-ਪਿੰਡ ਕੰਦੂਖੇੜਾ ਦੇ ਕਮਿਊਨਿਟੀ ਸੈਂਟਰ ਦੇ ਰਕਬੇ 'ਚ ਚੋਣ ਜਲਸੇ ਨੂੰ ਸੰਬੋਧਨ ਕੀਤਾ -
-ਪ੍ਰਸ਼ਾਸਨਕ ਤੰਤਰ ਨੇ ਬਾਅਦ 'ਚ 5 ਸੌ ਰੁਪਏ ਦੀ ਕਟਵਾ ਕੇ ਭਰਿਆ ਕਾਗਜਾਂ ਦਾ ਢਿੱਡ : ਗੁਰਮੀਤ ਖੁੱਡੀਆਂ-
ਇਕਬਾਲ ਸਿੰਘ ਸ਼ਾਂਤ
ਲੰਬੀ, 4 ਜਨਵਰੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੱਜ ਲੰਬੀ ਹਲਕੇ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਮਹਿੰਮ ਦੌਰਾਨ ਕਥਿਤ ਤੌਰ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ।
ਲੰਬੀ ਵਿਧਾਨਸਭਾ ਹਲਕੇ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਹਲਕੇ ਦੇ ਪਿੰਡ ਕੰਦੂਖੇੜਾ ਵਿਖੇ ਇੱਕ ਕਮਿਊਨਿਟੀ ਕੇਂਦਰ ਦੇ ਰਕਬੇ ਵਿਚ ਇੱਕ ਚੋਣ ਜਲਸੇ ਨੂੰ ਸੰਬੋਧਨ ਕੀਤਾ ਗਿਆ। ਇਸੇ ਰਕਬੇ ਵਿਚ ਸਿਹਤ ਵਿਭਾਗ ਦੀ ਡਿਸਪੈਂਸਰੀ ਵੀ ਸਥਿਤ ਹੈ।
ਇਸ ਜਗ੍ਹਾ 'ਤੇ ਅਕਾਲੀ ਦਲ ਦੇ ਚੋਣ ਜਲਸੇ ਲਈ ਸਵੇਰੇ ਤੋਂ ਚੱਲ ਰਹੀਆਂ ਸਨ, ਜਿਸਦੇ ਤਹਿਤ ਟੈਂਟ, ਸੋਫੇ ਅਤੇ ਸੈਂਕੜੇ ਕੁਰਸੀਆਂ ਲਾ ਕੇ ਕਾਫ਼ੀ ਸ਼ਨਦਾਰ ਤਿਆਰੀਆਂ ਕੀਤੀਆਂ ਗਈਆਂ। ਇਸਦੇ ਬਾਵਜੂਦ ਮੌਜੂਦਾ ਸਮੇਂ 'ਚ ਚੋਣ ਅਮਲੇ ਵਜੋਂ ਵਿਚਰ ਪ੍ਰਸ਼ਾਸਨਕ ਤਾਣਾ-ਬਾਣਾ ਸੁੱਤਾ ਪਿਆ ਸੀ।
ਇਸ ਸਬੰਧੀ ਚੋਣ ਕਮਿਸ਼ਨ ਦੀ ਵੀਡੀਓਗਰਾਫ਼ੀ ਲਈ ਇੱਕ ਟੀਮ ਦੇ ਮੁਖੀ ਅਮਰਜੀਤ ਸਿੱਧੂ ਨੇ ਦੱਸਿਆ ਕਿ ਪਿੰਡ ਕੰਦੂਖੇੜਾ ਵਿਖੇ ਚੋਣ ਜਲਸੇ ਦੀ ਵੀਡੀਓਗਰਾਫ਼ੀ ਕਰਵਾ ਲਈ ਗਈ ਹੈ। ਜਿਸਨੂੰ ਚੋਣ ਜ਼ਾਬਤੇ ਦੀ ਉਲੰਘਣਾ ਹੋਣ ਜਾਂ ਨਾਂ ਹੋਣ ਬਾਰੇ ਪੁਸ਼ਟੀ ਲਈ ਉੱਚ ਅਧਿਕਾਰੀਆਂ ਨੂੰ ਵਿਖਾਇਆ ਜਾਵੇਗਾ,

ਇਸੇ ਦੌਰਾਨ ਲੰਬੀ ਦੇ ਆਰ. ਓ. ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਅਕਾਲੀ ਦਲ ਵੱਲੋਂ ਪਿੰਡ ਕੰਦੂਖੇੜਾ ਵਿਖੇ ਚੋਣ ਜਲਸੇ ਲਈ 5 ਸੌ ਰੁਪਏ ਦੀ ਪਰਚੀ ਕਟਵਾਈ ਗਈ ਹੈ।
ਜਦੋਂਕਿ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸੀਨਅਰ ਆਗੂ ਗੁਰਮੀਤ ਸਿੰਘ ਖੁੱਡੀਆਂ ਨੇ ਦੋਸ਼ ਲਾਇਆ ਕਿ ਲੰਬੀ ਹਲਕੇ ਵਿਚ ਸਮੁੱਚਾ ਪ੍ਰਸ਼ਾਸਨਕ ਤੰਤਰ ਅਕਾਲੀ ਦਲ ਦੀ ਕਠਪੁਤਲੀ ਵਜੋਂ ਵਿਚਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਕੰਦੂਖੇੜਾ ਵਿਖੇ ਕਮਿਊਨਿਸਟ ਸੈਂਟਰ ਦੇ ਰਕਬੇ ਵਿਚ ਅਕਾਲੀ ਦਲ ਦੇ ਚੋਣ ਜਲਸੇ ਦੀ ਪਰਚੀ ਵੀ ਮੀਡੀਆ ਵੱਲੋਂ ਮਾਮਲਾ ਉਛਾਲਣ ਦੇ ਉਪਰੰਤ ਕਾਗਜ਼ਾਂ ਦਾ ਢਿੱਡ ਭਰਨ ਲਈ ਬਾਅਦ ਵਿਚ ਕੱਟੀ ਗਈ ਹੈ।
ਉਨ੍ਹਾਂ ਮੰਗ ਕੀਤੀ ਕਿ ਅਜਿਹੇ ਮਾਮਲੇ ਵਿਚ ਚੋਣ ਕਮਿਸ਼ਨ ਵੱਲੋਂ ਸਖ਼ਤੀ ਕਰਕੇ ਸਰਕਾਰੀ/ਪੰਚਾਇਤੀ ਜ਼ਮੀਨਾਂ ਨੂੰ ਚੋਣ ਜਲਸਿਆਂ ਲਈ ਵਰਤਣ ਦੇ ਮਾਮਲੇ ਵਿਚ ਫੀਸ ਦੀ ਪਰਚੀ ਕੱਟਣ ਸਮੇਂ ਉਸ 'ਤੇ ਸਮਾਂ ਦਰਸਾਇਆ ਜਾਣਾ ਚਾਹੀਦਾ ਹੈ ਤੇ ਉਸਦੀ ਫੈਕਸ ਵੀ ਤੁਰੰਤ ਪੰਜਾਬ ਦੇ ਮੁੱਖ ਚੋਣ ਦਫ਼ਤਰ ਨੂੰ ਭੇਜੀ ਜਾਣ ਲਾਜਮੀ ਕੀਤੀ ਜਾਵੇ ਤਾਂ ਜੋ ਚੋਣ ਜ਼ਾਬਤੇ ਦਾ ਮਜ਼ਾਕ ਨਾ ਬਣ ਸਕੇ।
ਫੋਟੋ ਫਾਈਲ : ਡੱਬਵਾਲੀ04ਜਨਵਰੀ-07.ਜੇ.ਪੀ.ਜੀ.
ਪਿੰਡ ਕੰਦੂਖੇੜਾ ਵਿਖੇ ਕਮਿਊਨਿਟੀ ਸੈਂਟਰ ਦੇ ਰਕਬੇ ਵਿਚੋਂ ਆਉਂਦੇ ਸਿਹਤ ਵਿਭਾਗ ਦੀ ਡਿਸਪੈਂਸਰੀ ਕੋਲੋਂ ਲੰਘਦਾ ਮੁੱਖ ਮੰਤਰੀ ਦੇ ਵਾਹਨਾਂ ਦਾ ਕਾਫ਼ਲਾ। ਤਸਵੀਰ : ਇਕਬਾਲ ਸਿੰਘ ਸ਼ਾਂਤ
No comments:
Post a Comment