਂ ਬਲਕਿ ਧਰਮ ਨਿਰਪੱਖ ਪਾਰਟੀ ਵਜੋਂ ਜਾਣੀ ਜਾਂਦੀ ਕਾਂਗਰਸ ਪਾਰਟੀ ਦੇ ਸੰਦਰਭ ਵਿੱਚ ਇਤਿਹਾਸ ਗਵਾਹ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਮੁੱਖ ਅਹੁਦੇ 'ਤੇ ਸਿੱਖ ਆਗੂ ਹੀ ਬਿਰਾਜਮਾਨ ਹੁੰਦੇ ਰਹੇ ਹਨ। ਜਿਸ ਦੇ ਕਰਕੇ ਸਿੱਖ ਬਹੁਗਿਣਤੀ ਵਾਲੇ ਇਸ ਜ਼ਿਲ੍ਹੇ ਵਿੱਚ ਕਾਂਗਰਸ ਦਾ ਸਿੱਖ ਵੋਟ ਬੈਂਕ ਭਾਵੇਂ ਅਕਾਲੀ ਦਲ 'ਤੇ ਭਾਰੂ ਨਹੀਂ ਪੈ ਸਕਿਆ ਪਰ ਟਾਕਰਾ ਕਰਨ ਦੇ ਕਾਬਲ ਜ਼ਰੂਰ ਰਿਹਾ।
               ਸਿਆਸੀ ਹਲਕਿਆਂ ਦਾ ਇਹ ਵੀ ਕਹਿਣਾ ਹੈ ਕਿ ਸੈਂਕੜੇ ਏਕੜ ਜ਼ਮੀਨਾਂ ਅਤੇ ਕਰੋੜਾਂ-ਅਰਬਾਂ ਨਾਮੇ ਵਾਲੇ ਸਰਮਾਏਦਾਰ ਆਗੂਆਂ ਦੀ ਸਿਆਸੀ ਧਰਤੀ (ਜ਼ਿਲ੍ਹਾ ਮੁਕਤਸਰ) 'ਤੇ ਜਿੱਥੇ ਸਿਆਸਤ ਦਾ ਇੱਕ ਦਾਅ ਖੇਡਣ ਸਮੇਂ ਕਰੋੜਾਂ ਰੁਪਏ ਤੱਕ ਦੀ ਭੋਰਾ ਪਰਵਾਹ ਨਹੀਂ ਕੀਤੀ ਜਾਂਦੀ, ਉਥੇ ਇੱਕ ਆਮ ਸਧਾਰਨ ਤੇ ਵਪਾਰੀ ਆਗੂ ਵੱਲੋਂ ਜ਼ਿਲ੍ਹੇ 'ਚ ਵੱਡੇ ਪੱਧਰ 'ਤੇ ਧੜੇਬੰਦੀ ਦਾ ਸ਼ਿਕਾਰ ਕਾਂਗਰਸ ਪਾਰਟੀ ਨੂੰ ਉਭਾਰ ਕੇ ਅਕਾਲੀ ਦਲ ਬਾਦਲ ਅਤੇ ਪੀ.ਪੀ.ਪੀ. ਨਾਲ ਆਹਮੋ-ਸਾਹਮਣੇ ਦੀ ਲੜਾਈ 'ਚ ਕਾਂਗਰਸ ਦੀ ਕਿਸ਼ਤੀ ਪਾਰ ਲੰਘਾ ਸਕਣਾ ਅਸੰਭਵ ਮੰਨਿਆ ਜਾ ਰਿਹਾ ਹੈ। ਉਥੇ ਸ੍ਰੀ ਗਿਰਧਰ ਦੇ ਆੜ੍ਹਤ ਦੇ ਕਾਰੋਬਾਰ  ਨਾਲ ਜੁੜੇ ਹੋਣ ਕਰਕੇ ਸਧਾਰਨ ਜੱਟ ਸਿੱਖ ਭਾਈਚਾਰਾ ਵੀ ਕਾਂਗਰਸ ਨਾਲ ਜੁੜਣ ਤੋਂ ਗੁਰੇਜ ਕਰੇਗਾ।
              ਪਾਰਟੀ ਹਾਈਕਮਾਂਡ ਵੱਲੋਂ ਮੁਕਤਸਰ ਜ਼ਿਲ੍ਹੇ ਦੇ ਤਿੰਨ ਵਿਧਾਨਸਭਾ ਹਲਕੇ ਮੁਕਤਸਰ, ਗਿੱਦੜਬਾਹਾ ਅਤੇ ਮਲੋਟ ਦੇ ਫਿਰੋਜ਼ਪੁਰ ਲੋਕਸਭਾ ਹਲਕੇ ਦੇ ਅਧੀਨ ਆਉਣ ਕਰਕੇ ਦੇ ਇਸ  ਲੋਕਸਭਾ ਹਲਕੇ ਤੋਂ ਦੋ ਵਾਰ ਕਿਸਮਤ ਆਜਮਾ ਚੁੱਕੇ ਕਾਂਗਰਸ ਦੇ ਹਾਈ-ਪ੍ਰੋਫਾਈਲ ਆਗੂ ਅਤੇ ਕੁੱਲ ਹਿੰਦ ਕਾਂਗਰਸ ਦੇ ਸਥਾਈ ਮੈਂਬਰ ਸ. ਜਗਮੀਤ ਸਿੰਘ ਬਰਾੜ ਦੀ ਸਿਫਾਰਸ਼ 'ਤੇ ਮੁਕਤਸਰ ਜ਼ਿਲ੍ਹੇ ਦੇ ਕਾਂਗਰੋਸ ਪ੍ਰਧਾਨ ਦੀ ਨਿਯੁਕਤੀ ਕੀਤੀ ਹੈ।
                   ਪ੍ਰੰਤੂ ਇਸ ਸਭ ਵਿਚਾਲੇ ਕਾਂਗਰਸ ਹਾਈਕਮਾਂਡ ਸ਼ਾਇਦ ਇਹ ਭੁੱਲ ਬੈਠੀ ਕਿ ਮੁਕਤਸਰ ਜ਼ਿਲ੍ਹੇ 'ਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਵਿਧਾਨਸਭਾ ਹਲਕਾ ਲੰਬੀ ਵੀ ਆਉਂਦਾ ਹੈ। ਜਿੱਥੋਂ ਸਿਰਫ਼ ਮੁਕਤਸਰ ਜ਼ਿਲ੍ਹੇ ਦੀ ਸਿਆਸਤ ਨਹੀਂ ਬਲਕਿ ਸਮੁੱਚੇ ਪੰਜਾਬ ਦੀ ਅਕਾਲੀ ਸਿਆਸਤ ਚੱਲਦੀ ਹੈ ਅਤੇ ਲੰਬੀ ਹਲਕੇ ਦੇ ਚੋਣ ਸਿਆਸੀ ਦ੍ਰਿਸ਼ ਸਮੁੱਚੇ ਜ਼ਿਲ੍ਹੇ ਦੀ ਸਿਆਸੀ ਧੁਰੀ ਤੈਅ ਕਰਦਾ ਹੈ। ਅਜਿਹੇ 'ਚ ਬਾਬਾ ਬੋਹੜ ਸੀਨੀਅਰ ਬਾਦਲ ਅਤੇ ਸਿਰੇ ਦੇ ਮੁਹਿੰਮਬਾਜ ਸੁਖਬੀਰ ਬਾਦਲ ਦੇ ਸਾਹਮਣੇ ਸ੍ਰੀ ਗੁਰਦਾਸ ਗਿਰਧਰ ਜਿਹੇ ਸਾਊ ਅਤੇ ਆਰਥਿਕ ਪੱਖੋਂ ਆਮ ਸਧਾਰਨ ਵਿਅਕਤੀ ਦੇ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋਣ ਬਾਰੇ ਸ਼ੰਕੇ ਪ੍ਰਗਟਾਏ ਜਾ ਰਹੇ ਹਨ। ਜਦਕਿ ਦੂਜੇ ਪਾਸੇ ਸਿਆਸੀ ਮਾਹਰਾਂ ਦੀ ਰਾਏ ਅਨੁਸਾਰ ਮੁਕਤਸਰ ਜ਼ਿਲ੍ਹੇ ਵਿਚ ਅਜਿਹਾ ਗਤੀਸ਼ੀਲ ਅਤੇ ਧੱਕੜ ਆਗੂ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ 'ਤੇ ਨਿਯੁਕਤ ਕੀਤਾ ਜਾਣਾ ਚਾਹੀਦਾ ਸੀ, ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਤਰਜ਼ 'ਤੇ ਸੂਬੇ ਦੇ ਮੌਜੂਦਾ ਹਾਕਮਾਂ ਨੂੰ ਉਨ੍ਹਾਂ ਨੂੰ ਗ੍ਰਹਿ ਜ਼ਿਲ੍ਹੇ 'ਚ ਕਰਾਰੀ ਟੱਕਰ ਦੇ ਕੇ ਸੂਬੇ 'ਤੇ 25 ਵਰ੍ਹਿਆਂ ਤੱਕ ਰਾਜ ਕਰਨ ਦੇ ਸੁਫ਼ਨਿਆਂ ਨੂੰ ਨੇਸ ਤੋਂ ਨਾਬੂਤ ਕਰ ਸਕੇ।
         ਪਾਰਟੀ ਦੇ ਇੱਕ ਆਗੂ ਨੇ ਨਾਂਅ ਨਾਂ ਛਾਪਣ ਦੀ ਸ਼ਰਤ 'ਤੇ ਆਖਿਆ ਕਿ ਇਉਂ ਲਗਦੈ ਜਿਵੇਂ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਦਾ ਫੈਸਲਾ ਸੁਖਬੀਰ ਬਾਦਲ ਨੇ ਕੀਤੈ ਤੇ ਇਸਦਾ ਐਲਾਨ ਆਲ ਇੰਡੀਆ ਕਾਂਗਰਸ ਕਮੇਟੀ ਹੈਡਕੁਆਟਰ ਤੋਂ ਹੋਇਆ ਹੈ।
                  ਇਸੇ ਦੌਰਾਨ ਸੰਪਰਕ ਕਰਨ 'ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਵਨਿਯੁਕਤ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਗੁਰਦਾਸ ਗਿਰਧਰ  ਨੇ ਖੁਦ ਨੂੰ ਇੱਕ ਟਕਸਾਲੀ ਕਾਂਗਰਸੀ ਕਰਾਰ ਦਿੰਦਿਆਂ ਕਿਹਾ ਕਿ ਉਹ ਆਜਾਦੀ ਘੁਲਾਟੀਏ ਸ੍ਰੀ ਬਿਹਾਰੀ ਲਾਲ ਦੇ ਪੁੱਤਰ ਹਨ ਤੇ ਉਨ੍ਹਾਂ ਦੀ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਪੂਰੀ ਪੈਠ ਹੈ। ਸਿੱਖ ਸਿਆਸਤ ਭਾਰੂ ਜ਼ਿਲ੍ਹੇ 'ਚ ਹਿੰਦੂ ਵਰਗ ਨਾਲ ਸਬੰਧਤ ਹੋਣ ਬਾਵਜੂਦ ਖੁਦ ਨੂੰ ਪ੍ਰਭਾਵਸ਼ਾਲੀ ਪ੍ਰਧਾਨ ਵਜੋਂ ਸਾਬਤ ਕਰਨ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਜਿੱਥੇ ਧਰਮ ਤੇ ਜਾਤ-ਪਾਤ ਤੋਂ ਪਹਿਲਾਂ ਸਮਾਜਕ ਵਰਤਾਰਾ ਹੈ।

2 comments:

  1. ਬਾਤ ਮੇ ਦਮ ਹੈ

    ReplyDelete
  2. ਕਾਂਗਰਸ ਜਿਲਾ ਪ੍ਰਧਾਨ ਬਾਰੇ ਤੁਹਾਡੀ ਟਿਪਣੀ ਬਹੁਤ ਵਧੀਆ ਹੈ. ਇਸ ਬਾਰੇ ਜਗਮੀਤ ਬਰਾੜ ਨੇ ਸਿਫਾਰਸ਼ ਆਪਣੇ ਵਿਰੋਧੀਆ ਨੂ ਖੁਡੇ ਲੇਨ ਲਾਉਣ ਵਾਸਤੇ ਕੀਤੀ ਹੋਵੇ ਗੀ ਪਰ ਕਾਂਗਰਸ ਦੇ ਭਲੇ ਬੁਰੇ ਬਾਰੇ ਨਹੀ ਸੋਚਿਆ . ਕਾਂਗਰਸ ਪਾਰਟੀ ਦੀ ਇਹ ਕਮਜੋਰੀ ਹੈ ਕਿ ਇਸ ਦੇ ਲੀਡਰ ਆਪਣੀ ਰਾਜਨੀਤੀ ਕਰਦੇ ਹਨ ਪਰ ਪਾਰਟੀ ਦੇ ਹਿਤਾ ਬਾਰੇ ਨਹੀ ਸੋਚਦੇ . ਹਾਈ ਕਮਾਂਡ ਵੀ ਹਰ ਲੀਡਰ ਨੂ ਖੁਸ਼ ਕਰਨਾ ਚੋਉੰਦੀ ਹੈ.

    ReplyDelete