16 January 2012

ਲੰਬੀ 'ਚ ਅਕਾਲੀ ਦਲ (ਬ) ਦੇ 31 ਹਜ਼ਾਰ ਝੰਡਿਆਂ ਨਾਲ ਭਰੀ ਗੱਡੀ ਚੋਣ ਕਮਿਸ਼ਨ ਦੀ ਟੀਮ ਅੜਿੱਕੇ ਚੜ੍ਹੀ


-ਝੰਡਿਆਂ 'ਤੇ ਤੱਕੜੀ ਦੇ ਨਿਸ਼ਾਨ ਤੋਂ ਇਲਾਵਾ ਵੱਡੇ ਬਾਦਲ, ਸੁਖਬੀਰ  ਤੇ ਹਰਸਿਮਰਤ ਕੌਰ ਦੀਆਂ ਛਪੀਆਂ ਸਨ ਤਸਵੀਰਾਂ-
                                                        ਇਕਬਾਲ ਸਿੰਘ ਸ਼ਾਂਤ
               ਲੰਬੀ : ਐਤਕੀਂ ਚੋਣ ਜ਼ਾਬਤੇ ਦੀ ਸਖ਼ਤੀ ਖੂਬ ਰੰਗ ਵਿਖਾ ਰਹੀ ਹੈ ਤੇ ਚੋਣ ਕਮਿਸ਼ਨ ਦੇ ਲੰਮੇ ਹੱਥਾਂ ਤੋਂ ਪੰਜਾਬ ਦਾ ਵੀ.ਆਈ.ਪੀ. ਹਲਕਾ ਲੰਬੀ ਵੀ ਵਾਂਝਾ ਨਹੀਂ ਰਿਹਾ।
              ਅੱਜ ਚੋਣ ਕਮਿਸ਼ਨ ਦੀ ਇੱਕ ਵੀਡੀਓਗਰਾਫ਼ੀ ਟੀਮ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਹਲਕੇ ਲੰਬੀ ਵਿਖੇ ਅਕਾਲੀ ਦਲ (ਬ) ਵਾਲੇ ਝੰਡਿਆਂ ਨਾਲ ਭਰਿਆ ਇੱਕ ਪਿਕਅਪ ਡਾਲਾ ਕਾਬੂ ਕੀਤਾ। ਬਰਾਮਦ ਕੀਤੇ ਝੰਡਿਆ ਦੀ ਗਿਣਤੀ ਲਗਭਗ 31 ਹਜ਼ਾਰ ਦੱਸੀ ਜਾਂਦੀ ਹੈ। ਜਿਨ੍ਹਾਂ 'ਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਦੀਆਂ ਤਸਵੀਰਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਬ) ਦਾ ਚੋਣ ਨਿਸ਼ਾਨ 'ਤੱਕੜੀ' ਵੀ ਛਪਿਆ ਹੋਇਆ ਸੀ। ਜਿਨ੍ਹਾਂ ਦੀ ਕੀਮਤ ਲੱਖਾਂ ਰੁਪਏ ਮੰਨੀ ਜਾ ਰਹੀ ਹੈ।
          ਇਹ ਝੰਡਿਆਂ ਨਾਲ ਭਰਿਆ ਡਾਲਾ ਚੋਣ ਕਮਿਸ਼ਨ ਦੀ ਗੁਰਮੀਤ ਸਿੰਘ (ਜ਼ਿਲ੍ਹਾ ਭਲਾਈ ਅਫਸਰ) ਦੀ ਅਗਵਾਈ ਵਾਲੀ ਇੱਕ ਵੀਡੀਓਗਰਾਫ਼ੀ ਟੀਮ ਦੇ ਉਸ ਵੇਲੇ ਅੜਿੱਕੇ ਚੜ੍ਹ ਗਿਆ, ਜਦੋਂ ਉਸਦਾ ਡਰਾਈਵਰ ਅਤੇ ਝੰਡਿਆ ਦਾ ਸਪਲਾਇਰ ਉਕਤ ਖੇਪ ਨੂੰ ਕਿਧਰੇ ਲਾਹੁਣ ਦੀ ਤਿਆਰੀ ਵਿਚ ਸਨ। ਇਸੇ ਦੌਰਾਨ ਫਲਾਇੰਕ ਸਕੂਐਡ ਟੀਮ ਦੇ ਮੁਖੀ ਗੁਰਮੀਤ ਸਿੰਘ ਨਾਇਬ ਤਹਿਸੀਲਦਾਰ ਅਤੇ ਲੰਬੀ ਥਾਣੇ ਦੇ ਸਬ ਇੰਸਪੈਕਟਰ ਬੰਤਾ ਸਿੰਘ ਨੇ ਪੁਲਿਸ ਸਮੇਤ ਪੁੱਜੇ ਪਿਕਅਪ ਡਾਲਾ ਨੰਬਰ ਪੀ.ਬੀ.11 ਏ.ਆਰ/9502 ਨੂੰ ਕਬਜ਼ੇ ਲੈ ਕੇ ਲੰਬੀ ਥਾਣੇ ਵਿਚ ਲੈ ਗਏ।
         
              ਜਿੱਥੇ ਪੁੱਛ-ਗਿੱਛ ਦੌਰਾਨ ਝੰਡਿਆਂ ਨੂੰ ਕਾਬੂ ਕੀਤੇ ਵਿਅਕਤੀਆਂ ਦੀ ਸ਼ਨਾਖ਼ਤ ਯਸ਼ਪਾਲ ਵਾਸੀ ਪਟਿਆਲਾ, ਸੋਨੂੰ ਕੁਮਾਰ ਵਾਸੀ ਸ਼ੇਖਪੁਰਾ ਵਜੋਂ ਹੋਈ। ਇਸੇ ਦੌਰਾਨ ਵਿਧਾਨਸਭਾ ਹਲਕਾ ਲੰਬੀ ਦੇ ਰਿਟਰਨਿੰਗ ਅਫਸਰ ਸ੍ਰੀ  ਸੰਦੀਪ ਰਿਸ਼ੀ ਵੀ ਮੌਕੇ 'ਤੇ ਪਹੁੰਚ ਗਏ। ਜਿਨ੍ਹਾਂ ਨੇ ਉਕਤ ਮਾਮਲੇ ਬਾਰੇ ਲੰਬੀ ਦੇ ਥਾਣਾ ਮੁਖੀ, ਫਲਾਇੰਗ ਸਕੂਐਡ ਦੇ ਮੁਖੀ ਗੁਰਮੀਤ ਸਿੰਘ ਵੀਡੀਓਗਰਾਫ਼ੀ ਟੀਮ ਦੇ ਮੁਖੀ ਗੁਰਮੀਤ ਸਿੰਘ (ਜ਼ਿਲ੍ਹਾ ਭਲਾਈ ਅਫਸਰ) ਤੋਂ ਸਮੁੱਚੇ ਮਾਮਲੇ ਦੀ ਜਾਣਕਾਰੀ ਲਈ।
               
                  ਲੰਬੀ ਥਾਣੇ ਵਿਚ ਝੰਡਿਆਂ ਦੇ ਸਪਲਾਇਰ ਸ੍ਰੀ ਯਸ਼ਪਾਲ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਤੱਕ ਪੋਲੀਥੀਨ ਦੇ ਲਿਫਾਫਿਆਂ ਦਾ ਕਾਰੋਬਾਰ ਕਰਦਾ ਸੀ। ਪਰ ਸਰਕਾਰ ਵੱਲੋਂ ਪੋਲੀਥੀਨ ਦੇ ਕਾਰੋਬਾਰ 'ਤੇ ਨੱਥ ਪਾਉਣ ਉਪਰੰਤ ਉਹ ਰੋਜੀ-ਰੋਟੀ ਚਲਾਉਣ ਲਈ ਚੋਣ ਸਮੱਗਰੀ ਦੇ ਕਿੱਤੇ ਨਾਲ ਜੁੜਿਆ ਸੀ ਪਰ ਅੱਜ ਪੁਲਿਸ ਵੱਲੋਂ ਚੋਣ ਸਮੱਗਰੀ ਦੇ ਨਾਲ ਫੜਣ ਨਾਲ ਜਿੱਥੇ ਉਸਦੇ ਰੁਜ਼ਗਾਰ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ, ਉਥੇ ਪੁਲਿਸ ਵੱਲੋਂ ਜ਼ਬਤ ਕੀਤੇ ਇਨ੍ਹਾਂ ਝੰਡਿਆਂ 'ਤੇ ਆਈ ਲਾਗਤ ਅਤੇ ਕਾਰੀਗਰਾਂ ਦੀ ਮਜ਼ਦੂਰੀ ਦੀ ਉਸਦੇ ਸਿਰ ਪਵੇਗੀ। ਉਸ ਅਨੁਸਾਰ ਪਿਕਅਪ ਡਾਲੇ ਵਿਚ ਵੱਖ-ਵੱਖ ਸਾਇਜ਼ਾਂ ਅਨੁਸਾਰ 40 ਤੋਂ 50 ਹਜ਼ਾਰ ਝੰਡੇ ਦੇ ਕਰੀਬ ਲੱਦੇ ਹੋਏ ਹਨ।
           ਜਦੋਂ ਉਸਨੂੰ ਪੁੱਛਿਆ ਗਿਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਲੰਬੀ ਵਿਖੇ ਕਿਸਨੂੰ ਸਪਲਾਈ ਕਰਨ ਜਾ ਰਿਹਾ ਸੀ ਤਾਂ ਯਸ਼ਪਾਲ ਕੋਈ ਪੁਖ਼ਤਾ ਜਵਾਬ ਨਾ ਦੇ ਸਕਿਆ ਅਤੇ ਉਸਨੇ ਸਿਰਫ਼ ਇੰਨਾ ਕਿਹਾ ਹੀ ਕਿਹਾ ਕਿ ਉਹਦੇ ਕੋਲ ਕਿਸੇ ਦਾ ਆਰਡਰ ਨਹੀਂ ਸੀ। ਉਹ ਤਾਂ ਖੁੱਲ੍ਹੇ ਤੌਰ 'ਤੇ ਝੰਡੇ ਵੇਚਣ ਲਈ ਆਇਆ ਸੀ।

          ਲੰਬੀ ਥਾਣੇ ਵਿਖੇ ਰਿਟਰਨਿੰਗ ਅਫਸਰ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਇਨ੍ਹਾਂ ਝੰਡਿਆਂ ਨੂੰ ਜ਼ਬਤ ਕਰਕੇ ਲੰਬੀ ਪੁਲਿਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

               ਇਸੇ ਦੌਰਾਨ ਲੰਬੀ ਥਾਣਾ ਦੇ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਦੱਸਿਆ ਕਿ ਗੁਰਮੀਤ ਸਿੰਘ (ਜ਼ਿਲ੍ਹਾ ਭਲਾਈ ਅਫਸਰ) ਦੀ ਸ਼ਿਕਾਇਤ 'ਤੇ ਝੰਡੇ ਅਤੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਯਸ਼ਪਾਲ ਪੁੱਤਰ ਮਦਨ ਗੋਪਾਲ ਵਾਸੀ ਅਰਬਨ ਸਟੇਟ, ਪਟਿਆਲਾ, ਸੋਨੂੰ ਕੁਮਾਰ ਪੁੱਤਰ ਰਾਜਿੰਦਰ ਸਿੰੰਘ ਵਾਸੀ ਸ਼ੇਖਪੁਰਾ (ਪਟਿਆਲਾ) ਖਿਲਾਫ਼ ਧਾਰਾ 127-ਏ ਰਿਪਰੈਜੈਂਟੇਸ਼ਨ ਆਫ਼ ਪੀਪਲ ਐਕਟ 1951 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸਬ ਇੰਸਪੈਕਟਰ ਬੰਤਾ ਸਿੰਘ ਦੇ ਅਨੁਸਾਰ ਪਿਕਅਪ ਡਾਲੇ ਵਿਚ ਗਿਣਤੀ ਦੌਰਾਨ 62 ਗੱਟੇ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ ਪ੍ਰਤੀ ਗੱਟੇ ਵਿਚ 500 ਦੇ ਹਿਸਾਬ ਨਾਲ 31 ਹਜ਼ਾਰ ਝੰਡੇ ਸਨ।
         
             ਲੰਬੀ ਹਲਕੇ ਵਿਚ ਸ਼੍ਰ੍ਰੋਮਣੀ ਅਕਾਲੀ (ਬ) ਦੇ ਝੰਡਿਆਂ ਨਾਲ ਭਰੀ ਗੱਡੀ ਫੜੇ ਜਾਣ ਦੀ ਖੂਬ ਚਰਚਾ ਹੈ। ਜਿੱਥੇ ਆਮ ਜਨਤਾ ਇਸ ਕਾਰਵਾਈ ਨੂੰ ਚੋਣ ਕਮਿਸ਼ਨ ਦੀ ਸਖ਼ਤੀ ਦਾ ਸਿੱਟਾ ਦੱਸ ਰਹੀ ਹੈ, ਉਥੇ ਅਕਾਲੀ ਦਲ ਨੇ ਇਸ ਮਾਮਲੇ 'ਤੇ ਚੁੱਪੀ ਧਾਰੀ ਹੋਈ ਹੈ।

No comments:

Post a Comment