30 April 2020

ਪੰਜਾਬ ਸਰਕਾਰ ਨੇ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਜਾਂਚ 'ਚ ਵਰਤੀ ਹਦੋਂ-ਵੱਧ ਅਣਗਹਿਲੀ: ਹਰਸਿਮਰਤ ਕੌਰ ਬਾਦਲ

* ਦੋਸ਼: ਪੰਜਾਬ ਸਰਕਾਰ ਦੀ ਸਿਰੇ ਦੀ ਨਾਲਾਇਕੀ ਦਾ ਨਤੀਜਾ ਹਨ ਪਾਜ਼ਿਟਿਵ ਮਾਮਲੇ

ਇਕਬਾਲ ਸਿੰਘ ਸ਼ਾਂਤ  
ਲੰਬੀ: ਫੂਡ ਪ੍ਰੋਸੈਸਿੰਗ ਸਨਅਤ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਪੰਜਾਬ ਸਰਕਾਰ ਨੂੰ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸਾਰੇ ਸ਼ਰਧਾਲੂਆਂ ਦੀ ਟੈਸਟਿੰਗ ਲਾਜਮੀ ਤੌਰ 'ਤੇ ਕਰਵਾਉਣ ਲਈ ਅਗਾਊਂ ਚੌਕਸ ਕੀਤਾ ਸੀ। ਪੰਜਾਬ ਸਰਕਾਰ ਨੇ ਉਨ੍ਹਾਂ ਦੀ ਅਪੀਲ ਨੂੰ ਅਣਗੌਲਿਆ ਕਰਦਿਆਂ ਬਿਨਾਂ ਟੈਸਟ ਕੀਤਿਆਂ ਸਭ ਨੂੰ ਘਰੋ-ਘਰੀ ਭੇਜ ਦਿੱਤਾ। ਕੇਂਦਰੀ ਮੰਤਰੀ ਨੇ ਪਿੰਡ ਬਾਦਲ ਤੋਂ ਗੱਲਬਾਤ ਵਿਚ ਆਖਿਆ ਕਿ ਸੂਬਾ ਸਰਕਾਰ ਦੀ ਇਸੇ ਕੁਤਾਹੀ ਦਾ ਹੀ ਨਤੀਜਾ
ਹੈ ਕਿ ਜਿੱਥੇ ਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਤੇਜ਼ੀ ਨਾਲ ਵਧਿਆ, ਉੱਥੇ ਹੀ ਤਰਨ ਤਾਰਨ ਅਤੇ ਬਠਿੰਡਾ ਵਰਗੇ ਗ੍ਰੀਨ ਜ਼ੋਨ ਵਾਲੇ ਜ਼ਿਲ੍ਹਿਆਂ ਵਿੱਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਇਸ 'ਚ ਪੰਜਾਬ ਸਰਕਾਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਾਲਾਇਕੀ ਸਾਫ਼ ਨਜ਼ਰ ਆ ਰਹੀ ਹੈ। ਜੇਕਰ ਇਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਟੈਸਟ ਕਰਵਾ ਕੇ ਰਿਪੋਰਟ ਆਉਣ ਤੱਕ ਪੂਰੇ ਇੰਤਜ਼ਾਮ ਅਤੇ ਸਤਿਕਾਰ ਦੇ ਨਾਲ ਇਕਾਂਤਵਾਸ ਵਿੱਚ ਰੱਖਿਆ ਜਾਂਦਾ ਤਾਂ ਕੋਰੋਨਾ ਦਾ ਫ਼ੈਲਾਅ ਨਾ ਹੁੰਦਾ।
         ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖ਼ੁਦ ਵੀ ਇੱਕ ਇੰਟਰਵਿਊ ਵਿੱਚ ਇਹ ਗੱਲ ਕਬੂਲ ਕੀਤੀ ਹੈ ਕਿ ਉਨ੍ਹਾਂ ਤੋਂ ਕੁਤਾਹੀ ਹੋਈ ਹੈ, ਤੇ ਉਹ ਟੈਸਟਿੰਗ ਦੇ ਮਾਮਲੇ 'ਚ ਭੁੱਲ ਕਰ ਬੈਠੇ ਹਨ।  
ਉਨ੍ਹਾਂ ਕੂੜ ਦੁਹਰਾਇਆ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਜਿੱਥੇ ਵੱਖ ਵੱਖ ਮੱਦਾਂ ਹੇਠ ਪਿਛਲੇ ਇੱਕ ਮਹੀਨੇ ਵਿੱਚ 5,000 ਕਰੋੜ ਰੁਪਏ ਤੋਂ ਵੀ ਵੱਧ ਫ਼ੰਡ ਭੇਜੇ ਗਏ ਹਨ, ਉੱਥੇ ਹੀ ਡਿਜ਼ਾਸਟਰ ਰਿਲੀਫ਼ ਲਈ 247 ਕਰੋੜ ਰੁਪਏ ਅਤੇ ਕੌਮੀ ਪੇਂਡੂ ਸਿਹਤ ਮਿਸ਼ਨ ਅਧੀਨ 112 ਕਰੋੜ ਰੁਪਏ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਵੱਖਰੇ ਤੌਰ 'ਤੇ ਭੇਜੇ ਗਏ ਸਨ। ਜਿਸ ਦੇ ਬਾਵਜੂਦ ਸੂਬਾ ਸਰਕਾਰ ਲੋਕਾਂ ਦੇ ਟੈਸਟ ਨਾ ਕਰਕੇ ਉਨ੍ਹਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੀ ਹੈ।
         ਸ੍ਰੀਮਤੀ ਬਾਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਵਿਆਪੀ ਲੌਕਡਾਊਨ ਕਾਰਨ ਸ੍ਰੀ ਹਜ਼ੂਰ ਸਹਿਬ, ਨਾਂਦੇੜ ਵਿਖੇ ਯਾਤਰਾ 'ਤੇ ਗਏ ਸ਼ਰਧਾਲੂਆਂ ਦੇ ਵਾਰ-ਵਾਰ ਫ਼ੋਨ ਅਤੇ ਸੁਨੇਹੇ ਪਹੁੰਚ ਰਹੇ ਸੀ ਕਿ ਉਹ ਉੱਥੇ ਫ਼ਸੇ ਹੋਏ ਹਨ, ਤੇ ਉਨ੍ਹਾਂ ਨੂੰ ਉੱਥੋਂ ਛੇਤੀ ਕੱਢਿਆ ਜਾਵੇ। ਸੂਬਾ ਸਰਕਾਰ ਵੱਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਅਤੇ ਲੋਕਾਂ ਦੀ ਮੰਗ ਦੇ ਮੱਦੇਨਜ਼ਰ, ਕੇਂਦਰੀ ਮੰਤਰੀ ਹੋਣ ਅਤੇ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਣ ਕਰਕੇ ਉਨ੍ਹਾਂ ਇਹ ਮਾਮਲਾ ਚੁੱਕਿਆ। ਇਸ ਬਾਰੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਅਤੇ ਗ੍ਰਹਿ ਮੰਤਰੀ ਨਾਲ ਬੈਠਕ ਕੀਤੀ। ਇਸ ਤੋਂ ਬਾਅਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਉੱਥੋਂ ਦੇ ਮੁੱਖ ਸਕੱਤਰ ਨਾਲ ਵੀ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਜਦੋਂ ਸ਼ਰਧਾਲੂਆਂ ਦੀ ਵਾਪਸੀ ਸਾਰਾ ਰਾਹ ਪੱਧਰ ਹੋ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਹਾਰਾਸ਼ਟਰਾ ਪ੍ਰਧਾਨ ਨੇ ਬੱਸਾਂ ਦਾ ਇੰਤਜ਼ਾਮ ਕਰਕੇ ਉਨ੍ਹਾਂ ਨੂੰ ਭੇਜਣ ਦਾ ਕੰਮ ਅਰੰਭ ਕਰ ਦਿੱਤਾ, ਤਾਂ ਕਿਤੇ ਜਾ ਕੇ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਵਿਚੋਂ ਜਾਗੀ ਅਤੇ ਸਰਕਾਰੀ ਤੌਰ 'ਤੇ ਬੱਸਾਂ ਭੇਜਣ ਦਾ ਫ਼ੈਸਲਾ ਲਿਆ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬੇ ਤੋਂ ਬਾਹਰ ਫ਼ਸੇ ਲੋਕਾਂ ਨੂੰ ਪੰਜਾਬ ਲਿਆਉਣ ਲਈ ਮੱਦਦ ਕਰਨਾ, ਪੰਜਾਬ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਸੀ। ਇਨ੍ਹਾਂ ਵਿਚੋਂ ਬਹੁਤੇ ਸ਼ਰਧਾਲੂ ਕਿਸਾਨੀ ਪਰਿਵਾਰਾਂ ਨਾਲ ਸੰਬੰਧ ਰੱਖਣ ਵਾਲੇ ਹੈ ਅਤੇ ਇਸ ਵੇਲੇ ਕਣਕ ਦੀ ਵਾਢੀ ਦਾ ਸਮਾਂ ਚੱਲ ਰਿਹਾ ਹੈ ਜਿਸ ਕਰਕੇ ਉਨ੍ਹਾਂ ਦੀ ਚਿੰਤਾ ਹੋਰ ਵਧੇਰੇ ਸੀ।

No comments:

Post a Comment