20 April 2020

Breaking News: ਹਰਸਿਮਰਤ ਦਾ ਦਖ਼ਲ: ਕੈਂਸਰ ਇੰਸਟੀਚਿਊਟ 'ਚੋਂ ਕੋਵਿਡ-19 ਆਇਸੋਲੇਸ਼ਨ ਸੈਂਟਰ ਤਬਦੀਲ ਕਰਨ ਦੀ ਤਿਆਰੀ ਸ਼ੁਰੂ


ਇਕਬਾਲ ਸਿੰਘ ਸ਼ਾਂਤ/ਬੁਲੰਦ ਸੋਚ ਬਿਊਰੋ
ਬਠਿੰਡਾ: ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਕੋਰੋਨਾ ਮਹਾਮਾਰੀ ਦੇ ਕੇਂਦਰੀ ਫੰਡਾਂ ਅਤੇ ਸਿਹਤ ਸੇਵਾਵਾਂ ਨੂੰ ਲੈ ਭਖੀ ਸੋਸ਼ਲ ਮੀਡੀਆ ਜੰਗ ਵਿੱਚਕਾਰ ਸੂਬਾ ਸਰਕਾਰ ਦੇਰ ਸ਼ਾਮ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਗੌਰ ਕਰਦੀ ਵਿਖਾਈ ਦਿੱਤੀ। ਜਿਸ ਤਹਿਤ ਐਡਵਾਂਸਡ ਕੈਂਸਰ ਰਿਸਰਚ ਇੰਸਟੀਚਿਊਟ ਬਠਿੰਡਾ ਵਿਖੇ ਬਣਾਏ ਆਰਜ਼ੀ ਕੋਵਿਡ-19 ਆਈਸੋਲੇਸ਼ਨ ਸੈਂਟਰ ਨੂੰ ਹਟਾਉਣ ਬਾਰੇ ਕੇਂਦਰੀ ਮੰਤਰੀ ਦੀ ਮੰਗ 'ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਬੀਤੇ ਪਰਸੋਂ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਕੈਂਸਰ ਮਰੀਜਾਂ ਦੀ ਘੱਟ ਇਮਿਊਨਿਟੀ ਸਿਸਟਮ ਕਰਕੇ ਕੈਂਸਰ ਹਸਪਤਾਲ ਵਿਖੇ ਸਥਿਤ ਆਇਸੋਲੇਸ਼ਨ ਸੈਂਟਰ ਨੂੰ ਦੋਹਰਾ ਖ਼ਤਰਾ ਦੱਸਿਆ ਸੀ ਤੇ ਇਸਨੂੰ ਸੂਚੀ 'ਚੋਂ ਬਾਹਰ ਕਰਨ ਦੀ ਮੰਗ ਕੀਤੀ ਸੀ। ਇੱਥੇ ਕੈਂਸਰ ਦੇ ਸੈਂਕੜੇ ਮਰੀਜਾਂ ਦਾ ਇਲਾਜ ਚੱਲਦਾ ਹੈ।  ਸਿਹਤ ਵਿਭਾਗ ਨੇ ਕੈਂਸਰ ਇੰਸਟੀਚਿਊਟ ਵਿਖੇ ਕੋਵਿਡ ਦੇ 80 ਮਰੀਜਾਂ ਲਈ ਆਇਸੋਲੇਸ਼ਨ ਸੈਂਟਰ ਸਥਾਪਿਤ ਕੀਤਾ ਸੀ। ਕੇਂਦਰੀ ਮੰਤਰੀ ਨੇ ਪੱਤਰ ਵਿਚ ਸੂਬਾ ਸਰਕਾਰ ਕੋਲ ਇਸ ਲਾਪਰਵਾਹੀ ਨੂੰ ਉਜਾਗਰ ਕਰਕੇ ਸਰਕਾਰ ਦੀ ਜ਼ਮੀਨੀ ਪੱੱਧਰ 'ਤੇ ਮਹਾਮਾਰੀ ਪ੍ਰਤੀ ਗੰਭੀਰਤਾ 'ਤੇ ਸੁਆਲ ਉਠਾਇਆ ਸੀ। ਅੱਜ ਦੇਰ ਸ਼ਾਮ ਹਰਸਿਮਰਤ ਕੌਰ ਬਾਦਲ ਦੇ ਲੋਕਸਭਾ ਦਫ਼ਤਰ ਇੰਚਾਰਜ਼ ਰਾਜਦੀਪ ਸਿੰਘ ਨੇ ਦੱਸਿਆ ਕਿ ਕੇਂਦਰੀ ਮੰਤਰੀ ਦੇ ਸੁਝਾਵਾਂ ਦੇ ਆਰਜ਼ੀ ਕੋਵਿਡ-19 ਦੇ ਆਇਸੋਲੇਸ਼ਨ ਵਾਰਡ ਦੇ ਬੈੱਡ ਹਟਾਉਣੇ ਸ਼ੁਰੂ ਕਰ ਦਿੱਤੇ ਹਨ। ਸਿਹਤ ਪ੍ਰਸ਼ਾਸਨ ਨੇ ਐਡਵਾਂਸਡ ਕੈਂਸਰ ਰਿਸਰਚ ਇੰਸਟੀਚਿਊਟ ਦੀ ਪਹਿਲੀ ਮੰਜਿਲ 'ਤੇ ਸਥਾਪਿਤ ਕੀਤਾ ਸੀ | ਇਹ ਕੈਂਸਰ ਦੇ ਮਰੀਜਾਂ ਲਈ ਰਾਹਤ ਵਾਲੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਦਾ ਆਇਸੋਲੇਸ਼ਨ ਸੈਂਟਰ ਬਣਾਉਣ ਲਈ ਕੈਂਸਰ ਦੇ ਮਰੀਜਾਂ ਦੇ ਰੇਡੀਓਥੈਰੇਪੀ ਵਾਰਡ ਨੂੰ ਕੰਟੀਨ ਕੰਪਲੈਕਸ ਅਤੇ ਆਪ੍ਰੇਸ਼ਨ ਥੀਏਟਰ ਅਤੇ ਆਈ.ਸੀ.ਯੂ. ਗਰਾਉਂਡ ਫਲੋਰ 'ਤੇ ਤਬਦੀਲ ਕਰ ਦਿੱਤਾ ਸੀ। ਹੈਰਾਨੀ ਦੀ ਗੱਲ ਹੈ ਕਿ ਕੀਮੋਥੈਰੇਪੀ ਸੈਂਟਰ ਨੂੰ ਹਸਪਤਾਲ ਕੰਪਲੈਕਸ 'ਚ ਸਥਿਤ ਧਰਮਸ਼ਾਲਾ ਵਿਖੇ ਬਦਲ ਦਿੱਤਾ ਗਿਆ ਸੀ। ਬਠਿੰਡਾ ਦੇ ਸਿਵਲ ਸਰਜਨ ਡਾ. ਅਮਰੀਕ ਸਿੰਘ ਨੇ ਆਖਿਆ ਕਿ ਕੈਂਸਰ ਦੇ ਮਰੀਜਾਂ ਦੀ ਇਮਿਊਨਿਟੀ ਦੀ ਸਮੱਸਿਆ ਦੇ ਮੱਦੇਨਜ਼ਰ ਉਥੋਂ ਮੌਖਿਕ ਸਰਕਾਰੀ ਹੁਕਮਾਂ 'ਤੇ ਆਇਸੋਲੇਸ਼ਨ ਕੇਂਦਰ ਦੇ ਬੈੱਡ ਵਗੈਰਾ ਹਟਵਾਉਣੇ ਸ਼ੁਰੂ ਕਰ ਦਿੱਤੇ ਹਨ।

No comments:

Post a Comment