22 January 2012

ਹੁਣ ਲੰਬੀ 'ਚ ਅਕਾਲੀਆਂ ਨੂੰ ਆਪਣੇ ਝੰਡਾਬਰਦਾਰ ਹੀ 'ਵਿਚੋਲੇ' ਤੇ 'ਗੱਦਾਰ' ਨਜ਼ਰ ਆਉਣੇ ਲੱਗੇ

                     ਹਰਸਿਮਰਤ ਬਾਦਲ ਨੇ ਲੰਬੀ ਹਲਕੇ ਵਿਚ ਚੋਣ ਜਲਸਿਆਂ ਦੌਰਾਨ ਫੰਡਾਂ ਦੀ ਦੁਰਵਰਤੋਂ ਨੂੰ ਕਬੂਲਿਆ
                                                                       ਇਕਬਾਲ ਸਿੰਘ ਸ਼ਾਂਤ
ਲੰਬੀ, 21 ਜਨਵਰੀ : ਲੰਬੀ ਦੇ ਚੋਣ ਦੰਗਲ ਵਿਚ ਦੋ-ਦੋ ਸਿਆਸੀ ਸਰੀਕਾਂ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਬਾਦਲ ਪਰਿਵਾਰ ਨੂੰ ਹੁਣ ਆਪਣੇ ਝੰਡਾਬਰਦਾਰ ਹੀ 'ਵਿਚੋਲੇ' ਅਤੇ 'ਗੱਦਾਰ' ਨਜ਼ਰ ਆਉਣੇ ਲੱਗੇ ਹਨ। ਗੱਲ ਇੱਥੇ ਹੀ ਨਹੀਂ ਮੁੱਕਦੀ, ਬਲਕਿ ਅਕਾਲੀ ਹਾਈਕਮਾਂਡ ਵੱਲੋਂ ਹਲਕੇ ਵਿਚ ਸਰਕਾਰੀ ਗਰਾਂਟਾਂ ਦੀ ਦੁਰਵਰਤੋਂ ਵਿਚ ਵੀ ਵਿਚੋਲਿਆਂ ਦੀ ਕਾਰਗੁਜਾਰੀ ਦੋਸ਼ੀ ਮੰਨਿਆ ਜਾ ਰਿਹਾ ਹੈ।
              
      ਇਹ ਹੈਰਾਨੀਜਨਕ ਖੁਲਾਸਾ ਅੱਜ ਬਠਿੰਡਾ ਲੋਕਸਭਾ ਹਲਕੇ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਸਹੁਰੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਕ ਵਿਚ ਹਲਕੇ ਦੇ ਪਿੰਡ ਅਰਨੀਵਾਲਾ, ਤੱਪਾਖੇੜਾ, ਦਿਉਣਖੇੜਾ, ਕੰਗਣਖੇੜਾ ਅਤੇ ਥਰਾਜਵਾਲਾ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕੀਤਾ।
              
               ਬੀਬੀ ਹਰਸਿਮਰਤ ਕੌਰ ਨੇ ਕਿਹਾ ਕਿ ਹੁਣ ਸਾਡੇ ਤੋਂ ਗੁੱਝਿਆ ਕੁਝ ਨਹੀਂ ਰਿਹਾ ਤੇ ਸਭ ਕੁਝ ਸ਼ੀਸ਼ੇ ਵਾਂਗ ਸਾਫ਼ ਹੋ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਹਲਕੇ ਵਿਚ ਲੋਕਹਿੱਤਾਂ ਲਈ ਦਿੱਤੀਆਂ ਗਰਾਂਟਾਂ ਦੀ ਦੁਰਵਰਤੋਂ ਦੀ ਗੱਲ ਕਬੂਲਦਿਆਂ ਕਿਹਾ ਕਿ ਸਰਕਾਰੀ ਗਰਾਂਟਾਂ ਨੂੰ 'ਵਿਚੋਲਿਆਂ' ਨੇ ਮਨਚਾਹੇ ਢੰਗ ਨਾਲ ਵਰਤਿਆ। ਜਿਸ  ਕਰਕੇ ਉਹ ਅਸਲ ਹੱਕਦਾਰਾਂ ਤੱਕ ਨਹੀਂ ਪੁੱਜ ਸਕੀਆਂ ਅਤੇ 'ਵਿਚੋਲੇ' ਆਪਣੇ ਚਹੇਤਿਆਂ ਦੇ ਢਿੱਡ ਭਰਨ 'ਚ ਹੀ ਲੱਗੇ ਰਹੇ।
ਹਰਸਿਮਰਤ ਬਾਦਲ ਨੇ ਅਜਿਹੀਆਂ ਕਾਰਗੁਜਾਰੀ ਵਿਚ ਸ਼ਾਮਲ ਰਹੇ ਵਿਅਕਤੀਆਂ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ 'ਗੱਦਾਰੀ' ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਬੀਬੀ ਸੁਰਿੰਦਰ ਕੌਰ ਬਾਦਲ ਹੁਰਾਂ ਦੀ ਬੀਮਾਰੀ ਮੌਕੇ ਉਨ੍ਹਾਂ ਦਾ ਸਮੁੱਚਾ ਪਰਿਵਾਰਾਂ 'ਬੀਬੀ ਜੀ' ਦੇ ਇਲਾਜ ਵਿਚ ਉਲਝ ਗਿਆ।
           
                  ਉਨ੍ਹਾਂ ਕਿਹਾ ਕਿ ਉਨ੍ਹਾਂ ਹਾਲਾਤਾਂ ਵਿਚ ਵੱਡੇ ਬਾਦਲ ਸਾਬ੍ਹ ਨੂੰ ਸਾਰਾ ਪੰਜਾਬ ਵੇਖਣਾ ਪੈਂਦਾ ਸੀ। ਅਜਿਹੇ ਮਜ਼ਬੂਰੀ ਭਰੇ ਹਾਲਾਤਾਂ ਵਿਚ ਉਨ੍ਹਾਂ ਦੇ ਪਰਿਵਾਰ ਨੂੰ 'ਵਿਚੋਲਿਆਂ' ਦੇ ਵੱਸ ਪੈਣਾ ਪਿਆ। ਅਜਿਹੇ ਹਾਲਾਤਾਂ ਵਿਚ ਜਿਹੜੀਆਂ ਗਰਾਟਾਂ ਲੋਕ ਹਿੱਤਾਂ ਲਈ ਭੇਜੀਆਂ ਗਈਆਂ ਸਨ ਉਨ੍ਹਾਂ ਨੂੰ ਖੁੱਲ੍ਹੇ ਗੱਫ਼ੇ ਵਜੋਂ ਵਿਚੋਲੇ ਹੀ ਛਕ ਗਏ।
              
                ਤੇਜ਼ ਤਰਾਰ ਸੰਸਦ ਮੈਂਬਰ ਵਜੋਂ ਪ੍ਰਸਿੱਧ ਹਰਸਿਮਰਤ ਕੌਰ ਬਾਦਲ ਨੇ ਆਪਣੀ ਸਿਆਸੀ ਪਰਪੱਕਤਾ ਨਾਲ ਲਬਰੇਜ਼ ਤਕਰੀਰ ਦੌਰਾਨ ਲੋਕਾਂ ਤੋਂ ਸਰਕਾਰੀ ਗਰਾਂਟਾਂ ਵਿਚ ਹੋਈ ਦੁਰਵਰਤੋਂ ਬਾਰੇ ਵਿਚੋਲਿਆਂ ਵੱਲੋਂ ਕੀਤੀਆਂ ਕਾਰਗੁਜਾਰੀਆਂ ਦੀ ਗਲਤੀ ਵੀ ਮੰਗਦਿਆਂ ਕਿਹਾ ਕਿ ਇਹ ਵਿਚੋਲਿਆਂ ਦੀ ਚੋਣ ਨਹੀਂ ਪ੍ਰਕਾਸ਼ ਸਿੰਘ ਬਾਦਲ ਦੀ ਚੋਣ ਹੈ। ਇਸ ਲਈ ਤੁਸੀਂ ਉਨ੍ਹਾਂ ਨੂੰ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਓ।
              
                ਹਰਸਿਮਰਤ ਕੌਰ ਬਾਦਲ ਨੇ ਵਿਧਾਨਸਭਾ ਚੋਣਾਂ ਤੋਂ ਬਾਅਦ ਵਿਚੋਲਿਆਂ ਨੂੰ ਵੇਖ ਲੈਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਤੁਸੀਂ ਫ਼ਿਕਰ ਨਾ ਕਰੋ। ਵੋਟਾਂ ਮਗਰੋਂ ਉਹ ਖੁਦ ਅਤੇ ਸੁਖਬੀਰ ਸਿੰਘ ਬਾਦਲ ਪਿੰਡ ਬਾਦਲ ਬੈਠਿਆ ਕਰਨਗੇ। ਸ੍ਰੀਮਤੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪਿੰਡਾਂ ਦੇ ਪੰਚਾਂ-ਸਰਪੰਚਾਂ ਜਾਂ ਵਿਚੋਲਿਆਂ ਨੂੰ ਨਾਲ ਲਿਆਉਣ ਦੀ ਲੋੜ ਨਹੀਂ ਪਵੇਗੀ ਅਤੇ ਬਾਦਲ ਪਿੰਡ ਵਿਖੇ ਰਿਹਾਇਸ਼ 'ਤੇ ਉਨ੍ਹਾਂ (ਲੋਕਾਂ ਨੂੰ) ਨੂੰ ਕੋਈ ਸਿਕਿਊਰਿਟੀ ਵਾਲਾ ਵੀ ਨਹੀਂ ਰੋਕੇਗਾ।
                ਆਪਣੀ ਹੀ ਪਾਰਟੀ ਦੇ ਭ੍ਰਿਸ਼ਟ ਵਿਚੋਲਿਆਂ 'ਤੇ ਤਿੱਖੇ ਸ਼ਬਦੀ ਹਮਲੇ ਕਰਨ ਵਾਲੀ ਅਕਾਲੀ ਸੰਸਦ ਮੈਬਰ ਨੇ ਲੋਕਾਂ ਨੂੰ ਕਾਂਗਰਸ ਦੀਆਂ ਭ੍ਰਿਸ਼ਟ ਨੀਤੀਆਂ ਤੋਂ ਸੁਚੇਤ ਕਰਦਿਆਂ ਹਲਕੇ ਦੇ ਬਹੁਪੱਖੀ ਵਿਕਾਸ ਲਈ ਮੁੜ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਦੀ ਅਪੀਲ ਕੀਤੀ।
               ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦੇ ਵੱਖ-ਵੱਖ ਸੀਨੀਅਰ ਅਤੇ ਸਰਕਾਰੀ ਅਤੇ ਸੰਗਠਨ ਤੰਤਰ ਵਿਚ ਕਾਫ਼ੀ ਪਕੜ ਰੱਖਦੇ ਸਥਾਪਿਤ ਆਗੂ ਵੀ ਮੌਜੂਦ ਸਨ।
          ਇਸ ਦੌਰਾਨ ਮੌਜੂਦ ਲੋਕ ਸਵਾਲ ਭਰੀਆਂ ਨਾਲ ਨਜ਼ਰਾਂ ਨਾਲ ਇੱਕ-ਦੂਸਰੇ ਦੇ ਮੂੰਹਾਂ ਵੱਲ ਵੇਖ ਕੇ ਸੋਚਦੇ ਜਾਪੇ ਕਿ ਪਿਛਲੇ ਕੁਝ ਪਲਾਂ ਤੱਕ ਸਰਕਾਰ ਦੇ ਅੱਖਾਂ ਦੇ ਤਾਰੇ ਵਜੋਂ ਨਜ਼ਰ ਆਉਂਦੇ 'ਵਿਚੋਲੇ' ਹੁਣ ਪਲਾਂ ਵਿਚ ਅੱਖਾਂ ਵਿਚ ਰੜਕਣ ਕਿਵੇ ਲੱਗ ਪਏ। ਕੁਝ ਲੋਕਾਂ ਦੇ ਚਿਹਰਿਆਂ 'ਤੇ ਵੱਖਰਾ ਹਾਸਾ ਵੀ ਵੇਖਣ ਨੂੰ ਮਿਲਿਆ।


                                     ''ਅੱਖਾਂ ਚੋਣਾਂ ਵੇਲੇ ਹੀ ਕਿਉਂ ਖੁੱਲੀਆਂ''
                                                                      ਇਕਬਾਲ ਸਿੰਘ ਸ਼ਾਂਤ
ਲੰਬੀ : ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਸਿਆਸੀ ਸਟੇਜ਼ਾਂ 'ਤੇ ਖੁੱਲ੍ਹੇਆਮ ਅਕਾਲੀ ਦਲ (ਬ) ਨਾਲ ਜੁੜੇ ਵਿਅਕਤੀਆਂ ਨੂੰ ਹੀ ਵਿਚੋਲੇ ਕਰਾਰ ਦੇਣ ਦਿੱਤੇ ਜਾਣ ਨਾਲ ਅਕਾਲੀ ਸਰਕਾਰ ਦੀ ਸਮੁੱਚੀ ਕਾਰਗੁਜਾਰੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਨ੍ਹਾਂ ਤਕਰੀਰਾਂ ਨੂੰ ਕੰਨੀਂ ਸੁਣਨ ਵਾਲੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ''ਕਹਾਵਤ ਹੈ ਕਿ ਸਰਕਾਰ ਦੀਆਂ ਚਾਰ ਅੱਖਾਂ ਹੁੰਦੀਆਂ ਹਨ, ਪਰ ਲੰਬੀ 'ਚ ਇਹ ਅੱਖਾਂ ਚੋਣਾਂ ਵੇਲੇ ਹੀ ਕਿਉਂ ਖੁੱਲੀਆਂ। ਜਦੋਂਕਿ ਨਿੱਤ ਸੰਗਤ ਦਰਸ਼ਨਾਂ ਵਿਚ ਸਰਕਾਰ ਦੇ  ਵਿਚੋਲਿਆਂ ਦੀਆਂ ਕਾਰਗੁਜਾਰੀਆਂ ਬਾਰੇ ਲੋਕਾਂ ਵੱਲੋਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਵੱਡੀ ਕੁਰਸੀ 'ਤੇ ਬੈਠੇ ਹਾਕਮਾਂ ਵੱਲੋਂ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਸੀ ਕਿ ਭਾਈ ਤੁਸੀਂ ਰੌਲਾ ਬਹੁਤ ਪਾਉਂਦੇ ਹੋ। ਇੱਥੇ ਅਸੀਂ ਤੁਹਾਡੇ ਲਈ ਤਾਂ ਗਰਾਂਟਾਂ ਦੇਣ ਪੁੱਜੇ ਹਾਂ। ਆਮ ਲੋਕਾਂ ਦਾ ਕਹਿਣੈ ਕਿ ਹੁਣ 'ਵਿਚੋਲਿਆਂ' 'ਤੇ ਦੋਸ਼ੀ ਕਰਾਰ ਦਿੱਤੇ ਬਾਰੇ ਭਾਵੁਕਤਾ ਭਰੇ ਤੀਰ ਸਿਆਸੀ ਤੀਰਅੰਦਾਜ਼ੀ ਦਾ ਇੱਕ ਸੋਚਿਆ ਸਮਝਿਆ (ਸਿਆਸੀ ਸਟੰਟ) ਹਿੱਸਾ ਹਨ।

No comments:

Post a Comment