07 May 2011

ਹਾਈਕੋਰਟ ਦਾ ਵਕੀਲ ਵੀ ਝੱਲ ਰਿਹੈ ਲੰਬੀ ਪੁਲਿਸ ਦੀਆਂ ਵਧੀਕੀਆਂ


                 -6 ਦਿਨਾਂ ਤੋਂ ਲੰਬੀ ਥਾਣੇ ਮੁਹਰੇ ਧਰਨਾ ਲਾ ਕੇ ਮੰਗ ਰਿਹੈ ਇਨਸਾਫ਼-  
                                                                 -ਇਕਬਾਲ ਸਿੰਘ ਸ਼ਾਂਤ-
       ਹਾਕਮਾਂ ਦੇ ਹਲਕੇ ਲੰਬੀ ਵਿਚ ਖਾਕੀ ਦਾ ਜ਼ਬਰ ਇਸ ਕਦਰ ਭਾਰੂ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਇੱਕ ਵਕੀਲ ਵੀ ਲੰਬੀ ਪੁਲਿਸ ਦੀਆਂ ਧੱਕੇਸ਼ਾਹੀਆਂ ਦੀ ਮਾਰ ਝੱਲਣ ਨੂੰ ਮਜ਼ਬੂਰ ਹੈ। ਘਰੇਲੂ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਛਲੇ 6 ਦਿਨਾਂ ਤੋਂ ਲੰਬੀ ਥਾਣਾ ਮੁਹਰੇ ਧਰਨੇ 'ਤੇ ਬੈਠੇ ਵਕੀਲ ਭੁਪਿੰਦਰਪਾਲ ਸਿੰਘ ਢਿੱਲੋਂ ਦੀ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ।
              ਅਕਾਲੀ ਦਲ 1920 ਦੇ ਕਾਰਜਕਾਰਨੀ ਮੈਂਬਰ ਸ: ਭੁਪਿੰਦਰ ਸਿੰਘ ਢਿੱਲੋਂ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਫਤੂਹੀਵਾਲਾ ਨੇ ਧਰਨੇ ਦੌਰਾਨ ਆਪਣੀ ਹੱਡਬੀਤੀ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਜੱਦੀ ਪਿੰਡ ਫਤੂਹੀਵਾਲਾ ਬਲਾਕ ਲੰਬੀ ਵਿਖੇ ਉਨ੍ਹਾਂ ਦਾ ਆਪਣੇ ਸਕੇ ਭਰਾ ਅਮਰੀਕਪਾਲ ਸਿੰਘ ਨਾਲ 2-10-2005 ਨੂੰ ਜੁਬਾਨੀ ਤਬਾਦਲਾ ਹੋਇਆ ਸੀ ਅਤੇ ਉਸ ਮੁਤਾਬਕ ਕਬਜ਼ੇ ਤਬਦੀਲ ਹੋ ਗਏ ਸਨ ਤੇ ਇਸ ਬਾਰੇ ਲਿਖਤ  ਮਿਤੀ 11-12-2005 ਨੂੰ ਹੋਈ ਸੀ। ਜਿਸਨੂੰ ਮਾਣਯੋਗ ਹਾਈਕੋਰਟ ਨੇ ਸਿਵਲ ਰਵੀਜ਼ਨ ਨੰਬਰ 2793/2007 ਦੇ ਹੁਕਮ ਮਿਤੀ 25-8-2009 ਨੇ ਦਰੁੱਸਤ ਮੰਨਿਆ ਹੈ।
ਸ੍ਰੀ ਢਿੱਲੋਂ ਨੇ ਦੱਸਿਆ ਕਿ ਉਹ ਉਦੋਂ ਤੋਂ ਉਕਤ ਜ਼ਮੀਨ 'ਤੇ ਲਗਾਤਾਰ ਬਤੌਰ ਮਾਲਕ ਕਾਬਜ਼ ਹਨ। ਉਨ੍ਹਾਂ ਕਿਹਾ ਕਿ ਅਮਰੀਕਪਾਲ ਸਿੰਘ ਨੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਨੁਕਸਾਨ ਪਹੁੰਚਾਉਣ ਲਈ ਸੰਨ 2006 ਵਿਚ ਉਨ੍ਹਾਂ 'ਤੇ ਖੋਹ ਦਾ  ਝੂਠਾ ਮੁਕੱਦਮਾ ਦਰਜ ਕਰਵਾਇਆ ਸੀ। ਜੋ ਕਿ ਚਾਰ ਵਰ੍ਹਿਆਂ ਦੀ ਖੱਜਲ ਖੁਆਰੀ ਤੋਂ ਬਾਅਦ ਪੰਜਾਬ ਦੇ ਪੁਲਿਸ ਮੁਖੀ ਦੀ ਹੁਕਮਾਂ 'ਤੇ ਖਾਰਜ ਹੋਇਆ। ਸ੍ਰੀ ਢਿੱਲੋਂ ਨੇ ਕਿਹਾ ਕਿ ਕਿ ਬਾਅਦ ਵਿਚ ਪਤਾ ਲੱਗਾ ਕਿ ਮੁਕੱਦਮੇ 'ਚ ਮੁੱਖ ਗਵਾਹ ਚਾਰ ਔਰਤਾਂ ਦਾ ਇਸ ਧਰਤੀ 'ਤੇ ਕੋਈ ਵਜੂਦ ਹੀ ਨਹੀਂ ਹੈ।
             ਉਨ੍ਹਾਂ ਦੱਸਿਆ ਕਿ ਪੁਲਿਸ ਜ਼ਬਰ ਜੁਲਮ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਤੇ ਸਾਲ 2006-07 ਵਿਚ  ਫਿਰ ਲੰਬੀ ਪੁਲਿਸ ਨੇ ਉਸ ਵੱਲੋਂ ਇਸ ਜ਼ਮੀਨ ਵਿਚ ਬੀਜੀ ਹੋਈ ਹਾੜੀ ਦੀ ਫਸਲ ਕਥਿਤ ਤੌਰ 'ਤੇ ਜ਼ਬਰਨ ਅਮਰੀਕਪਾਲ ਸਿੰਘ ਨੂੰ ਕਟਵਾ ਦਿੱਤੀ।
         ਸ੍ਰੀ ਢਿੱਲੋਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਭਰਾ ਅਮਰੀਕਪਾਲ ਸਿੰਘ ਨੇ ਸਿਟਰਸ ਕੌਂਸਲ ਪੰਜਾਬ ਨਾਲ ਕਥਿਤ ਤੌਰ 'ਤੇ ਜਾਅਲੀ ਤੱਥਾਂ ਦੇ ਆਧਾਰ 'ਤੇ ਫਰਜ਼ੀ ਇਕਰਾਰਨਾਮਾ ਕਰਕੇ ਉਕਤ ਜ਼ਮੀਨ 12 ਵਰ੍ਹਿਆਂ ਲਈ ਪੱਟੇ ਦੇਣਦਾ ਝੂਠਾ ਕੀਤਾ।  ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਪੀਲ ਕਰਨ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿਵਲ ਰਵੀਜ਼ਨ ਨੰਬਰ 2793/2007 ਵਿਚ ਦਿੱਤੇ ਮਿਤੀ 25-8-2009 ਦੇ ਹੁਕਮਾਂ ਰਾਹੀਂ ਇਸ ਲਿਖਤ ਤਬਾਦਲੇ ਨੂੰ ਸਹੀ ਮੰਨਿਆ ਅਤੇ ਇਹ ਵੀ ਲਿਖਿਆ ਕਿ ਦਾਅਵਾ ਦਾਇਰ ਹੋਣ ਤੋਂ ਬਾਅਦ ਕਾਗਜਾਤ ਮਾਲ ਦੇ ਇੰਦਰਾਜ ਬੇਮਾਇਨੇ ਹਨ।
          ਘਰੇਲੂ ਵਿਵਾਦ ਦੇ ਤਹਿਤ ਪੁਲਿਸ ਧੱਕੇਸ਼ਾਹੀ ਦਾ ਸੰਤਾਪ ਭੋਗ ਰਹੇ ਭੁਪਿੰਦਰ ਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਲੰਬੀ ਪੁਲਿਸ ਦੀ ਕਥਿਤ ਧੱਕੇਸ਼ਾਹੀਆਂ ਲਗਾਤਾਰ ਜਾਰੀ ਹਨ ਤੇ ਪੁਲਿਸ ਮੁਖੀ ਪੰਜਾਬ ਦੇ ਹੁਕਮ ਨੰਬਰੀ ਸੀ-331 ਮਿਤੀ 11-4-2011 ਦੀ ਘੋਰ ਉਲੰਘਣਾ ਕਰਦਿਆਂ ਲੰਬੀ ਪੁਲਿਸ ਦੇ ਮੁਖੀ ਹਰਿੰਦਰ ਸਿੰਘ ਚਮੇਲੀ ਦੀ ਕਥਿਤ ਸ਼ਹਿ 'ਤੇ ਮੌਜੂਦਾ ਹਾੜੀ ਦੀ ਫਸਲ ਵੀ ਕਿੱਲਿਆਂਵਾਲੀ ਪੁਲਿਸ ਚੌਕੀ ਦੇ ਇੰਚਾਰਜ਼ ਅਜੀਤ ਸਿੰਘ ਨੇ ਮਿਤੀ 30 ਅਪ੍ਰੈਲ 2011 ਨੂੰ ਕਥਿਤ ਤੌਰ 'ਤੇ ਮੌਕੇ 'ਤੇ ਜਾ ਕੇ ਸੰਤੋਖ ਸਿੰਘ ਵਗੈਰਾ ਨੂੰ ਚੁਕਵਾ ਦਿੱਤੀ। ਸ੍ਰੀ ਢਿੱਲੋਂ ਨੇ ਦੋਸ਼ ਲਗਾਇਆ ਕਿ ਉਕਤ ਫਸਲ ਚੁਕਵਾਉਣ ਸਬੰਧੀ ਲਿਖਤੀ ਹੁਕਮ ਮੰਗਣ 'ਤੇ ਚੌਕੀ ਮੁਖੀ ਅਜੀਤ ਸਿੰਘ ਨੇ ਇਸਤੋਂ ਇਨਕਾਰ ਕਰ ਦਿੱਤਾ।
              ਉਨ੍ਹਾਂ ਕਿਹਾ ਕਿ ਇਹ ਸਭ ਕੁਝ ਹਰਿੰਦਰ ਸਿੰਘ ਚਮੇਲੀ ਥਾਣਾ ਮੁਖੀ ਚਮੇਲੀ ਲੰਬੀ ਦੀਆਂ ਹਦਾਇਤਾਂ 'ਤੇ ਹੋ ਰਿਹਾ ਹੈ। ਕਿਉਂਕਿ ਉਸਦੀ ਅਮਰੀਕਪਾਲ ਸਿੰਘ ਨਾਲ ਨਜ਼ਦੀਕੀ ਰਿਸ਼ਤੇਦਾਰੀ ਹੈ ਅਤੇ ਉਸਦਾ ਪੁਲਿਸ ਦੇ ਉੱਚ ਅਧਿਕਾਰੀ ਤੱਕ ਸਿੱਕਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂਕਿ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਬਰੀਕੀ ਨਾਲ ਛਾਣਬੀਣ ਕਰਨ ਦੇ ਦਾਅਵੇ ਕੀਤੇ ਜਾ ਰਹੇ ਪਰ ਉਨ੍ਹਾਂ ਨੂੰ ਇਸ ਬਾਰੇ ਪੁਲਿਸ ਵੱਲੋਂ ਅੱਜ ਤੱਕ ਕਦੇ ਵੀ ਨਹੀਂ ਪੁੱਛਿਆ। ਸ੍ਰੀ ਢਿੱਲੋਂ ਨੇ ਕਿਹਾ ਕਿ ਪੁਲਿਸ ਵੱਲੋਂ ਨਿਆਂ ਨਾ ਮਿਲਣ ਕਰਕੇ ਹੁਣ ਅਦਾਲਤੀ ਕਾਰਵਾਈ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧ ਵਿਚ ਦੂਜੀ ਧਿਰ ਅਮਰੀਕਪਾਲ ਸਿੰਘ ਹੁਰਾਂ ਨਾਲ ਵਾਰ-ਵਾਰ ਸੰਪਰਕ ਕਰਨ 'ਤੇ ਉਨ੍ਹਾਂ ਵੱਲੋਂ ਮੋਬਾਇਲ ਨੰਬਰ 098140-56781 ਤੋਂ ਕਾਲ ਰਸੀਵ ਨਹੀਂ ਕੀਤੀ ਗਈ।
              ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਇੰਦਰਮੋਹਣ ਸਿੰਘ ਨੇ ਸੰਪਰਕ ਕਰਨ 'ਤੇ ਕਿਹਾ ਕਿ ਇਹ ਘਰੇਲੂ ਵਿਵਾਦ ਹੈ ਤੇ ਇਸ ਬਾਰੇ ਮਾਮਲਾ ਅਦਾਲਤ ਦੇ ਵਿਚਾਰਧੀਨ ਹੈ। ਅਜਿਹੇ ਵਿਚ ਥਾਣੇ ਮੁਹਰੇ ਧਰਨਾ ਦੇਣ ਦਾ ਤੁੱਕ ਨਹੀਂ ਬਣਦਾ।

No comments:

Post a Comment