04 January 2012

ਬਾਦਲ ਨੂੰ ਵਿਕਾਸ ਦਾ ਅਸਲ ਸ਼ੀਸ਼ਾ ਵਿਖਾਉਣ ਦੇ ਚਾਹਵਾਨ ਗਰੀਬਾਂ ਨੂੰ ਪਾਸੇ ਧੱਕਿਆ


ਪਿੰਡ ਭੁੱਲਰਵਾਲਾ ਦੇ ਗਰੀਬਾਂ ਨੇ ਖੋਲ੍ਹੀਆਂ ਵਿਕਾਸ ਦੀ ਅਸਲ ਪਰਤਾਂ - ਕਿਹਾ : ਵਿਕਾਸ ਦੇ ਨਾਂ 'ਤੇ ਗਰੀਬਾਂ ਨਾਲ ਹੋਇਆ ਮਜ਼ਾਕ
                                                                 - ਇਕਬਾਲ ਸਿੰਘ ਸ਼ਾਂਤ -

ਲੰਬੀ : ਲੰਬੀ ਹਲਕੇ ਤੋਂ ਚੋਣ ਲੜ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪਿੰਡ ਭੁੱਲਰਵਾਲਾ ਵਿਖੇ ਚੋਣ ਜਲਸੇ ਦੌਰਾਨ ਪਿੰਡ ਦੇ ਵਿਕਾਸ ਦੇ ਵੱਡੇ ਵੱਡੇ ਦਾਅਵਿਆਂ ਤੋਂ ਭਾਵੁਕ ਹੋ ਕੇ ਵੋਟਾਂ ਮੰਗਣ ਪੁੱਜੇ ਮੁੱਖ ਮੰਤਰੀ ਨੂੰ ਪਿੰਡ ਦੇ ਵਿਕਾਸ ਦਾ ਅਸਲ ਸ਼ੀਸ਼ਾ ਵਿਖਾਉਣ ਦੇ ਚਾਹਵਾਨ ਪਿੰਡ ਦੇ ਕੁਝ ਦਲਿਤ ਨੌਜਵਾਨਾਂ ਨੂੰ ਪੁਲਿਸ ਅਤੇ ਅਕਾਲੀ ਵਰਕਰਾਂ ਨੇ ਜ਼ਬਰਦਸਤੀ ਧੱਕੇਲ ਕੇ ਪਾਸੇ ਕਰ ਦਿੱਤਾ।
                ਹੋਇਆ ਇੰਝ ਕਿ ਜਦੋਂ ਮੁੱਖ ਮੰਤਰੀ ਸ੍ਰੀ ਬਾਦਲ ਪਿੰਡ ਭੁੱਲਰਵਾਲਾ ਵਿਖੇ ਚੋਣ ਜਲਸੇ ਨੂੰ ਸੰਬੋਧਨ ਕਰਨ ਉਪਰੰਤ ਅਗਲੇ ਪਿੰਡ ਚੋਣ ਪ੍ਰਚਾਰ ਲਈ ਗੱਡੀ ਵਿਚ ਬੈਠ ਕੇ ਰਵਾਨਾ ਹੋ ਰਹੇ ਸਨ ਤਾਂ ਧਰਮਸ਼ਾਲਾ ਦੇ ਬਾਹਰ ਖੜ੍ਹੇ ਕੁਝ ਦਲਿਤ ਨੌਜਵਾਨਾਂ ਨੇ ਹੱਥ ਉੱਚੇ ਕਰਕੇ ਵਿਕਾਸ ਦਾ ਅਸਲ ਸ਼ੀਸ਼ਾ ਵਿਖਾਉਣਾ ਸ਼ੁਰੂ ਕਰ ਦਿੱਤਾ ਜਿਸਤੋਂ ਉਥੇ ਖੜ੍ਹੇ ਸੁਰੱਖਿਆ ਦਸਤੇ ਦੇ ਕਰਮਚਾਰੀਆਂ ਅਤੇ ਵਰਕਰਾਂ ਨੇ ਉਨ੍ਹਾਂ ਨੂੰ ਪਾਸੇ ਧਕੇਲ ਦਿੱਤਾ।
                 ਬਾਅਦ ਵਿਚ ਦਲਿਤ ਵਿਹੜੇ ਵਿਚ ਇਕੱਠੇ ਹੋਏ ਦਲਿਤਾਂ ਨੇ ਪੱਤਰਕਾਰਾਂ ਨੂੰ ਮੁੱਖ ਮੰਤਰੀ ਸ੍ਰੀ ਬਾਦਲ ਵੱਲੋਂ ਭੇਜੀਆਂ ਗਰਾਂਟਾਂ ਉਨ੍ਹਾਂ ਤੱਕ ਜਇਜ਼ ਢੰਗ ਵਿਚ ਨਾ ਪੁੱਜਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਕਾਗਜ਼ਾਂ ਵਿਚ ਹੋਏ ਵਿਕਾਸ ਤੋਂ ਅਸਲ ਹਕੀਕਤ ਬਿਲਕੁੱਲ ਉਲਟ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਸੰਗਤ ਦਰਸ਼ਨ ਵਿਚ ਮੁੱਖ ਮੰਤਰੀ ਸ੍ਰੀ ਬਾਦਲ ਦਲਿਤਾਂ ਦੇ ਵਿਹੜੇ ਦੇ ਪਾਣੀ ਦੀ ਨਿਕਾਸੀ ਲਈ 5 ਲੱਖ ਰੁਪਏ ਦੀ ਗਰਾਂਟ ਦੇ ਕੇ ਪਾਣੀ ਨੂੰ ਪਾਈਪਾਂ ਰਾਹੀਂ ਸੇਮ ਨਾਲੇ ਵਿਚ ਪਾਣੀ ਪਾਉਣ ਦੇ ਨਿਰਦੇਸ਼ ਦੇ ਕੇ ਗਏ ਸਨ। ਅੱਜ ਤੱਕ ਨਿਕਾਸੀ ਪ੍ਰਬੰਧ ਤਾਂ ਕੀ ਉਸ ਵੱਲ ਇੱਕ ਕਦਮ ਵੀ ਨਹੀਂ ਪੁੱਟਿਆ ਗਿਆ। ਉਨ੍ਹਾਂ ਕਿਹਾ ਕਿ ਵਿਹੜੇ ਵਾਲਿਆਂ ਵੱਲੋਂ ਆਪਣੇ ਪੱਧਰ 'ਤੇ ਮਿੰਨਤ ਕਰਕੇ ਕਿਸੇ ਕਿਸਾਨ ਦੀ ਨਿੱਜੀ ਜ਼ਮੀਨ ਵਿਚ ਮਹੀਨੇ ਲਈ ਉਧਾਰੀ ਮੰਗ ਕੇ ਪਾਣੀ ਭੇਜਿਆ ਜਾ ਰਿਹਾ ਹੈ ਜਿਸਦੀ ਮੋਹਲਤ ਲੰਘੇ ਨੂੰ 10 ਦਿਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਹੜੇ ਵਿਚ ਨਿਕਾਸੀ ਨਾ ਹੋਣ ਕਰਕੇ ਬਦਬੂ ਨੇ ਉਨ੍ਹਾਂ ਦੇ ਜੀਵਨ ਨੂੰ ਦੁੱਭਰਕਰ ਰੱਖਿਆ ਹੈ।
               ਪਿਛਲੇ ਸਾਢੇ ਚਾਰ ਸਾਲਾਂ ਤੋਂ ਭਰੇ ਪੀਤੇ ਲੋਕਾਂ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਵਾਟਰ ਵਰਕਸ ਵਿਚੋਂ  ਪੀਣ ਦਾ ਪਾਣੀ ਨਹੀਂ ਛੱਡਿਆ ਗਿਆ। ਜਿਸਦੇ ਕਰਕੇ ਉਹ ਜ਼ਮੀਨੀ ਨਲਕਿਆਂ ਦਾ ਮਾੜਾ ਪਾਣੀ ਪੀਣ ਨੂੰ ਮਜ਼ਬੂਰ ਹਨ।
ਪਿੰਡ ਦੇ ਨਿੱਕਾ ਸਿੰਘ ਪੁੱਤਰ ਮੋਹਣ ਸਿੰਘ ਨੇ ਦੋਸ਼ ਲਾਇਆ ਕਿ ਪਿਛਲੇ 25 ਵਰ੍ਹਿਆਂ ਤੋਂ ਮੁੱਖ ਮੰਤਰੀ ਕੋਲ ਗੱਲ ਕਰਨ ਲਈ ਮੁਹਰੇ ਹੋਣ ਨਹੀਂ ਦਿੱਤਾ ਜਾਂਦਾ।  ਉਨ੍ਹਾਂ ਦੱਸਿਆ ਕਿ ਪਿੰਡ ਵਿਚ ਘਰਾਂ ਦੀ ਉਸਾਰੀ ਲਈ ਭੇਜੇ ਪੈਸਿਆਂ ਵਿਚੋਂ ਗਰੀਬਾਂ ਤੱਕ ਮੁਰੰਮਤ ਦੀ ਰਕਮ ਹੀ ਮੁਸ਼ਕਿਲ ਨਾਲ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਹਾਕਮਾਂ ਦੇ ਬੰਦਿਆਂ ਵੱਲੋਂ ਬਹੁਤੇ ਗਰੀਬਾਂ ਦੇ ਚੈੱਕ ਦੇਣ ਖਾਤਰ 5-5 ਸੌ ਰੁਪਏ ਜਮ੍ਹਾਂ ਕਰਵਾ ਬੈਂਕਾਂ ਵਿਚ ਖਾਤੇ ਖੁਲ੍ਹਵਾ ਦਿੱਤੇ ਗਏ ਪਰ ਅੱਜ ਤੱਕ ਚੈੱਕ ਤਾਂ ਕੀ ਕੋਰਾ ਕਾਗਜ਼ ਵੀ ਉਨ੍ਹਾਂ ਦੇ ਪੱਲੇ ਨਹੀਂ ਪਿਆ। ਦਲਿਤ ਵਿਹੜੇ ਵਿਚ ਗਲੀਆਂ ਨਾਲੀਆਂ ਦੀ ਹਾਲਤ ਵੀ ਬੇਹੱਦ ਮੰਦੀ ਹੈ।
ਇਸਤੋਂ ਇਲਾਵਾ ਮਨਪ੍ਰੀਤ ਕੌਰ ਪਤਨੀ ਕਾਕਾ ਸਿੰਘ ਨੇ ਦੱਸਿਆ ਕਿ ਬੀ.ਪੀ.ਐਲ. ਕਾਰਡ ਧਾਰਕਾਂ ਨੂੰ ਸਿਲੰਡਰ  ਦਿਵਾਉਣ ਲਈ ਖਾਤੇ ਖੁਲ੍ਹਵਾ ਦਿੱਤੇ ਗਏ ਪਰ ਸਿੰਲਡਰਾਂ ਦਾ ਸੁੱਖ ਉਨ੍ਹਾਂ ਅਜੇ ਤੱਕ ਨਸੀਬ ਨਹੀਂ ਹੋ ਸਕਿਆ। ਇਸ ਤਰ੍ਹਾਂ ਰਾਜਾ ਸਿੰਘ ਪੁੱਤਰ ਅਜੈਬ ਸਿੰਘ ਨੇ ਦੱਸਿਆ ਕਿ ਮਨਰੇਗਾ ਲਈ ਏ.ਟੀ.ਐਮ. ਕਾਰਡ ਬਣਨ ਦੇ ਬਾਵਜੂਦ ਕਿਸੇ ਨੂੰ ਮਨਰੇਗਾ ਤਹਿਤ ਰਜ਼ੁਗਾਰ ਨਹੀਂ ਦਿੱਤਾ ਗਿਆ।
             ਬਲਕਰਨ ਸਿੰਘ ਰੂਪ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹਲਕੇ ਵਿਚ ਹਾਲਾਤ ਇਹ ਹਨ ਕਿ ਲੋਕਾਂ ਨੂੰ ਮਿਹਨਤ ਮਜ਼ਦੂਰੀ ਦੇ ਬਾਵਜੂਦ ਮਿਹਨਤਾਨਾ ਨਹੀਂ ਦਿੱਤਾ ਜਾਂਦਾ। ਉਸਨੇ ਦੋਸ਼ ਲਾਇਆ ਕਿ ਉਸਨੇ ਦੋ ਵਰ੍ਹਿਆਂ ਤੱਕ ਪਿੰਡ ਦੇ ਵਾਟਰ ਵਰਕਸ ਵਿਚ 3 ਹਜ਼ਾਰ ਰੁਪਏ ਪ੍ਰਤੀ ਮਹੀਨੇ 'ਤੇ ਨੌਕਰੀ ਕੀਤੀ ਪਰ ਉਸਨੂੰ ਸਿਰਫ਼ 12 ਹਜ਼ਾਰ ਰੁਪਏ ਦੇ ਕੇ ਬੁੱਤਾ ਸਾਰ ਦਿੱਤਾ ਗਿਆ।
ਇਸਤੋਂ ਇਲਾਵਾ ਪਿੰਡ ਦੇ ਲੋਕਾਂ ਨੇ ਹਲਕੇ ਦੇ ਪਿੰਡਾਂ ਵਿਚ ਅਕਾਲੀ ਆਗੂਆਂ ਦੇ ਆਮ ਜਨਤਾ ਪ੍ਰਤੀ ਮਾਰੂ ਰਵੱਈਏ ਦੇ ਦੋਸ਼ ਲਾਉਂਦਿਆਂ ਕਿਹਾ ਕਿ ਐਤਕੀਂ ਉਹ ਕੋਈ ਵੱਖਰਾ ਫੈਸਲਾ ਲੈਣ ਨੂੰ ਮਜ਼ਬੂਰ ਹੋਣਗੇ।
                  ਇਸ ਮੌਕੇ ਲੋਕਾਂ ਨੇ ਸਰਕਾਰੀ ਸਹੂਲਤਾਂ ਨੂੰ ਮਜ਼ਾਕ ਕਰਾਰ ਦਿੰਦਿਆਂ ਕਿਹਾ ਕਿ ਭਾਰੀ ਮੀਂਹਾਂ ਉਪਰੰਤ ਹੜ੍ਹਾਂ ਜਿਹੇ ਹਾਲਾਤਾਂ ਦੌਰਾਨ ਪ੍ਰਸ਼ਾਸਨ ਵੱਲੋਂ ਵੰਡੇ ਗਏ ਆਟੇ ਦੀ ਥੈਲੀ ਵਿਚ ਆਟੇ ਵਿਚ ਮੌਜੂਦ ਗੰਦਗੀ ਅਤੇ ਸੁੰਡੀਆਂ ਨੂੰ ਛਾਨਣੀ  ਰਾਹੀਂ ਛਾਣ ਕੇ ਵਿਖਾਇਆ ਅਤੇ ਕਿਹਾ ਕਿ ਗਰੀਬਾਂ ਨੂੰ ਸੁੰਡੀਆਂ ਵਾਲਾ ਆਟਾ ਦੇ ਕੇ ਮਜ਼ਾਕ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਰੂੜਾ ਸਿੰਘ ਪੁੱਤਰ ਬਲੀ ਸਿੰਘ ਦੇ ਇੱਕ ਪਰਿਵਾਰਕ ਮੈਂਬਰ ਨੇ ਦੋ ਸਾਲਾਂ ਤੋਂ ਧੀਆਂ ਦੇ ਵਿਆਹ ਨੂੰ ਦੋ ਸਾਲ ਦੇ ਕਰੀਬ ਸਮਾਂ ਲੰਘਣ ਦੇ ਬਾਵਜੂਦ ਸ਼ਗੁਨ ਸਕੀਮ ਦੀ ਰਕਮ ਨਾ ਮਿਲਣ ਦਾ ਦੋਸ਼ ਲਾਇਆ।
              ਪਿੰਡ ਦੇ ਇੱਕ ਬਜ਼ੁਰਗ ਨੇ ਦੱਸਿਆ ਕਿ ''ਭਾਈ ਕਾਕਾ, ਤੁਸੀਂ ਕਾਹਨੂੰ ਫੋਟੋਆਂ ਖਿੱਚਦੇ ਫਿਰਦੇ ਹੋ, ਇੱਥੇ ਤਾਂ ਸਰਕਾਰ ਦੇ ਦਰਜਨ ਕੁ ਲਫਟੈਨਾਂ ਨੇ ਹਾਕਮਾਂ ਦੀਆਂ ਅੱਖਾਂ 'ਤੇ ਪਰਦਾ ਪਾ ਕੇ ਹਲਕੇ ਦਾ ਮਾਹੌਲ ਵਿਗਾੜ ਰੱਖਿਆ ਹੈ।
ਦੂਜੇ ਪਾਸੇ ਪਿੰਡ ਦੇ ਸਰਪੰਚ ਇਕਬਾਲ ਸਿੰਘ ਭੁੱਲਰਵਾਲਾ ਨੇ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਇੰਨ ਬਿੰਨ ਲੋਕਾਂ ਤੱਕ ਪਹੁੰਚਾਇਆ ਗਿਆ ਤੇ ਇਹ ਕੁਝ ਲੋਕਾਂ ਵੱਲੋਂ ਬੇਤੁੱਕਾ ਪ੍ਰਚਾਰ ਕੀਤਾ ਜਾ ਰਿਹਾ ਹੈ।



                         ਬਾਦਲ ਨੇ ਖੁਦ ਨੂੰ ਦੱਸਿਆ 'ਚੰਗਾ' ਅਤੇ ਵਿਰੋਧੀਆਂ ਨੂੰ 'ਮੰਦਾ'
                                                   -ਲੰਬੀ ਦੇ ਦਰਜਨ ਭਰ ਪਿੰਡਾਂ ਵਿਚ ਚੋਣ ਪ੍ਰਚਾਰ-  
                                                                    -ਇਕਬਾਲ ਸਿੰਘ ਸ਼ਾਂਤ-
ਲੰਬੀ : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਰਵਾਇਤੀ ਹਲਕੇ ਲੰਬੀ 'ਚ ਚੋਣ ਪ੍ਰਚਾਰ ਦੇ ਦਿਨ ਪਹਿਲੇ ਦਿਨ ਪਿੰਡਾਂ ਵਿਚ ਜਿੱਥੇ ਅਕਾਲੀ ਭਾਜਪਾ ਵੱਲੋਂ ਹਲਕੇ ਦੇ ਪਿੰਡਾਂ ਵਿਚ ਪੁੱਜੀਆਂ ਗਰਾਟਾਂ ਦੇ ਵੇਰਵੇ ਦੇ ਕੇ ਵੋਟਰਾਂ ਨੂੰ ਮੁੜ ਤੋਂ ਉਨ੍ਹਾਂ ਦੇ ਹੱਕ ਵਿਚ ਭੁਗਤਣ ਦੀ ਅਪੀਲ ਕੀਤੀ, ਉਥੇ ਉਨ੍ਹਾਂ ਆਪਣਾਂ ਭਾਸ਼ਨਾਂ ਵਿਚ ਕਾਂਗਰਸ 'ਤੇ ਖੂਬ ਸ਼ਬਦੀ ਰਗੜੇ ਲਾਉਣ ਦੇ ਨਾਲ-ਨਾਲ ਨਵੇਂ ਉੱਠੇ ਪੀ.ਪੀ.ਪੀ. ਵਾਲੇ ਸਿਆਸੀ ਸਰੀਕਾਂ ਨੂੰ ਨਵਾਂ ਸ਼ੋਸ਼ਾ ਕਰਾਰ ਦਿੰਦਿਆਂ ਡਿਫੈਕਟਰਾਂ ਦੀ
ਪਾਰਟੀ ਕਰਾਰ ਦਿੱਤਾ।
ਮੁੱਖ ਮੰਤਰੀ ਨੇ ਅੱਜ ਲੰਬੀ ਹਲਕੇ ਦੇ ਦਰਜਨ ਤੋਂ ਵੱਧ ਪਿੰਡਾਂ ਦੇ ਤੂਫਾਨੀ ਦੌਰੇ ਮੌਕੇ ਪਿੰਡ ਭੁੱਲਰਵਾਲਾ ਦੀ ਧਰਮਸ਼ਾਲਾ ਵਿਖੇ ਲੋਕਾਂ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਦੇਸ਼ ਵਿਚ ਮਹਿੰਗਾਈ, ਬੇਰੁਜ਼ਗਾਰ ਅਤੇ ਭ੍ਰਿਸ਼ਟਾਚਾਰ ਲਈ ਕਾਂਗਰਸ ਨੂੰ ਜੁੰਮੇਵਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸੁਰੱਖਿਆ ਕਰਨ ਵਚ ਵੀ ਫੇਲ੍ਹ ਸਾਬਤ ਹੋਈ ਹੈ ਅਤੇ ਮੌਜੂਦਾ ਹਾਲਾਤਾਂ ਵਿਚ ਦੇਸ਼ ਵਿਚ ਸਰਕਾਰ ਨਾਂ ਦੀ ਕੋਈ ਚੀਜ ਨਹੀਂ।
ਸ੍ਰੀ ਬਾਦਲ ਨੇ ਅਕਾਲੀ-ਭਾਜਪਾ ਸਰਕਾਰ ਦੀ ਵਡਿਆਈ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਸੂਬੇ ਵਿਚ ਅਮਨ-ਚੈਨ ਅਤੇ ਭਾਈਚਾਰਕ ਮਾਹੌਲ ਬਣਿਆ ਰਿਹਾ ਅਤੇ ਸੂਬੇ ਦਾ ਬਹੁਪੱਖੀ ਵਿਕਾਸ ਕੀਤਾ ਗਿਆ। ਸ੍ਰੀ ਬਾਦਲ ਨੇ ਕਿਸਾਨੀ ਦੀ ਮੰਦੀ ਹਾਲਤ ਲਈ ਵੀ ਕਾਂਗਰਸ ਨੂੰ ਜੁੰਮੇਵਾਰ ਠਹਿਰਾਇਆ।
ਮੁੱਖ ਮੰਤਰੀ ਨੇ ਲੰਬੀ ਹਲਕੇ ਦਾ ਬਹੁਪੱਖੀ ਵਿਕਾਸ ਕਰਨ ਦਾ ਦਾਅਵਾ ਕਰਦਿਆਂ ਕਿਹਾ ਮੁੱਖ ਮੰਤਰੀ ਦੀ ਤਾਕਤ ਹੋਣ ਕਰਕੇ ਹਲਕੇ ਦੇ ਹਰੇਕ ਪਿੰਡ ਵਿਚ ਗਰਾਂਟਾਂ ਦੇ ਕੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਗਈ। ਸ੍ਰੀ ਬਾਦਲ ਨੇ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਅਕਾਲੀ ਸਰਕਾਰ ਵੱਲੋਂ ਪਿੰਡ ਭੁੱਲਰਵਾਲਾ ਵਿਖੇ 1.88 ਲੱਖ ਰੁਪਏ ਵਿਕਾਸ ਕਾਰਜਾਂ ਲਈ ਦਿੱਤੇ ਗਏ ਹਨ। ਜਿਨ੍ਹਾਂ ਰਾਹੀਂ ਪਿੰਡ ਦਾ ਬਹੁਪੱਖੀ ਵਿਕਾਸ ਕਰਵਾਇਆ ਗਿਆ।
ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਨੇ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਗਠਿਤ ਪਾਰਟੀ ਪੀ.ਪੀ.ਪੀ. ਨੂੰ ਨਵਾਂ ਸ਼ੋਸ਼ਾ ਕਰਾਰ ਦਿੰਦਿਆਂ ਕਿਹਾ ਕਿ ਇਸ ਪਾਰਟੀ ਵਿਚ ਸਾਰੇ ਡਿਫੈਕਟਰ ਸ਼ਾਮਲ ਹਨ। ਜਿਨ੍ਹਾਂ ਵਿਚੋਂ ਕਾਫ਼ੀ ਜਣੇ ਖਹਿੜਾ ਛੁਡਵਾ ਕੇ ਵਾਪਸੀ ਨੂੰ ਵਹੀਰਾਂ ਘੱਤ ਗਏ ਹਨ। ਸ੍ਰੀ ਬਾਦਲ ਨੇ ਉਨ੍ਹਾਂ ਅਕਾਲੀ ਦਲ ਵਿਚ ਮਾਣ ਸਤਿਕਾਰ ਮਿਲਣ ਦੇ ਬਾਵਜੂਦ ਪੀ. ਪੀ. ਪੀ. ਦੇ ਗਠਨ ਨੂੰ ਬਿਨ੍ਹਾਂ ਸਰੀਕਾਂ ਦਾ ਨਾਂਅ ਲਏ 'ਗੱਦਾਰਪੁਣੇ' ਦੀ ਕਾਰਗੁਜਾਰੀ ਕਰਾਰ ਦਿੰਦਿਆਂ ਲੰਬੀ ਹਲਕੇ ਦੇ ਵੋਟਰਾਂ ਨੂੰ ਪੀ.ਪੀ.ਪੀ. ਨੂੰ ਉਤਸ਼ਾਹਤ ਕਰਨ ਤੋਂ ਗੁਰੇਜ਼ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਆਪਣੇ ਭਾਸ਼ਨ ਆਪਣੇ ਸਿਆਸੀ ਸਰੀਕਾਂ ਦਾ ਨਾਂ ਲੈਣ ਤੋਂ ਗੁਰੇਜ਼ ਕਰਨ ਵਾਲੇ ਸ੍ਰੀ ਬਾਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਖੂੰਡੇ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਉਸਨੂੰ ਆਮ ਜਨਤਾ ਦੀ ਪਹੁੰਚ ਤੋਂ ਦੂਰ ਦਾ ਆਗੂ ਕਰਾਰ ਦੇ ਕੇ ਖੁਦ ਨੂੰ ਲੋਕਾਂ ਲਈ 24 ਘੰਟੇ ਹਾਜ਼ਰ ਰਹਿਣ ਵਾਲਾ ਆਗੂ ਕਰਾਰ ਦਿੰਦੇ ਹਨ।
ਮੁੱਖ ਮੰਤਰੀ ਵੱਲੋਂ ਆਪਣੇ ਚੋਣ ਜਲਸਿਆਂ ਦੌਰਾਨ ਲੋਕਾਂ ਨੂੰ ਪੁਰਾਣੇ ਟੋਟਕਿਆਂ ਰਾਹੀਂ ਵੋਟਰਾਂ ਨੂੰ ਕਾਫ਼ੀ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਪਣੇ ਸਿਆਸੀ ਸਰੀਕਾਂ ਨਾਲ ਲੰਬੀ ਦੇ ਚੋਣ ਦੰਗਲ ਵਿਚ ਉਲਝੇ ਮੁੱਖ ਮੰਤਰੀ ਸ੍ਰੀ ਬਾਦਲ ਚੋਣ ਜਲਸਿਆਂ ਦੌਰਾਨ ਭਾਸ਼ਨ ਉਪਰੰਤ ਲੋਕਾਂ ਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੰਦੇ ਹਨ, ਪਰ ਸੁਰੱਖਿਆ ਦਸਤਿਆਂ ਦੀ ਮਨੁੱਖੀ ਲੜੀ ਨੂੰ ਪਾਰ ਕਰਕੇ ਕੋਈ ਹੌਂਸਲੇ ਵਾਲਾ ਟਾਵਾਂ ਵਿਅਕਤੀ ਹੀ ਉਨ੍ਹਾਂ ਤੱਕ ਪਹੁੰਚਦਾ ਹੈ। ਜਦੋਂਕਿ ਬਹੁਤੇ ਲੋਕ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸੰਗਤ ਦਰਸ਼ਨ ਮੌਕੇ ਮੁੱਖ ਮੰਤਰੀ ਅਤੇ ਆਮ ਜਨਤਾ ਵਿਚਕਾਰ ਲਾਈਆਂ ਜਾਂਦੀਆਂ ਰਾਹੀਆਂ ਰੱਸਿਆਂ ਦੀਆਂ ਰੋਕਾਂ ਨੂੰ ਚੇਤੇ ਕਰਕੇ ਜਲਸੇ ਵਿਚ ਕੁਰਸੀਆਂ 'ਤੇ ਬੈਠੇ ਰਹਿਣ ਨੂੰ ਤਰਜੀਹ ਦਿੰਦੇ ਹਨ।
ਇਸੇ ਦੌਰਾਨ ਉਨ੍ਹਾਂ ਖੁਦ ਕੋਲ ਸੂਬੇ ਦੇ ਚੋਣ ਪ੍ਰਚਾਰ ਦੀ ਜੁੰਮੇਵਾਰ ਦੱਸਦਿਆਂ ਕਿਹਾ ਕਿ ਹਲਕੇ ਦਾ ਚੋਣ ਪ੍ਰਚਾਰ ਵੋਟਰਾਂ ਅਤੇ ਵਰਕਰਾਂ ਨੇ ਰਲਮਿਲ ਕੇ ਚਲਾਉਣਾ ਹੈ।

No comments:

Post a Comment