22 May 2011

ਕਾਂਗਰਸ ਸਰਕਾਰ ਵੇਲੇ ਦਾ ਖੌਫ਼ ਦਾ ਅਕਾਲੀਆਂ ਨੇ ਜਾ ਨੇਪਰੇ ਚਾੜ੍ਹਿਆ

                                                             ਗੈਰੋਂ ਮੇਂ ਕਹਾਂ ਦਮ ਥਾਂ....            
   
ਮਨਪ੍ਰੀਤ ਬਾਦਲ ਦਾ ਨੇੜਲਾ ਆਗੂ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

            -ਕੰਧ ਟੱਪ ਕੇ ਸਤਿੰਦਰਜੀਤ ਮੰਟਾ ਨੂੰ ਗ੍ਰਿਫ਼ਤਾਰੀ ਨੂੰ ਅੰਜਾਮ ਦਿੱਤਾ-
                                                                -ਇਕਬਾਲ ਸਿੰਘ ਸ਼ਾਂਤ-
''ਗੈਰੋਂ ਮੇਂ ਕਹਾਂ ਦਮ ਥਾਂ, ਮੇਰੀ ਕਿਸ਼ਤੀ ਹੀ ਵਹਾਂ ਡੂਬੀ ਜਹਾਂ ਪਾਣੀ ਕਮ ਥਾਂ।'' ਕੁਝ ਅਜਿਹਾ ਹੀ ਹੋਇਆ ਪਿਛਲੇ ਸਵਾ ਕੁ ਦਹਾਕੇ ਤੋਂ ਅਕਾਲੀ ਦਲ (ਬ) ਵਿਚ ਵਿਚਰਦੇ ਰਹੇ ਹਾਈ-ਪ੍ਰੋਫਾਈਲ ਆਗੂ ਵਜੋਂ ਸਥਾਪਿਤ ਹੋਏ ਪਿੰਡ ਰੋੜਾਂਵਾਲੀ ਦੇ ਜੰਮਪਲ ਸ: ਸਤਿਦਰਜੀਤ ਸਿੰਘ ਮੰਟਾ ਨਾਲ, ਜੋ ਕਿ ਪਿਛਲੀ ਕੈਪਟਨ ਸਰਕਾਰ ਦੌਰਾਨ ਵੋਚ-ਵੋਚ ਕੇ ਪੈਰ ਧਰਦੇ ਰਹੇ ਕਿ  ਕਿਧਰੇ ਕੈਪਟਨ ਹੁਰਾਂ ਦੀਆਂ ਤਿੱਖੀਆਂ ਨਜ਼ਰਾਂ ਦੇ ਅੜਿੱਕੇ ਨਾ ਚੜ੍ਹ ਜਾਣ ਪਰ ਪਿਛਲੇ ਮਹੀਨਿਆਂ ਦੌਰਾਨ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਗੁਰਦਾਸ ਸਿੰਘ ਬਾਦਲ ਦੇ ਪਰਿਵਾਰ ਵਿਚਕਾਰ ਆਈ ਤਰੇੜ ਉਪਰੰਤ ਪੀ.ਪੀ.ਪੀ. ਦਾ ਮੁੱਖ ਹਿੱਸਾ ਜਾ ਬਣੇ ਸਤਿੰਦਰਜੀਤ ਸਿੰਘ ਮੰਟਾ ਨੂੰ ਬੀਤੀ ਰਾਤ ਲਗਭਗ 10 ਵਜੇ ਪੰਜਾਬ ਵਿਜੀਲੈਂਸ ਬਿਊਰੋ ਦੀ ਇੱਕ ਉੱਚ ਪੱਧਰੀ ਟੀਮ ਨੇ ਪਿੰਡ ਰੋੜਾਂਵਾਲੀ (ਹਲਕਾ ਲੰਬੀ) ਵਿਚੋਂ ਉਨ੍ਹਾਂ ਦੇ ਘਰ ਵਿਚੋਂ ਗ੍ਰਿਫ਼ਤਾਰ ਕਰ ਲਿਆ ਗਿਆ।
              ਦੂਜੇ ਪਾਸੇ ਵਿਜੀਲੈਂਸ ਨੇ ਸਤਿੰਦਰਜੀਤ ਸਿੰਘ ਮੰਟਾ ਨੂੰ ਵੱਡਾ ਭ੍ਰਿਸ਼ਟਾਚਾਰੀ ਦੱਸਿਆ ਹੈ। ਵਿਜੀਲੈਂਸ ਬਿਊਰੋ ਦੇ ਸੁਤਰਾਂ ਨੇ ਕਿਹਾ ਕਿ ਉਕਤ ਵਿਅਕਤੀ ਨੇ ਜੱਟ ਹੋਣ ਦੇ ਬਾਵਜੂਦ ਹਰੀਜਨ ਖਾਤੇ ਵਿਚੋਂ ਤਿੰਨ ਪੈਟਰੋਲ ਪੰਪ ਲਏ ਸਨ।
ਇਸ ਤੋਂ ਇਲਾਵਾ ਮੰਟਾ ਦੀ ਰੇਤ ਅਤੇ ਸ਼ਰਾਬ ਦੇ ਠੇਕਿਆਂ 'ਚ ਵੀ ਹਿੱਸੇਦਾਰੀ ਸੀ। ਵਿਜੀਲੈਂਸ ਬਿਊਰੋ ਦੇ ਸੂਤਰਾਂ ਨੇ ਦੱਸਿਆ ਕਿ ਮੰਟਾ ਦੇ ਨਾਂ ਕਈ ਬੇ-ਨਾਮੀ ਜਾਇਦਾਦਾਂ ਵੀ ਹਨ ਤੇ ਵਿਜੀਲੈਂਸ ਵੱਲੋਂ ਉਸ ਦੇ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਮਨਪ੍ਰੀਤ ਬਾਦਲ ਦੇ ਪਿਤਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਬਾਦਲ ਨੇ ਇਸ ਘਟਨਾਕ੍ਰਮ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਇਸ ਕਾਰਵਾਈ ਨਾਲ ਸਪੱਸ਼ਟ ਹੋ ਗਿਆ ਹੈ ਕਿ ਇਸ ਵੱਲੋਂ ਪਹਿਲਾਂ ਵੀ ਕਈ ਵਾਰ ਬੇਗੁਨਾਹ ਲੋਕਾਂ ਵਿਰੁੱਧ ਸਿਆਸੀ ਰੰਜ਼ਿਸ਼ ਤਹਿਤ ਮਾਮਲੇ ਦਰਜ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਤਿੰਦਰਜੀਤ ਸਿੰਘ ਮੰਟਾ ਜੋ ਕਿ ਹੁਣ ਮਨਪ੍ਰੀਤ ਦਾ ਹਮਾਇਤੀ ਬਣ ਗਿਆ ਹੈ, ਨੇ ਕਿਸੇ ਵੇਲੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ 'ਚ ਵੱਡੀ ਭੂਮਿਕਾ ਨਿਭਾਈ ਸੀ।

             ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਟੀਮ ਨੇ ਸਤਿੰਦਰਜੀਤ ਸਿੰਘ ਮੰਟਾ ਦੇ ਘਰ ਵਿਚ ਕਾਰਵਾਈ ਕਰਨ ਸਮੇਂ ਪਹਿਲਾਂ ਘਰ ਦੀ ਬਿਜਲੀ ਦਾ ਕੁਨੈਕਸ਼ਨ ਕਟਵਾ ਦਿੱਤਾ ਗਿਆ ਤੇ ਦੀਵਾਰ ਲੰਘ ਕੇ ਟੀਮ 'ਚ ਸ਼ਾਮਲ ਕਰਮਚਾਰੀ ਸਤਿੰਦਰਜੀਤ ਸਿੰਘ ਮੰਟਾ ਦੀ ਰਿਹਾਇਸ਼ ਵਿਚ ਸ਼ਾਮਲ ਹੋਏ।
ਮੌਕੇ ਦੇ ਪ੍ਰਤੱਖਦਰਸ਼ੀ ਅਤੇ ਪਿਛਲੇ 6 ਦਿਨਾਂ ਤੋਂ ਸਤਿੰਦਰਜੀਤ ਸਿੰਘ ਮੰਟਾ ਦੇ ਗ੍ਰਹਿ ਵਿਖੇ ਸੰਪਟ ਅਖੰਡ ਪਾਠ ਕਰ ਰਹੇ ਸ੍ਰੀ ਨਾਨਕਸਰ ਕਲੇਰਾਂ ਦੇ 10 ਮੈਂਬਰੀ ਪਾਠੀ ਸਿੰਘਾਂ ਦੇ ਜਥੇ ਦੇ ਮੁਖੀ ਭਾਈ ਸਤਨਾਮ ਸਿੰਘ ਨੇ ਬੀਤੀ ਰਾਤ ਨੂੰ ਸ੍ਰੀ ਮੰਟਾ ਦੇ ਘਰ ਵਾਪਰੇ ਘਟਨਾਕ੍ਰਮ ਦੀ ਪਲ-ਪਲ ਦੀ ਸੂਚਨਾ ਦਿੰਦਿਆਂ ਵਿਜੀਲੈਂਸ ਟੀਮ ਦੇ ਮੈਂਬਰਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜਰੀ 'ਚ’ਜੁੱਤਿਆਂ ਸਮੇਤ ਲੰਘਣ ਦਾ ਦੋਸ਼ ਲਾਉਂਦਿਆਂ ਦੱਸਿਆ ਕਿ ਲਗਭਗ 10 ਕੁ ਵਜੇ ਜਦੋਂ ਉਹ ਅਖੰਡ ਪਾਠ ਕਰਦੇ ਸਮੇਂ ਵਾਰੀ ਤੋਂ ਉੱਠ ਕੇ ਆਪਣੇ ਕਮਰੇ ਵਿਚ ਪਰਤੇ ਰਹੇ ਸਨ ਤਾਂ ਉਸੇ ਦੌਰਾਨ ਅਚਨਚੇਤ ਘਰ ਦੀ ਬਿਜਲੀ ਚਲੀ ਗਈ। ਉਸੇ ਦੌਰਾਨ 4-5 ਜਣੇ ਦੀਵਾਰਾਂ ਲੰਘ ਕੇ ਘਰ ਦੇ ਅੰਦਰ ਆ ਘੁਸੇ ਅਤੇ ਮੁੱਖ ਦਰਵਾਜ਼ਾ ਖੋਲ੍ਹ ਦਿੱਤਾ। ਉਨ੍ਹਾਂ ਆਖਿਆ ਫਿਰ 100-150 ਖਾਕੀ ਤੇ ਸਾਦੀ ਵਰਦੀ 'ਚ ਕਰਮਚਾਰੀਆਂ ਨੇ ਘਰ ਦੇ ਅੰਦਰ ਅਤੇ ਬਾਹਰ ਘੇਰਾ ਪਾ ਲਿਆ ਲਿਆ। ਜਿਨ੍ਹਾਂ ਦੀ ਅਗਵਾਈ ਕਈ ਸੀਨੀਅਰ ਵਿਜੀਲੈਂਸ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ।
                ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਮਰੇ ਵਿਚ ਪੁੱਜ ਕੇ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨਾਲ ਅਤੇ ਹੋਰਨਾਂ ਪਾਠੀ ਸਿੰਘਾਂ ਨਾਲ ਬਦਤਮੀਜੀ ਵੀ ਕੀਤੀ ਅਤੇ ਅਪਸ਼ਬਦ ਵੀ ਬੋਲੇ ਤੇ ਸਤਿੰਦਰਜੀਤ ਸਿੰਘ ਮੰਟਾ ਬਾਰੇ ਪੁੱਛ-ਗਿੱਛ ਕਰਨ ਲੱਗੇ। ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਆਪਣੀ ਪਛਾਣ ਦੱਸੀ ਤਾਂ ਪੁਲਿਸ ਵਾਲਿਆਂ ਨੇ ਸਾਨੂੰ ਸਭ ਨੂੰ ਥਾਈਂ ਖੜ੍ਹੇ ਰਹਿਣ ਦੀ ਤਾਕੀਦ ਕੀਤੀ ਤੇ ਦਨਦਨਾਉਂਦੇ ਕੋਠੀ ਦੇ ਅੰਦਰਲੇ ਹਿੱਸੇ ਵਿਚ ਚਲੇ ਗਏ। ਉਨ੍ਹਾਂ ਕਿਹਾ ਕਿ ਕੋਠੀ ਦੇ ਬਰਾਮਦੇ ਸਾਹਮਣੇ ਬਣੇ ਇੱਕ ਕਮਰੇ 'ਚ ਸੰਪਟ ਅਖੰਡ ਪਾਠ ਚੱਲ ਰਿਹਾ ਸੀ ਅਤੇ ਰਾਗੀ ਸਿੰਘ ਕੀਰਤਨ  ਕਰ ਰਹੇ ਸਨ। ਗੁਰੂ ਗ੍ਰੰਥ ਸਾਬ੍ਹ ਦੇ ਪਾਠ ਚੱਲਦੇ ਹੋਣ ਕਰਕੇ ਕਥਿਤ ਤੌਰ 'ਤੇ ਜੁੱਤਿਆਂ ਸਮੇਤ ਅਗਾਂਹ ਜਾਣੋਂ ਰੋਕਣ ਦੇ ਬਾਵਜੂਦ ਟੀਮ ਦੇ ਅਧਿਕਾਰੀ ਅਤੇ ਕਰਮਚਾਰੀ ਜੁੱਤਿਆਂ ਸਮੇਤ ਤੁਰੇ ਫਿਰਦੇ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਟੀਮ ਦੇ ਅਧਿਕਾਰੀਆਂ ਨੇ ਇੱਕ ਪਾਠੀ ਸਿੰਘ ਦਾ ਫੋਨ ਖੋਹ ਲਿਆ ਅਤੇ ਜਦੋਂ ਸ੍ਰੀ ਮੰਟਾ ਦੇ ਘਰ ਵਿਚ ਆਈ ਇੱਕ ਰਿਸ਼ਤੇਦਾਰ ਬੀਬੀ ਉਨ੍ਹਾਂ ਨੂੰ ਰੋਕਣ ਲੱਗੀ ਤਾਂ ਉਸ ਦਾ ਮੋਬਾਇਲ ਫੋਨ ਸੁੱਟ ਕੇ ਤੋੜ ਦਿੱਤਾ।
ਭਾਈ ਸਤਨਾਮ ਸਿੰਘ ਨੇ ਕਿਹਾ ਕਿ ਉਸ ਸਮੇਂ ਸਤਿੰਦਰਜੀਤ ਸਿੰਘ ਮੰਟਾ ਪਾਠ ਤੋਂ ਉੱਠ ਕੇ ਚੁਬਾਰੇ ਵਿਚ ਜਾ ਕੇ ਸੁੱਤੇ ਹੀ ਸਨ ਤਾਂ ਉਕਤ ਟੀਮ ਨੇ ਉਨ੍ਹਾਂ ਨੂੰ ਫੜ ਲਿਆ ਤੇ ਉਸੇ ਦੌਰਾਨ ਅਸੀਂ ਵੇਖਿਆ ਕਿ ਉਹ ਸਤਿੰਦਰਜੀਤ ਮੰਟਾ ਨੂੰ ਘਸੀਟਦੇ ਲਿਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਲਗਭਵਗ ਅੱਧੇ ਘੰਟੇ ਤੱਕ ਚੱਲੀ ਕਾਰਵਾਈ ਉਪਰੰਤ ਵਿਜੀਲੈਂਸ ਟੀਮ ਸ੍ਰੀ ਮੰਟਾ ਦੇ ਨਾਲ-ਨਾਲ ਇੱਕ ਇਨੋਵਾ ਗੱਡੀ ਵੀ ਨਾਲ ਲੈ ਗਈ।
                 ਉਸੇ ਦੌਰਾਨ ਮੌਕੇ 'ਤੇ ਮੌਜੂਦ ਹੋਰਨਾਂ ਪਾਠੀ ਸਿੰਘਾਂ ਨੇ ਦੱਸਿਆ ਟੀਮ ਦੇ ਮੈਂਬਰਾਂ ਨੇ ਘਰ ਦੇ ਕਮਰੇ, ਗੁਸਲਖਾਨਿਆਂ ਅਤੇ ਕੋਨੇ ਦੀ ਤਲਾਸ਼ੀ ਲਈ ਤੇ ਵਿਜੀਲੈਂਸ ਟੀਮ ਦੇ ਕੰਮ ਕਰਨ ਦੇ ਢੰਗ ਤੋਂ ਇੰਝ ਜਾਪਦਾ ਸੀ ਕਿ ਜਿਵੇਂ ਉਨ੍ਹਾਂ ਨੂੰ ਹਰ ਦੇ ਚੱਪੇ-ਚੱਪੇ ਬਾਰੇ ਪਹਿਲਾਂ ਤੋਂ ਗਿਆਨ ਹੋਵੇ। ਉਨ੍ਹਾਂ ਦੱਸਿਆ ਕਿ ਸ੍ਰੀ ਮੰਟਾ ਦੀ ਮਾਤਾ ਨੇ ਅਧਿਕਾਰੀਆਂ ਨੂੰ ਪੁੱਛਿਆ ਕਿ ਤੁਸੀਂ ਕਿਹੜੀ ਧਾਰਾ ਤੇ ਕਿਸ ਜੁਰਮ ਤਹਿਤ ਫੜ ਕੇ ਲਿਜਾ ਰਹੇ ਹੋ ਤਾਂ ਟੀਮ ਦੇ ਅਧਿਕਾਰੀਆਂ ਵੱਲੋਂ ਮਿਲਿਆ ਕਿ ''ਵੱਡੇ ਘਰਾਂ ਨਾਲ ਪੰਗੇ ਲੈਂਦੇ ਹੋ ਤੇ ਸਾਡੇ ਤੋਂ ਕਸੂਰ ਪੁੱਛਦੇ ਹੋ।'' ਪੱਤਰਕਾਰਾਂ ਦੇ ਪੁੱਜਣ 'ਤੇ ਪਿੰਡ ਰੋੜਾਂਵਾਲੀ ਵਿਚ ਇੱਕ ਵੱਡੇ ਰਕਬੇ 'ਚ ਬਣੇ ਇੱਕ ਆਲੀਸ਼ਾਨ ਘਰ ਵਿਚ 10-11 ਪਾਠੀ ਸਿੰਘਾਂ ਅਤੇ ਪਿੰਡ ਦੇ ਦੋ ਵਿਅਕਤੀਆਂ ਤੋਂ ਇਲਾਵਾ ਘਰ 'ਚ ਮੰਟਾ ਪਰਿਵਾਰ ਦਾ ਕੋਈ ਮੈਂਬਰ ਮੌਜੂਦ ਨਹੀਂ ਸੀ। ਜਦੋਂ ਪਿੰਡ ਦੇ ਦੋ ਵਿਅਕਤੀਆਂ ਦੇ ਵਿਅਕਤੀਆਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਹਾਕਮਾਂ ਦਾ ਕੋਈ ਡਰ-ਖੌਫ਼ ਨਹੀਂ ਲੱਗਦਾ ਤਾਂ ਉਨ੍ਹਾਂ ਕਿਹਾ ਕਿ ਹਰ ਬੰਦੇ ਨੂੰ ਕਿਸੇ ਨਾ ਕਿਸੇ ਨਾਲ ਖੜ੍ਹਣਾ ਪੈਂਦਾ ਹੈ ਤੇ ਅਸੀਂ ਪੀ.ਪੀ.ਪੀ. ਨਾਲ ਖੜ੍ਹੇ ਹਾਂ।
                ਅੱਜ ਤੜਕੇ ਤੱਕ ਸਤਿੰਦਰਜੀਤ ਸਿੰਘ ਮੰਟਾਂ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਪੂਰਾ ਦਿਨ ਸੂਬੇ ਦੇ ਸਿਆਸੀ ਅਤੇ ਸਮਾਜਿਕ ਗਲਿਆਰਿਆਂ ਵਿਚ ਸ੍ਰੀ ਮੰਟਾ ਦੀ ਗ੍ਰਿਫ਼ਤਾਰੀ ਦਾ ਮਾਮਲਾ ਛਾਇਆ ਰਿਹਾ।
               ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸ. ਗੁਰਦਾਸ ਸਿੰਘ ਬਾਦਲ ਹੁਰਾਂ ਦੀ ਸੱਜੀ ਬਾਂਹ ਅਤੇ ਪੁੱਤਰਾਂ ਵਾਂਗ ਵਿਚਰਦੇ ਸ. ਸਤਿੰਦਰਜੀਤ ਸਿੰਘ ਮੰਟਾ ਦਾ ਅਕਾਲੀ ਦਲ ਛੱਡਣ ਤੋਂ ਪਹਿਲਾਂ ਵੀ ਸਰਕਾਰ 'ਚ ਅਜਿਹਾ ਰੁਤਬਾ ਸੀ ਕਿ ਉਹ ਹਮੇਸ਼ਾਂ ਕਈ-ਕਈ ਸਰਕਾਰੀ ਗੰਨਮੈਨ ਦੇ ਸੁਰੱਖਿਆ ਘੇਰੇ ਵਿਚ ਹੁੰਦੇ ਸਨ ਤੇ ਉਨ੍ਹਾਂ ਦੇ ਕਹੇ ਨੂੰ ਮੋੜਣ ਦੀ ਵੱਡੇ-ਵੱਡੇ ਅਧਿਕਾਰੀਆਂ  ਦੀ ਹਿੰਮਤ ਨਹੀਂ ਸੀ। ਕੈਪਟਨ ਸਰਕਾਰ ਦੌਰਾਨ ਸਤਿੰਦਰਜੀਤ ਸਿੰਘ ਮੰਟਾ ਦੇ ਜ਼ਿਲ੍ਹਾ ਪ੍ਰਧਾਨਗੀ ਤੋਂ ਬਦਲਣ ਤੋਂ ਬਾਅਦ ਦਾਸ ਦੀ ਕ੍ਰਿਪਾ ਦ੍ਰਿਸ਼ਟੀ ਕਰਕੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਅਤੇ ਜ਼ਿਲ੍ਹਾ ਯੋਜਨਾ ਬੋਰਡ 'ਚ ਵਿਰੋਧੀ ਧਿਰ ਦੇ ਨੇਤਾ ਸ: ਬਾਦਲ ਵਜੋਂ ਨਿਯੁਕਤੀ ਕੀਤੀ ਗਈ ਸੀ। ਪਿਛਲੇ ਡੇਢ ਕੁ ਦਹਾਕੇ 'ਚ ਵੱਡੇ ਪੱਧਰ 'ਤੇ ਆਰਥਿਕ ਅਤੇ ਸਮਾਜਿਕ ਤਰੱਕੀ ਕਰਨ ਵਾਲੇ ਸਤਿੰਦਰਜੀਤ ਸਿੰਘ ਮੰਟਾ ਫਿਰੋਜ਼ਪੁਰ ਜ਼ਿਲ੍ਹੇ ਆਦਿ ਦੇ ਰੇਤੇ ਦੇ ਠੇਕਿਆਂ ਨੂੰ ਲੈ ਕੇ ਵੀ ਚਰਚਾ ਵਿਚ ਬਣੇ ਰਹੇ ਸਨ।
               ਇਸ ਬਾਰੇ 'ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸ੍ਰੀ ਇੰਦਰਮੋਹਣ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਵਿਜੀਲੈਂਸ ਬਿਊਰੋ ਦੀ ਮੁਹਾਲੀ ਟੀਮ ਨੇ ਕਿਸੇ ਕੇਸ ਦੇ ਸਿਲਸਿਲੇ 'ਚ ਸਤਿੰਦਰਜੀਤ ਸਿੰਘ ਮੰਟਾ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ।

ਸਤਿੰਦਰਜੀਤ ਮੰਟਾ ਦੀ ਗ੍ਰਿਫ਼ਤਾਰੀ ਲਈ ਮੁੱਖ ਮੰਤਰੀ ਬਾਦਲ ਜੁੰਮੇਵਾਰ : ਗੁਰਦਾਸ ਸਿੰਘ ਬਾਦਲ
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਅਤੇ ਪੀ. ਪੀ. ਪੀ. ਦੇ ਮੁੱਖ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸ. ਗੁਰਦਾਸ ਸਿੰਘ ਬਾਦਲ ਸਾਬਕਾ ਸਾਂਸਦ ਨੇ 20-21 ਮਈ ਦੀ ਵਿਚਕਾਰਲੀ ਰਾਤ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਵੱਲੋਂ ਪੰਜਾਬ ਪੀਪਲਜ ਪਾਰਟੀ ਆਫ ਪੰਜਾਬ ਦੇ ਸੀਨੀਅਰ ਆਗੂ ਸਤਿੰਦਰਜੀਤ ਸਿੰਘ ਮੰਟਾ ਨੂੰ ਨੇੜਲੇ ਪਿੰਡ ਰੋੜਾਂਵਾਲੀ ਵਿਖੇ ਘਰ ਵਿਚੋਂ ਗ੍ਰਿਫ਼ਤਾਰੀ ਕਰਨ ਲਈ ਆਪਣੇ ਵੱਡੇ ਭਰਾ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਧੇ ਤੌਰ 'ਤੇ ਜੁੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਬੇਗੁਨਾਹ ਤੇ ਇੱਕ ਸ਼ਰੀਫ ਆਗੂ ਸਤਿੰਦਰਜੀਤ ਸਿੰਘ ਮੰਟਾ ਨੂੰ ਕੇਸ ਵਿਚ ਉਲਝਾਉਣ ਪਿੱਛੇ ਪੀ.ਪੀ.ਪੀ. ਦੀ ਦਿਨੋਂ-ਦਿਨ ਵਧਦੀ ਹੋਂਦ ਤੋਂ ਬੌਖਲਾਹਟ ਸਪੱਸ਼ਟ ਜਾਹਰ ਹੁੰਦੀ ਹੈ।
               ਉਨ੍ਹਾਂ ਅੱਜ ਪਿੰਡ ਬਾਦਲ ਵਿਖੇ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀ.ਪੀ.ਪੀ. ਦੀ ਪਹਿਲੀ ਛੱਤੇਆਣਾ ਪਿੰਡ ਦੀ ਸਫਲ ਰੈਲੀ ਅਤੇ ਮੁਕਤਸਰ ਮਾਘੀ ਮੇਲਾ ਕਾਨਫਰੰਸ ਨੂੰ ਮਿਲੀ ਭਾਰੀ ਸਫਲਤਾ ਦੇ ਬਾਅਦ ਤੋਂ ਸਾਡੀ ਪਾਰਟੀ ਦੇ ਚਰਨਜੀਤ ਸਿੰਘ, ਜਗਤਾਰ ਸਿੰਘ ਅਤੇ ਸ. ਅਮਰਜੀਤ ਸਿੰਘ ਮੱਲਣ ਜਿਹੇ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਜਿਸ ਢੰਗ ਨਾਲ ਕੱਲ੍ਹ ਰਾਤ ਲਗਭਗ 11 ਵਜੇ ਵਿਜੀਲੈਂਸ ਟੀਮ ਵੱਲੋਂ ਸਤਿੰਦਰਜੀਤ ਸਿੰਘ ਮੰਟਾ ਦੇ ਘਰ ਨੂੰ ਘੇਰਾ ਪਾ ਕੇ ਕੰਧਾਂ ਤੋਂ ਟੱਪ ਕੇ ਘਰ 'ਚ ਘੁਸ ਕੇ ਉਸਨੂੰ ਸੁੱਤੇ ਪਏ ਹਾਲਤ ਵਿਚ ਗ੍ਰਿਫ਼ਤਾਰ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਵਿਜੀਲੈਂਸ ਦੀ ਉਕਤ ਕਾਰਵਾਈ ਨੇ ਸਰਕਾਰ ਦੇ ਲੋਕਤਾਂਤਰਿਕ ਢੰਗ ਨਾਲ ਕੰਮ ਕਰਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਕਿਸੇ ਮਾਮਲੇ 'ਚ ਕੋਈ ਸ਼ੱਕ ਸੀ ਤਾਂ ਉਸਨੂੰ ਕੰਧਾ ਟੱਪ ਕੇ ਫੜਣ ਦੀ ਕੀ ਲੋੜ ਸੀ ਉਸਨੇ ਤਾਂ ਖੁਦ ਹੀ ਪੇਸ਼ ਹੋ ਜਾਣਾ ਸੀ। ਸਾਬਕਾ ਸਾਂਸਦ ਨੇ ਕਿਹਾ ਕਿ ਸਰਕਾਰ ਦੇ ਇਸ਼ਾਰੇ 'ਤੇ ਮੰਟਾ ਖਿਲਾਫ ਚੰਲ ਰਹੀਆਂ ਕਾਰਗੁਜਾਰੀਆਂ ਬਾਰੇ ਮੰਟਾ ਨੇ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇੱਕ ਦਰਖਾਸਤ ਲਾਈ ਹੋਈ ਹੈ।
ਸ੍ਰੀ ਬਾਦਲ ਨੇ ਕਿਹਾ ਬੀਤੇ ਵਿਧਾਨਸਭਾ ਚੋਣਾਂ ਵਿਚ ਲੰਬੀ ਹਲਕੇ ਤੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਵਿਚ ਸਤਿੰਦਰਜੀਤ ਸਿੰਘ ਮੰਟਾ ਦਾ ਮੁੱਖ ਰੋਲ ਰਿਹਾ ਹੈ ਤੇ ਅਕਾਲੀ ਦਲ ਦੀ ਜਿੱਤ ਵੀ ਮੰਟਾ ਦੇ ਪ੍ਰਭਾਵ ਵਾਲੇ ਪਿੰਡਾਂ ਵਿਚੋਂ ਵੋਟਾਂ ਵਧਣ ਕਰਕੇ ਸੰਭਵ ਹੋ ਸਕੀ। ਉਨ੍ਹਾਂ ਆਪਣੇ ਵੱਡੇ ਭਰਾ ਪਾਸ਼ ਹੁਰਾਂ ਨੂੰ ਮੌਜੂਦਾ ਹਾਲਾਤਾਂ ਵਿਚ ਬੇਵੱਸ ਕਰਾਰ ਦਿੰਦਿਆਂ ਕਿਹਾ ਕਿ ਸਤਿੰਦਰਜੀਤ ਮੰਟਾ ਖਿਲਾਫ਼ ਵਿਜੀਲੈਂਸ ਬਿਊਰੋ ਵੱਲੋਂ ਪਿਛਲੇ ਦਿਨ੍ਹਾਂ ਤੋਂ ਜਾਰੀ ਕਾਰਵਾਈਆਂ ਬਾਰੇ ਉਨ੍ਹਾਂ ਮੁੱਖ ਮੰਤਰੀ ਸ: ਬਾਦਲ ਨੂੰ ਕਿਹਾ ਕਿ ਸੀ  ਕਿ ਮੰਟਾ ਅਕਾਲੀ ਦਲ ਦਾ ਵਫ਼ਾਦਾਰ ਵਰਕਰ ਰਿਹਾ ਹੈ ਤੇ ਅਜਿਹੇ ਵਿਅਕਤੀ ਖਿਲਾਫ਼ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਦੀ ਕੋਈ ਤੁੱਕ ਨਹੀਂ ਬਣਦੀ। ਉਨ੍ਹਾਂ ਆਖਿਆ ਕਿ ਪਾਸ਼ ਹੁਰਾਂ ਨੇ ਭਰੋਸਾ ਦਿਵਾਇਆ ਸੀ ਕਿ ਓੜਾ ਹੀ ਕਾਰਵਾਈ ਨਹੀਂ ਹੋਵੇਗੀ ਪਰ ਕੱਲ੍ਹ ਦੀ ਵਿਜੀਲੈਂਸ ਕਾਰਵਾਈ ਨੇ ਮੁੱਖ ਮੰਤਰੀ ਦੀ ਬੇਵੱਸੀ ਜਾਹਰ ਕਰ ਦਿੱਤੀ ਹੈ।
           ਜਿੱਥੇ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਪੀ.ਜੀ.ਆਈ. ਚੰਡੀਗੜ੍ਹ ਵਿਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ, ਉਥੇ ਅਜਿਹੀਆਂ ਕਾਰਵਾਈ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਹੁਣ ਮੈਨੂੰ ਪਤਾ ਲੱਗਦਾ ਹੈ ਕਿ ਪਹਿਲਾਂ ਵੀ ਬਾਹਰਲੇ ਹਲਕਿਆਂ ਵਿਚ ਝੂਠੇ ਪਰਚੇ ਦਰਜ ਕੀਤੇ ਜਾਂਦੇ ਸਨ ਪਰ ਮੈਂ ਮੰਨਦਾ ਨਹੀਂ ਸੀ ਕਿ ਬਾਦਲ ਜਿਹੇ ਵਧੀਆ ਮੁੱਖ ਮੰਤਰੀ ਦੇ ਰਾਜ ਵਿਚ ਅਜਿਹਾ ਨਹੀਂ ਹੋ ਸਕਦਾ ਪਰ ਕੱਲ੍ਹ ਰਾਤ ਦੀ ਕਾਰਵਾਈ ਨੇ ਉਨ੍ਹਾਂ ਗੱਲਾਂ ਨੂੰ ਸੱਚ ਸਾਬਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਵੋਟਾਂ ਪਿਆਰ ਅਤੇ ਸਤਿਕਾਰ ਨਾਲ ਪਾਉਂਦੇ ਹਨ ਤੇ ਜਿਹੜੀਆਂ ਪਾਰਟੀਆਂ ਝੂਠੇ ਮਾਮਲੇ ਦਰਜ ਕਰਕੇ ਦਬਾਉਣ ਦੀ ਰਾਹ ਤੁਰਦੀਆਂ ਹਨ ਉਹ ਆਪਣਾ ਵਜੂਦ ਗੁਆਉਂਦੀ ਚਾਹੁੰਦੀਆਂ ਹਨ।
              ਸ੍ਰੀ ਮੰਟਾ ਖਿਲਾਫ ਮਾਮਲਾ ਦਰਜ ਹੋਣ ਉਪਰੰਤ ਪੀ.ਪੀ.ਪੀ. ਦਾ ਅਗਾਮੀ ਸਟੈਂਡ ਪੁੱਛੇ ਜਾਣ ਬਾਰੇ ਸ. ਗੁਰਦਾਸ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਜੀਲੈਂਸ ਟੀਮ (ਮੁਹਾਲੀ) ਵੱਲੋਂ ਕੀਤੀ ਗਈ ਇਸ ਗੁੱਪ-ਚੁੱਪ ਕਾਰਵਾਈ ਦੇ ਵਿਰੋਧ ਵਿਚ ਲੰਬੀ ਥਾਣੇ ਜਾਂ ਹੋਰ ਸਰਕਾਰੀ ਦਫ਼ਤਰਾਂ ਮੁਹਰੇ ਧਰਨੇ ਮੁਜਾਹਰੇ ਕਰਨ ਦਾ ਤੁੱਕ ਨਹੀਂ ਬਣਦਾ। ਇਸ ਲਈ ਦਰਜ ਕੀਤੇ ਝੂਠੇ ਮਾਮਲੇ ਦੇ ਵਿਰੋਧ ਵਿਚ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਇਸ ਮੌਕੇ ਨਛੱਤਰ ਸਿੰਘ ਕਰਾਈਵਾਲਾ, ਨਿਰਮਲ ਸਿੰਘ ਵਣਵਾਲਾ, ਜਿੰਮੀ ਮਹਿਣਾ ਅਤੇ ਗੁਰਚਰਨ ਸਿੰਘ ਮੈਂਬਰ ਮਿਠੜੀ ਬੁੱਧਗਿਰ ਸਮੇਤ ਹੋਰ ਸੈਂਕੜੇ ਵਰਕਰ ਵੀ ਮੌਜੂਦ ਸਨ।

    ਮੰਟਾ ਨੂੰ ਲੰਬੀ ਤੋਂ ਚੋਣ ਲੜਾਉਣ ਦੀ ਸਿਫਾਰਸ਼ ਕਰਨਗੇ ਗੁਰਦਾਸ ਬਾਦਲ

ਪਰੱਪਕ ਸਿਆਸੀ ਆਗੂ ਸ. ਗੁਰਦਾਸ ਸਿੰਘ ਬਾਦਲ ਨੇ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੀ.ਪੀ.ਪੀ. ਦੇ ਸੀਨੀਅਰ ਆਗੂ  ਸਤਿੰਦਰਜੀਤ ਸਿੰਘ ਮੰਟਾ ਨੂੰ ਲੰਬੀ ਵਿਧਾਨਸਭਾ ਹਲਕੇ ਤੋਂ ਚੋਣ ਲੜਾਉਣ ਦਾ ਇਸ਼ਾਰਾ ਦਿੰਦਿਆਂ ਕਿਹਾ ਕਿ ਉਹ ਮੰਟਾ ਦੀਆਂ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਬੇਦਾਗ ਸ਼ਖਸੀਅਤ ਕਰਕੇ ਉਸਨੂੰ ਪੀ.ਪੀ.ਪੀ. ਵੱਲੋਂ ਲੰਬੀ ਹਲਕੇ ਤੋਂ ਚੋਣ ਲੜਾਉਣ ਦੀ ਸਿਫਾਰਸ਼ ਕਰਨਗੇ। ਇੱਥੇ ਜ਼ਿਕਰਯੋਗ ਹੈ ਕਿ ਪੀ.ਪੀ.ਪੀ ਦੇ ਮੁੱਖ ਆਗੂ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੇ ਪਿਤਾ ਸ. ਗੁਰਦਾਸ ਸਿੰਘ ਬਾਦਲ ਨੂੰ ਲੰਬੀ ਹਲਕੇ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਹੋਇਆ ਹੈ। ਜਿਸ ਬਾਰੇ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਕਣਸੋਆਂ ਸਮੇਂ-ਸਮੇਂ 'ਤੇ ਸੁਣਨ ਨੂੰ ਮਿਲਦੀਆਂ ਰਹੀਆਂ ਸਨ। ਪਰ ਸ੍ਰੀ ਗੁਰਦਾਸ ਸਿੰਘ ਬਾਦਲ ਨੇ ਅੱਜ ਸਤਿੰਦਰਜੀਤ ਮੰਟਾ ਨੂੰ ਚੋਣ ਲੜਾਉਣ ਦੀ ਸਿਫਾਰਸ਼ ਕਰਨ ਬਾਰੇ ਕਹਿ ਕੇ ਆਪਣੀ ਭਵਿੱਖੀ ਰਣਨੀਤੀ ਨੂੰ ਉਜਾਗਰ ਕੀਤਾ ਹੈ।

1 comment:

  1. ਇਹਦੇ ਜੀਵਨ ਕਾਲ ਬਾਰੇ ਵੀ ਚਰਚਾ ਕਰੋ . ਕਿਵੇ ਨੰਗ ਜੱਟ ਹੁਣ ਪਿੰਡ ਦਾ ਸਬ ਤੋਂ ਅਮੀਰ ਬਣ ਗਯਾ

    ReplyDelete