13 April 2020

ਜਜ਼ਬਾ: ਜਦੋਂ ਚਾਦਰਾਂ ਧੋਣ ਦੀ ਸੇਵਾ ਵਿਚ ਜੁਟ ਗਏ ਦੋ ਅਫਸਰ

         ਮਨੋਜ ਸ਼ਰਮਾ/ਬੁਲੰਦ ਸੋਚ ਬਿਊਰੋ
ਬਠਿੰਡਾ: ਜਦ ਪੂਰੀ ਦੁਨੀਆਂ ਵਿਚ ਕੋਰੋਨਾ ਦਾ ਕਹਿਰ ਵਰ੍ਹ ਰਿਹਾ ਹੈ। ਆਪਣੇ ਵੀ ਪਾਸਾ ਵੱਟ ਰਹੇ ਹਨ। ਅਜਿਹੇ ਵਿਚ ਬਠਿੰਡਾ ਦੇ ਐਸ.ਡੀ.ਐਮ. ਅਤੇ ਤਹਿਸੀਲਦਾਰ ਮਿਥੇ ਸਰਕਾਰੀ ਫਰਜ਼ਾਂ ਤੋਂ ਅਗਾਂਹ ਵੱਧ ਕੇ ਜ਼ਮੀਨੀ ਪੱਧਰ 'ਤੇ ਬਤੌਰ ਵਲੰਟੀਅਰ ਜੁਟ ਗਏ ਹਨ। ਦੋਵੇਂ ਅਧਿਕਾਰੀ ਬਠਿੰਡਾ ਦੇ ਆਇਸੋਲੇਸ਼ਨ 
ਵਾਰਡ ਵਿਚ ਬੈੱਡਾਂ ਦੀਆਂ ਚਾਦਰਾਂ ਅਤੇ ਹੋਰ ਸਮਾਨ ਧੋਣ ਵਿਚ ਹੱਥ ਵੰਡਾਉਂਦੇ ਨਜ਼ਰ ਆਏ ਰਹੇ ਹਨ। ਦਰਅਸਲ ਮੈਰੀਟੋਰੀਅਸ ਸਕੂਲ ਵਿਚ ਬਣੇ ਆਇਸੋਲੇਸ਼ਨ ਵਾਰਡ ਵਿਚ ਜਿੱਥੇ ਪਿੱਛਲੇ ਦਿਨੀਂ ਕੁਝ ਲੋਕਾਂ ਨੂੰ ਰੱਖਿਆ ਗਿਆ ਸੀ ਉਥੇ ਲਗਾਏ ਬੈਡਾਂ ਦੀਆਂ ਚਾਦਰਾਂ, ਸਿਰਹਾਣਿਆਂ ਦੇ ਕਵਰ ਅਤੇ ਹੋਰ ਕਪੜੇ ਧੋਣ ਦੀ ਸਮੱਸਿਆ ਪੈਦਾ ਹੋ ਗਈ ਸੀ। ਜਿਸ ਬਾਰੇ ਡਰ ਬਣਿਆ ਹੋਇਆ ਸੀ ਕਿ ਇੱਥੇ ਜੋ ਲੋਕ ਰਹਿ ਕੇ ਗਏ ਹਨ ਕਿਤੇ ਉਨਾਂ ਕਾਰਨ ਇੰਨਾਂ ਕਪੜਿਆਂ ਨੂੰ ਧੋਣ ਸਮੇਂ ਉਨਾਂ 'ਤੇ ਹੀ ਵਾਇਰਸ ਦਾ ਹਮਲਾ ਨਾ ਹੋ ਜਾਵੇ। ਸਟਾਫ ਦੇ ਮਨ ਵਿਚੋਂ ਡਰ ਕੱਢਣ ਲਈ ਬਠਿੰਡਾ ਦੇ ਐਸ.ਡੀ.ਐਮ. ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਅੱਗੇ ਆਏ।
ਦੋਵਾਂ ਨੇ ਨੌਜਵਾਨ ਵੇਲਫੇਅਰ ਸੁਸਾਇਟੀ ਦੇ ਵਲੰਟੀਅਰਜ ਅਤੇ ਅਮਲੇ ਨੂੰ ਹੱਲਾਸ਼ੇਰੀ ਦਿੰਦਿਆ ਖੁਦ ਵੀ ਆਇਸੋਲੇਸ਼ਨ ਵਾਰਡ ਦੀ ਸਫਾਈ ਅਤੇ ਚਾਦਰਾਂ ਧੋਣ ਦੇ ਕਾਰਜ ਦਾ ਹਿੱਸਾ ਬਣ ਗਏ। ਇਸ ਦੌਰਾਨ ਡਾਕਟਰੀ ਸਲਾਹ ਅਨੁਸਾਰ ਬਕਾਇਦਾ ਸਾਰੀਆਂ ਸਾਵਧਾਨੀਆਂ ਵੀ ਵਰਤੀਆਂ ਗਈਆਂ। ਨੌਜਵਾਨ ਵੇਲਫੇਅਰ ਸੁਸਾਇਟੀ ਦੇ ਆਗੂ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਸਬੰਧੀ ਸਟਾਫ ਦੇ ਮਨ ਵਿਚੋਂ ਡਰ ਕੱਢਣ ਲਈ ਇਨ੍ਹਾਂ ਅਫਸਰਾਂ ਦੇ ਹੌਂਸਲੇ ਨਾਲ ਬਾਕੀ ਸਟਾਫ ਵੀ ਖੌਫ ਨੂੰ ਤਿਆਗ ਕੇ ਕੋਰੋਨਾ ਮਰੀਜਾਂ ਨਾਲ ਜੁੜੀਆਂ ਵਸਤਾਂ ਦੀ ਸਫਾਈ ਵਿਚ ਜੁਟ ਗਿਆ। ਜਿਕਰਯੋਗ ਹੈ ਕਿ ਕਿਸੇ ਸ਼ੱਕੀ ਦੇ ਨਮੂਨੇ ਲਏ ਜਾਂਦੇ ਹਨ ਤਾਂ ਉਨਾਂ ਨੂੰ ਅਹਿਤਿਹਾਤ ਵਜੋਂ ਆਇਸੋਲੇਸ਼ਨ ਵਾਰਡ ਵਿਚ ਰੱਖਿਆ ਜਾਂਦਾ ਹੈ।

1 comment: